“ਬਰਫ਼ ‘ਚ ਨਾ ਲਾ ਦਿਓ !”

ਜਸਪਾਲ ਜੱਸੀ
ਜਸਪਾਲ ਜੱਸੀ
(ਸਮਾਜ ਵੀਕਲੀ) ਜਾਗਰ ਜ਼ਿੰਦਗੀ ਦੇ ਅਖ਼ੀਰਲੇ ਪੜਾਅ ‘ਤੇ ਅੱਕਿਆ ਥੱਕਿਆ ਪਿਆ ਸੀ। ਦੋਵੇਂ ਮੁੰਡੇ ਜਮੀਨ ਵਿਕਵਾ ਕੇ ਤੇ ਵਿਆਹ ਕਰਵਾ ਕੇ, ਕਨੇਡਾ ਪੱਕੇ ਤੌਰ ਉੱਤੇ ਸੈੱਟ ਹੋ ਚੁੱਕੇ ਸੀ। ਕਦੇ ਕਦਾਈਂ ਫ਼ੋਨ ਆਉਂਦਾ ਸੀ ਹਾਲ ਚਾਲ ਪੁੱਛਣ ਲਈ, ਪਰ ਜਾਗਰ ਨੂੰ ਲੱਗਦਾ ਸੀ ਸ਼ਾਇਦ ਉਹ ਮੇਰੇ ਮਰਨ ਦੀ ਉਡੀਕ ਕਰ ਰਹੇ ਸਨ ਤਾਂ ਜੋ ਪਿੱਛੇ ਰਹਿ ਗਿਆ ਘਰ ਤੇ ਕੁਝ ਬਚਦੇ ਪੈਸੇ ਵੀ ਲੈ ਜਾ ਸਕਣ। ਉਹ ਜਦੋਂ ਵੀ ਸੱਥ ਵਿਚ ਦੀ ਲੰਘਦਾ ਇੱਕੋ ਗੱਲ ਕਹਿੰਦਾ,
“ਮੁੰਡਿਆਂ ਨੇ ਤਾਂ ਬਰਫ਼ ‘ਚ ਲਾ ਤਾ,
  ਤੁਸੀਂ ਨਾ ਲਾ ਦਿਓ ।”
ਕੋਈ ਵੀ ਉਸ ਦੀ ਗੱਲ ਨਹੀਂ ਸੀ ਸਮਝਦਾ,
ਸਿਰਫ਼ ਬੁੱਧ ਸਿਉਂ ਨੂੰ ਪਤਾ ਸੀ ਕਿਉਂਕਿ ਉਸ ਨੇ ਬੁੱਧ ਸਿਉਂ ਨੂੰ ਆਪਣੀ ਵਸੀਅਤ ਦਿਖਾਈ ਸੀ ਜਿਸ ਵਿਚ ਉਸ ਨੇ ਲਿਖਿਆ ਸੀ ਕਿ,
“ਮੇਰੇ ਮਰਨ ਤੋਂ ਬਾਅਦ,ਮੇਰੇ ਮੁੰਡਿਆਂ ਦੀ ਇੰਤਜ਼ਾਰ ਨਾ ਕੀਤੀ ਜਾਵੇ ਤੇ ਮੇਰਾ ਸਸਕਾਰ ਕਰ ਦਿੱਤਾ ਜਾਵੇ। ਮੇਰੇ ਘਰ ਦੀ ਲਾਇਬਰੇਰੀ ਬਣਾ ਕੇ ਮੇਰੇ ਖ਼ਾਤੇ ‘ਚ ਪਏ ਪੈਸਿਆਂ ਦੀਆਂ ਕਿਤਾਬਾਂ ਲਿਆਉਂਦੀਆਂ ਜਾਣ।”
ਇਹ ਵਸੀਅਤ ਉਸ ਨੇ ਆਪਣੀ ਪਤਨੀ ਦੀ ਮੌਤ ਤੋਂ ਤੁਰੰਤ ਬਾਅਦ ਬਣਵਾ ਦਿੱਤੀ ਸੀ। ਇਸ ਗੱਲ ਦਾ ਪਤਾ ਸਿਰਫ਼ ਬੁੱਧ ਸਿਉਂ ਨੂੰ ਸੀ,ਜਿਸ ਦੀ ਇੱਕ ਕਾਪੀ ਉਸ ਕੋਲ ਵੀ ਸੀ। ਜਾਗਰ ਨੇ ਇਹ ਗੱਲ ਹੋਰ ਕਿਸੇ ਨਾਲ ਸਾਂਝੀ ਵੀ ਨਹੀਂ ਕੀਤੀ ਸੀ।
                    ਉਹ ਨਹੀਂ ਸੀ ਚਾਹੁੰਦਾ ਉਸ ਦੀ ਮੌਤ ਤੋਂ ਬਾਅਦ ਉਸ ਨੂੰ ਬਰਫ਼ ਵਾਲੇ ਡੱਬੇ ਵਿਚ( ਫ਼ਰੀਜ਼ਰ) ਬੱਚਿਆਂ ਦੇ ਕਨੇਡਾ ਤੋਂ ਆਉਣ ਤੱਕ ਰੱਖਿਆ ਜਾਵੇ। ਪਿਛਲੇ ਕੁਝ ਸਮੇਂ ਤੋਂ ਉਸ ਦਾ ਤਕੀਆ ਕਲਾਮ,
“ਦੇਖਿਓ ਕਿਤੇ ਬਰਫ਼ ‘ਚ ਨਾ ਲਾ ਦਿਓ ! “
ਪਿੰਡ ਵਿਚ ਕਾਫ਼ੀ ਮਸ਼ਹੂਰ ਹੋ ਚੁੱਕਿਆ ਸੀ।
ਦੁਪਹਿਰ ਵੇਲੇ ਖ਼ਬਰ ਆਈ ਕਿ ਬਾਪੂ ਜਾਗਰ ਸਿੰਘ ਇਸ ਸੰਸਾਰ ਤੋਂ ਕੂਚ ਕਰ ਗਿਆ। ਬੁੱਧ ਸਿਉਂ ਉਸ ਦਾ ਦੋਸਤ ਕਿਤੇ ਪਿੰਡੋਂ ਬਾਹਰ ਦੋ ਦਿਨ ਲਈ ਗਿਆ ਹੋਇਆ ਸੀ। ਪਿੰਡ ਦੀ ਮੁੰਡੀਰ ਨੇ ਕਨੇਡਾ ਫ਼ੋਨ ਖੜਕਾ ਦਿੱਤੇ। ਮੁੰਡਿਆਂ ਦਾ ਸੁਨੇਹਾ ਸੀ ਕਿ ਬਾਪੂ ਜੀ ਨੂੰ ਡੀਪ ਫ਼ਰੀਜ਼ਰ ਵਿਚ ਰੱਖਵਾ ਦਿਓ। ਅਸੀਂ ਦੋ ਦਿਨਾਂ ਬਾਅਦ ਆਵਾਂਗੇ ਫ਼ਿਰ ਸਸਕਾਰ ਕਰਾਂ ਗੇ। ਬਾਪੂ ਜਾਗਰ ਸਿੰਘ ਦਾ ਸਰੀਰ ਫਰਿੱਜ਼ ਵਿਚ ਰੱਖ ਦਿੱਤਾ ਗਿਆ। ਅਗਲੇ ਦਿਨ ਬੁੱਧ ਸਿਉਂ ਵੀ ਆ ਗਿਆ। ਉਸ ਨੇ ਪੰਚਾਇਤ ਵਿਚ ਪੜ੍ਹ ਕੇ ਜਦੋਂ ਜਾਗਰ ਸਿੰਘ ਦੀ ਵਸੀਅਤ ਉਜਾਗਰ ਕੀਤੀ ਤੇ ਸਮਝ ਆਇਆ ਕਿ ਬਾਪੂ ਜਾਗਰ ਸਿੰਘ ਹਰ ਵੇਲੇ ਇਹ ਕਿਉਂ ਬੋਲਦਾ ਸੀ,” ਦੇਖਿਓ ਕਿਤੇ ਬਰਫ਼ ‘ਚ ਨਾ ਲਾ ਦਿਓ “
ਕਿਉਂ ਕਿ ਮੁੰਡਿਆਂ ਨੇ ਉਸ ਨੂੰ ਜਿਉਂਦੇ ਜੀਅ ਬਰਫ਼ ਵਿਚ ਲਾਅ ਦਿੱਤਾ ਸੀ ਮਰਨ ਤੋਂ ਬਾਅਦ ਉਹ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਬਰਫ਼ ਚ ਲਾਇਆ ਜਾਵੇ। ਪੰਚਾਇਤ ਨੇ ਵਸੀਅਤ ਦੇ ਆਧਾਰ ਤੇ ਫ਼ੈਸਲਾ ਕਰ ਕੇ ਸਸਕਾਰ ਕਰ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾਵਾਂ
Next article*ਗੁਰਮੁਖੀ ਲਿਪੀ ਵਿੱਚ ਪੈਰ-ਬਿੰਦੀ ਵਾਲ਼ੇ ਅੱਖਰਾਂ ਦਾ ਮਹੱਤਵ”