ਕਵਿਤਾਵਾਂ

ਜਰ , ਜੋਰੂ ਅਤੇ ਜ਼ਮੀਨ 
————————-
ਫ਼ਿਕਰ ਅਪਣੀ ਤਰੱਕੀ ਦਾ ਨਈਂ ਹੁੰਦਾ ,
ਕਰਦੈ ਦੂਜਾ ਤਰੱਕੀ ਤਾਂ ਸੜੇ ਦੁਨੀਆਂ ।
ਹੱਸਣ ਵਾਲ਼ਿਆਂ ਨਾਲ਼ ਤਾਂ ਰਹੇ ਹਸਦੀ ,
ਰੋਂਦੇ ਕੋਲ਼ ਨਾ ਕਦੇ  ਵੀ  ਖੜ੍ਹੇ ਦੁਨੀਆਂ ।
ਅੱਗੇ  ਹੋ  ਹੋ  ਘੇਰਦੀ  ਮਾੜਿਆਂ  ਨੂੰ ,
ਤਕੜੇ ਬੰਦੇ ਦੀ ਵੀਣੀਂ ਨਾ ਫੜੇ ਦੁਨੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਜ਼ਰ ਜ਼ੋਰੂ ਜ਼ਮੀਨ ਲਈ ਲੜੇ ਦੁਨੀਆਂ ।
ਚੋਰੀ ਦੇ ਪੁੱਤ 
————–
ਕਰਨ ਆਤਮ-ਵਿਸ਼ਵਾਸ਼ ਦੇ ਨਾਲ਼ ਜਿਹੜੇ ,
ਕੰਮ  ਉਨ੍ਹਾਂ  ਦੇ  ਸਦਾ  ਆਸਾਨ  ਹੁੰਦੇ  ,
ਘਰ ਤਾਂ ਔਰਤਾਂ ਨਾਲ਼  ਹੀ ਸ਼ੋਭਦੇ ਨੇ  ,
ਬਿਨਾਂ ਔਰਤਾਂ  ਨਿਰੇ ਮਕਾਨ ਹੁੰਦੇ  ।
ਪਾਸਾ ਵੱਟ ਕੇ ਉਨ੍ਹਾਂ ਤੋਂ ਲੰਘ ਜਾਈਏ  ,
ਤਨ ਤੇ ਮਨ ਤੋਂ ਜਿਹੜੇ ਬੇਈਮਾਨ ਹੁੰਦੇ ,
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ ,
ਪੁੱਤ  ਚੋਰੀ  ਦੇ  ਨਹੀਂ  ਜਵਾਨ  ਹੁੰਦੇ ।
ਦੁੱਧ ਬਾਝੋਂ ਖੀਰ 
—————–
ਹੁੰਦੇ  ਹਿੰਮਤੀ  ਮਿਹਨਤੀ  ਲੋਕ  ਜਿਹੜੇ ,
ਬਦਲ ਲੈਂਦੇ ਨੇ ਅਪਣੀ ਤਕਦੀਰ ਮੀਆਂ ।
ਬੰਦੇ  ਆਲਸੀ  ਹੱਥਾਂ ‘ਤੇ  ਹੱਥ  ਧਰ  ਕੇ ,
ਨੈਣੋਂ ਰਹਿਣ ਵਗਾਉਂਦੇ ਹੀ ਨੀਰ ਮੀਆਂ  ।
ਸੁੱਖਾਂ ਵਿੱਚ ਵੀ ਕੁਦਰਤ ਨੂੰ ਯਾਦ ਰਖਦੇ ,
ਦੁੱਖਾਂ ਵਿੱਚ ਨਾ ਹੁੰਦੇ ਦਿਲਗੀਰ ਮੀਆਂ ।
ਸੱਚ ਕਿਹਾ ਸਿਆਣਿਆਂ ਬੰਦਿਆਂ ਨੇ  ,
ਦੁੱਧ ਬਾਝੋਂ ਨਾ ਰਿੰਨੀਂਦੀ ਖੀਰ ਮੀਆਂ  ।
( ਕਾਵਿ ਸੰਗ੍ਰਹਿ ” ਪੱਥਰ ‘ਤੇ ਲਕੀਰਾਂ ” ਵਿੱਚੋਂ )
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
9914836037
Previous articleਵਿਰਸਾ ਸਿੰਘ ਵਲਟੋਹਾ ਨਾ ਘਰ ਦੇ ਰਹੇ ਨਾ ਘਾਟ ਦੇ, ਅਕਾਲੀ ਦਲ ਚੋਂ ਬਾਹਰ ਕਰਨ ਦੇ ਹੁਕਮ 10 ਸਾਲ ਲਈ ਸਿਆਸੀ ਪਾਬੰਦੀ
Next articleਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਅਵਤਾਰ ਪੁਰਬ ਮਨਾਇਆ ਜਾਵੇਗਾ