(ਸਮਾਜ ਵੀਕਲੀ)
ਮੇਰੇ ਮਾਯੂਸ ਦਿਲ ਨੂੰ ਭੌਰਿਆਂ,
ਕਿੱਥੋਂ ਹਸਾਉਣਾ ਸੀ!
ਮੈਂ ਕਿਉਂ ਜੰਗਲ਼ ‘ਚ ਫਿਰਦੇ ਆਜੜੀ ਦਾ,
ਗੀਤ ਗਾਉਣਾ ਸੀ!
ਇਰਾਦਾ ਸੀ ਕਿ ਜਗਦੇ ਦੀਵਿਆਂ ਦਾ,
ਸਿਰ ਪਲ਼ੋਸਾਂਗੀ।
ਪਰ ਫਿਰ ਤਾਰਿਆਂ ਨੇ ਬੇਵਜ੍ਹਾ,
ਗ਼ੁੱਸਾ ਮਨਾਉਣਾ ਸੀ
ਅਲਵਿਦਾ ਕਹਿਣ ਦੀ ਤਾਂ ਪਿਰਤ,
ਸਾਡੇ ਪੁਰਖਿਆਂ ਪਾਈ।
ਮੈਂ ਕਿਉਂ ਚੱਲਦੇ ਸਫ਼ਰ ਵਿਚਕਾਰ,
ਆਪਣਾ ਘਰ ਬਣਾਉਣਾ ਸੀ!
ਬੜੇ ਮੌਸਮ ਸ਼ਮ੍ਹਾਦਾਨਾਂ ਗੁਜ਼ਾਰੇ,
ਸੁੰਨੇ ਰੁੱਖਾਂ ਵਿੱਚ।
ਖੜਕਦੇ ਪੱਤਿਆਂ ਆਖ਼ਰ,
ਕਦੇ ਤਾਂ ਗੁਣਗੁਣਾਉਣਾ ਸੀ!
ਹਨੇਰਾ ਸੁਲਗਦਾ ਸੀ ਸ਼ਹਿਰ ਦੀ,
ਆਬੋ-ਹਵਾ ਅੰਦਰ।
ਭਲਾ ਦੋ ਟਾਹਣੀਆਂ ਫਿਰ ਆਲ੍ਹਣਾ,
ਕਿੱਦਾਂ ਬਚਾਉਣਾ ਸੀ!
ਪਹਾੜਾਂ ਇਸ ਕਦਰ ਅੰਦਰ,
ਮੇਰੇ ਝਰਨਾਹਟ ਛੇੜੀ ਸੀ,
ਕਿ ਸਮਤਲ ਰਸਤਿਆਂ ‘ਤੇ ਚੱਲਦਿਆਂ,
ਮੈਂ ਡਗਮਗਾਉਣਾ ਸੀ।
ਅਧੂਰੇ ਹੋਣ ਦੀ ਪੂਰੀ ਸਜ਼ਾ,
ਮੈਨੂੰ ਮਿਲ਼ੀ ਜਿੱਦਾਂ।
ਕਦੇ ਤੂੰ ਵੀ ਸਜ਼ਾ ਐਸੀ ‘ਚ,
ਅਪਣਾ ਜੀਅ ਜਲ਼ਾਉਣਾ ਸੀ!
ਬੜੀ ਭਾਵਕ ਜਿਹੀ ਹੋ ਕੇ,
ਮੈਂ ਨਿਕਲ਼ੀ ਓਸ ਬਸਤੀ ‘ਚੋਂ।
ਦੁਬਾਰਾ ਕਿਉਂ ਪੁਰਾਣੇ ਦੌਰ ਦਾ,
ਚੇਤਾ ਕਰਾਉਣਾ ਸੀ।
ਉਦਾਸੀ ਵਹਿ ਤੁਰੀ,
ਆਮਦ ਹਕੀਕੀ ਹੋਣ ‘ਤੇ ਆਈ।
ਮੈਂ ਅਗਲੀ ਉਮਰ ਦੇ ਵੈਰਾਗ ਦਾ ਵੀ,
ਜਾਗ ਲਾਉਣਾ ਸੀ।
ਕਿਤਾਬਾਂ ਨੇ ਦੁਹਾਈ ਸੁਣ ਲਈ,
ਹੁੰਦੀ ਕਦੇ ਜੇਕਰ!
ਮੈਂ ਅੰਦਰ ਸਿਸਕਦਾ ਸ਼ਾਇਰ,
ਭਲਾ ਕਿੱਥੇ ਲੁਕਾਉਣਾ ਸੀ!
~ ਰਿਤੂ ਵਾਸੂਦੇਵ