* ਮਹਾਨਤਾ *

 (ਸਮਾਜ ਵੀਕਲੀ) 
ਮੈਂ  ਉਸ ਮਹਾਨ ਦੇਸ਼ ਦਾ  ਵਾਸੀ ਹਾਂ,
ਜਿੱਥੇ ਰੋਜ਼ ਹੀ ਪੱਥਰ ਪੂਜੀ ਜਾਂਦੇ ਨੇ l
ਜਿਉਂਦੇ  ਲੋਕੀਂ  ਬੇਸ਼ੱਕ  ਭੁੱਖੇ  ਮਰਦੇ,
ਮੁਰਦਿਆਂ ਨੂੰ ਭੋਗ ਲਵਾਈ ਜਾਂਦੇ ਨੇ l
ਆਸ਼ਰਮਾਂ’ਚ ਕਈ ਮਾਵਾਂ  ਰੁਲਦੀਆਂ,
ਗਊਆਂ  ਨੂੰ  ਮਾਤਾ  ਮੰਨੀ  ਜਾਂਦੇ  ਨੇ l
ਸਾਨ੍ਹ  ਸੜਕਾਂ  ਉੱਤੇ  ਅਵਾਰਾ  ਘੁੰਮਣ,
ਲੋਕਾਂ  ਨੂੰ  ਸਿੰਗਾਂ  ਤੇ  ਚੁੱਕੀ ਜਾਂਦੇ ਨੇ l
ਰੁਜ਼ਗਾਰ ਦੇਣ ਦਾ ਨਾ ਕੋਈ ਨਾਂ ਲਵੇ,
ਡਾਂਗਾਂ  ਨਾਲ  ਮੋਢੇ  ਭੰਨੀ  ਜਾਂਦੇ ਨੇ l
ਜਾਤ  ਪਾਤ  ਦਾ  ਇਥੇ  ਫਰਕ  ਬੜਾ,
ਐਵੇਂ  ਨੀਵਾਂ  ਉੱਚਾ  ਆਖੀ ਜਾਂਦੇ ਨੇ l
ਸੋਚ  ਆਪਣੀ  ਨੂੰ  ਨਾ  ਉੱਤੇ  ਚੁੱਕਣ,
ਵੰਡੀਆਂ  ਨਿੱਤ  ਪਵਾਈ  ਜਾਂਦੇ  ਨੇ l
ਆਪਣੇ ਪਰਾਏ ਦਾ ਨਾ ਲਿਹਾਜ਼ ਕਰਨ,
ਇੱਕ  ਦੂਜੇ  ਨੂੰ  ਥੱਲੇ  ਲਾਈ ਜਾਂਦੇ ਨੇ l
ਮਨ  ਅੰਦਰਲੀ  ਮੈਲ  ਨਾ  ਧੋਂਦੇ  ਲੋਕੀਂ,
ਨਹਾ ਨਹਾ ਕੇ ਤਨ  ਨਿਖਾਰੀ ਜਾਂਦੇ ਨੇ l
ਸੁਖ  ਸ਼ਾਂਤੀ  ਦੀ  ਨਾ  ਕੋਈ  ਗੱਲ  ਕਰੇ,
ਹਿਰਦਿਆਂ’ਚ  ਅੱਗਾਂ  ਲਾਈ  ਜਾਂਦੇ ਨੇ l
ਦੇਵੀਆਂ  ਦੀ  ਇੱਕ ਪਾਸੇ  ਕਰਦੇ  ਪੂਜਾ,
ਦੂਜੇ ਪਾਸੇ ਬਲਾਤਕਾਰ ਕਰਾਈ ਜਾਂਦੇ ਨੇ l
ਬਲਾਤਕਾਰਾਂ ਦੀਆਂ ਜੋ ਸਜ਼ਾਵਾਂ ਭੁਗਤਣ,
ਉਨ੍ਹਾਂ ਨੂੰ  ਛੁੱਟੀਆਂ  ਕਰਵਾਈ ਜਾਂਦੇ ਨੇ l
ਮੀਂਹ  ਪਵਾਉਣ  ਲਈ  ਗੁੱਡੀਆਂ ਫੂਕਣ,
ਕੁੱਝ ਨੂੰ ਦਾਜ ਦੀ ਬਲੀ ਚੜ੍ਹਾਈ ਜਾਂਦੇ ਨੇ l
ਮੁੰਡਾ  ਪ੍ਰਾਪਤ  ਕਰਨ ਦੀ ਖਾਤਿਰ ਲੋਕੀਂ,
ਭਰੂਣ  ਹੱਤਿਆ  ਕਰਵਾਈ  ਜਾਂਦੇ  ਨੇ l
ਅੰਦਰੋਂ  ਨਾ  ਔਰਤਾਂ  ਦਾ  ਦੁੱਖ  ਮੰਨਣ,
ਮਗਰਮੱਛ ਵਾਲੇ ਹੰਝੂ ਬਹਾਈ ਜਾਂਦੇ ਨੇ l
ਮਜ਼ਬੂਰਾਂ  ਦੀ  ਨਾ  ਕੋਈ  ਮੱਦਦ  ਕਰੇ,
35 ਲੱਖ ਖਾ ਵਿਦੇਸ਼ ਬੁਲਾਈ ਜਾਂਦੇ ਨੇ l
ਕੰਮ ਤਾਂ ਨਰਕਾਂ  ਨੂੰ  ਜਾਣ  ਵਾਲੇ  ਕੀਤੇ,
ਸਵਰਗਾਂ ਲਈ ਦੁਆ ਕਰਾਈ ਜਾਂਦੇ ਨੇ l
ਹਨੇਰਿਆਂ  ਦਾ  ਇਥੇ  ਰਾਜ ਹੋ ਗਿਆ,
ਕੋਸ਼ਿਸ਼ ਕਰ ਪ੍ਰਭਾਤ ਲੁਕਾਈ ਜਾਂਦੇ ਨੇ l
ਤਰਕਸ਼ੀਲਾ ਰੱਬ ਦਾ ਨਾਮ ਲੈਂਦੇ ਨੇ ਪਰ,
ਬਗਲ ਵਿੱਚ  ਛੁਰੀ  ਲੁਕਾਈ  ਜਾਂਦੇ ਨੇ l
ਸੱਚ  ਅਵਤਾਰ ਦਾ  ਨਾ  ਬਰਦਾਸ਼ਤ  ਹੋਵੇ,
ਖੁਰਦਪੁਰੀਆ ਗਲ ਸਾਫ਼ਾ ਪਾਈ ਜਾਂਦੇ ਨੇ l
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
Previous articleਡੇਂਗੂ ਅਤੇ ਚਿਕਨਗੁਨੀਆਂ ਦੀ ਰੋਕਥਾਮ ਲਈ ਲਾਰਵੇ ਦੀ ਕੀਤੀ ਚੈਕਿੰਗ
Next articleਸ਼ੁਭ ਸਵੇਰ ਦੋਸਤੋ