(ਸਮਾਜ ਵੀਕਲੀ) ਜੋਤ ਜੂਨ ਮਹੀਨੇ ਦੀਆਂ ਛੁੱਟੀਆਂ ਵਿੱਚ ਹਰ ਸਾਲ ਆਪਣੇ ਨਾਨਕੇ ਜਾਂਦੀ ਤੇ ਆਪਣੇ ਨਾਨਾ ਜੀ ਤੇ ਨਾਨੀ ਜੀ ਨੂੰ ਬਹੁਤ ਪਿਆਰ ਕਰਦੀ ਤੇ ਨਾਨਕੇ ਵੀ ਉਸ ਤੇ ਜਾਂਨ ਛਿੜਕਦੇ ਸਨ। ਜੋਤ ਨੇ ਆਪਣੇ ਨਾਨਾ ਜੀ ਤੋਂ ਉਹਨਾਂ ਦੀ ਤੰਦਰੁਸਤੀ ਦਾ ਰਾਜ਼ ਪੁੱਛਿਆ ਤਾਂ ਉਹ ਬੋਲੇ ਪੁੱਤ ਤੂੰ ਆਪੇ ਦੇਖਲਾ।
ਉਸ ਦੇ ਨਾਨਾ ਜੀ ਸਰਦਾਰ ਬੰਤਾ ਸਿੰਘ ਸਵੇਰੇ 4 ਵਜੇ ਉੱਠਦੇ ,ਉੱਠ ਕੇ ਸੈਰ ਕਰਦੇ ,ਹੱਥ ਵਾਲੀ ਮਧਾਣੀ ਨਾਲ ਦੁੱਧ ਰਿੜਕਦੇ ਤੇ ਫੇਰ ਨਹਾ ਧੋ ਕੇ ਗੁਰਦੁਆਰਾ ਸਾਹਿਬ ਜਾਂਦੇ।
ਲੱਸੀ ਬਣਾ ਮੱਖਣ ਦਾ ਪੇੜਾ ਕੱਢ ਕੇ ਛੰਨੇ ਵਿੱਚ ਪਾ ਕੇ ਝਲਾਨੀ ਵਿੱਚ ਰੱਖ ਦਿੰਦੇ ਤੇ ਜਦੋਂ ਨਾਨੀ ਜੀ ਬੱਚਿਆਂ ਲਈ ਪਰੌਂਠੇ ਬਣਾਉਂਦੇ ਤਾਂ ਦੂਰੋਂ ਹੀ ਹਾਕ ਮਾਰਦੇ ਬੱਚਿਓ ਛੰਨੇ ਚ ਮੱਖਣ ਲੈਣਾ ਨਾ ਭੁੱਲਿਓ, ।ਨਾਨੀ ਜੀ ਦਾ ਕੁੰਡੀ ਸੋਟੇ ਵਿੱਚ ਹਰੀ ਮਿਰਚ, ਅਦਰਕ, ਤੇ ਨਮਕ ਪਾ ਕੇ ਬਣਾਇਆ ਮਸਾਲਾ ਤੇ ਚਿੱਬੜਾਂ ਦੀ ਚਟਨੀ ਦਹੀ ਨੂੰ ਹੋਰ ਸਵਾਦ ਬਣਾ ਦਿੰਦਾ।ਨਾਨਾ ਜੀ ਵੀ ਦੋ ਪਰੌਂਠੀਆਂ ਮੱਖਣ ਤੇ ਲੱਸੀ ਨਾਲ ਖਾ ਕੇ ਖੇਤਾਂ ਨੂੰ ਚਲੇ ਜਾਂਦੇ ਚਾਹ ਉਹਨਾਂ ਕਦੇ ਪੀਤੀ ਹੀ ਨਹੀਂ ਸੀ। ਸਾਰਾ ਦਿਨ ਖੇਤ ਮਿੱਟੀ ਨਾਲ ਮਿੱਟੀ ਹੋਏ ਰਹਿੰਦੇ ਆਉਂਦੇ ਹੋਏ ਖੇਤੋਂ ਸਬਜ਼ੀਆਂ ਤੇ ਪਸ਼ੂਆਂ ਲਈ ਪੱਠੇ ਵੱਢ ਲਿਆਉਂਦੇ ਤੇ ਫੇਰ ਹੱਥੀਂ ਕੁਤਰਾ ਕਰ ਖੁਰਲੀਆਂ ਭਰ ਦਿੰਦੇ, ਪਸ਼ੂਆਂ ਨੂੰ ਨਲਕਾ ਗੇੜ ਪਾਣੀ ਪਿਆਉਂਦੇ ਤੇ ਨਵਾ ਕੇ ਦੂਜੀ ਥਾਂ ਬੰਨਦੇ।
ਇੱਕ ਦਿਨ ਜੋਤ ਨੇ ਪੁੱਛਿਆ ਕਿ ਨਾਨਾ ਜੀ ਅੱਜ ਬਜਾਰੋ ਸਮੋਸੇ ਲ਼ੈ ਕੇ ਆਈਏ ਤਾਂ ਉਹਨਾਂ ਨੇ ਦੱਸਿਆ ਕਿ ਆਪਾਂ ਬਜ਼ਾਰੋਂ ਕੁਝ ਨਹੀਂ ਖਾਈਦਾ ਜੋ ਵੀ ਖਾਈਦਾ ਘਰ ਦਾ ਸਾਫ ਸੁਥਰਾ ਤੇ ਵਧੀਆ ਖਾਣਾ ਖਾਈਦਾ ਕਦੇ ਕੋਈ ਦਵਾਈ ਨਹੀਂ ਖਾਈ ਸਗੋਂ ਦੇਸੀ ਜੜੀ ਬੂਟੀਆਂ ਹੀ ਵਰਤੀ ਦੀਆਂ ਕੋਈ ਸਬਜ਼ੀ ਇਹ ਕਹਿ ਕੇ ਨਹੀਂ ਛੱਡੀ ਇਹ ਨਹੀਂ ਖਾਣੀ ਉਹ ਨਹੀਂ ਖਾਣੀ ਸਗੋਂ ਸਾਰੀਆਂ ਸਬਜੀਆਂ ਜੋ ਲੋਕੀ ਖਾਣ ਲੱਗੇ ਨੱਕ ਮੂੰਹ ਵੱਟਦੇ ਹਨ ਉਹਨਾਂ ਨੂੰ ਕਿਸੇ ਹੋਰ ਰੂਪ ਵਿੱਚ ਜਿਵੇਂ ਪਕੌੜੇ ਬਣਾ ਕੇ ਜਾਂ ਮਿਕਸ ਰੂਪ ਵਿੱਚ ਬਣਾ ਕੇ ਜਰੂਰ ਖਾਈਦਾ ਤੇ ਸਰੀਰ ਨੂੰ ਨਸ਼ਾ ਕੋਈ ਲਗਾਇਆ ਨਹੀਂ ਹੱਡ ਭੰਨ ਕੇ ਮਿਹਨਤ ਕਰੀਦੀ ਆ ਰਾਤ ਨੂੰ ਨੀਂਦ ਵੀ ਸੌਖੀ ਆਉਂਦੀ ਆ।
ਜੋਤ ਨੇ ਆਪਣੇ ਨਾਨਾ ਜੀ ਦੀ ਇਹ ਗੱਲ ਪੱਲੇ ਬੰਨ ਲਈ ਕੇ ਜੀ ਸਰੀਰ ਤੰਦਰੁਸਤ ਰੱਖਣਾ ਤਾਂ ਮਿਹਨਤ ਕਰਨੀ ਪਵੇਗੀ ਤੇ ਕੰਮ ਤੋਂ ਕਦੇ ਵੀ ਜੀਅ ਨੀ ਚਰਉਣਾ ਚਾਹੀਦਾ ਕਿਉਂਕਿ ਗੁਰਬਾਣੀ ਦਾ ਕਥਨ ਹੈ ਕਿ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈ।
ਜੋਤ ਦੇ ਨਾਨਾ ਜੀ 90 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਗਏ ਤੇ ਉਹਨਾਂ ਨੂੰ ਸਾਰੀ ਉਮਰ ਕੋਈ ਬਿਮਾਰੀ ਵੀ ਨਹੀਂ ਸੀ ਇਸ ਗੱਲ ਦਾ ਜੋਤ ਤੇ ਬਹੁਤ ਅਸਰ ਹੋਇਆ ਤੇ ਉਸ ਨੇ ਵੀ ਇਹ ਪ੍ਰਣ ਕਰ ਲਿਆ ਕਿ ਜੇ ਆਪਾਂ ਆਪਣੇ ਸਰੀਰ ਨੂੰ ਤੰਦਰੁਸਤ ਰੱਖਾਂਗੇ ਤਾਂ ਹੀ ਬਿਮਾਰੀਆਂ ਤੋਂ ਬਚਿਆ ਜਾ ਸਕੇਗਾ । ਉਸਨੂੰ ਨਾਨਾ ਜੀ ਦੀਆਂ ਸਮਝਾਈਆਂ ਗੱਲਾਂ ਅੱਜ ਵੀ ਯਾਦ ਆ ਰਹੀਆਂ ਸਨ।
ਜਗਮੋਹਣ ਕੌਰ
ਬੱਸੀ ਪਠਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly