“ਦੀਵਾਲੀ” ਤੋਂ “ਦਿਵਾਲ਼ੀ” ਤੱਕ ਦਾ ਸਫ਼ਰ

ਜਸਬੀਰ ਸਿੰਘ ਪਾਬਲਾ

ਜਸਬੀਰ ਸਿੰਘ ਪਾਬਲਾ

(ਸਮਾਜ ਵੀਕਲੀ)  ਹਰ ਭਾਸ਼ਾ ਦਾ ਆਪਣਾ ਹੀ ਵਿਧੀ-ਵਿਧਾਨ ਅਤੇ ਵਿਆਕਰਨਿਕ ਨਿਯਮ ਹੁੰਦੇ ਹਨ। ਪੰਜਾਬੀ ਵਾਲ਼ਿਆਂ ਨੇ ਸੰਸਕ੍ਰਿਤ/ਹਿੰਦੀ ਦੇ ਕਰਣ/ਕਾਨ ਤੋਂ “ਕੰਨ” ਬਣਾ ਲਿਆ ਹੈ। ਅੰਗਰੇਜ਼ੀ ਦੇ ਹੌਸਪੀਟਲ ਤੋਂ ਹਸਪਤਾਲ ਬਣਾ ਲਿਆ ਹੈ। ਅਰਬੀ/ਫ਼ਾਰਸੀ ਦੇ “ਕੀਸਾ” ਤੋਂ “ਖੀਸਾ” ਬਣਾ ਲਿਆ ਹੈ ਤੇ “ਜਕਰ” ਤੋਂ ਝੱਖੜ ਬਣਾ ਲਿਆ ਹੈ ਤਾਂ ਕੀ ਉਹ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਅਨੁਸਾਰ ਦੀਵਾਲੀ ਤੋਂ ਦਿਵਾਲ਼ੀ ਨਹੀਂ ਬਣਾ ਸਕਦੇ? ਕੀ ਤੁਸੀਂ ਉਹਨਾਂ ਤੋਂ ਵੀ ਵੱਡੇ ਭਾਸ਼ਾ-ਵਿਗਿਆਨੀ ਹੋ? ਵਿਆਕਰਨਿਕ ਨਿਯਮ ਤਾਂ ਸਾਰੇ ਸ਼ਬਦਾਂ ਉੱਤੇ ਇੱਕੋ ਢੰਗ ਨਾਲ਼ ਹੀ ਲਾਗੂ ਹੁੰਦੇ ਹਨ। ਜੇ ਤੁਹਾਨੂੰ ਇੱਕ-ਅੱਧੇ ਬੰਦੇ ਨੂੰ ਇਹ ਸ਼ਬਦ-ਜੋੜ ਪਸੰਦ ਨਹੀਂ ਹਨ ਤਾਂ ਕੀ ਤੁਹਾਡੀ ਖ਼ਾਤਰ ਉਹ ਇਸ ਨਿਯਮ ਨੂੰ ਹੀ ਬਦਲ ਦੇਣ? ਇਹਨਾਂ ਨਿਯਮਾਂ ਤੋਂ ਤਾਂ ਸਗੋਂ ਤੁਹਾਨੂੰ ਆਪ ਵੀ ਕੁਝ ਸਿੱਖਣਾ ਚਾਹੀਦਾ ਹੈ ਤੇ ਹੋਰਨਾਂ ਨੂੰ ਵੀ ਸਿਖਾਉਣਾ ਚਾਹੀਦਾ ਹੈ। ਸਾਰੀ ਦੁਨੀਆ ਵਿੱਚ ਹਰ ਕੰਮ ਕਿਸੇ ਨਾ ਕਿਸੇ ਨਿਯਮ ਅਧੀਨ ਹੀ ਹੋ ਰਿਹਾ ਹੈ। ਕਹਿੰਦੇ ਹਨ ਕਿ ਨਿਯਮਾਂ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ। ਸਕੂਲਾਂ ਦੇ ਵਿਦਿਆਰਥੀ ਤਾਂ ਪਿਛਲੇ ਲਗ-ਪਗ ਚਾਲ਼੍ਹੀਆਂ ਸਾਲਾਂ ਤੋਂ ਇਹੋ ਹੀ ਸ਼ਬਦ-ਜੋੜ (ਦਿਵਾਲ਼ੀ) ਸਿੱਖ/ਪੜ੍ਹ ਰਹੇ ਹਨ।

    ਜੇ ਇਹਨਾਂ ਨਿਯਮਾਂ ਨਾਲ਼ ਸਾਲ ਤੋਂ ਸਲਾਨਾ (ਕੰਨਾ ਅਲੋਪ), ਪਾਜਾਮਾ ਤੋਂ ਪਜਾਮਾ (ਕੰਨੇ ਦੀ ਦੀਰਘ ਮਾਤਰਾ ਅਲੋਪ), ਬੀਮਾਰ ਤੋਂ ਬਿਮਾਰ ਤੇ ਬੀਮਾਰੀ ਤੋਂ ਬਿਮਾਰੀ (ਬਿਹਾਰੀ ਦੀ ਦੀਰਘ ਮਾਤਰਾ ਸਿਹਾਰੀ ਦੀ ਲਘੂ ਮਾਤਰਾ ਵਿੱਚ ਬਦਲ ਗਈ ਹੈ) ਬਣ ਸਕਦਾ ਹੈ ਤਾਂ ਦੀਵਾਲੀ ਤੋਂ (ਬੀਮਾਰੀ ਵਾਂਗ) ਦਿਵਾਲ਼ੀ (ਬਿਮਾਰੀ ਵਾਂਗ) ਕਿਉਂ ਨਹੀਂ ਬਣ ਸਕਦਾ? ਇੱਥੇ ਸਵਾਲ ਕਿਸੇ ਭਾਸ਼ਾ ਦਾ ਨਹੀਂ ਹੈ ਸਗੋਂ ਸਵਾਲ ਇਹ ਕਿ ਪੰਜਾਬੀ ਦੇ ਵਿਆਕਰਨਿਕ ਨਿਯਮਾਂ ਨੂੰ ਅਪਣਾਉਂਦਿਆਂ ਹੋਇਆਂ ਉਸ ਨੂੰ ਆਪਣੀ ਮਾਤ-ਭਾਸ਼ਾ ਦੇ ਮੁਹਾਵਰੇ (ਵਰਤਾਰੇ) ਅਤੇ ਵਿਆਕਰਨਿਕ ਨਿਯਮਾਂ ਅਨੁਸਾਰ ਕਿਵੇਂ ਢਾਲ਼ਨਾ ਹੈ। ਇਹ ਕੰਮ ਭਾਸ਼ਾ-ਵਿਗਿਆਨੀਆਂ/ਭਾਸ਼ਾ-ਮਾਹਰਾਂ ਦਾ ਹੈ, ਉਹਨਾਂ ਨੂੰ ਹੀ ਕਰਨ ਦਿਓ। ਇਹ ਕਿਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨਹੀਂ ਹੈ। ਕਿਉਂ ਵਾਰ-ਵਾਰ ਇੱਕੋ ਗੱਲ ਕਰ ਕੇ ਆਪਣਾ ਵੀ ਤੇ ਹੋਰਨਾਂ ਦਾ ਵੀ ਸਮਾਂ ਬਰਬਾਦ ਕਰ ਰਹੇ ਹੋ?
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous articleਹਰ ਭਾਸ਼ਾ ਦਾ ਆਪਣਾ ਹੀ ਵਿਧੀ
Next articleਕਵਿਤਾਵਾਂ