ਨਾਮਜ਼ਦਗੀ ਪੱਤਰ ਜਟਿਲ ਹੋਣ ਕਰਕੇ ਪੰਚਾਇਤੀ ਚੋਣਾਂ ਵਿੱਚ ਉਮੀਦਵਾਰਾਂ ਨੂੰ ਮੁਸ਼ਕਿਲਾਂ ਪੇਸ਼ ਆਉਂਦੀਆਂ ਨੇ ਬਸਪਾ ਨੇ ਸੂਬਾ ਚੋਣ ਕਮਿਸ਼ਨ ਨੂੰ ਭੇਜਿਆ ਮੰਗ ਪੱਤਰ
ਜਲੰਧਰ (ਸਮਾਜ ਵੀਕਲੀ) ਬਹੁਜਨ ਸਮਾਜ ਪਾਰਟੀ (ਬਸਪਾ) ਨੇ ਚੋਣ ਕਮਿਸ਼ਨ ਤੋਂ ਪੰਚਾਇਤੀ ਤੇ ਨਿਗਮ ਚੋਣਾਂ ਵਿੱਚ ਨਾਮਜ਼ਦਗੀਆਂ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸੂਬਾ ਇੰਚਾਰਜ ਤੇ ਵਿਧਾਇਕ ਡਾ. ਨਛੱਤਰ ਪਾਲ ਅਤੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਸਪਾ ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਰਾਹੀਂ ਇੱਕ ਮੰਗ ਪੱਤਰ ਸੂਬਾ ਚੋਣ ਕਮਿਸ਼ਨ ਨੂੰ ਇਸ ਸਬੰਧ ਵਿੱਚ ਭੇਜਿਆ ਗਿਆ ਹੈ।
ਇਸ ਬਾਰੇ ਬਸਪਾ ਆਗੂ ਐਡਵੋਕੇਟ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਉਨ੍ਹਾਂ ਨੂੰ ਚੋਣ ਕਮਿਸ਼ਨ ਵੱਲੋਂ ਉਹੀ ਫਾਰਮ ਨਾਮਜ਼ਦਗੀ ਲਈ ਜਾਰੀ ਕਰ ਦਿੱਤੇ ਗਏ ਸਨ, ਜੋ ਕਿ ਲੋਕਸਭਾ ਤੇ ਵਿਧਾਨਸਭਾ ਚੋਣਾਂ ਦੀਆਂ ਨਾਮਜ਼ਦਗੀਆਂ ਲਈ ਦਿੱਤੇ ਗਏ ਸਨ। ਲੋਕਸਭਾ ਤੇ ਵਿਧਾਨਸਭਾ ਚੋਣਾਂ ਸਬੰਧੀ ਨਾਮਜ਼ਦਗੀਆਂ ਲਈ ਉਮੀਦਵਾਰਾਂ ਤੋਂ ਬਹੁਤ ਜਾਣਕਾਰੀ ਮੰਗੀ ਜਾਂਦੀ ਹੈ ਤੇ ਇਹ ਫਾਰਮ ਭਰਨੇ ਵੀ ਕਾਫੀ ਜਟਿਲ ਹੁੰਦੇ ਹਨ ਤੇ ਪੰਚੀ ਦੇ ਉਮੀਦਵਾਰਾਂ ਨੂੰ ਵੀ ਪਿਛਲੀਆਂ ਚੋਣਾਂ ਵਿੱਚ ਇਹੀ ਫਾਰਮ ਭਰਨੇ ਪਏ ਸਨ। ਇਨ੍ਹਾਂ ਫਾਰਮਾਂ ਨੂੰ ਭਰਨ ਲਈ ਪਿੰਡ ਪੱਧਰ ‘ਤੇ ਬਹੁਤ ਆਮ ਸਮਝ ਨਾ ਹੋਣ ਕਰਕੇ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਪੰਚਾਇਤੀ ਚੋਣਾਂ ਵਿੱਚ ਨਾਮਜ਼ਦਗੀ ਫਾਰਮ ਜਟਿਲ ਹੋਣ ਕਰਕੇ ਜਿੱਥੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਸੀ, ਉੱਥੇ ਚੋਣ ਅਮਲੇ ਲਈ ਵੀ ਇੰਨੇ ਵੱਡੇ ਪੱਧਰ ‘ਤੇ ਇਨ੍ਹਾਂ ਫਾਰਮਾਂ ਨੂੰ ਚੈੱਕ ਕਰਨਾ ਮੁਸ਼ਕਿਲਾਂ ਭਰਿਆ ਹੁੰਦਾ ਰਿਹਾ ਹੈ। ਇਸ ਕਰਕੇ ਨਾਮਜ਼ਦਗੀਆਂ ਨੂੰ ਵੀ ਕਾਫੀ ਸਮਾਂ ਪਿਛਲੀਆਂ ਪੰਚਾਇਤੀ ਚੋਣਾਂ ਵਿੱਚ ਲੱਗਿਆ।
ਇਸੇ ਤਰ੍ਹਾਂ ਦੇ ਫਾਰਮ ਨਾਮਜ਼ਦਗੀ ਲਈ ਬਲਾਕ ਸੰਮਤੀ ਤੇ ਕਾਰਪੋਰੇਸ਼ਨ ਚੋਣਾਂ ਵਿੱਚ ਵੀ ਦਿੱਤੇ ਗਏ ਸਨ। ਇਸ ਲਈ ਉਮੀਦਵਾਰਾਂ ਦੀ ਪਰੇਸ਼ਾਨੀ ਦੇ ਮੱਦੇਨਜ਼ਰ ਬਸਪਾ ਵੱਲੋਂ ਚੋਣ ਕਮਿਸ਼ਨ ਪੰਜਾਬ ਨੂੰ ਡਿਪਟੀ ਕਮਿਸ਼ਨਰ ਦੇ ਰਾਹੀਂ ਇਸ ਸਬੰਧੀ ਇੱਕ ਮੰਗ ਪੱਤਰ ਦੇ ਕੇ ਪੰਚਾਇਤੀ ਚੋਣਾਂ ਤੇ ਕਾਰਪੋਰੇਸ਼ਨ ਚੋਣਾਂ ਵਿੱਚ ਫਾਰਮਾਂ ਨੂੰ ਸਰਲ ਬਣਾ ਕੇ ਨਾਮਜ਼ਦਗੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਦੀ ਮੰਗ ਕੀਤੀ ਗਈ। ਡਿਪਟੀ ਕਮਿਸ਼ਨਰ ਵੱਲੋਂ ਇਹ ਮੰਗ ਪੱਤਰ ਐਸਡੀਐਮ ਬਲਬੀਰ ਰਾਜ ਸਿੰਘ ਨੇ ਐਡਵੋਕੇਟ ਬਲਵਿੰਦਰ ਕੁਮਾਰ ਤੋਂ ਲਿਆ।ਇਸ ਮੌਕੇ ਬਸਪਾ ਆਗੂ ਤੀਰਥ ਰਾਜਪੁਰਾ, ਜਸਵੰਤ ਰਾਏ, ਪਰਮਜੀਤ ਮੱਲ, ਜਗਦੀਸ਼ ਸ਼ੇਰਪੁਰੀ, ਸਲਵਿੰਦਰ ਕੁਮਾਰ, ਅਸ਼ੋਕ ਸਈਪੁਰ ਵੀ ਮੌਜ਼ੂਦ ਸਨ।