ਜੱਜ ਨਾ ਹੋਣ ਕਾਰਨ ਮਾਲਵੇ ਦੇ ਸੱਤ ਜ਼ਿਲ੍ਹਿਆਂ ਦੀ ਲੇਬਰ ਕੋਰਟ ਨੂੰ ਲੱਗਿਆ ਜਿੰਦਰਾ

ਬਠਿੰਡਾ (ਸਮਾਜ ਵੀਕਲੀ):  ਬਠਿੰਡਾ ਦੀ ਲੇਬਰ ਕੋਰਟ ਨੂੰ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਤਾਲੇ ਲੱਗੇ ਹੋਣ ਕਾਰਨ ਵਕੀਲਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੱਥੋਂ ਦੇ ਜੱਜ ਫਰਵਰੀ ਵਿੱਚ ਸੇਵਾਮੁਕਤ ਹੋ ਗਏ ਸਨ। ਇਥੇ ਅਜਿਹੇ ਸੈਂਕੜੇ ਕੇਸ ਬਕਾਇਆ ਹਨ ਜਿਨ੍ਹਾਂ ਲਈ ਲੋਕਾਂ ਨੂੰ ਕੇਸਾਂ ਦੀਆਂ ਅਗਲੀਆਂ ਤਰੀਕਾਂ ਮਿਲ ਰਹੀਆਂ ਹਨ ਕਿਉਂਕਿ ਜੱਜ ਦੀ ਗੈਰ-ਮੌਜੂਦਗੀ ਵਿੱਚ ਸੁਣਵਾਈ ਨਹੀਂ ਹੋ ਸਕਦੀ। ਬਠਿੰਡਾ ਦੀ ਲੇਬਰ ਕੋਰਟ ਮਾਲਵਾ ਖੇਤਰ ਦੇ ਸੱਤ ਜ਼ਿਲ੍ਹਿਆਂ ਦੇ ਵਸਨੀਕਾਂ ਦੀ ਸੇਵਾ ਕਰਦੀ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ਨੂੰ ਪਿਛਲੇ ਸਾਲ ਜਨਵਰੀ ’ਚ ਪੰਜਾਬੀ ਟ੍ਰਿਬਿਊਨ ਵੱਲੋਂ ਉਜਾਗਰ ਕੀਤਾ ਗਿਆ ਸੀ ਜਦੋਂ ਇੱਥੇ ਸੇਵਾ ਕਰ ਰਹੇ ਇਕ ਵਧੀਕ ਸੈਸ਼ਨ ਜੱਜ ਦੇ ਸੇਵਾਮੁਕਤ ਹੋਣ ਤੋਂ ਬਾਅਦ ਲੇਬਰ ਕੋਰਟ ਲਗਪਗ ਇਕ ਸਾਲ ਤੱਕ ਬੰਦ ਰਹੀ ਸੀ। ਇਸ ਤੋਂ ਕੁਝ ਮਹੀਨਿਆਂ ਬਾਅਦ ਲੇਬਰ ਕੋਰਟ ਵਿੱਚ ਜੱਜ ਨਿਯੁਕਤ ਕੀਤਾ ਗਿਆ ਪਰ ਉਹ ਵੀ ਸੇਵਾਮੁਕਤ ਹੋ ਗਏ ਅਤੇ ਉਦੋਂ ਤੋਂ ਅਦਾਲਤ ਨੂੰ ਤਾਲੇ ਲਟਕ ਰਹੇ ਹਨ। ਸਥਿਤੀ ਹੁਣ ਲੰਘੇ ਵਰ੍ਹੇ ਵਾਲੀ ਬਣਦੀ ਜਾ ਰਹੀ ਹੈ। ਇੱਥੇ ਨਵਾਂ ਜੱਜ ਕਦੋਂ ਆਵੇਗਾ ਅਤੇ ਕੇਸਾਂ ਦਾ ਨਿਪਟਾਰਾ ਜਾਂ ਸੁਣਵਾਈ ਕਦੋਂ ਹੋਵੇਗੀ ਇਹ ਹਾਲੇ ਭਵਿੱਖ ਦੇ ਗਰਭ ਵਿੱਚ ਹੈ। ਵੱਡੀਆਂ ਉਮੀਦਾਂ ਲਗਾ ਕੇ ਆਉਂਦੇ ਲੋਕ ਇਥੋਂ ਅਗਲੀਆਂ ਤਰੀਕਾਂ ਪ੍ਰਾਪਤ ਕਰ ਰਹੇ ਹਨ।

ਸੂਤਰਾਂ ਅਨੁਸਾਰ ਬਠਿੰਡਾ ਦੀ ਲੇਬਰ ਕੋਰਟ ਵਿੱਚ ਸੈਂਕੜੇ ਫਾਈਲਾਂ ਪੈਂਡਿੰਗ ਹਨ ਅਤੇ ਫਾਈਲਾਂ ਦੇ ਵੱਡੇ ਢੇਰ ਲੇਬਰ ਕੋਰਟ ਦੇ ਟੇਬਲ ਦੀ ਧੂੜ ਫੱਕ ਰਹੇ ਹਨ। ਲੇਬਰ ਕੋਰਟ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਕਰਨ ਵਾਲੇ ਇੱਕ ਵਕੀਲ ਨੇ ਦੱਸਿਆ ਕਿ ਹੋਰ ਜ਼ਿਲ੍ਹਿਆਂ ਵਿੱਚ ਵੀ ਜੱਜਾਂ ਦੀ ਘਾਟ ਹੈ ਅਤੇ ਉਮੀਦ ਹੈ ਕਿ ਬਠਿੰਡਾ ਵਿੱਚ ਲੇਬਰ ਕੋਰਟ ਨੂੰ ਅਪਰੈਲ ਵਿੱਚ ਨਵਾਂ ਜੱਜ ਮਿਲ ਜਾਵੇਗਾ। ਉਸ ਨੇ ਅੱਗੇ ਕਿਹਾ ਕਿ ਲੋਕ ਮੁਕੱਦਮਿਆਂ ਬਾਰੇ ਪੁੱਛਦੇ ਰਹਿੰਦੇ ਹਨ ਕਿ ਉਨ੍ਹਾਂ ਦੇ ਕੇਸਾਂ ਦਾ ਨਿਪਟਾਰਾ ਕਦੋਂ ਹੋਵੇਗਾ ਪਰ ਉਹ ਉਨ੍ਹਾਂ ਨੂੰ ਇੱਥੇ ਨਵੇਂ ਜੱਜ ਦੀ ਨਿਯੁਕਤੀ ਤੱਕ ਉਡੀਕ ਕਰਨ ਲਈ ਕਹਿ ਦਿੰਦੇ ਹਨ। ਬਠਿੰਡਾ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ ਅਤੇ ਮਾਨਸਾ ਦੇ ਵਕੀਲਾਂ ਨੇ ਲੇਬਰ ਕੋਰਟ, ਬਠਿੰਡਾ ਵਿੱਚ ਕੇਸ ਦਾਇਰ ਕੀਤੇ ਹਨ, ਪਰ ਜੱਜ ਨਾ ਹੋਣ ਕਾਰਨ ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਨਤੀਜੇ ਵਜੋਂ ਨਵੇਂ ਕੇਸ ਵੀ ਨਹੀਂ ਹੋ ਰਹੇ।

ਮਾਮਲੇ ਸਬੰਧੀ ਕੀ ਕਹਿੰਦੇ ਨੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ

ਇਸ ਸਬੰਧੀ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਜੱਜ ਨਾ ਹੋਣ ਕਾਰਨ ਪੁਰਾਣੇ ਕੇਸ ਪੈਂਡਿੰਗ ਪਏ ਹਨ ਅਤੇ ਨਵੇਂ ਕੇਸ ਲੱਗ ਨਹੀਂ ਰਹੇ। ਇਸ ਲਈ ਉਹ ਜਲਦ ਹੀ ਮਾਣਯੋਗ ਹਾਈ ਕੋਰਟ ਵਿੱਚ ਪਹੁੰਚ ਕੇ ਨਵੇਂ ਜੱਜ ਦੀ ਨਿਯੁਕਤੀ ਸਬੰਧੀ ਕਹਿਣਗੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਪੱਧਰੀ ਨਾਟ-ਉਤਸਵ: ਦੂਜੇ ਦਿਨ ਨਾਟਕ ‘ਮਰਜਾਣੀਆਂ’ ਦੀ ਪੇਸ਼ਕਾਰੀ
Next articleਹਲਕੇ ਦਾ ਹਰ ਵੋਟਰ ਹੀ ਵਿਧਾਇਕ: ਨੀਨਾ ਮਿੱਤਲ