(ਸਮਾਜ ਵੀਕਲੀ) ਯੁੱਗ ਬਦਲਦਾ ਜਾ ਰਿਹਾ ਹੈ ਕੋਈ ਸਮਾਂ ਸੀ ਇਨਸਾਨ ਰਿਸ਼ਤਿਆਂ ਨੂੰ ਪਹਿਲ ਦਿੰਦਾ ਸੀ ਪਰ ਅੱਜ ਉਹ ਇਨਸਾਨ ਬਦਲਦੀ ਤਕਨੀਕ ਕਰਕੇ ਮੋਬਾਈਲ ਸਿਸਟਮ ਵਿੱਚ ਅਜਿਹਾ ਉਲਝ ਗਿਆ ਕਿ ਰਿਸ਼ਤੇ ਵੀ ਦੂਰ ਹੋ ਗਏ। ਹਾਲਾਤ ਹੁਣ ਇਹ ਬਣ ਗਏ ਹਨ ਕਿ ਹਰ ਇਨਸਾਨ ਨੂੰ ਇਹ ਸੋਚਣਾ ਪਵੇਗਾ ਕਿ ਅੱਜ ਦੇ ਯੁਗ ਵਿੱਚ ਮੋਬਾਇਲ ਨੂੰ ਚੁਣੀਏ ਜਾਂ ਰਿਸ਼ਤਿਆਂ ਨੂੰ ਚੁਣੀਏ। ਮੋਬਾਈਲ ਨੇ ਨੈਟਵਰਕ ਸਿਸਟਮ ਇਨਾ ਉਲਝਾ ਦਿੱਤਾ ਹੈ ਕਿ ਹਰ ਕੰਮ ਸਾਡਾ ਮੋਬਾਈਲ ਤੇ ਹੋਣ ਲੱਗ ਪਿਆ ਹੈ, ਜਿਸ ਕਰਕੇ ਸਾਨੂੰ ਭੈਣ ,ਭਰਾ ,ਚਾਚੇ ,ਤਾਏ ਜਾਂ ਹੋਰ ਰਿਸ਼ਤਿਆਂ ਦੀ ਕੋਈ ਜਰੂਰਤ ਨਹੀਂ ਰਹਿ ਗਈ, ਜਿਸ ਕਰਕੇ ਅਸੀਂ ਹਰ ਰਿਸ਼ਤੇ ਤੋਂ ਦੂਰ ਹੋ ਗਏ ਹਾਂ। ਪਰਿਵਾਰ ਵੀ ਬਹੁਤ ਛੋਟੇ ਹੋ ਗਏ ਹਨ ਇਸੇ ਕਰਕੇ ਅੱਜ ਨਵੀਂ ਪੀੜੀ ਨੂੰ ਰਿਸ਼ਤਿਆਂ ਦੀ ਕਦਰ ਵੀ ਨਹੀਂ, ਕਈ ਘਰਾਂ ਵਿੱਚ ਤਾਂ ਅਜਿਹੇ ਬੱਚੇ ਵੀ ਦੇਖੇ ਜਾ ਸਕਦੇ ਹਨ ਜਿਨਾਂ ਨੂੰ ਮਾਮਾ, ਮਾਮੀ ,ਚਾਚਾ, ਚਾਚੀ ,ਭੂਆ, ਫੁੱਫੜ ਦੇ ਰਿਸ਼ਤਿਆਂ ਬਾਰੇ ਵੀ ਕੋਈ ਬਹੁਤਾ ਗਿਆਨ ਨਹੀਂ ਰਹਿ ਗਿਆ ਕਿਉਂਕਿ ਇਹ ਰਿਸ਼ਤੇ ਉਹਨਾਂ ਬੱਚਿਆਂ ਨੇ ਦੇਖੇ ਹੀ ਨਹੀਂ ਅਤੇ ਅੱਜ ਦੇ ਬਚਪਨ ਤੋਂ ਹੀ ਹੱਥਾਂ ਵਿੱਚ ਮੋਬਾਇਲ ਸਿਸਟਮ ਭਾਰੂ ਹੋ ਗਿਆ ਹੈ ਜਿਸ ਕਰਕੇ ਉਸ ਬੱਚੇ ਦੇ ਦਿਮਾਗ ਤੇ ਜੋ ਮੋਬਾਈਲ ਵਿੱਚ ਦੇਖਦਾ ਹੈ ਉਹੀ ਕਲਚਰ ਭਾਰੂ ਹੈ। ਪੰਜਾਬ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਸੱਭਿਅਤਾ ਭਰਪੂਰ ਸੂਬਾ ਮੰਨਿਆ ਜਾਂਦਾ ਸੀ ਪਰ ਪੰਜਾਬ ਹੁਣ ਖਾਲੀ ਹੋ ਗਿਆ ਹੈ। ਪੰਜਾਬ ਦੇ ਬਹੁਤੇ ਰਿਸ਼ਤੇ ਵਿਦੇਸ਼ਾਂ ਵਿੱਚ ਚਲੇ ਗਏ ਹਨ ਅਤੇ ਪੰਜਾਬ ਵਿੱਚ ਹੋਰਨਾ ਸੂਬਿਆਂ ਦਾ ਕਲਚਰ ਆ ਕੇ ਭਾਰੂ ਹੋ ਗਿਆ ਹੈ। ਅੱਜ ਦਾ ਸੰਦੇਸ਼ ਇਹੀ ਦਰਸਾਉਂਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰਨਾਂ ਸੂਬਿਆਂ ਦੇ ਤਿਉਹਾਰ ਦੀ ਰੌਣਕ ਪੰਜਾਬ ਦੀਆਂ ਗਲੀਆਂ, ਸ਼ਹਿਰਾਂ ਵਿੱਚ ਦੇਖਣ ਨੂੰ ਮਿਲੇਗੀ, ਇਸਦੇ ਨਾਲ ਉਹ ਰਿਸ਼ਤਿਆਂ ਨੂੰ ਵੀ ਅਸੀਂ ਨਜ਼ਰ ਨਹੀਂ ਪਾਵਾਂਗੇ ਜੋ ਰਿਸ਼ਤੇ ਸਾਨੂੰ ਇੱਕ ਦੂਜੇ ਦੀ ਤਾਕਤ ਵਜੋਂ ਨਾਲ ਖੜਦੇ ਸਨ ਜੋ ਸੋਚਣ ਦਾ ਵਿਸ਼ਾ ਹੈ। ਅੱਜ ਮੋਬਾਇਲ ਸਿਸਟਮ ਇਨਾ ਭਾਰੂ ਹੋ ਗਿਆ ਹੈ ਕਿ ਅਸੀਂ ਵੀ ਉਲਝਣ ਵਿੱਚ ਹਾਂ ਕਿ ਮੋਬਾਇਲ ਚੁਣੀਏ ਜਾਂ ਰਿਸ਼ਤਿਆਂ ਨੂੰ ਚੁਣੀਏ ਕਿਉਂਕਿ ਮੋਬਾਈਲ ਅੱਜ ਹਰ ਇਨਸਾਨ ਦੀ ਜਰੂਰਤ ਬਣ ਗਿਆ ਹੈ। ਸਵੇਰੇ ਉੱਠਦੇ ਸਾਰ ਜਦੋਂ ਹੱਥ ਜੋੜ ਕੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਸੀ ਉਹ ਹੱਥਾਂ ਵਿੱਚ ਉੱਠਦੇ ਸਾਰ ਹੁਣ ਮੋਬਾਇਲ ਆਉਂਦਾ ਹੈ ਅਤੇ ਅਸੀਂ ਇਹ ਦੇਖਦੇ ਹਾਂ ਕਿ ਗੁੱਡ ਮੋਰਨਿੰਗ ਦੇ ਮੈਸੇਜ ਕਿਹਨੇ ਭੇਜੇ ਕਿਹੜੇ ਗਰੁੱਪਾਂ ਵਿੱਚ ਕੀ ਆ ਗਿਆ, ਜਿਸ ਕਰਕੇ ਅਸੀਂ ਗੁਰੂਆਂ ਦੇ ਸਤਿਕਾਰ ਨੂੰ ਵੀ ਭੁਲਾਉਂਦੇ ਜਾ ਰਹੇ ਹਾਂ ਤੇ ਰਿਸ਼ਤਿਆਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਆਓ ਆਪਾਂ ਪੰਜਾਬ ਜੋ ਰਿਸ਼ਤਿਆਂ ਦੀ ਕਦਰ ਕਰਨ ਵਾਲਾ ਸੱਭਿਅਤਾ ਸੂਬਾ ਹੈ ਉਸ ਦੀ ਹੋਂਦ ਨੂੰ ਬਚਾਉਣ, ਰਿਸ਼ਤਿਆਂ ਨੂੰ ਵੀ ਪਹਿਲ ਦੇਣ ,ਦੋਸਤ ਮਿੱਤਰਾਂ ਦੇ ਨਾਲ ਮਿਲਣਸਾਰ ਬਣੀਏ ਅਤੇ ਪੰਜਾਬ ਦੀ ਸੱਭਿਅਤਾ ਨੂੰ ਬਚਾਉਣ ਲਈ ਪੰਜਾਬੀ ਕਲਚਰ, ਪੰਜਾਬੀ ਪਹਿਰਾਵਾ, ਪੰਜਾਬੀ ਖਾਣਾ, ਪੰਜਾਬੀ ਰਹਿਣ ਸਹਿਣ ਨੂੰ ਅਪਣਾ ਕੇ ਦੁਬਾਰਾ ਪੰਜਾਬ ਨੂੰ ਖੁਸ਼ਹਾਲ ਬਣਾਉਣ ਅਤੇ ਰਿਸ਼ਤਿਆਂ ਨੂੰ ਸੰਭਾਲਣ ਦਾ ਪ੍ਰਣ ਕਰੀਏ।ਅੱਜ ਦਾ ਸੰਦੇਸ਼ ਅਸੀਂ ਇਸ ਕਰਕੇ ਲਿਖਣਾ ਚਾਹਿਆ ਕਿਉਂਕਿ ਅਸੀਂ ਖੁਦ ਦੇਖਦੇ ਹਾਂ ਕਿ ਸਾਡੇ ਆਲੇ ਦੁਆਲੇ ਦਾ ਸਿਸਟਮ ਮੋਬਾਈਲ ਵਿੱਚ ਉਲਝ ਗਿਆ ਹੈ, ਦਫਤਰ ਵਿੱਚ ਬੈਠੇ ਹੋਈਏ ਤਾਂ ਸਾਰਿਆਂ ਦੇ ਹੱਥਾਂ ਵਿੱਚ ਮੋਬਾਇਲ ਹੁੰਦੇ ਹਨ ਇਕ ਦੂਜੇ ਨਾਲ ਗੱਲ ਕਰਨੀ ਦੂਰ ਹੋ ਜਾਂਦੀ ਹੈ ਘਰ ਵਿੱਚ ਆਉਂਦੇ ਹਾਂ ਤਾਂ ਸਾਰੇ ਪਰਿਵਾਰ ਦੇ ਮੈਂਬਰਾਂ ਕੋਲ ਮੋਬਾਈਲ ਹੁੰਦੇ ਹਨ ਤਾਂ ਉਹ ਪਰਿਵਾਰ ਦਾ ਸਮਾਂ ਪਰਿਵਾਰ ਨੂੰ ਦੇਣ ਦੀ ਬਜਾਏ ਮੋਬਾਈਲਾਂ ਤੇ ਆਪਣੇ ਸਿਸਟਮ ਵਿੱਚ ਉਲਝੇ ਦੇਖੇ ਜਾ ਸਕਦੇ ਹਨ ਜਿਸ ਕਰਕੇ ਦਿਮਾਗ ਤੇ ਵੀ ਇਹ ਭਾਰੂ ਪੈ ਰਿਹਾ ਹੈ ਕਿ ਕਿਉਂ ਮੋਬਾਇਲ ਨੂੰ ਅਸੀਂ ਜਰੂਰਤ ਨਾਲੋਂ ਵੱਧ ਜਗ੍ਹਾ ਦੇ ਦਿੱਤੀ ਕਿਉਂ ਨਾ ਅਸੀਂ ਮੋਬਾਇਲ ਦੀ ਉਹੀ ਜਗ੍ਹਾ ਆਪਣਿਆਂ ਨੂੰ ਦੇ ਕੇ ਆਪਣੀ ਸੱਭਿਆਤਾ ਨੂੰ ਮਜਬੂਤ ਬਣਾ ਕੇ ਆਪਣਿਆਂ ਦਾ ਪਿਆਰ ਵਧਾਈਏ।
ਅਨੰਤਦੀਪ ਕੌਰ ਬਠਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly