ਧੰਨੁ ਧੰਨੁ ਰਾਮਦਾਸ ਗੁਰੁ-ਜਾਂ ਅੰਮ੍ਰਿਤਸਰ ਸ਼ਹਿਰ ਦੇ ਬਾਨੀ : ਸ਼੍ਰੀ ਗੁਰੂ ਰਾਮਦਾਸ ਜੀ

ਸ਼੍ਰੀ ਗੁਰੂ ਰਾਮਦਾਸ ਜੀ
19 ਅਕਤੂਬਰ ਨੂੰ ਪ੍ਰਕਾਸ਼ ਗੁਰਪੁਰਬ ’ਤੇ
ਕਰਨੈਲ ਸਿੰਘ ਐੱਮ.ਏ.
(ਸਮਾਜ ਵੀਕਲੀ) ਸਿੱਖ ਕੌਮ ਦੇ ਚੌਥੇ ਪਾਤਸ਼ਾਹ ਤੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ, ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਜਨਮ ਸੋਢੀ ਹਰਿਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਕੱਤਕ ਵਦੀ 2, 26 ਅੱਸੂ ਸੰਮਤ 1591, 24 ਸਤੰਬਰ ਸੰਨ 1534 ਈ: ਨੂੰ ਚੂਨਾ ਮੰਡੀ ਲਾਹੌਰ ਪਾਕਿਸਤਾਨ ਵਿਖੇ ਹੋਇਆ। ਆਪ ਕਿਉਂਕਿ ਮਾਤਾ-ਪਿਤਾ  ਦੇ ਪਹਿਲੇ ਜੰਮੇ ਪੁੱਤਰ ਸਨ, ਇਸ ਲਈ ਪਲੇਠੀ ਦਾ ਪੁੱਤਰ ਹੋਣ ਕਰਕੇ ਆਪ ਨੂੰ ਜੇਠਾ ਕਰਕੇ ਸੱਦਣ ਲੱਗੇ। ਜੇਠਾ ਜੀ ਹਾਲੇ ਛੋਟੀ ਉਮਰ ਦੇ ਹੀ ਸਨ ਕਿ ਮਾਤਾ-ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ। ਆਪ ਦੀ ਪਾਲਣਾ ਆਪ ਦੇ ਨਾਨਕਿਆਂ ਨੇ ਕੀਤੀ। ਜੇਠਾ ਜੀ ਨੇ ਆਪਣੇ ਨਾਨਕੇ ਪਿੰਡ ਬਾਸਰਕੇ ਰਾਵੀ ਦੇ ਕਿਨਾਰੇ ਛੋਟੀ ਉਮਰ ਵਿੱਚ ਹੀ ਘੁੰਝਣੀਆਂ ਵੇਚਣੀਆਂ ਆਰੰਭ ਕੀਤੀਆਂ। ਘੁੰਝਣੀਆਂ ਵੇਚ ਕੇ ਮਿਲੇ ਪੈਸੇ ਘਰ ਦੇ ਨਿਰਬਾਹ ਵਿੱਚ ਹਿੱਸਾ ਪਾ ਦਿੰਦੇ ਸਨ। ਕਈ ਵਾਰ ਉਹ ਗ਼ਰੀਬਾਂ ਤੇ ਸਾਧੂ ਫ਼ਕੀਰਾਂ ਨੂੰ ਘੁੰਝਣੀਆਂ ਮੁਫ਼ਤ ਹੀ ਵਰਤਾ ਦਿਆ ਕਰਦੇ ਸਨ।
ਸ਼੍ਰੀ ਗੁਰੂ ਅਮਰਦਾਸ ਜੀ ਦੇ ਜਨਮ ਭੋਇੰ ਬਾਸਰਕੇ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਲਈ ਗੋਇੰਦਵਾਲ ਸਾਹਿਬ ਜਾ ਰਹੀਆਂ ਸਨ। ਆਪ ਵੀ ਸਿੱਖ ਸੰਗਤਾਂ ਨਾਲ ਗੋਇੰਦਵਾਲ ਸਾਹਿਬ ਆ ਗਏ। ਜਿੱਥੇ ਬਾਉਲੀ ਸਾਹਿਬ ਦੀ ਖੁਦਾਈ ਦੀ ਸੇਵਾ ਹੋ ਰਹੀ ਸੀ। ਆਪ ਵੀ ਬੜੇ ਪ੍ਰੇਮ ਨਾਲ ਸੇਵਾ ਕਰਨ ਲੱਗ ਪਏ। ਇਨ੍ਹਾਂ ਦੀ ਸੇਵਾ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਨੇ ਇਸ ਕਾਰਜ ਦਾ ਸਾਰਾ ਪ੍ਰਬੰਧ ਜੇਠਾ ਜੀ ਨੂੰ ਸੰਭਾਲਿਆ। ਜਦੋਂ ਜੇਠਾ ਜੀ ਗੋਇੰਦਵਾਲ ਸਾਹਿਬ ਆਏ, ਉਸ ਸਮੇਂ ਆਪ ਦੀ ਉਮਰ 12 ਸਾਲ ਸੀ। ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਉਸ ਸਮੇਂ ਉਮਰ 16 ਸਾਲ ਸੀ। ਗੁਰੂ ਰਾਮਦਾਸ ਜੀ ਨੇ 16 ਸਾਲ ਤੋਂ 22 ਸਾਲ ਤੱਕ ਗੋਇੰਦਵਾਲ ਸਾਹਿਬ ਵਿਖੇ ਸੇਵਾ ਕੀਤੀ। ਇੱਥੇ ਆਪ ਗੁਰੂ ਦਰਬਾਰ ਵਿੱਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ ਘਰ ਦੀ ਨਿਸ਼ਕਾਮ ਸੇਵਾ ਵੀ ਮਨ ਲਾ ਕੇ ਕਰਦੇ। ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀਆਂ ਦੋ ਸਪੁੱਤਰੀਆਂ ਸਨ,  ਬੀਬੀ ਦਾਨੀ ਤੇ ਬੀਬੀ ਭਾਨੀ ਜੀ। ਵੱਡੀ ਸਪੁੱਤਰੀ ਬੀਬੀ ਦਾਨੀ ਦਾ ਵਿਆਹ ਸ਼੍ਰੀ ਰਾਮ ਜੀ ਨਾਲ ਹੋ ਗਿਆ ਹੋਇਆ ਸੀ ਤੇ ਛੋਟੀ ਬੀਬੀ ਭਾਨੀ ਅਜੇ ਕੁਆਰੀ ਸੀ।
ਇੱਕ ਦਿਨ ਮਾਤਾ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਕਿਹਾ ਕਿ ਬੀਬੀ ਭਾਨੀ ਜਵਾਨ ਹੋ ਗਈ ਹੈ। ਉਸ ਦੇ ਵਾਸਤੇ ਚੰਗਾ ਲੜਕਾ ਲੱਭ ਕੇ ਉਸ ਦਾ ਵਿਆਹ ਕਰ ਦੇਣਾ ਚਾਹੀਦਾ ਹੈ। ਉਸੇ ਵੇਲੇ ਜੇਠਾ ਜੀ ਘੁੰਝਣੀਆਂ ਵੇਚਦੇ-ਵੇਚਦੇ ਉੱਥੇ ਆ ਗਏ। ਮਾਤਾ ਰਾਮ ਕੌਰ ਨੇ ਇਸ ਸੁੰਦਰ ਗੱਭਰੂ ਨੂੰ ਵੇਖ ਕੇ ਕਿਹਾ ਕਿ ਵਰ ਇਹੋ ਜਿਹਾ ਹੋਣਾ ਚਾਹੀਦਾ ਹੈ। ਗੁਰੂ ਜੀ ਨੇ ਕਿਹਾ ਇਹੋ ਜਿਹਾ ਤਾਂ ਇਹ ਹੀ ਹੈ। ਗੁਰੂ ਜੀ ਨੇ ਬਿਨਾਂ ਜਾਤ-ਪਾਤ ਜਾਂ ਪੁੱਛ-ਪੜਤਾਲ ਦੇ ਆਪਣੀ ਪੁੱਤਰੀ ਬੀਬੀ ਭਾਨੀ ਜੀ ਦੀ ਮੰਗਣੀ ਜੇਠਾ ਜੀ ਨਾਲ ਕਰ ਦਿੱਤੀ। ਕੁਝ ਦਿਨਾਂ ਮਗਰੋਂ 22 ਫੱਗਣ ਸੰਮਤ 1610, 5 ਮਾਰਚ 1553 ਈ: ਨੂੰ ਉਨ੍ਹਾਂ ਦਾ ਵਿਆਹ ਕਰ ਦਿੱਤਾ। ਜੇਠਾ ਜੀ ਦੀ ਉਮਰ ਉਸ ਸਮੇਂ 19 ਸਾਲ ਸੀ। ਗੁਰੂ ਘਰ ਦਾ ਦਾਮਾਦ ਬਣ ਕੇ ਵੀ ਆਪ ਨੇ ਲੋਕਾਂ ਦੇ ਤਾਹਨੇ-ਮਿਹਣਿਆਂ ਦੀ ਪ੍ਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ ਘਰ ਦੀ ਸੇਵਾ ਕਰਦੇ ਰਹੇ। ਗੁਰੂ ਰਾਮਦਾਸ ਜੀ ਦੇ ਘਰ ਤਿੰਨ ਪੁੱਤਰਾਂ ਪ੍ਰਿਥੀ ਚੰਦ ਸੰਮਤ 1615, ਸੰਨ 1558 ਈ:, ਮਹਾਂਦੇਵ ਸੰਮਤ 1617, ਸੰਨ 1560 ਈ: ਤੇ (ਗੁਰੂ) ਅਰਜਨ ਦੇਵ ਸੰਮਤ 1620, ਸੰਨ 1563 ਈ: ਨੇ ਜਨਮ ਲਿਆ।
ਜੇਠਾ (ਰਾਮਦਾਸ) ਜੀ ਦਾ ਹੋਰ ਥਾਂ ਜੋ ਕੋਈ ਨਹੀਂ ਸੀ। ਸ਼੍ਰੀ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਆਪਣੇ ਘਰ ਰੱਖ ਲਿਆ। ਜੇਠਾ ਜੀ ਤਨ-ਮਨ ਨਾਲ ਗੁਰੂ ਜੀ ਅਤੇ ਸਾਧਸੰਗਤ ਦੀ ਸੇਵਾ ਕਰਨ ਲੱਗ ਪਏ। ਜੇਠਾ ਜੀ, ਗੁਰੂ ਅਮਰਦਾਸ ਜੀ ਦੇ ਭਾਵੇਂ ਰਿਸ਼ਤੇ ਵਿੱਚ ਜਵਾਈ ਸਨ ਪਰ  ਆਪ ਸਹੁਰੇ ਘਰ ਜਵਾਈ ਬਣ ਕੇ ਨਹੀਂ ਰਹੇ, ਨਹੀਂ ਤਾਂ ਜਵਾਈਆਂ ਦੀ ਆਕੜ ਦੇਖਣ ਵਾਲੀ ਹੁੰਦੀ ਹੈ। ਉਹ ਤਾਂ ਆਪਣੇ ਆਪ ਨੂੰ ਨਿਮਾਣਾ ਸੇਵਕ ਸਮਝਦੇ ਸਨ। ਗੋਇੰਦਵਾਲ ਸਾਹਿਬ ਦੀ ਬਾਉਲੀ ਦੀ ਸੇਵਾ ਸਮੇਂ ਜੇਠਾ ਜੀ ਨੇ ਬਾਕੀ ਸਿੱਖਾਂ ਵਾਂਗ ਗਾਰੇ, ਮਿੱਟੀ ਢੋਣ ਦੀ ਸੇਵਾ ਦਾ ਕੰਮ  ਕੀਤਾ। ਲਾਹੌਰ ਦੇ ਸ਼ਰੀਕੇ ਦੇ ਕੁੱਝ ਸੱਜਣ ਕਹਿਣ ਲੱਗੇ, ‘‘ ਸਾਡਾ ਭਾਈ ਸਹੁਰੇ ਘਰ ਟੋਕਰੀ ਢੋਅ  ਰਿਹਾ ਹੈ। ਜੇ ਇਸ ਨੇ ਮਜ਼ਦੂਰੀ ਹੀ ਕਰਨੀ ਸੀ ਤਾਂ ਹੋਰ ਥਾਂ ਥੋੜ੍ਹੇ ਸਨ। ਇਸ ਨੇ ਤਾਂ ਸਾਡੀ  ਨੱਕ ਵਢਾ ਦਿੱਤੀ ਹੈ।’’ ਇਸ ਤਰ੍ਹਾਂ ਦੇ ਬੋਲ-ਕਬੋਲ ਬੋਲਦੇ ਉਹ ਸ਼੍ਰੀ ਗੁਰੂ ਅਮਰਦਾਸ ਜੀ ਕੋਲ ਪੁੱਜੇ। ਉਨ੍ਹਾਂ ਨੇ ਗੁਰੂ ਜੀ ਨੂੰ ਉਲ੍ਹਾਮਾ ਦਿੱਤਾ। ਗਰੂ ਜੀ ਨੇ ਮੁਸ਼ਕਰਾ ਕੇ ਕਿਹਾ, ‘‘ਪੁਰਖਾ ! ਰਾਮਦਾਸ ਦੇ ਸਿਰ ਉੱਪਰ ਗਾਰੇ ਦੀ ਟੋਕਰੀ ਨਹੀਂ, ਸਗੋਂ ਦੀਨ-ਦੁਨੀ ਦਾ ਛੱਤਰ ਹੈ। ਗੁਰੂ ਅਮਰਦਾਸ ਜੀ ਦੇ ਕਹੇ ਬਚਨ ਸੱਚ ਸਿੱਧ ਹੋਏ।
ਸ਼੍ਰੀ ਗੁਰੂ ਅਮਰਦਾਸ ਜੀ ਨੇ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਸਿੱਖ ਇਤਿਹਾਸ ਵਿੱਚ ਇੱਕ ਸਾਖੀ ਹੈ ਕਿ ਗੁਰੂ ਜੀ ਨੇ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਨੂੰ ਥੜ੍ਹੇ ਬਣਾਉਣ (ਉਸਾਰਨ) ਦਾ ਹੁਕਮ ਕੀਤਾ। ਥੜ੍ਹੇ ਤਿਆਰ ਹੋਣ ਉਪਰੰਤ ਪਹਿਲੀ ਵਾਰ ਸਤਿਗੁਰਾਂ ਵੇਖ ਕੇ ਕਿਹਾ, ਠੀਕ ਨਹੀਂ। ਦੋਹਾਂ ਨੇ ਥੜ੍ਹੇ ਢਾਹ ਦਿੱਤੇ। ਦੂਜੀ ਵਾਰ ਫਿਰ ਗੁਰੂ ਅਮਰਦਾਸ ਜੀ ਵੱਲੋਂ ‘ਠੀਕ ਨਹੀਂ’ ਕਹਿਣ ਤੇ ਭਾਈ ਰਾਮਾ ਜੀ ਨੇ ਗੁੱਸਾ ਕੀਤਾ, ਲੇਕਿਨ ਭਾਈ ਜੇਠਾ ਜੀ ਨੇ ਸਤਬਚਨ ਕਹਿ ਕੇ ਹੁਕਮ ਮੰਨਿਆ ਅਤੇ ਦੁਬਾਰਾ ਫਿਰ ਥੜ੍ਹੇ ਉਸਾਰੇ ਗਏ। ਫਿਰ ਨੁਕਸ ਕੱਢ ਕੇ ਥੜ੍ਹੇ ਢੁਹਾ ਦਿੱਤੇ ਗਏ। ਭਾਈ ਰਾਮਾ ਜੀ ਦਾ ਤਿੰਨ ਵਾਰ ਥੜ੍ਹੇ ਉਸਾਰਨ ਉਪਰੰਤ ਸਿਦਕ ਡੋਲ ਗਿਆ ਤੇ ਕਹਿਣ ਲੱਗਾ, ਇਸ ਤੋਂ ਚੰਗੇ ਹੋਰ ਕਿਹੜੇ ਬਣ ਜਾਣਗੇ। ਗੁਰੂ ਸਾਹਿਬ ਨੇ ਭਾਈ ਜੇਠਾ ਨੂੰ ਜਦੋਂ ਥੜ੍ਹਾ ਢਾਹੁਣ ਦਾ ਹੁਕਮ ਕੀਤਾ ਤਾਂ ਪ੍ਰੇਮ ਵਿੱਚ ਭਿੱਜੇ ਭਾਈ ਜੇਠਾ ਜੀ ਨੇ ਨਿਮਰਤਾ ਨਾਲ ਥੜ੍ਹਾ ਢਾਹ ਦਿੱਤਾ। ਅਸਲ ਵਿੱਚ ਇਹ ਥੜ੍ਹੇ ਨਹੀਂ ਸਨ ਬਣਾਏ ਜਾ ਰਹੇ, ਇਹ ਤਖ਼ਤ (ਗੁਰਗੱਦੀ) ਤੇ ਬਿਠਾਉਣ ਦੀ ਪ੍ਰੀਖਿਆ ਹੋ ਰਹੀ ਸੀ। ਭਾਈ ਜੇਠਾ ਜੀ ਦੀ ਨਿਮਰਤਾ ਅਤੇ ਗੁਣਾਂ ਨੂੰ ਦੇਖ ਕੇ ਗੁਰੂ ਅਮਰਦਾਸ ਜੀ ਨੇ ਭਾਦੋਂ ਸੁਦੀ 13 ਸੰਮਤ 1531, 30 ਅਗਸਤ 1574 ਈ: ਦਿਨ ਸੋਮਵਾਰ ਨੂੰ ਸਾਰੀ ਸੰਗਤ ਤੇ ਆਪਣੇ ਸਾਰੇ ਪਰਿਵਾਰ ਦੇ ਸਾਹਮਣੇ ਆਪ ਨੂੰ ਗੁਰਿਆਈ ਦੀ ਜ਼ੁੰਮੇਵਾਰੀ ਸੌਂਪੀ। ਜੇਠਾ ਜੀ ਗੁਰੂ ਰਾਮਦਾਸ ਜੀ ਕਰਕੇ ਪ੍ਰਸਿੱਧ ਹੋਏ।
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥
ਪੂਰੀ ਹੋਈ ਕਰਾਮਾਤਿ ਆਪ ਸਿਰਜਣਹਾਰੈ ਧਾਰਿਆ॥੭॥੧॥
(ਰਾਮਕਲੀ ਕੀ ਵਾਰ, ੯੬੮)
ਗੁਰੂ ਰਾਮਦਾਸ ਜੀ ਨੇ ਸਮਰਾਟ ਅਕਬਰ ਵੱਲੋਂ ਬੀਬੀ ਭਾਨੀ ਜੀ ਨੂੰ ਭੇਟਾ ਕੀਤੀ ਜ਼ਮੀਨ ਉੱਤੇ ਇੱਕ ਨਵਾਂ ਚੱਕ ‘ਸੰਤੋਖਸਰ’ ਅਤੇ ‘ਅੰਮ੍ਰਿਤਸਰ’ ਦੀ ਖੁਦਾਈ ਦਾ ਕੰਮ ਸ਼ੁਰੂ ਕਰਾਇਆ ਅਤੇ ਇੱਥੇ ਹੀ ਰਹਿਣ ਲੱਗ ਪਏ। ਜਿਸ ਦਾ ਨਾਂ ਆਪ ਨੇ ‘ਗੁਰੂ ਕਾ ਚੱਕ’ ਰੱਖਿਆ। ਵੱਖ-ਵੱਖ ਕਿੱਤਿਆਂ ਵਾਲੇ ਬੰਦੇ (ਵਿਅਕਤੀ) ਇੱਥੇ ਵਸਾਏ। ਹਰ ਤਰ੍ਹਾਂ ਦਾ ਕਾਰ-ਵਿਹਾਰ ਇੱਥੇ ਹੋਣ ਲੱਗਾ। ਆਪ ਨੇ ਸੰਮਤ 1634, ਸੰਨ 1577 ਈ: ਵਿੱਚ ਦੁੱਖ-ਭੰਜਨੀ ਦੇ ਕੋਲ ਇੱਕ ਸਰੋਵਰ ਦੀ ਖੁਦਵਾਈ ਆਰੰਭੀ, ਸਰੋਵਰ ’ਚ ਜਲ ਭਰਵਾਇਆ। ਇਸ ਸਰੋਵਰ ਨੂੰ ਮਗਰੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸੰਪੂਰਨ ਕੀਤਾ। ਗੁਰੂ ਜੀ ਨੇ ਆਪਣੇ ਨਿਵਾਸ ਲਈ ਮਕਾਨ ਵੀ ਬਣਾਇਆ, ਉਸ ਦਾ ਨਾਂ ‘ਗੁਰੂ ਕੇ ਮਹਿਲ’ ਰੱਖਿਆ। ਇਹ ਮਹਿਲ ਹੁਣ ਤੱਕ ਮੌਜੂਦ ਹਨ।
ਗੁਰੂ ਰਾਮਦਾਸ ਜੀ ਨੇ 22 ਮੰਜੀਆਂ ਤੋਂ ਇਲਾਵਾ ਮਸੰਦ ਸਿਸਟਮ ਕਾਇਮ ਕੀਤਾ। ਇਹ ਮਸੰਦ ਦੂਰ-ਦੂਰ ਤੋਂ ਗੁਰੂ ਨਾਨਕ ਗੱਦੀ ਲਈ ਰੁਪਇਆ ਇਕੱਠਾ ਕਰਕੇ ਗੁਰੂ ਜੀ ਪਾਸ ਲਿਆਉਂਦੇ। ਗੁਰੂ ਰਾਮਦਾਸ ਜੀ ਨੇ ਪੰਜਾਬ ਤੋਂ ਬਾਹਰ ਸਿੱਖ ਸੰਗਤਾਂ ਨਾਲ ਸੰਪਰਕ ਕਾਇਮ ਕਰਕੇ ਚੰਗੇ ਵਿਦਵਾਨ, ਪ੍ਰਚਾਰਕ ਬਾਹਰ ਭੇਜੇ।
ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿੱਚ ਬਾਣੀ ਉਚਾਰੀ, ਗੁਰੂ ਅੰਗਦ ਦੇਵ ਤੇ ਗੁਰੂ ਅਮਰਦਾਸ ਜੀ ਨੇ ਕਿਸੇ ਨਵੇਂ ਰਾਗ ਦਾ ਪ੍ਰਯੋਗ ਨਹੀਂ ਕੀਤਾ। ਗੁਰੂ ਰਾਮਦਾਸ ਜੀ ਨੇ 11 ਹੋਰ ਨਵੇਂ ਰਾਗਾਂ ਦਾ ਵੀ ਪ੍ਰਯੋਗ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ 31 ਰਾਗਾਂ ਵਿੱਚ ਹੈ। ਗੁਰੂ ਰਾਮਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 30 ਰਾਗਾਂ ’ਚ 679 ਸ਼ਬਦ ਹਨ। ਇਹ ਸ਼ਬਦ ਰਾਗ ਦੇਵਗੰਧਾਰੀ, ਬਿਹਾਗੜਾ, ਜੈਤਸਰੀ, ਟੋਡੀ, ਬੈਰਾੜੀ, ਗੌਂਡ, ਨਟ ਨਰਾਇਣ, ਮਾਲੀ ਗਉੜਾ, ਕੇਦਾਰਾ, ਕਾਨੜਾ, ਕਲਿਆਣ ਰਾਗਾਂ ਵਿੱਚ ਹਨ। ਗੁਰੂ ਰਾਮਦਾਸ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਅੱਠ ਵਾਰਾਂ ਵਿੱਚ ਕਈ ਸਲੋਕ ਉਪਦੇਸ਼ ਰੂਪ ਵਿੱਚ ਹਨ। ਆਸਾ ਕੀ ਵਾਰ ਵਿੱਚ ਸਾਰੇ ਛੰਤ ਗੁਰੂ ਰਾਮਦਾਸ ਜੀ ਦੇ ਹਨ। ਲਾਹੌਰ ਚੂਨਾ ਮੰਡੀ ਵਿੱਚ ਆਸਾ ਕੀ ਵਾਰ ਦੀ ਮਰਯਾਦਾ ਤੋਰੀ ਸੀ। ਸਿੱਖ ਜਗਤ ਵਿੱਚ ਪ੍ਰਚਲਿਤ ਚਾਰ ਲਾਵਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਚਾਰੀਆਂ ਹਨ। ਜੋ ਗੁਰਸਿੱਖਾਂ ਦੇ ਵਿਆਹ ਵਿੱਚ ਅਨੰਦ-ਕਾਰਜ ਸਮੇਂ ਪੜ੍ਹੀਆਂ ਜਾਂਦੀਆਂ ਹਨ। ਭੱਟਾਂ ਨੇ ਪੰਜ ਗੁਰੂ ਸਾਹਿਬਾਨ ਦੀ ਉਪਮਾ ਵਿੱਚ ਕੇਵਲ 123 ਸਵੱਈਏ ਉਚਾਰੇ ਹਨ। ਉਨ੍ਹਾਂ ਵਿੱਚੋਂ 60 ਤਾਂ ਨਿਰੋਲ ਗੁਰੂ ਰਾਮਦਾਸ ਜੀ ਦੀ ਉਪਮਾ ਵਿੱਚ ਹਨ।
ਗਰੀਨਲੀਜ਼ ਨੇ ਗੁਰੂ ਰਾਮਦਾਸ ਜੀ ਨੂੰ ਸੇਵਾ ਦਾ ਪੁੰਜ ਕਿਹਾ ਹੈ। ਸੇਠ ਜਗਤ ਰਾਮ ਨੇ ਗੁਰੂ ਜੀ ਨੂੰ ਕੈਂਠਾ ਦਿੱਤਾ ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇੱਕ ਮਾਈ ਨੇ ਬੜੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ। ਆਪ ਨੇ ਇੱਕ ਮੁਹਤਾਜ ਨੂੰ ਫੜਾ ਦਿੱਤੀ। ਗੁਰੂ ਅਮਰਦਾਸ ਜੀ ਨੇ ਆਪ ਨੂੰ ਇੱਕ ਕੀਮਤੀ ਮਾਲਾ ਦਿੱਤੀ। ਆਪ ਨੇ ਰਾਹ ਵਿੱਚ ਬੈਠੇ ਮਲੰਗ ਨੂੰ ਦੇ ਦਿੱਤੀ। ਬਾਦਸ਼ਾਹ ਨੇ ਪਿੰਡਾਂ ਦੇ ਪਟੇ ਦਿੱਤੇ ਆਪ ਜੀ ਨੇ ਆਲੇ (ਖਾਨੇ) ਵਿੱਚ ਰੱਖ ਦਿੱਤੇ। ਅਕਬਰ ਨੇ ਮੋਹਰਾਂ ਭੇਟ ਕੀਤੀਆਂ ਆਪ ਨੇ ਉਸੇ ਵੇਲੇ ਵੰਡਵਾ ਦਿੱਤੀਆਂ। ਰਸਦਾਂ ਆਈਆਂ ਲੋਕਾਂ ਵਿੱਚ ਵਰਤਾ ਦਿੱਤੀਆਂ।
ਗੁਰੂ ਰਾਮਦਾਸ ਜੀ ਵੱਲੋਂ ਨਿਰਮਾਣ ਕੀਤੇ ਸਰੋਵਰ ਤੇ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਮਹਾਨਤਾ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ।
ਸੰਤਹੁ ਰਾਮਦਾਸ ਸਰੋਵਰੁ ਨੀਕਾ॥
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ॥
(ਸੋਰਠਿ ਮਹਲਾ ੫, ਅੰਗ ੬੨੩)
ਰਾਮਦਾਸ ਸਰੋਵਰਿ ਨਾਤੇ॥ ਸਭਿ ਉਤਰੇ ਪਾਪ ਕਮਾਤੇ॥
ਨਿਰਮਲ ਹੋਇ ਕਰਿ ਇਸਨਾਨਾ॥ ਗੁਰਿ ਪੂਰੇ ਕੀਨੇ ਦਾਨਾ॥੧॥੧॥ ੬੫॥
(ਸੋਰਠਿ ਮਹਲਾ ੫, ਅੰਗ ੬੨੫)
ਗੁਰੂ ਰਾਮਦਾਸ ਜੀ ਦੇ ਤਿੰਨ ਪੁੱਤਰ ਸਨ। ਸਭ ਤੋਂ ਵੱਡੇ ਪ੍ਰਿਥੀ ਚੰਦ ਕੰਮ-ਕਾਜ, ਆਮਦਨ-ਖ਼ਰਚ, ਆਏ-ਗਏ ਦੀ ਸੰਭਾਲ ਵਾਲਾ, ਚੁਸਤ ਸੀ। ਦੂਸਰਾ ਪੁੱਤਰ ਮਹਾਂਦੇਵ ਵੀ ਸਾਧੂ-ਸੁਭਾਅ ਦੇ ਸਨ ਕਿਸੇ ਕੰਮ ਵਿੱਚ ਰੁਚੀ ਨਹੀਂ ਰੱਖਦੇ ਸਨ। ਤੀਜੇ ਪੁੱਤਰ (ਗੁਰੂ) ਅਰਜਨ ਦੇਵ ਜੀ ਵਿੱਚ ਗੁਰਸਿੱਖ ਵਾਲੇ ਸਾਰੇ ਗੁਣ ਸਨ। ਗੁਰੂ ਰਾਮਦਾਸ ਜੀ ਨੇ ਬੜੀ ਸੋਚ ਵਿਚਾਰ ਤੇ ਪਰਖ ਮਗਰੋਂ ਗੁਰਤਾ-ਗੱਦੀ ਦੀ ਜ਼ੁੰਮੇਵਾਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪਣ ਦਾ ਫੈਸਲਾ ਕੀਤਾ ਤਾਂ ਪ੍ਰਿਥੀ ਚੰਦ ਕ੍ਰੋਧ ਵਿੱਚ ਆ ਗਿਆ। ਉਹ ਬੜਾ ਨਾਰਾਜ਼ ਹੋਇਆ, ਗੁਰੂ ਜੀ ਨਾਲ ਲੜਿਆ। ਗੁਰੂ ਜੀ ਨੇ ਉਸ ਨੂੰ ਸਮਝਾਇਆ ਪਰ ਉਸ ਉੱਪਰ ਕੋਈ ਅਸਰ ਨਾ ਹੋਇਆ। ਗੁਰੂ ਰਾਮਦਾਸ ਜੀ ਸੱਚ-ਖੰਡ ਦਾ ਸਮਾਂ ਨੇੜੇ ਆਇਆ ਜਾਣ ਕੇ ਪਰਿਵਾਰ ਸਮੇਤ ਗੋਇੰਦਵਾਲ ਚਲੇ ਗਏ। ਭਾਦੋਂ ਸੁਦੀ 3, 2 ਅੱਸੂ ਸੰਮਤ 1538 ਬਿਕਰਮੀ ਮੁਤਾਬਿਕ 1 ਸਤੰਬਰ 1581 ਈ: ਨੂੰ ਗੁਰੂ ਅਰਜਨ ਦੇਵ ਜੀ ਨੂੰ ਗੁਰਿਆਈ ਦੀ ਰਸਮ ਅਦਾ ਕਰਕੇ 47 ਸਾਲ (ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 46 ਸਾਲ 11 ਮਹੀਨੇ 7 ਦਿਨ) ਉਮਰ ਭੋਗ ਕੇ ਜੋਤੀ-ਜੋਤਿ ਸਮਾ ਗਏ।
ਸ਼੍ਰੀ ਗੁਰੂ ਰਾਮਦਾਸ ਜੀ ਦਾ 490ਵਾਂ ਪ੍ਰਕਾਸ਼ ਗੁਰਪੁਰਬ 19 ਅਕਤੂਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਅਤੇ ਦੇਸ਼-ਵਿਦੇਸ਼ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਖੰਡ-ਪਾਠਾਂ ਦੇ ਭੋਗ ਪਾਏ ਜਾਣਗੇ, ਉਪਰੰਤ ਵਿਸ਼ੇਸ਼ ਦੀਵਾਨ ਸਜਣਗੇ ਜਿਨ੍ਹਾਂ ਵਿੱਚ ਰਾਗੀ, ਢਾਡੀ, ਪ੍ਰਚਾਰਕ, ਕਵੀ ਅੰਮ੍ਰਿਤਮਈ ਬਾਣੀ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।
 ਕਰਨੈਲ ਸਿੰਘ ਐੱਮ.ਏ.
# 1138/63-ਏ,ਗੁਰੂ ਤੇਗ਼ ਬਹਾਦਰ ਨਗਰ,  ਗਲੀ ਨੰਬਰ 1, ਚੰਡੀਗੜ੍ਹ ਰੋਡ
ਜਮਾਲਪੁਰ, ਲੁਧਿਆਣਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਚਾਇਤੀ ਚੋਣਾਂ ਦਾ ਸਫ਼ਰ…………
Next articleਭੂਮਿਕਾ