ਆਓ 2 ਸਾਲ ਹੋਰ ਹਿਮਾਚਲ ਚੱਲੀਏ….

ਸਵਾਮੀ ਸਰਬਜੀਤ
ਸਵਾਮੀ ਸਰਬਜੀਤ
(ਸਮਾਜ ਵੀਕਲੀ) ਮੇਰੇ ਲਈ ‘ਪੰਜਾਬ’ ਕੋਈ ਸ਼ਖ਼ਸੀਅਤ ਨਹੀਂ, ਇਸੇ ਲਈ ਮੈਂ ਹੋਰਨਾਂ ਵਾਂਗ ਉਪਭਾਵੁਕਤਾ–ਵਸ ਇਹਨੂੰ ‘ਪੰਜਾਬ ਸਿਹਾਂ’ ਆਖ ਕੇ ਸੰਬੋਧਿਤ ਨਹੀਂ ਹੁੰਦਾ।  ਪੰਜਾਬ ਵਿੱਚ ਮਨੁੱਖ ਵਸਦੇ ਹਨ, ਜਿਨ੍ਹਾਂ ਦੀ ਪਛਾਣ ਮੈਂ ਪੰਜਾਬੀ ਦੇ ਰੂਪ ਵਿੱਚ ਕਰਦਾ ਹਾਂ ਇਸ ਲਈ ਪੰਜਾਬ ਨਾ ਤਾਂ ‘ਪੰਜਾਬ ਸਿਹਾਂ’ ਹੈ, ਨਾ ”ਪੰਜਾਬ ਰਾਮ”, ਨਾ ”ਪੰਜਾਬ ਮਸੀਹ” ਅਤੇ ਨਾ ਹੀ ”ਪੰਜਾਬ ਖ਼ਾਨ”… ਪੰਜਾਬ ਸਿਰਫ਼ ਪੰਜਾਬ ਹੈ। ”ਪੰਜਾਬ ਸਿਹਾਂ” ਵਿੱਚ ਸੰਬੋਧਨ ”ਸਿਹਾਂ”, ”ਸਿੰਘ” ਹੈ। ਕੀ ਪੰਜਾਬ ਕੱਲੇ ਸਿੰਘਾਂ/ਸਿੱਖਾਂ ਦਾ ਹੈ? ਇੱਥੇ ਸਦੀਆਂ ਤੋਂ ਵਸਦੇ ਹੋਰ ਗ਼ੈਰ–ਸਿੱਖ/ਸਿੰਘ ਲੋਕਾਂ ਦਾ ਨਹੀਂ?
ਨਹੀਂ… ਪੰਜਾਬ ਸਾਰਿਆਂ ਦਾ ਹੈ, ਜੋ ਮਨੁੱਖ ਨੇ, ਜੋ ਪੰਜਾਬੀ ਨੇ।
ਪੰਜਾਬ ਮੇਰੇ ਲਈ ਇੱਕ ਭੂਗੋਲਿਕ ਖਿੱਤਾ ਹੈ, ਦੁਨੀਆ ਦੇ ਹਰੇਕ ਖਿੱਤੇ ਵਾਂਗ ਮੈਂ ਇਹਨੂੰ ਵੀ ਪਿਆਰ ਕਰਦਾ ਹਾਂ ਪਰ ਅੰਨ੍ਹਾ ਪਿਆਰ ਨਹੀਂ। ਮੈਂ ਇਹਨੂੰ ਲੈ ਕੇ ਭਾਵਕ ਜ਼ਰੂਰ ਹਾਂ 99.99 ਪ੍ਰਤੀਸ਼ਤ ਲੋਕਾਂ ਵਾਂਗ ਉਪਭਾਵਕ ਨਹੀਂ।
”ਉਪਭਾਵਕਤਾ”; ਬੰਦ ਜ਼ਿਹਨ ਵਿੱਚੋਂ ਜਨਮਿਆ ਉਹ ਡੱਡੂ ਹੈ, ਜਿਸ ਲਈ ਖੂਹ/ਟੋਭਾ ਹੀ ਸਮੁੰਦਰ ਬਣ ਜਾਂਦਾ ਹੈ। ਇੱਥੇ ਹੀ ਗੜਬੜ ਸ਼ੁਰੂ ਹੋ ਜਾਂਦੀ ਹੈ। ਜਦੋਂ ਡੱਡੂ ਲਈ ਖੂਹ/ਟੋਭਾ ਹੀ ਮੱਠ ਬਣ ਜਾਵੇ ਤਾਂ ਫੇਰ ਉਹਨੂੰ ਸਮੁੰਦਰ ਦਾ ਸੁਪਨਾ ਵੀ ਨਹੀਂ ਆਉਂਦਾ, ਉਸ ਬਾਰੇ ਸੋਚਣਾ, ਉਸ ਤੱਕ ਪਹੁੰਚਣਾ ਤਾਂ ਬਹੁਤ ਪਰ੍ਹੇ ਦੀਆਂ ਗੱਲਾਂ ਰਹਿ ਜਾਂਦੀਆਂ ਨੇ।
ਪੰਜਾਬ; ਜਿਹੜਾ ਹੁਣ ਇੱਕ ਬਿੰਦੂ ਵਾਂਗ ਸਿਮਟ ਕੇ ਰਹਿ ਗਿਆ ਹੈ, ਕਿਸੇ ਵੇਲ਼ੇ ਇਹ ਵੀ ਕਿਸੇ ਵਿਸ਼ਾਲ ਕੈਨਵਸ ਵਰਗਾ ਸੀ। ਬਹੁਤਾ ਦੂਰ ਨਾ ਜਾਈਏ ਤਾਂ 1947 ਵੇਲ਼ੇ ਲਗਭਗ ਅੱਧਾ ਪੰਜਾਬ ਸਾਡਾ ਨਾਲ਼ੋਂ ਜੁਦਾ ਕਰ ਦਿੱਤਾ ਗਿਆ। ਫੇਰ 1958 ਵਿੱਚ (ਹਿਮਾਚਲ ਦੇ ਰੂਪ ਵਿੱਚ) ਅਤੇ ਫੇਰ 1966 ਵਿੱਚ (ਹਰਿਆਣਾ ਦੇ ਰੂਪ ਵਿੱਚ।)
ਹੁਣ ਇਹ ਸਾਡੀ ਉਪਭਾਵਕਤਾ ਹੀ ਹੈ ਕਿ ਅਸੀਂ ਵੀਜ਼ੇ/ਪਾਸਪੋਰਟਾਂ ਨੂੰ ਹਟਵਾ ਕੇ ਪਾਕਿਸਤਾਨ ਨੂੰ ਤਾਂ ਗਲ਼ਵੱਕੜੀ ਵਿੱਚ ਲੈਣਾ ਚਾਹੁੰਦੇ ਹਾਂ ਪਰ ਗੁਆਂਢੀ, ਹਿਮਾਚਲ/ਹਰਿਆਣਾ ਨੂੰ ਦੁਰਕਾਰੀ ਜਾ ਰਹੇ ਹਾਂ ਜਦ ਕਿ ਹਿਮਾਚਲ ਤੇ ਹਰਿਆਣਾ ਨੂੰ ਤਾਂ ਸਾਡੀ ਸੁਰਤ ਸੰਭਲ਼ਿਆਂ ਹੀ ਸਾਡੇ ਤੋਂ ਵਿਛੋੜਿਆ ਗਿਆ ਹੈ। ਅਸੀਂ ਪਾਕਿਸਤਾਨ ਦੇ ਦਰਸ਼ਨ–ਦੀਦਾਰ ਲਈ ਤਾਂ ਦੁਆਵਾਂ ਕਰਦੇ ਹਾਂ ਪਰ ਹਰਿਆਣੇ ਅਤੇ ਹਿਮਾਚਲ ਨੂੰ ਆਪਣਾ ਕੱਟੜ ਵੈਰੀ ਗਰਦਾਨਣ ਜਾ ਰਹੇ ਹਾਂ।
ਪਿਛਲੇ ਕਈ ਦਿਨਾਂ ਤੋਂ ਸਾਡੇ ਆਲ਼ੇ ਉਪਭਾਵਕਾਂ ਨੇ ਹਿਮਾਚਲ ਨੂੰ ਬਦਨਾਮ ਕਰਨ ਲਈ ਪੂਰ ਟਿੱਲ ਲਾਇਆ ਹੋਇਆ ਹੈ। (ਤਰ੍ਹਾਂ–ਤਰ੍ਹਾਂ ਦੇ ਬਿਆਨ ਆ ਰਹੇ ਨੇ, ਵੀਡੀਓਜ਼ ਆ ਰਹੀਆਂ ਨੇ, 2–2 ਸਾਲ ਹਿਮਾਚਲ ਨੂੰ ਤਿਆਗ ਦੇ ਉਸ ਨੂੰ ਅਕਲ ਸਿਖਾਉਣ ਲਈ ਸਹੁੰਆਂ ਪਾਉਣ ਲਈ ਸਹੁੰਆਂ ਪਾਈਆਂ ਜਾ ਰਹੀਆਂ ਨੇ) ਹਾਲਾਂਕਿ ਹਿਮਾਚਲ ਨਾਲ਼ ਥੋੜ੍ਹੀ ਜਿਹੀ ਤਲਖ਼ੀ ਤਾਂ ਹੋ ਗਈ ਸੀ ਪਰ ਇਸ ਤਲਖ਼ੀ ਦੀ ਬਲਦੀ ਵਿੱਚ ਤੇਲ ਪਾਇਆ ਕੰਗਣਾ ਰਣੌਤ ਨੇ।
ਕੰਗਣਾ ਰਣੌਤ ਹੈ ਕੌਣ ? ਇੱਕ ਹੀਰੋਇਨ! ਜਾਂ ਹੁਣੇ ਤਾਜ਼ਾ ਬਣੀ ਐਮ.ਪੀ.! ਭਗਵਾ ਪਾਰਟੀ ਵਿੱਚ ਅਹੁਦੇਦਾਰੀ ਲਈ ਅਬਾ–ਤਬਾ ਬੋਲਣ ਵਾਲ਼ੀ! ਰਾਜਨੇਤਾਵਾਂ ਵਾਂਗ ਅੱਗਾਂ ਲਾਉਣ ਵਾਲ਼ੀ!
ਪਰ ਕੀ ਕੰਗਣਾ ਰਣੌਤ ਹੀ ਪੂਰਾ ਹਿਮਾਚਲ ਬਣ ਗਈ ? ”ਹਿਮਾਚਲ ਦੀ ਬੇਟੀ” ਕਹਿਣ ਨਾਲ਼ ਸਾਰੇ ਹਿਮਾਚਲ ਦੀ ਧੀ ਬਣਗੀ? ਚਲੋ ਕੰਗਣਾ ਸਮੇਤ ਕੰਗਣਾ ਨੂੰ ਪਸੰਦ ਕਰਨ ਵਾਲ਼ੇ ਲਗਭਗ ਸਾਢੇ ਕੁ 5 ਲੱਖ ਲੋਕਾਂ ਨੂੰ ਵੀ ਕੰਗਣਾ ਨਾਲ਼ ਜੋੜ ਦਿਓ ਕਿ ਉਹ ਪੰਜਾਬ ਤੇ ਪੰਜਾਬੀਆਂ ਦੇ ਦੋਖੀ ਨੇ… ਪਰ ਕੀ ਇਹ ਸਾਢੇ ਪੰਜ ਲੱਖ ਸਾਰੇ ਦੇ ਸਾਰੇ ਸਾਡੇ ਵੈਰੀ ਨੇ ? ਯਾਦ ਰੱਖਣਾ, ਹਿਮਾਚਲ ਦੇ ਸਾਢੇ 77 ਲੱਖ ਅਬਾਦੀ ਵਿੱਚੋਂ ਸਾਢੇ 5 ਕੱਢਣ ਪਿੱਛੇ ਜਿੰਨੇ ਬਚਦੇ ਨੇ, ਉਹ ਹਿਮਾਚਲ ਹੈ। ਇਹ ਸਾਰੇ ਤਾਂ ਸਾਡੇ ਵੈਰੀ ਨਹੀਂ! ਕੰਗਣਾ ਲੀਡਰ ਦੀ ਬੋਲੀ ਬੋਲਦੀ ਹੈ, ਲੀਡਰ ਸਦਾ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਨਾਉਂਦੇ ਨੇ… ਕੀ ਅਸੀਂ ਕੰਗਣਾ ਦੇ ਹੱਥ ਦੀ ਕਠਪੁਤਲੀ ਬਣ ਕੇ ਆਪਣੇ ਭੈਣ–ਭਾਈ ਹਿਮਾਚਲੀਆਂ ਨਾਲ਼ ਨਫ਼ਰਤ ਕਰਨ ਲੱਗ ਪਵਾਂਗੇ? ਲੀਡਰ ਸਦਾ ਸਾਨੂੰ ਵੰਡਦੇ ਆਏ ਨੇ, ਸਦਾ ਤੋਂ… ਕੀ ਹੁਣ ਵੀ ਅਸੀਂ ਲੀਡਰਾਂ ਹੱਥੇ ਚੜ੍ਹ ਕੇ ਪੁਰਾਣੀਆਂ ਸਾਂਝਾਂ ਨੂੰ ਤਿਲਾਂਜਲੀ ਦੇ ਦਿਆਂਗੇ। (ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਪੰਜਾਬੀ ਦੀਆਂ ਕਈ ਉਪਬੋਲੀਆਂ ਅਜੇ ਵੀ ਹਿਮਾਚਲ ਵਿੱਚ ਬੋਲੀਆਂ ਜਾਂਦੀਆਂ ਨੇ।)
ਨਫ਼ਰਤਾਂ ਫ਼ੈਲਾਉਣ ਵਾਲ਼ੇ ਕਿੱਥੇ ਨਹੀਂ ਹੁੰਦੇ? ਕੀ ਅਜਿਹੇ ਲੋਕ ਸਾਡੇ ਪੰਜਾਬ ਵਿੱਚ ਨਹੀਂ ਹੈਗੇ? ਸਾਡੇ ਆਂਢ–ਗੁਆਂਢ ਵਿੱਚ ਨਹੀਂ ਹੈਗੇ? ਸਾਡੇ ਪਰਿਵਾਰ–ਰਿਸ਼ਤੇਦਾਰਾਂ ਵਿੱਚ ਨਹੀਂ ਹੈਗੇ? ਜਾਂ ਸਾਡੇ ਆਪਣੇ ਅੰਦਰ ਨਹੀਂ ਹੈਗੇ?
ਆਟੇ ਵਿੱਚ ਲੂਣ ਜਿੰਨਾ ਸਭ ਕੁਝ, ਸਭ ਕਿਤੇ ਹੈ ਤਾਂ ਕੀ ਅਸੀਂ ਚੁਟਕੀ ਲੂਣ ਦੀ ਪਿੱਛੇ ਸਾਰਾ ਆਟਾ ਹੀ ਨਮਕੀਨ ਸਮਝ ਲਈਏ? ਜਾਂ ਫੇਰ ਅਸੀਂ ਇਸ ਸਾਜ਼ਿਸ਼ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿਸ ਅਧੀਨ ਪੰਜਾਬੀਆਂ ਨੂੰ ਉਹਦੇ ਭੈਣ–ਭਰਾ ਹਿਮਾਚਲ ਨਾਲ਼ੋਂ ਵਿਛੋੜਿਆ ਜਾ ਰਿਹਾ ਹੈ। ਨਫ਼ਰਤ ਦੀਆਂ ਕੰਧਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਨੇ।
ਮੈਂ ਪੰਜਾਬ ਤੋਂ ਇਲਾਵਾ ਇਕੱਲੇ ਹਿਮਾਚਲ ਸੂਬੇ ਵਿੱਚ ਗਿਆ/ਰਿਹਾ ਹਾਂ। ਭਾਰਤ ਦੇ ਕਿਸੇ ਵੀ ਹੋਰ ਸੂਬੇ ਵਿੱਚ ਨਹੀਂ ਗਿਆ (ਰਾਜਸਥਾਨ ਦਾ ਮਸਲਾ ਵੱਖਰਾ ਹੈ, ਓਥੇ ਮੇਰੇ ਸਹੁਰੇ ਨੇ।) ਮੈਂ ਹਿਮਾਚਲ ਵਿੱਚ ਸੈਂਕੜਿਆਂ ਵਾਰ ਗਿਆ ਹਾਂ ਪਰ ਅੱਜ ਤੱਕ ਕਿਸੇ ਨੇ ਵੀ, ਕਦੇ ਵੀ ਓਏ ਤੱਕ ਨਹੀਂ ਕਿਹਾ।
ਮੈਂ ਪੰਜਾਬ ਵਿੱਚ ਰਹਿੰਦਿਆਂ ਬਹੁਤ ਲੋਕਾਂ ਨਾਲ਼ ਖ਼ਫ਼ਾ ਹੋਇਆ ਹਾਂ, ਲੜਿਆ–ਝਗੜਿਆ, ਵਿਗੜਿਆ ਹਾਂ। ਕਾਰਨ? ਲੋਕ ਗ਼ਲਤੀਆਂ ਕਰਦੇ ਨੇ ਅਤੇ ਫੇਰ ਸੀਨਾਜ਼ੋਰੀ ਵੀ ਅਜ਼ਮਾਉਂਦੇ ਨੇ। ਮੈਨੂੰ ਲਗਦੈ ਜਦੋਂ ਗ਼ਲਤੀ ਹੁੰਦੀ ਹੈ ਤਾਂ ਕਿਤੇ ਵੀ ਸਿੰਗ ਫਸ ਸਕਦੇ ਨੇ, ਪੰਜਾਬ ਹੋਵੇ, ਹਿਮਾਚਲ ਹੋਵੇ, ਪਾਕਿਸਤਾਨ ਹੋਵੇ ਜਾਂ ਕੈਨੇਡਾ ਹੋਵੇ। ਅਸੀਂ ਹਿਮਾਚਲ ਜਾ ਕੇ ਹੋ–ਹੱਲਾ ਕਰਾਂਗੇ, ਗੰਦ ਪਾਵਾਂਗੇ, ਸ਼ਰਾਬਾਂ ਪੀ ਕੇ ਗੰਦ ਬਕਾਂਗੇ, ਗੱਡੀਆਂ–ਮੋਟਰਸਾਈਕਲ ਭਜਾਵਾਂਗੇ ਜਾਂ ਕੁਝ ਵੀ ਅਜਿਹਾ ਕਰਾਂਗੇ ਜੋ ਉੱਥੋਂ ਦੇ ਲੋਕਾਂ ਨੂੰ ਪਸੰਦ ਨਹੀਂ ਤਾਂ ਕੋਈ ਵੀ ਝਗੜਾ ਹੋਣਾ ਜਾਇਜ਼ ਹੈ – ਪਰ ਜਾਇਜ਼ ਹੋਣ ਦੇ ਬਾਵਜੂਦ ਅਸੀਂ ਹਿਮਾਚਲ ਨਾਲ਼ ਨਜਾਇਜ਼ ਕਿਉਂ ਕਰ ਰਹੇ ਹਾਂ। ਤੁਸੀਂ ਕਦੇ ਬਿਹਾਰ, ਗੋਆ ਜਾਂ ਦੱਖਣ ਭਾਰਤ ਵੱਲ ਜਾਣਾ… ਜੇ ਤੁਸੀਂ ਓਥੇ ਨਿਯਮਾਂ–ਮਰਿਆਦਾ ਦੀ ਰੇਖਾ ਤੋਂ ਰਤਾ ਵੀ ਇੱਧਰ–ਓਧਰ ਹੁੰਦੇ ਹੋ ਤਾਂ ਲੋਕ ਕੱਪੜੇ ਪਾੜਨ ਤੱਕ ਜਾਂਦੇ ਨੇ, ਫੇਰ ਹਿਮਾਚਲ ਨਾਲ਼ ਇੰਨੀ ਨਫ਼ਰਤ ਕਿਉਂ?
ਆਪਣੀ ਉਪਭਾਵਕਤਾ ਦੀ ਐਨਕ ਲਾਹ ਕੇ ਜ਼ਰਾ ਸੋਚਣਾ ਕਿ ਕੀ ਤੁਸੀਂ ਹਿਮਾਚਲ ਨਾਲ਼ ਨਫ਼ਰਤ ਕਰ ਕੇ, ਨਫ਼ਰਤ ਫ਼ੈਲਾ ਕੇ ਸਟੇਟ ਦੇ ਹੱਕ ਵਿੱਚ ਤਾਂ ਨਹੀਂ ਭੁਗਤ ਰਹੇ ?? ਅਸੀਂ ਹਿਮਾਚਲ ਨਾ ਜਾਣ ਦੀਆਂ ਸਹੁੰਆਂ ਪਾ ਰਹੇ ਹਾਂ, ਪੁਆ ਰਹੇ ਹਾਂ। ਆਰਥਿਕ ਰੂਪ ਵਿੱਚ ਨੁਕਸਾਨ ਪਹੁੰਚਾ ਕੇ ਅਸੀਂ ਆਪਣੀ ‘ਪੰਜਾਬੀਅਤ’ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਫੇਰ ਇਲਾਜ ਕੀ ਹੈ?
ਕਸ਼ਮੀਰ ਨੂੰ ਇਲਾਜ ਵਜੋਂ ਦਿਖਾਇਆ ਜਾ ਰਿਹਾ ਹੈ ਕਿ ਸਾਨੂੰ ਹਿਮਾਚਲ ਛੱਡ ਕੇ ਕਸ਼ਮੀਰ ਜਾਣਾ ਚਾਹੀਦਾ ਹੈ। ਕਸ਼ਮੀਰ, ਜਿੱਥੇ ਭਗਵਾ ਸਰਕਾਰ ਨੇ ਗੇਮ ਖੇਡੀ ਹੈ, ਉਸ ਨੂੰ ਅਖੰਡ ਭਾਰਤ ਦਾ ਹਿੱਸਾ, ਹਿੰਸਾ ਤੋਂ ਮੁਕਤ, ਖ਼ੁਸ਼ਹਾਲ ਕਸ਼ਮੀਰ ਜਿਹਾ ਦਿਖਾਉਣ ਦੀ ਕੋਸ਼ਿਸ਼ ਜਾ ਰਹੀ ਹੈ ਪਰ ਜਿੱਥੇ ਅਜੇ ਤੱਕ ਵੀ ਸੈਂਕੜੇ ਦਾਅਵੇ ਕਰਨ ਤੋਂ ਬਾਅਦ ਭਾਰਤ ਦਾ ਕੋਈ ਵੀ ਮੰਤਰੀ ਲਾਲ ਚੌਂਕ ਵਿੱਚ ਇਕੱਲਾ ਨਹੀਂ ਜਾ ਸਕਿਆ। ਫੇਰ ਉਹ ਸਾਨੂੰ ਓਥੇ ਕਿਉਂ ਭੇਜਣਾ ਚਾਹੁੰਦੇ ਨੇ ? ਤਾਂ ਕਿ ਅਸੀਂ ਵਾਪਸ ਆ ਕੇ ਕਸ਼ਮੀਰ ਦਾ ਬਖਿਆਨ ਕਰਦੇ ਹੋਏ, ਭਗਵਾ ਪਾਰਟੀ ਦਾ ਮੁਫਤ ਪ੍ਰਚਾਰ/ਪ੍ਰਸਾਰ ਕਰ ਸਕੀਏ!
ਇਸ ਤੋਂ ਪਹਿਲਾਂ ਹਿਮਾਚਲ ਵਿੱਚ ਭਗਵਾਂ ਪਾਰਟੀ ਦੀ ਸਰਕਾਰ ਸੀ, ਹੁਣ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਹੈ… ਕੀ ਭਗਵਾ ਪਾਰਟੀ, ”ਕਾਂਗਰਸੀ ਹਿਮਾਚਲ” ਨੂੰ ਇੰਝ ਤਾਂ ਨਹੀਂ ਦਰੜਨਾ ਚਾਹੁੰਦੀ !!!
ਮੈਂ ਇਸ ਸਭ ਕਾਸੇ ਬਾਰੇ ਇੰਝ ਸੋਚਿਆ… ਇਹ ਮੇਰਾ ਪੰਜਾਬ ਬਾਰੇ/ਹਿਮਾਚਲ ਬਾਰੇ ਸੋਚਣਾ ਹੈ… ਤੁਹਾਡੀ ਸੋਚ ਕੀ ਕਹਿੰਦੀ ਹੈ? ਕਿਰਪਾ ਕਰ ਕੇ ਉਪਭਾਵਕਤਾ ਦੀ ਐਨਕ ਲਾਹ ਕੇ ਸੋਚਣਾ ਅਤੇ ਮੈਨੂੰ ਵੀ ਦੱਸਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਖੁਸ਼ੀ
Next articleਸੂਲਾਂ ਵਿੰਨੇ ਪੈਰਾਂ ਦੇ ਨਾਲ