ਅੰਮ੍ਰਿਤਸਰ, ਪੰਜਾਬ (ਸਮਾਜ ਵੀਕਲੀ): ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਰਾਮਮੋਹਨ ਨਾਇਡੂ, ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਚੇਅਰਮੈਨ ਐੱਮ ਸੁਰੇਸ਼ ਨੂੰ ਕਾਰਗੋ ਸੇਵਾਵਾਂ ਨੂੰ ਮੁੜ ਬਹਾਲ ਕਰਵਾਉਣ ਅਤੇ ਆ ਰਹੀਆਂ ਹੋਰ ਸਮੱਸਿਆਵਾਂ ਦਾ ਜਲਦ ਹੱਲ ਕਰਾਉਣ ਲਈ ਦਖਲ ਦੇਣ ਦੀ ਅਪੀਲ ਕੀਤੀ ਹੈ।
ਮੰਚ ਦੇ ਸਰਪ੍ਰਸਤ ਕੁਲਵੰਤ ਸਿੰਘ ਅਣਖੀ, ਮਨਮੋਹਨ ਸਿੰਘ ਬਰਾੜ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਅਤੇ ਯੋਗੇਸ਼ ਕਾਮਰਾ (ਕਨਵੀਨਰ ਇੰਡੀਆ) ਵੱਲੋਂ ਪੱਤਰ ਲਿੱਖ ਕੇ ਕਾਰਗੋ ਟਰਮੀਨਲ ‘ਚ ਖਰਾਬ ਐਕਸ-ਰੇ ਮਸ਼ੀਨ ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਗਈ ਹੈ ਤਾਂ ਜੋ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਯੂਕੇ ਅਤੇ ਯੂਰਪ ਲਈ ਕਾਰਗੋ ਸੇਵਾਵਾਂ ਦੀ ਜਲਦ ਮੁੜ ਸ਼ੁਰੂਆਤ ਹੋ ਸਕੇ।
ਇਸ ਸਾਲ ਦੇ ਸ਼ੁਰੂ ਵਿੱਚ, ਅੰਮ੍ਰਿਤਸਰ ਹਵਾਈ ਅੱਡੇ ਨੂੰ ਯੂਕੇ ਅਤੇ ਯੂਰਪ ਲਈ ਕਾਰਗੋ ਨਿਰਯਾਤ ਕਰਨ ਲਈ ਆਰਏ-3 ਲਾਇਸੈਂਸ ਦਿੱਤਾ ਗਿਆ ਸੀ, ਜਿਸ ਨਾਲ ਹਵਾਈ ਅੱਡੇ ਤੋਂ ਕਾਰਗੋ ਜਾਣ ਦੀ ਮਾਤਰਾ 380 ਟਨ ਪ੍ਰਤੀ ਮਹੀਨਾ ਹੋ ਗਈ ਸੀ। ਇਸ ਵਾਧੇ ਨੇ ਅੰਤਰਰਾਸ਼ਟਰੀ ਕਸਟਮ ਕਲੀਅਰੈਂਸ ਕੰਪਨੀਆਂ ਦੀ ਸਥਾਪਨਾ ‘ਚ ਵੀ ਸਹੂਲਤ ਕੀਤੀ ਅਤੇ ਸਿਰਫ ਪੰਜਾਬ ਹੀ ਨਹੀਂ, ਹਰਿਆਣਾ ਅਤੇ ਚੰਡੀਗੜ੍ਹ ਵਰਗੇ ਖੇਤਰਾਂ ਤੋਂ ਵੀ ਕਾਰਗੋ ਅੰਮ੍ਰਿਤਸਰ ਤੋਂ ਜਾਣ ਲੱਗਾ।
ਯੂਕੇ ਦੀ ਅੋਡਿੱਟ ਟੀਮ ਦੁਆਰਾ ਤਾਜ਼ਾ ਨਿਰੀਖਣ ਵਿੱਚ ਇੱਕ ਖਰਾਬ ਐਕਸ-ਰੇ ਮਸ਼ੀਨ ਅਤੇ ਮਸ਼ੀਨ ਚਲਾਉਣ ਲਈ ਸਟਾਫ ਵੀ ਪੂਰਾ ਨਾ ਹੋਣ ਕਾਰਨ, ਆਰਏ-3 ਲਾਇਸੈਂਸ ਨੂੰ ਮੁਅੱਤਲ ਕੀਤਾ ਗਿਆ ਹੈ। ਇਸ ਕਾਰਨ ਕਾਰਗੋ ਜਾਣ ਦੀ ਮਾਤਰਾ ਸਿਰਫ ਇੱਕ ਚੌਥਾਈ ਰਹਿ ਗਈ ਹੈ। ਹਵਾਈ ਅੱਡੇ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਔਰੰਗਾਬਾਦ ਹਵਾਈ ਅੱਡੇ ਤੋਂ ਐਕਸ-ਰੇ ਮਸ਼ੀਨ ਬਦਲਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਟੈਂਡਰ ਪ੍ਰਕਿਰਿਆ ਚੱਲ ਰਹੀ ਹੈ। ਪਰ ਇਸ ਮੁੱਦੇ ਨੂੰ ਹੱਲ ਕਰਨ ਲਈ ਦੋ ਮਹੀਨਿਆਂ ਤੋਂ ਵੱਧ ਸਮੇਂ ਵਿੱਚ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ, ਜੱਦ ਕਿ ਅਜਿਹਾ ਕੰਮ ਕੁੱਝ ਦਿਨਾਂ ਵਿੱਚ ਹੋਣਾ ਚਾਹੀਦਾ ਹੈ।
ਗੁਮਟਾਲਾ ਨੇ ਕਿਹਾ, “ਐਕਸ-ਰੇ ਮਸ਼ੀਨ ਦੇ ਮੁੱਦੇ ਨੂੰ ਹੱਲ ਕਰਨ ਵਿੱਚ ਦੇਰੀ ਨਾ ਸਿਰਫ਼ ਅੰਮ੍ਰਿਤਸਰ ਹਵਾਈ ਅੱਡੇ ਦੇ ਵਿਕਾਸ ਵਿੱਚ ਰੁਕਾਵਟ ਪਾ ਰਹੀ ਹੈ, ਸਗੋਂ ਏਅਰਲਾਈਨਾਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਜੋ ਉਡਾਣਾਂ ਦੇ ਸੰਚਾਲਨ ਘਾਟੇ ਨੂੰ ਪੂਰਾ ਕਰਨ ਲਈ ਕਾਰਗੋ ਲੈ ਕੇ ਜਾਣ ‘ਤੇ ਨਿਰਭਰ ਕਰਦੀਆਂ ਹਨ। ਅਸੀਂ ਅਧਿਕਾਰੀਆਂ ਨੂੰ ਆਰਏ-3 ਲਾਇਸੈਂਸ ਨੂੰ ਜਲਦ ਬਹਾਲ ਕਰਨ ਅਤੇ ਕਾਰਗੋ ਸੰਚਾਲਨ ਮੁੜ ਸ਼ੁਰੂ ਕਰਨ ਲਈ, ਮਸ਼ੀਨ ਨੂੰ ਬਦਲਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਅਪੀਲ ਕਰਦੇ ਹਾਂ।”
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਆਰਥਿਕ ਵਿਕਾਸ ਲਈ ਹਵਾਈ ਅੱਡੇ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਕਰਨ ਦੀ ਅਹਿਮ ਲੋੜ ‘ਤੇ ਜ਼ੋਰ ਦਿੰਦੇ ਹੋਏ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿੱਥੇ ਹਵਾਈ ਅੱਡਿਆਂ ਦੀ ਕਾਰਗੋ ਸਮਰੱਥਾ ਨੂੰ ਵਧਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਵਿਆਪੀ ਯਤਨ ਕੀਤੇ ਜਾ ਰਹੇ ਹਨ, ਉਥੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਵੀ ਕਾਰਗੋ ਵਪਾਰ ਨੂੰ ਹੁਲਾਰਾ ਦੇਣ ਲਈ ਤੁਰੰਤ ਧਿਆਨ ਦੇਣ ਦੀ ਲੋੜ ਹੈ।
ਮੰਚ ਦੇ ਸਰਪ੍ਰਸਤ ਮਨਮੋਹਨ ਸਿੰਘ ਬਰਾੜ ਨੇ ਅੱਗੇ ਕਿਹਾ, “ਅਸੀਂ ਅੰਮ੍ਰਿਤਸਰ ਹਵਾਈ ਅੱਡੇ ‘ਤੇ ਗੈਰ-ਕਾਰਜਸ਼ੀਲ ਐਕਸ-ਰੇ ਮਸ਼ੀਨ ਨੂੰ ਤੁਰੰਤ ਬਦਲਣ ਦੀ ਬੇਨਤੀ ਕਰਦੇ ਹਾਂ। ਤੁਰੰਤ ਕਾਰਵਾਈ ਨਾ ਸਿਰਫ਼ ਖੇਤਰੀ ਆਰਥਿਕ ਵਿਕਾਸ ਨੂੰ ਸਮਰਥਨ ਦੇਵੇਗੀ, ਸਗੋਂ ਹੋਰ ਏਅਰਲਾਈਨਾਂ ਨੂੰ ਵੀ ਆਕਰਸ਼ਿਤ ਕਰੇਗੀ, ਯਾਤਰੀਆਂ ਦੀ ਆਵਾਜਾਈ ਵਿੱਚ ਵਾਧਾ ਕਰੇਗੀ ਅਤੇ ਅੰਮ੍ਰਿਤਸਰ ਦੀ ਸਮੁੱਚੀ ਖੁਸ਼ਹਾਲੀ ਵਿੱਚ ਯੋਗਦਾਨ ਪਾਵੇਗੀ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly