ਕੋਲਕਾਤਾ ਦੀ ਲੇਡੀ ਡਾਕਟਰ ਲਈ ਇਨਸਾਫ਼ ਦੀ ਮੰਗ ਨੂੰ ਲੈਕੇ ਨਵਾਂਸ਼ਹਿਰ ਵਿਖੇ ਕੀਤਾ ਮੋਮਬੱਤੀ ਮਾਰਚ

ਨਵਾਂਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੀਤੀ ਰਾਤ ਇਸਤਰੀ ਜਾਗ੍ਰਿਤੀ ਮੰਚ ਅਤੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ ਦੀਆਂ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਇਕਾਈਆਂ ਨੇ ਕੋਲਕਾਤਾ ਵਿਖੇ ਲੇਡੀ ਡਾਕਟਰ ਨਾਲ ਬਲਾਤਕਾਰ ਕਰਕੇ ਉਸਨੂੰ ਕਤਲ ਕਰਨ ਦੇ ਕਥਿਤ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਨੂੰ ਲੈ ਕੇ ਨਵਾਂਂਸ਼ਹਿਰ ਵਿਖੇ ਮੋਮਬੱਤੀ ਮਾਰਚ ਕੀਤਾ ਗਿਆ। ਇਹ ਮਾਰਚ ਸਥਾਨਕ ਬਾਰਾਦਰੀ ਬਾਗ ਤੋਂ ਸ਼ੁਰੂ ਹੋਕੇ ਅੰਬੇਡਕਰ ਚੌਂਕ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ, ਸਹਾਇਕ ਸਕੱਤਰ ਅਵਤਾਰ ਸਿੰਘ ਤਾਰੀ, ਜਮਹੂਰੀ ਅਧਿਕਾਰ ਸਭਾ ਦੇ ਜਿਲ੍ਹਾ ਸਕੱਤਰ ਜਸਬੀਰ ਦੀਪ, ਪਰਵੀਨ ਕੁਮਾਰ ਨਿਰਾਲਾ, ਇਸਤਰੀ ਜਾਗ੍ਰਿਤੀ ਮੰਚ ਦੇ ਜਿਲਾ ਸਕੱਤਰ ਰੁਪਿੰਦਰ ਕੌਰ ਦੁਰਗਾ ਪੁਰ, ਹਰਬੰਸ ਕੌਰ ਨਵਾਂਂਸਹਿਰ, ਬਲਵਿੰਦਰ ਕੌਰ ਨਵਾਂਸ਼ਹਿਰ, ਮਨਜੀਤ ਕੌਰ ਅਲਾਚੌਰ ਕਿਰਨਜੀਤ ਕੌਰ ਨੇ ਕਿਹਾ ਕਿ 9 ਅਗਸਤ ਦੀ ਰਾਤ ਕਲਕੱਤੇ ਦੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਇੱਕ ਲੇਡੀ ਡਾਕਟਰ ਅਭਿਆ (ਕਾਲਪਨਿਕ ਨਾਂਅ) ਜੋ ਲਗਾਤਾਰ 36 ਘੰਟੇ ਦੀ ਡਿਊਟੀ ਦੌਰਾਨ ਹਸਪਤਾਲ ਅੰਦਰਲੇ ਸੈਮੀਨਾਰ ਰੂਮ ਵਿੱਚ ਆਰਾਮ ਕਰ ਰਹੀ ਸੀ, ਨਾਲ ਵਹਿਸ਼ੀਆਨਾ ਢੰਗ ਨਾਲ ਨਾ ਸਿਰਫ ਸਮੂਹਕ ਬਲਾਤਕਾਰ ਕੀਤਾ ਗਿਆ, ਸਗੋਂ ਅੰਤਾਂ ਦੀ ਬੇਰਹਿਮੀ ਨਾਲ ਉਸਦਾ ਕਤਲ ਵੀ ਕਰ ਦਿੱਤਾ ਗਿਆ। ਕਾਲਜ ਪ੍ਰਸਾਸ਼ਨ ਨੇ ਪਹਿਲਾਂ ਇਹਨੂੰ ਆਤਮਹੱਤਿਆਂ ਦਾ ਮਾਮਲਾ ਕਹਿਕੇ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਮੈਡੀਕਲ ਜਾਂਚ ਵਿੱਚ ਬਲਾਤਕਾਰ ਤੇ ਨਿਰਦਈ ਵਹਿਸ਼ੀਪੁਣੇ ਨਾਲ ਕੀਤੇ ਕਤਲ ਦੇ ਤੱਥ ਸਾਹਮਣੇ ਆਏ ਤਾਂ ਸੰਜੇ ਰਾਏ ਨਾਮ ਦੇ ਦੋਸ਼ੀ ਜੋ ਪੁਲੀਸ ਦਾ ਵਲੰਟੀਅਰ ਦੱਸਿਆ ਜਾ ਰਿਹਾ ਹੈ, ਨੂੰ ਗ੍ਰਿਫਤਾਰ ਕਰਕੇ ਮਾਮਲਾ ਟਾਲਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਇਸ ਮਾਮਲੇ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਰਾਤ ਦੀ ਡਿਊਟੀ ਸਮੇਂ ਔਰਤ ਡਾਕਟਰਾਂ ਅਤੇ ਨਰਸਾਂ ਤੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਆਵਾਜ਼ ਉਠਾਈ ਅਤੇ ਇਸ ਘਿਨਾਉਣੇ ਕਾਂਡ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਹਿਚਾਣ ਕਰਨ ਤੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਤਾਂ ਏਮਜ ਅਤੇ ਹੋਰ ਸਰਕਾਰੀ ਸਿਹਤ ਸੰਸਥਾਵਾਂ ਨੇ ਹੜਤਾਲੀ ਡਾਕਟਰਾਂ ਨੂੰ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਅਧਾਰ ‘ਤੇ ਹੜਤਾਲ ਨੂੰ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ। ਬੰਗਾਲ ਸਰਕਾਰ ਨੇ ਇਸ ਕਾਲਜ ਦੇ ਪ੍ਰਿੰਸੀਪਲ ਨੂੰ ਕਿਸੇ ਦੂਸਰੇ ਕਾਲਜ ਵਿੱਚ ਬਦਲ ਕੇ ਵੀ ਉਸ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਜਿਸ ‘ਚ ਇਹ ਜ਼ਾਹਰ ਹੋਇਆ, ਕਿ ਦੋਸ਼ੀ ਸੰਜੇ ਰਾਏ ਦੇ ਪ੍ਰਿੰਸੀਪਲ ਨਾਲ ਨਿੱਘੇ ਰਿਸ਼ਤੇ ਹਨ। ਆਗੂਆਂ ਨੇ ਕਿਹਾ ਕਿ 5 ਸਤੰਬਰ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਹੈ। ਗੱਲ ਸਿਰਫ਼ ਇਕ ਘਟਨਾ ਦੀ ਹੀ ਨਹੀਂ ਸਗੋਂ ਸਾਰੀਆਂ ਕੰਮਕਾਜੀ ਔਰਤਾਂ ਦੀ ਸੁਰੱਖਿਆ ਦਾ ਸਵਾਲ ਹੈ। ਅਜਿਹੀ ਹੀ ਇੱਕ ਘਟਨਾ ਵਿੱਚ ਉਤਰਾਖੰਡ ਦੇ ਊਧਮਸਿੰਘ ਨਗਰ ਦੇ ਰੁਦਰਪੁਰ ਵਿੱਚ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਕੰਮ ਕਰਦੀ, ਡਿਊਟੀ ਦੇ ਕੇ ਆਪਣੇ ਘਰ ਜਾ ਰਹੀ ਨਰਸ ਦੀ ਕੁੱਟ ਮਾਰ ਕਰਕੇ ਸਕਾਰਫ ਨਾਲ ਗਲਾ ਘੁੱਟਣ ਪਿੱਛੋਂ ਉਸ ਨਾਲ ਦੋਸ਼ੀ ਵੱਲੋਂ ਬਲਾਤਕਾਰ ਕੀਤਾ ਗਿਆ। ਬਿਹਾਰ ਦੇ ਮਜੱਫਰਪੁਰ ਵਿੱਚ ਇੱਕ ਨਾਬਲਾਲਗ ਵਿਦਿਆਰਥਣ ਨੂੰ ਘਰਦਿਆਂ ਤੋਂ ਖੋਹ ਕੇ ਉਸ ਨਾਲ ਸਮਹੂਕ ਬਲਾਤਕਾਰ ਕੀਤਾ ਗਿਆ ਅਤੇ ਹੈਵਾਨੀਅਤ ਨਾਲ ਉਸ ਦੀਆਂ ਛਾਤੀਆਂ ਕੱਟ ਕੇ ਹੱਤਿਆ ਕਰ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਕੰਮ ਕਾਜੀ ਔਰਤਾਂ ਦੀ ਸੁਰੱਖਿਆ ਵਿਸ਼ੇਸ਼ ਕਰਕੇ ਰਾਤ ਦੀ ਡਿਊਟੀ ਸਮੇਂ ਸੁਰੱਖਿਆ ਨੂੰ ਲੈ ਕੇ ਸੁਆਲ ਖੜੇ ਹੋਏ ਹਨ। ਅਜਿਹੇ ਸਮਿਆਂ ਵਿਚ ਸਰਕਾਰ ਨੇ ਔਰਤਾਂ ਨੂੰ ਰਾਤ ਦੀ ਡਿਉਟੀ ਉੱਤੇ ਲਗਾਉਣ ਦਾ ਅਧਿਕਾਰ ਮਾਲਕਾਂ ਨੂੰ ਦਿੰਦਿਆਂ ਔਰਤਾ ਦੀ ਸੁਰੱਖਿਆ ਵੀ ਮਾਲਕਾਂ ਉੱਤੇ ਹੀ ਛੱਡ ਦਿੱਤੀ ਹੈ। ਇਸ ਮੌਕੇ ਪੁਨੀਤ ਕੁਮਾਰ ਬਛੌੜੀ, ਹਰੀ ਲਾਲ ਤੇ ਹਰੇ ਰਾਮ ਆਗੂ ਵੀ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਰਕਾਰ ਨੇ ਪੈਨਸ਼ਨ ਸਕੀਮ ਅਧੀਨ ਮ੍ਰਿਤਕ ਤੇ ਅਯੋਗ ਲਾਭਪਾਤਰੀਆਂ ਤੋਂ 145.73 ਕਰੋੜ ਦੀ ਕੀਤੀ ਰਿਕਵਰੀ – ਡਾ. ਬਲਜੀਤ ਕੌਰ
Next articleਸਮਾਜ ਸੇਵਕ ਸੰਤ ਰਾਮ ਜੀਂਦੋਵਾਲ ਵਲੋਂ ਖਿਡਾਰੀਆਂ ਨੂੰ ਖੁਰਾਕ ਸਮੱਗਰੀ ਦਿੱਤੀ