ਕਰਨਾਟਕ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਕਰਨਾਟਕਾ ਦੇ ਜਿਲ੍ਹੇ ਯਾਦਗੀਰ ਦੇ ਇੱਕ ਪਿੰਡ ਵਿੱਚ ਦਲਿਤ ਪਰਿਵਾਰ ਵੱਲੋਂ ਆਪਣੀ ਬੱਚੀ ਲਈ ਇਨਸਾਫ ਮੰਗਣ ਕਰਕੇ ਅਖੌਤੀ ਉੱਚੀ ਜਾਤ ਵਾਲ਼ਿਆਂ ਨੇ ਜਨਤਕ ਥਾਵਾਂ ’ਤੇ ਦਲਿਤ ਭਾਈਚਾਰੇ ਦੇ ਆਉਣ-ਜਾਣ ’ਤੇ ਪਬੰਦੀ ਲਾ ਦਿੱਤੀ ਹੈ। ਮਾਮਲਾ ਇਹ ਸੀ ਕਿ “ਉੱਚੀ ਜਾਤ” ਨਾਲ਼ ਸਬੰਧਿਤ 23 ਸਾਲਾ ਮੁੰਡੇ ਨੇ 15 ਸਾਲਾ ਨਾਬਾਲਗ ਕੁੜੀ ਨਾਲ਼ ਸਰੀਰਕ ਸਬੰਧ ਬਣਾਕੇ ਉਸਨੂੰ ਗਰਭਵਤੀ ਕਰ ਦਿੱਤਾ। ਜਦੋਂ ਕੁੜੀ ਦੇ ਪਰਿਵਾਰ ਨੇ ਮੁੰਡੇ ਨਾਲ਼ ਵਿਆਹ ਦੀ ਗੱਲ ਕੀਤੀ ਤਾਂ ਉਹ ਸਾਫ ਮੁੱਕਰ ਗਿਆ ਕਿਉਂਕਿ ਕੁੜੀ ਦਲਿਤ ਪਰਿਵਾਰ ਦੀ ਸੀ। ਇਸ ਤੋਂ ਬਾਅਦ ਕੁੜੀ ਦੇ ਪਰਿਵਾਰ ਨੇ ਮੁੰਡੇ ਖਿਲਾਫ ਪੁਲਿਸ ਥਾਣੇ ਵਿੱਚ ਪੌਕਸੋ ਐਕਟ ਅਧੀਨ ਪਰਚਾ ਕਰਵਾਇਆ। ਮੁੰਡੇ ਦੇ ਪਰਿਵਾਰਕ ਮੈਂਬਰਾਂ ਅਤੇ ਕੁੱਝ ਹੋਰ ਅਖੌਤੀ ਉੱਚ ਜਾਤ ਦਿਆਂ ਲੋਕਾਂ ਨੇ ਕੁੜੀ ਦੇ ਮਾਪਿਆਂ ਉੱਤੇ ਸਮਝੌਤਾ ਕਰਨ ਲਈ ਦਬਾਅ ਬਣਾਇਆ ਪਰ ਕੁੜੀ ਦੇ ਘਰਦੇ ਪੌਕਸੋ ਐਕਟ ਅਧੀਨ ਕਾਰਵਾਈ ਕਰਵਾਉਣ ’ਤੇ ਅੜੇ ਰਹੇ। ਇਸ ਗੱਲ ਨੂੰ ਆਪਦੀ ਹੇਠੀ ਸਮਝਕੇ ਅਖੌਤੀ ਉੱਚੀ ਜਾਤ ਵਾਲ਼ੇ ਪਰਿਵਾਰਾਂ ਨੇ ਦਲਿਤ ਭਾਈਚਾਰੇ ਦਾ ਜਨਤਕ ਬਾਈਕਾਟ ਕਰਨ ਦਾ ਐਲਾਨ ਕੀਤਾ।
ਦੂਜੀ ਘਟਨਾ ਕਰਨਾਟਕਾ ਦੇ ਹੀ ਬਾਗਲਕੋਟ ਜਿਲ੍ਹੇ ਵਿੱਚ ਵਾਪਰੀ ਜਿੱਥੇ ਅਰਜੁਨ ਨਾਂ ਦੇ ਦਲਿਤ ਮੁੰਡੇ ਨੂੰ ਖੰਭੇ ਨਾਲ਼ ਬੰਨ ਜਾਤੀਗਤ ਦੁਰ ਵਿਵਹਾਰ ਕੀਤਾ ਗਿਆ ਕਿਉਂਕਿ ਉਸਨੇ ਦਿਆਮਾਵਾ ਮੰਦਰ ਵਿੱਚ ਪ੍ਰਾਥਨਾ ਕੀਤੀ ਸੀ। ਅਰਜੁਨ ਨੇ ਐਫ.ਆਈ.ਆਰ. ਦਰਜ ਕਰਵਾਈ ਜਿਸ ਵਿੱਚ 18 ਲੋਕਾਂ ਨੂੰ ਜਾਤੀਗਤ ਕੁਕਰਮ ਲਈ ਦੋਸ਼ੀ ਠਹਿਰਾਇਆ ਗਿਆ। ਘਟਨਾ ਤੋਂ ਬਾਅਦ ਅਖੌਤੀ ਉੱਚ ਜਾਤੀ ਲੋਕਾਂ ਵੱਲੋਂ ਦਲਿਤਾਂ ਦਾ ਬਾਈਕਾਟ ਕਰਨ ਲਈ ਕਿਹਾ ਗਿਆ। ਅਜਿਹੀ ਹੀ ਇੱਕ ਹੋਰ ਘਟਨਾ ਕੁਰਨੂਲ ਜਿਲ੍ਹੇ ਦੇ ਪਿੰਡ ਕਾਲਾਕੁੰਤਾ ਵਿੱਚ ਦਲਿਤ ਭਾਈਚਾਰੇ ਨਾਲ਼ ਸਬੰਧਿਤ 55 ਸਾਲਾ ਗੋਬਿੰਦਾਮਾ ਨਾਮੀ ਔਰਤ ਨਾਲ਼ ਹੋਈ। ਉਸਨੂੰ ਰੁੱਖ ਨਾਲ਼ ਬੰਨਕੇ ਕੁੱਟਿਆ ਗਿਆ ਕਿਉਂਕਿ ਉਸਦੇ ਮੁੰਡੇ ਨੇ ਅੰਤਰਜਾਤੀ ਵਿਆਹ ਕਰਵਾਇਆ ਸੀ। ਕੁੜੀ ਦੇ ਪਰਿਵਾਰ ਨੇ ਬਦਲਾ ਲੈਣ ਲਈ ਅਜਿਹੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸੇ ਤਰ੍ਹਾ ਯੂਪੀ ਦੇ ਕਾਸਗੰਜ ਜਿਲ੍ਹੇ ਦੇ 48 ਸਾਲਾ ਦਲਿਤ ਵਿਅਕਤੀ ਨੇ ਫਾਹਾ ਲਾ ਲਿਆ ਕਿਉਂਕਿ ਉਹ ਸਥਾਨਕ (ਸਲੇਮਪੁਰ) ਰਾਮਲੀਲਾ ਪ੍ਰੋਗਰਾਮ ਵਿੱਚ ਕੁਰਸੀ ’ਤੇ ਬੈਠ ਗਿਆ। ਦਲਿਤ ਹੋਣ ਕਾਰਨ ਰਾਮਲੀਲਾ ਕਰਾਉਣ ਵਾਲ਼ੇ ਪ੍ਰਬੰਧਕਾਂ ਦੀ ਸ਼ਿਕਾਇਤ ’ਤੇ ਪੁਲਿਸ ਮੁਲਾਜਮ ਬਹਾਦਰ ਅਤੇ ਵਿਕਰਮ ਚੌਧਰੀ ਨੇ ਉਹਦੇ ਨਾਲ਼ ਕੁੱਟਮਾਰ ਕੀਤੀ ਅਤੇ ਜਾਤੀਗਤ ਗਾਲ੍ਹਾਂ ਕੱਢੀਆਂ ਜਿਸ ਤੋਂ ਪੀੜਤ ਦਲਿਤ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ।
ਭਾਵੇਂ ਇਹ ਘਟਨਾਵਾਂ ਦੀ ਥਾਂ ਵੱਖੋ-ਵੱਖਰੀ ਹੈ ਪਰ ਇਹ ਸਾਰੀਆਂ ਘਟਨਾਵਾਂ ਇੱਕੀਵੀਂ ਸਦੀ ਵਿੱਚ ਵੀ ਭਾਰਤ ਦੇ ਸਮਾਜ ਵਿੱਚ ਫੈਲੀ ਜਾਤੀਗਤ ਕੋਹੜ ਦੀ ਬਿਮਾਰੀ ਬਾਰੇ ਚਾਨਣਾ ਪਾਉਂਦੀਆਂ ਹਨ। ਅਜਾਦੀ ਦੇ 77 ਵਰ੍ਹੇ ਬੀਤਣ ਤੋਂ ਬਾਅਦ ਵੀ ਭਾਰਤ ਵਿੱਚ ਵਿੱਚੋਂ ਜਾਤੀਗਤ ਕੋਹੜ ਦਾ ਖਾਤਮਾ ਨਹੀਂ ਹੋਇਆ। ਅੱਜ ਵੀ ਜਾਤੀਗਤ ਵਿਤਕਰਾ ਅਖੌਤੀ ਭਾਰਤੀ ਜਮਹੂਰੀਅਤ ਦੀ ਕੌੜੀ ਸੱਚਾਈ ਹੈ। ਦੇਸ਼ ਅੰਦਰ ਸਾਰੀਆਂ ਜਾਤਾਂ/ਧਰਮਾਂ ਦੇ ਲੋਕਾਂ ਨੂੰ ਬਰਾਬਰ ਦਰਜੇ ਦੀਆਂ ਗੱਲਾਂ ਕਾਗਜਾਂ ਤੱਕ ਹੀ ਸੀਮਤ ਹਨ। ਅੱਜ ਵੀ ਅਖੌਤੀ ਵਿਸ਼ਵਗੁਰੂ ਭਾਰਤ ਵਿੱਚ ਅਜਿਹੀਆਂ ਥਾਵਾਂ ਮੌਜੂਦ ਹਨ ਜਿੱਥੇ ਦਲਿਤਾਂ ਨੂੰ ਘੋੜੀ ਚੜ੍ਹਕੇ ਬਰਾਤ ਲਿਜਾਣ ’ਤੇ ਕਤਲ ਕਰ ਦਿੱਤਾ ਜਾਂਦਾ ਹੈ, ਬਹੁਤ ਸਾਰੇ ਮੰਦਰਾਂ ਵਿੱਚ ਦਲਿਤਾਂ ਦੇ ਦਾਖਲੇ ਉੱਤੇ ਪਬੰਦੀਆਂ ਹਨ ਆਦਿ। ਵਿੱਦਿਅਕ ਅਦਾਰਿਆਂ, ਕੰਮ ਥਾਵਾਂ ਆਦਿ ’ਤੇ ਦਲਿਤਾਂ ਨਾਲ ਵਿਤਕਰੇ ਦੀਆਂ ਘਟਨਾਵਾਂ ਵੀ ਸੁਣਨ ਨੂੰ ਮਿਲ਼ ਜਾਂਦੀਆਂ ਹਨ। ਸਰਮਾਏਦਾਰਾ ਪ੍ਰਬੰਧ ਦੇ ਆਉਣ ਨਾਲ਼ ਛੂਆਛੂਤ, ਜਾਤ ਅਧਾਰਿਤ ਕਿੱਤਾ ਵੰਡ ਆਦਿ ਨੂੰ ਕਾਫੀ ਹੱਦ ਤੱਕ ਸੱਟ ਵੱਜੀ ਹੈ ਪਰ ਇਨਕਲਾਬੀ ਤਰੀਕੇ ਨਾਲ਼ ਸਰਮਾਏਦਾਰਾ ਸਬੰਧ ਸਥਾਪਿਤ ਨਾ ਹੋਣ ਕਾਰਨ ਅਜਿਹੀਆਂ ਮੁੱਢਕਦੀਮੀ-ਜਗੀਰੂ ਗਲ਼ੀਆਂ-ਸੜੀਆਂ ਕਦਰਾਂ ਕੀਮਤਾਂ ਬਚੀਆਂ ਹੋਈਆਂ ਹਨ।
ਲੁੱਟ ਅਧਾਰਿਤ ਜੋ ਵੀ ਰਾਜ ਪ੍ਰਬੰਧ ਹੋਂਦ ਵਿੱਚ ਆਏ ਉਹਨਾਂ ਜਾਤ-ਪਾਤ ਨੂੰ ਖਤਮ ਕਰਨ ਦੀ ਥਾਂ ਆਪਦੇ ਰਾਜ ਪ੍ਰਬੰਧ ਨੂੰ ਪੱਕੇ ਕਰਨ ਲਈ ਇੱਕ ਅਹਿਮ ਸੰਦ ਵਜੋਂ ਇਸਦੀ ਵਰਤੋਂ ਕੀਤੀ। 1947 ਤੋਂ ਬਾਅਦ ਵੀ ਰਾਜ ਕਰਨ ਵਾਲ਼ੀਆਂ ਸਰਮਾਏਦਾਰਾ ਸਿਆਸੀ ਪਾਰਟੀਆਂ ਨੇ ਜਾਤੀਗਤ ਵਿਤਕਰੇ ਨੂੰ ਖਤਮ ਕਰਨ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ। ਇਤਿਹਾਸ ਗਵਾਹ ਹੈ ਕਿ ਸਿਰਫ ਇਨਕਲਾਬੀ ਲਹਿਰਾਂ ਨੇ ਜਾਤਪਾਤ ਨੂੰ ਵੱਡੀ ਸੱਟ ਲਾਈ ਸੀ ਜਿਵੇਂ ਕਿ ਤੇਲੰਗਾਨਾ- ਤੇਭਾਗਾ ਆਦਿ ਦੀਆਂ ਬਗਾਵਤਾਂ ਵਿੱਚ ਦੇਖਿਆ ਗਿਆ। ਹਾਕਮ ਪਾਰਟੀਆਂ ਨੇ ਤਾਂ ਇਸ ਨੂੰ ਲੋਕਾਂ ਨੂੰ ਵੰਡਣ ਦੇ ਸੰਦ ਵਜੋਂ ਹੀ ਵਰਤਿਆ ਹੈ। ਮੌਜੂਦਾ ਸਮੇਂ ਭਾਜਪਾ ਦੀ ਅਗਵਾਈ ਵਾਲ਼ੀ ਯੂਨੀਅਨ ਸਰਕਾਰ ਤਾਂ ਹੋਰ ਵੀ ਵਧਵੇਂ ਰੂਪ ਵਿੱਚ ਅਜਿਹਾ ਕਰ ਰਹੀ ਹੈ। ਦਲਿਤ/ਧਾਰਮਿਕ ਘੱਟਗਿਣਤੀਆਂ ਵਿਰੋਧੀ ਅਪਰਾਧਾਂ ਨੂੰ ਸ਼ਹਿ ਦੇਣੀ, ਉਹਨਾਂ ਦੇ ਘਰ ਢਾਹੁਣੇ ਅਤੇ ਕਾਰੋਬਾਰ ਠੱਪ ਕਰਨੇ ਆਦਿ ਜਿਹਾ ਕੰਮ ਭਾਜਪਾ ਹੋਰ ਤੇਜੀ ਨਾਲ਼ ਕਰ ਰਹੀ ਹੈ। ਭਾਜਪਾ-ਸੰਘ ਮਨੂੰਸਮਿ੍ਰਤੀ ਨੂੰ ਆਪਦਾ ਆਦਰਸ਼ ਮੰਨਦੀ ਹੈ ਜਿਹਦੇ ਵਿੱਚ ਔਰਤਾਂ ਤੇ ਦਲਿਤਾਂ ਦੀ ਸਥਿਤੀ ਦੂਜੇ ਦਰਜੇ ਦੀ ਦੱਸੀ ਗਈ ਹੈ। ਜਾਤ-ਪਾਤੀ ਤੁਅੱਸਬ ਆਮ ਲੋਕਾਂ ਦੇ ਮਨਾਂ ਅੰਦਰ ਵੀ ਬੈਠੇ ਹੋਏ ਹਨ ਜਿਹਨਾਂ ਨੂੰ ਖਤਮ ਕਰਨ ਲਈ ਜਾਤ-ਪਾਤ ਵਿਰੋਧੀ ਸੱਭਿਆਚਾਰਕ ਮੁਹਿੰਮਾਂ ਚਲਾਉਣ ਦੀ ਵੀ ਲੋੜ ਹੈ ਪਰ ਅੰਤਿਮ ਰੂਪ ਵਿੱਚ ਜਾਤ-ਪਾਤੀ ਵਿਤਕਰੇ ਨੂੰ ਸਮਾਜਵਾਦੀ ਪ੍ਰਬੰਧ ਸਥਾਪਿਤ ਕਰਕੇ ਹੀ ਮੁਕਾਇਆ ਜਾ ਸਕਦਾ ਹੈ ਅਤੇ ਅਣਮਨੁੱਖੀ ਕੋਹੜ ਰੂਪੀ ਵਰਤਾਰਿਆਂ ਨੂੰ ਖਤਮ ਕੀਤਾ ਜਾ ਸਕਦਾ ਹੈ।
https://play.google.com/store/apps/details?id=in.yourhost.samajweekly