(ਸਮਾਜ ਵੀਕਲੀ)
ਬੜੇ ਹੋਣਗੇ ਜਿਹੜੇ ਸਾਨੂੰ ਗਲਤ ਸਮਝਦੇ ਹੋਵਣਗੇ
ਅਸੀਂ ਤਾਂ ਆਪਣੇ ਆਪ ਨੂੰ ਹਾਲੇ ਸਮਝਣ ਜੋਗੇ ਹੋਏ ਨਹੀਂ ।
ਹੈ ਕੌਣ ਦੁਨੀਆਂ ਤੇ ਜੀਹਨੇ, ਪਾਰ ਪਾਇਆ ਜਜ਼ਬਾਤਾਂ ਤੋਂ
ਕਿਹੜੀ ਅੱਖ ਹੈ ਜਿਸਨੇ ਅੱਜ ਤੱਕ ਹੰਝ ਦੇ ਹਾਰ ਪਰੋਏ ਨਹੀਂ।
ਸ਼ੁਕਰ ਓਸ ਦਾ ਸਾਨੂੰ ਵੀ ਮਿਲ ਜਾਂਦਾ ਕੋਈ ਮੋਢਾ ਜੇ।
ਕਿੰਨੇ ਵਰ੍ਹੇ ਬੀਤਗੇ ਐ ਦਿਲ, ਆਪਾਂ ਵੀ ਤਾਂ ਰੋਏ ਨਹੀਂ।
ਕੁੱਝ ਤਾਂ ਰੱਖ ਲਕੋ ਕੇ ਜੱਗ ਤੋਂ, ਦਿਲ ਆਪਣੇ ਦੀਆਂ ਰਮਜਾਂ ਨੂੰ।
ਇਹ ਓਥੇ ਵੀ ਨਾਲ ਸੀ ਤੇਰੇ, ਜਿੱਥੇ ਦਿਲਜਾਨੀ ਵੀ ਖਲੋਏ ਨਹੀਂ।
ਹਰ ਥਾਂ ਤੇ ਇਸ ਦਿਲ ਨੂੰ ਭੰਡਦੈਂ, ਇਹ ਵੀ ਆਦਤ ਮਾੜੀ ਐ।
ਏਸੇ ਨੇ ਤਾਂ ਸਾਥ ਨਿਭਾਉਣਾ, ਜਦ ਤੱਕ ਆਪਾਂ ਮੋਏ ਨਹੀਂ।
ਬੜੇ ਨਿਭਾਏ ਸਾਕ ਅਸਾਂ , ਅਜੇ ਬੜੇ ਨਿਭਾਉਣੇ ਬਾਕੀ ਨੇ।
ਮਹਿਫਲ ਦਾ ਦਸਤੂਰ ਨਿਭਾਇਆ, ਪਰ ਅਸੀਂ ਸ਼ਰਾਬੀ ਹੋਏ ਨਹੀਂ।
ਰੁਕ ਜਾਂਦੇ ਹਾਂ ਅੱਜ ਵੀ ਜਦ ਕੋਈ ‘ਵਾਜ ਮਾਰਦੈ ਨਾਂ ਲੈ ਕੇ।
ਏਸੇ ਲਈ ਤਾਂ ਸ਼ਹਿਰ ਤੇਰੇ ਤੋਂ ਅਸੀਂ ਬੇਗਾਨੇ ਹੋਏ ਨਹੀਂ।
ਦੌਲਤ ਪੱਖੋਂ ਮਾੜੇ ਹਾਂ ਪਰ, ਸੱਜਣਾ ਦਿਲ ਦੇ ਚੰਗੇ ਹਾਂ।
ਕੌਰੇਆਣਾ ਜੱਗ ਤੋਂ ਪੁੱਛ ਲੈ, ਜਿੰਦਾ ਹਾਂ ਅਸੀਂ ਮੋਏ ਨਹੀਂ।
ਬੜੇ ਹੋਣਗੇ ਜਿਹੜੇ ਸਾਨੂੰ ਗਲਤ ਸਮਝਦੇ ਹੋਵਣਗੇ
ਅਸੀਂ ਤਾਂ ਆਪਣੇ ਆਪ ਨੂੰ ਹਾਲੇ ਸਮਝਣ ਜੋਗੇ ਹੋਏ ਨਹੀਂ ।
ਗੁਰਦੀਪ ਕੌਰੇਆਣਾ
9915013953