**ਵਿਸ਼ੇਗਤ ਪੜਚੋਲ ਰੋਮੀ ਘੜ੍ਹਾਮੇ ਵਾਲੇ ਦੀ ‘ਬੇਬਾਕੀਆਂ’ ਭਾਗ ਨੰਬਰ (ਇੱਕ)**

(ਸਮਾਜ ਵੀਕਲੀ)   ਰੋਮੀ ਘੜ੍ਹਾਮੇ ਵਾਲਾ ਇੱਕ ਕਿੱਤੇ ਵਜੌ ਮੈਡੀਕਲ ਰੀਪ੍ਰਸ਼ੈਂਟੇਟਿਵ (M.R.) ਹੈ।ਪੰਜਾਬੀ ਸਾਹਿਤ ਦੀ ਝੋਲੀ ‘ਚ ਰੋਮੀ ਦਾ ਇਹ ਪਲੇਠਾ ਕਾਵਿ-ਸੰਗ੍ਰਹਿ ‘ਬੇਬਾਕੀਆਂ’ 2018 ‘ਚ ਆਇਆ, ਇੱਕ ਸਾਲ ‘ਚ ਇਸ ਦਾ ਦੂਜਾ ਐਡੀਸ਼ਨ ਵੀ ਹੱਥੋ-ਹੱਥ ਸਾਹਿਤ ਪ੍ਰੇਮੀਆਂ ਨੇ ਖਰੀਦ ਲਿਆ, ਲਗ-ਪਗ 1300ਦੇ ਕਰੀਬ ਇਸ ਦੀਆਂ ਕਾਪੀਆਂ ਲੱਗ ਗਈਆਂ। ਇਸ ਸੰਗ੍ਰਹਿ ਵਿੱਚ 64 ਕੁ ਕਵਿਤਾਵਾਂ ਵੱਖੋ-ਵੱਖਰੇ ਵਿਸ਼ਿਆਂ ਨਾਲ ਓਤਪ੍ਰੋਤ ਨੇ।ਹੁਣ ਆਪਾਂ ਆਈਏ ਇਸ ਦੇ ਵਿਸ਼ੇ ਤੇ ਕਰੀਏ ਥੋੜ੍ਹੀ-ਬਹੁਤੀ ਪੜਚੋਲ…..
‘ਬੇਬਾਕੀਆਂ’ ਦੀ ਪਹਿਲੀ ਕਵਿਤਾ ‘ਚ ਸਾਡੇ ਮੁਲਕ ਦੇ ਮਾਨਸਿਕ ਬਿਮਾਰ ਵਸ਼ਿੰਦਿਆਂ ਦੀ ਫ਼ਿਤਰਤ ਤੌ ਜਾਣੂ ਕਵੀ ਰੋਮੀ ਅਪਣੇ ਬੇਰੁਜ਼ਗਾਰ ਮਿੱਤਰ ਨੂੰ ਅਪਣੀ ਕਵਿਤਾ ‘ਅਖੌਤੀ ਪੀਰ ਦਾ ਸੱਚ’ ਕਵਿਤਾ ਜ਼ਰੀਏ ਵਿਅੰਗਾਤਮਿਕ ਦ੍ਰਿਸ਼ਟੀਕੋਣ ਤੌ ਝੂਠੇ ਪਾਖੰਡ ਕਰਕੇ, ਲੋਕਾਂ ਨੂੰ ਗੁੰਮਰਾਹ ਕਰਕੇ,ਦੋ ਇੱਟਾਂ ਗੱਡ ਕੇ ਝੰਡਾ ਲਾਕੇ ਕਰਨੀ ਆਲੀ ਜਗ੍ਹਾ ਤਿਆਰ ਕਰਕੇ ਲੋਕਾਂ ਨੂੰ ਅਪਣੇ ਮਗਰ ਲਾ ਕੇ ਤੇ ਫਿਰ ਦੇਖੀ ਕਿਵੇਂ ਹੁੰਦੇ ਅਪਣੇ ਵਾਰੇ-ਨਿਆਰੇ ਕਿਉ ਜੁ ਸਾਡੇ ਲੋਕੀਂ ਹੋਏ ਈ ਮਾਨਸਿਕ ਰੋਗੀ..ਆਪੇ ਮਗਰ ਲੱਗ ਜਾਣਗੇ।ਪੰਜਾਬੀ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਸਾਬ ਦੀ ਰਚਨਾਂ..
‘ਐਨਾ ਵੀ ਸੱਚ ਨਾ ਬੋਲ ਕਿ ਕੱਲਾ ਰਹਿ ਜਾਵੇ,
ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ’ ਪਾਤਰ ਸਾਬ ਦੇ ਇਸ ਝੋਰੇ ਦਾ ਹੱਲ ਕੱਢਦਾ ਹੋਇਆ ਰੋਮੀ ਅਪਣੀ ਕਵਿਤਾ ‘ਆਸ+ਧਰਵਾਸ=ਬੇਬਾਕੀ’ ਵਿੱਚ ਇਸ ਵਿਗਿਆਨਿਕ ਯੁੱਗ ਵਿੱਚ ਮੌਤ ਉਪਰੰਤ ਸਰੀਰ ਦਾਨ ਕਰਨ ਕਾਰਨ ਸਾਰੀਆਂ ਰਸਮਾਂ/ਰੀਤਾਂ/ਕੁਰੀਤਾਂ ਨੂੰ ਭੰਡਦਾ ਹੋਇਆ ਕਹਿੰਦਾ ਹੈ….
‘ਨਾਲੇ ਰਾਮ-ਰੌਲੀ ਜਿਹੀ ਮੁੱਕ ਜਾਣੀ,
ਮੋਢਿਆਂ ਜਾਂ ਕੰਧਿਆਂ ਦੀ….
ਕਿਉਂਕਿ ਅਰਥੀ ਲਈ ਵੀ ਲੋੜ ਨਾ ਰਹਿਣੀ,
ਚਾਰ ਕੁ ਬੰਦਿਆਂ ਦੀ।’
ਬੜੀ ਸਹਿਜਤਾ,ਠਰੰਮੇ ਅਤੇ ਨਿਮਰਤਾ ਵਾਲਾ ਰੋਮੀ ਥਾਣੇ ਕਚਹਿਰੀਆਂ ‘ਚ ਉਲਝੇ ਲੋਕਾਂ ਲਈ ਮਾਫ਼ੀ ਮੰਗਣ ਅਤੇ ਮਾਫ਼ੀ ਦੇਣ ਦਾ ਨੁਕਤਾ ਇੱਕ ਨੰਬਰ ਮੰਨਦਾ ਹੈ।ਸਮਾਜਿਕ ਤਾਣੇ-ਬਾਣੇ ਵਿੱਚ ਵਿਚਰਦਿਆਂ ਰੋਮੀ ਮਰਦਾਂਵੀ ਜ਼ੁਬਾਨ ਦੀ ਗੱਲ ਨੂੰ ਪੱਥਰ ਤੇ ਲੀਕ ਦੱਸਦਾ ਹੋਇਆ ਮੁੱਕਰਨ ਜਾਂ ਪਿਛਾਂਹ ਹੱਟਣਾ ਮਰਦਾਂ ਦਾ ਕੰਮ ਨਹੀਂ ਮੰਨਦਾ। ‘ਰੱਬ ਦਾ ਟਿਕਾਣਾ’ ਕਵਿਤਾ ਦਾ ਵਿਚਾਰ ਭਾਵੇਂ ਸਤਾਰ੍ਹਵੀਂ ਸਦੀ ਦੇ ਬਾਬਾ ਬੁੱਲੇ ਸ਼ਾਹ ਦੀ ‘ਮੇਰੀ ਬੁੱਕਲ਼ ਦੇ ਵਿੱਚ ਚੋਰ’ ਤੌ ਭਾਂਪਿਆ ਜਾਪਦਾ ਹੈ ਪਰ ਇੱਥੇ ਰੱਬ ਦਾ ਟਿਕਾਣਾ ਦੱਸਣ ਵਿੱਚ ਰੋਮੀ ਦੀ ਕਲਾਤਮਿਕ ਸੂਝ ਬਾ-ਕਮਾਲ ਹੈ…..
‘ ਕੁੱਲ ਕੁਦਰਤ ਵਿੱਚ ਰਹੂੰ ਭਟਕਦਾ,
ਇਹ ਬੰਦਾ ਦਿਨ ਰਾਤੀਂ।
ਪਰ ਨਾ ਕਦੇ ਵੀ ਮਾਰਨੀ ਇਹਨੇ,
ਅਪਣੇ ਅੰਦਰ ਝਾਤੀ।
ਬੱਸ ਉਸੇ ਦਿਨ ਤੌ ਰੱਬ ਜੀ,
ਕਰਦੇ ਬੰਦੇ ਅੰਦਰ ਮੌਜਾਂ।
ਤੇ ਬੰਦਾ ਉਹ ਦਿਨ ਤੌ ਰੱਬ ਦੀਆ,
ਥਾਂ-ਥਾਂ ਕਰਦਾ ਖੋਜਾਂ।’
ਕਿੱਤੇ ਵਜੋਂ ਮੈਡੀਕਲ ਰੀਪ੍ਰੈਜਨਟਿਵ ਦਾ ਕੰਮ ਕਰਨ ਵਾਲਾ ਰੋਮੀ ‘ਰੂਹੋ ਉਪਜੇ ਲਫਜ’ ‘ਚ ਪੇਸ਼ ਲੋਕ ਸੱਚਾਈਆਂ ‘ਚ ਵੀ ਮੈਡੀਕਲ ਸ਼ਬਦਾਵਲੀ ਸੁੱਤੇ ਸਿੱਧ ਵਰਤਦਾ ਹੈ….
‘ ਚਾਹ ਪਾਣੀ ਪੀਂਦਿਆਂ ਰਸੋਈ ਵੱਲ ਨਿਗਾਹ ਰੱਖੇ,
ਤੋੜੀਏ ਮੁਲ੍ਹਾਜਾ ਥਾਂਵੇ ਯਾਰ ਉਹ ਕਮੀਨੇ ਨਾਲ।
ਈਨੋ,ਉਮੇ, ਪੈਂਟਾ-ਪੈਰਾਜੋਲ ਵੱਸ ਗੱਲ ਨਹੀਓ,
ਡਕਾਰ ਦਾ ਸੰਵਾਦ ਜਿਹੜਾ ਚਟਣੀ ਪੁਦੀਨੇ ਨਾਲ।’
ਧਾਰਮਿਕ ਫੋਕੇ ਆਡੰਬਰ ਤੇ ਕਰਮ ਕਾਡਾਂ ‘ਚ ਫਸਿਆ ਅਜੋਕਾ ਮਨੁੱਖ ਭੰਬਲ਼ਭੂਸੇ ਦਾ ਸ਼ਿਕਾਰ ਹੈ,ਕੋਈ ਕੁੱਝ ਦੱਸ ਰਿਹਾ ਕੋਈ ਕੁੱਝ।ਪਰ ਇੱਥੇ ਵੀ ਰੋਮੀ ਮਾਨਵਤਾ ਆਲਾ ਸੁਨੇਹਾ ‘ਭੰਬਲਭੂਸੇ’ ਦੇ ਅੰਤ ਚ ਦਿੰਦਾ ਹੈ…..
‘ ਪਿੰਡ ਘੜ੍ਹਾਮੇ ਬਚੀਂ ਰੋਮੀਆਂ,
ਲੈ ਨਾ ਜਾਵਣ ਫਾਹ ਕੇ।
ਇੱਕ ਹੱਥ ਲੈ ਦੂਜੇ ਹੱਥ ਦੇਣਾ,
ਇਨਸਾਨ ਹੀ ਰੱਖੀ ਧਿਆ ਕੇ।’
ਰਾਜਵੀਰ ਸਿੰਘ “ਚੌਂਤਾ” (94177-76814) 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੰਜਾਬੀ ਗਾਇਕਾਂ ਨੇ ਕੈਨੇਡਾ ਬੀ ਸੀ ਸਕੌਮਿਸ਼ ‘ਚ ਸਜਾਈ ਸੰਗੀਤਕ ਮਹਿਫ਼ਲ ਸੰਪਾਦਕ ਸਤੀਸ਼ ਜੌੜਾ ਨੇ ਕੀਤੀ ਵਿਸ਼ੇਸ਼ ਸ਼ਮੂਲੀਅਤ
Next articleਫਿਕਰਾਂ ਦੀ ਪੰਡ