ਦਿਲ ਦਾ ਭੇਤ
—————
ਜ਼ੁਲਮ ਕਦੇ ਗ਼ਰੀਬਾਂ ‘ਤੇ ਨਾ ਕਰੀਏ ,
ਤਕੜਾ ਵੇਖ ਕੇ ਤਲੀਆਂ ਵੀ ਝੱਸੀਏ ਨਾ ।
ਜੇਕਰ ਕਿਸੇ ‘ਤੇ ਤਰਸ ਨਾ ਕਰ ਸਕੀਏ ,
ਤੋੜਾ ਕਦੇ ਵੀ ਕਿਸੇ ‘ਤੇ ਕੱਸੀਏ ਨਾ ।
ਰੋਂਦੇ ਬੱਚੇ ਨੂੰ ਚੁੱਪ ਕਰਵਾ ਦੇਈਏ ,
ਰੋਂਦਾ ਵੇਖ ਗ਼ਰੀਬ ਨੂੰ ਹੱਸੀਏ ਨਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਦਿਲ ਦਾ ਭੇਤ ਹਰੇਕ ਨੂੰ ਦੱਸੀਏ ਨਾ ।
ਪਿੱਛਾ ਯਾਰ ਦਾ
—————–
ਜੇਕਰ ਕੁਦਰਤ ਨੇ ਤਾਕਤਾਂ ਬਖ਼ਸ਼ੀਆਂ ਨੇ ,
ਮਾੜੂ ਬੰਦੇ ਨੂੰ ਕਦੇ ਸਤਾਈਂਦਾ ਨਈਂ ।
ਗੁਣ ਤੇ ਔਗੁਣ ਤਾਂ ਸਾਰਿਆਂ ਵਿੱਚ ਹੁੰਦੇ ,
ਮੁੱਖ ਯਾਰਾਂ ਤੋਂ ਕਦੇ ਭਮਾਈਂਦਾ ਨਈਂ ।
ਪਹਿਲਾਂ ਸੋਚ ਵਿਚਾਰ ਕੇ ਕੰਮ ਕਰੀਏ ,
ਕਮੀਂ ਰਹਿਜੇ ਤਾਂ ਪਿੱਛੋਂ ਪਛਤਾਈਂਦਾ ਨਈਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਪਿੱਛਾ ਯਾਰ ਦਾ ਕਦੇ ਤਕਾਈਂਦਾ ਨਈਂ ।
ਦੁਨੀਆਂ ਠੱਗਾਂ ਦੀ
——————–
ਲੱਠ ਮਾਰ ਅਤੇ ਲੀਡਰ ਇੱਕ ਹੋ ਗਏ ,
ਕੌਣ ਕਿਸੇ ਦੀ ਸੁਣੇਂ ਅਰਜੋਈ ਬਾਬਾ ।
ਬਿਨਾਂ ਸੱਟ ਤੋਂ ਦਰਦ ਨੂੰ ਕੌਣ ਜਾਣੇਂ ,
ਜੀਹਨੂੰ ਲੱਗਦੀ ਜਾਣਦੈ ਸੋਈ ਬਾਬਾ ।
ਖ਼ੁਸ਼ੀ ਮੁੱਖ ‘ਤੇ ਆਣ ਕੇ ਬੋਲ ਪੈਂਦੀ ,
ਪੀੜ ਜਾਂਦੀ ਨਾ ਕਦੇ ਲਕੋਈ ਬਾਬਾ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਸਾਰੀ ਦੁਨੀਆਂ ਠੱਗਾਂ ਦੀ ਹੋਈ ਬਾਬਾ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037