“ਪਾਪਾਂ ਵਾਲੇ ਖੇਤ ਬੀਜ ਲਏ , ਕੋਈ ਬੀਜ ਲੈ ਧਰਮ ਦੀ ਕਿਆਰੀ “

ਅਮਰਜੀਤ ਸਿੰਘ ਜੀਤ
(ਸਮਾਜ ਵੀਕਲੀ)  ਉਪਰੋਕਤ ਸਤਰਾਂ ਪੰਜਾਬੀ ਦੇ ਕਿਸੇ ਬਹੁਤੇ ਵੱਡੇ ਨਾਮੀ ਸ਼ਾਇਰ ਦੀਆਂ ਨਹੀਂ  ਨਾ ਹੀ ਕਿਸੇ ਵੱਡੇ ਧਰਮਾਤਮਾ ਦੀਆਂ ਜਾ ਅਧਿਆਤਮਕ ਆਗੂ ਦੀ ਰਚਨਾ ਹਨ।ਪਰ ਇਹਨਾ ਸਤਰਾਂ ਨੂੰ ਪੜ੍ਹ ਕੇ ਮਨ ਨੂੰ ਸਕੂਨ ਮਿਲਦਾ ਹੈ , ਧਰਮ ਤੇ ਪਾਪ(ਅਧਰਮ) ਚ ਸਪਸ਼ਟ ਲੀਕ ਖਿੱਚਣ ਲਈ ਬਹੁਤਾ ਤਰੱਦਦ ਨਈਂ ਕਰਨਾ ਪੈਂਦਾ ,ਧਰਮ ਦੀ ਅਸਲ ਪਰਿਭਾਸ਼ਾ ਸਮਝਣ ਚ ਉੱਕਾ ਹੀ ਭੁਲੇਖਾ ਨਈਂ ਰਹਿੰਦਾ ਜੇ ਇਹਨਾਂ ਸਤਰਾਂ  ਤੇ ਧਿਆਨ ਕੇਂਦਰਿਤ ਕੀਤਾ ਜਾਵੇ।  ਪਾਪਾਂ ਵਾਲੇ ਖੇਤ ਬੀਜਣ ਜਾ ਧਰਮ ਦੀ ਕਿਆਰੀ ਬੀਜਣ ਲਈ  ਹੀਲ ਹੁੱਜਤ  ਤਾਂ ਕਰਨੀ ਹੀ ਪਵੇਗੀ ,ਮਨੁੱਖ ਕਰਮਯੋਗੀ ਹੈ ਉਸਦੇ ਹਿੱਸੇ ਹੀ ਆਉਂਦਾ ਹੈ ਕਰਮ ਕਮਾਉਣਾ (ਹੀਲ ਹੁੱਜਤ ਕਰਨਾ)  ਹੁਣ ਅਸਲ ਗੱਲ  ਉਸ ਦੀ ਸੋਚ  ਤੇ ,ਉਸਦੀ ਪਹੁੰਚ ਤੇ ਆ ਖੜਦੀ ਹੈ, ਕਿਸ ਤਰਾਂ ਦਾ ਕਰਮ ਕਰਦਾ ਹੈ  ਉਹ ।   ਆਪਣੀ ਸੂਝ ਮੁਤਾਬਕ ਨਿੱਜ ਸੁਆਰਥ ਜਾ ਇਸ ਤੋਂ ਉਪਰ ਉੱਠ ਕੇ ਪੂਰੀ ਮਨੁੱਖਤਾ ਲਈ  । ਇੱਥੇ ਵੀ ਉਹ ਆਜਾਦ ਹੈ ਉਸਦਾ ਕਾਰਜ ਖੇਤਰ  ਉਸ ਦੇ ਆਪਣੇ ਨਿੱਜ ਜਾ ਸਮਾਜਿਕ ਪੱਧਰ ਤੱਕ ਦਾ ਹੋ ਸਕਦਾ ਹੈ ।ਇਕ ਗੱਲ ਜਰੂਰ ਮਹੱਤਵਪੂਰਨ ਹੈ ‘ਦਇਆ ਨੂੰ ਧਰਮ ਦੀ ਜਨਣੀ’ ਮੰਨਿਆ ਜਾਂਦਾ ਹੈ।  ਮਨੁੱਖ ਬੇਸ਼ੱਕ ਕਿਸੇ ਵੀ ਪੱਧਰ ਤੇ ਕਾਰਜਸ਼ੀਲ ਹੋਵੇ  ,ਜੇਕਰ ਉਸਦੇ ਕਰਮ ਚ ਦਇਆ ਹੈ ,ਸਚਾਈ ਹੈ , ਭਲਾਈ ਹੈ, ਉਹ ਧਰਮ ਦੀ ਕਿਆਰੀ ਬੀਜ ਰਿਹਾ ਹੈ ।ਅਗਰ ਦਇਆ, ਸਚਾਈ ਜਾ ਭਲਾਈ ਨਾਮ ਦੀ ਕੋਈ ਚੀਜ ਉਸਦੇ ਕਰਮ ਵਿੱਚ ਨਹੀਂ, ਉਹ ਅਧਰਮੀ ਹੈ ਬੇਸ਼ੱਕ ਉਹ ਹਿੰਦੂ-ਮੁਸਲਿਮ, ਸਿੱਖ-ਈਸਾਈ ਕਿਸੇ ਵੀ ਫਿਰਕੇ ਨਾਲ ਸਬੰਧਤ ਹੋਵੇ । ਹਰਿਕ ਮਨੁੱਖ ਦਾ ਆਪਣਾ ਕਿਰਦਾਰ ਹੈ ,ਆਪਣਾ ਧਰਮ ਹੈ ,ਕੋਈ ਵੀ ਫਿਰਕਾ ਜਾ ਜਾਤ ਨਾ ਤਾ ਪੂਰਨ ਧਰਮੀ ਹੈ ਤੇ ਨਾ ਹੀ ਸਾਰੇ ਅਧਰਮੀ ਹਨ ।ਧਰਮ ਕਿਸੇ ਫਿਰਕੇ ਦੀ ਸੀਮਾ ਨਾਲ ਨਹੀ ਬੱਝਿਆ ਹੋਇਆ, ਬਲਿਕ ਹਰ ਮਨੁੱਖ ਦਾ ਨਿੱਜ ਹੈ ,ਉਸ ਦਾ ਨੇਕ ਕਰਮ ਹੀ ਉਸਦਾ ਧਰਮ ਹੈ। ਉਸਦਾ ਬੁਰਾ ਕਰਮ, ਅਧਰਮ (ਪਾਪ) ਹੈ ।ਜਨਮ-ਜਾਤੋਂ ਕਿਸੇ ਵੀ ਫਿਰਕੇ ਨਾਲ ਸਬੰਧਤ ਹੋਣਾ ਅਹਿਮ ਨਹੀਂ ,ਅਹਿਮ ਤਾਂ ਇਹ ਹੈ ਕਿ ਆਪਣੇ ਫਿਰਕੇ ਦੇ ਨਿਯਮਾਂ ਚ ਰਹਿ ਕੇ ਧਰਮੀ ਕਿਵੇਂ ਰਹੀਏ।ਜੇਕਰ ਤੁਹਾਡੇ ਪਿਤਰੀ ਫਿਰਕੇ ਦੇ ਨਿਯਮ ਤੁਹਾਡੇ ਨੇਕ ਕਰਮ ਚ ਸਹਾਈ ਹੋਣ ਤਾਂ ਤੁਹਾਡੇ ਲਈ ਉਸ ਫਿਰਕੇ(ਹਿੰਦੂ,ਮੁਸਲਿਮ, ਸਿੱਖ ਜਾ ਈਸਾਈ) ਦੇ ਨਿਯਮ ਮਹਾਨ ਹਨ।ਤੁਸੀਂ ਮਾਣ ਕਰ ਸਕਦੇ ਹੋ ਆਪਣੇ ਫਿਰਕੇ ਤੇ, ਜਿਸ ਨੇ ਤੁਹਾਨੂੰ ਉਹ ਕਰਮ ਕਰਨ ਲਈ ਸਹਾਇਤਾ ਕੀਤੀ ਜੋ ਧਰਮ ਬਣ ਗਿਆ। ਜੇ ਤੁਹਾਡੇ ਕਰਮ ਨੂੰ ਕੁਰਾਹੇ ਪਾ ਰਿਹਾ ਹੋਵੇ ਬੇਸ਼ੱਕ ਤੁਹਾਡਾ ਪਿਤਰੀ ਫਿਰਕਾ ਹੀ ਕਿਉਂ ਨਾ ਹੋਵੇ ਤੁਸੀਂ ਉਸ ਤੇ ਪ੍ਰਸ਼ਨਚਿੰਨ੍ਹ ਵੀ ਲਾ ਸਕਦੇ ਹੋ ਵਿਰੋਧ ਵੀ ਕਰ ਸਕਦੇ ਹੋ ਪਰ ਉਸ ਤੋਂ ਭਗੌੜੇ ਨਹੀਂ ਹੋ ਸਕਦੇ  ।ਉਸ ਵਿੱਚ ਸੁਧਾਰ ਕਰਨ ਦੀ ਲੋੜ ਹੋ ਸਕਦੀ ਹੈ। ਤੁਹਾਡੇ ਤੋਂ ਵੱਧ ਯੋਗ ਹੋਰ ਕੋਈ ਨਹੀਂ ਜਿਸ ਨੇ ਆਪਣੇ ਫਿਰਕੇ -ਜਾਤ ਵਿਚ ਊਣਤਾਈਆਂ ਵੇਖੀਆਂ ਹੋਣ,ਸੁਧਾਰ ਚ ਅਹਿਮ ਯੋਗਦਾਨ ਵੀ ਤੁਸੀਂ ਹੀ ਪਾ ਸਕਦੇ ਹੋ।ਇੱਥੇ ਇਕ ਤੇ ਸਿਰਫ ਇੱਕੋ ਤਰਕ ਹੈ ਤੁਹਾਡੇ ਕੋਲ ਜੋ ਧਰਮ ਤੇ ਅਧਰਮ ਲਈ ਕਸਵੱਟੀ ਦਾ ਕੰਮ ਕਰਦਾ ਹੈ ,ਉਹ ਹੈ ਤੁਹਾਡੀ “ਜ਼ਮੀਰ”।ਬਹੁਤ ਲੋਕ ਹਨ ਜੋ ਨਾਸਤਿਕ ਜਾ ਤਰਕਸ਼ੀਲ  ਤੇ ਕਾਮਰੇਡ ਵਿਰਤੀ ਦੇ ਹੁੰਦੇ ਹਨ ,ਉਹ ਧਰਮ ਦੇ ਨਾਂ’ ਤੋਂ ਚਿੜ ਜਾਂਦੇ ਹਨ ਪਰ ਉਹ ਕਿਤੇ ਨਾ ਕਿਤੇ ਅਚੇਤ ਅਵਸਥਾ ‘ਚ ਧਰਮ ਕਮਾਉਂਦੇ ਰਹਿੰਦੇ ਹਨ । ਬਿਮਾਰ ਮਾਨਸਿਕਤਾ ਦੇ ਬੁੱਧੀਜੀਵੀ ਕਈ ਵਾਰ ਤਾਂ ਨਿੱਜ ਸੁਆਰਥ ਲਈ ਧਰਮ ਤੋਂ ਪਰੇ ਹੋ ਜਾਂਦੇ ਹਨ।  ਸੱਚ ਤਾਂ ਇਹ ਕਿ ਧਰਮ ਕਿਸੇ ਫਿਰਕੇ ,ਜਾਤ ਜਾ ਧੜੇ ਦਾ ਮੁਹਤਾਜ ਨਹੀਂ ,ਬਲਿਕ ਹਰ ਫਿਰਕੇ ਦੇ ਰਹਿਬਰਾਂ ਨੇ ਮਨੁੱਖ ਨੂੰ ਧਰਮ ਨਾਲ ਜੋੜਨ ਲਈ ਉਤਮ  ਤੇ ਸੁਖਾਲੇ ਨਿਯਮ  ਬਣਾਏ ਸਨ ਜਿਹਨਾਂ ਦੀ ਪਾਲਣਾ ਕਰਕੇ  ਸਹਿਜੇ ਹੀ ਮਨੁੱਖ ਦੀ ਜੀਵਨ ਜਾਚ  ਧਰਮੀ   ਹੋ ਨਿਬੜੇ। ,ਧਰਮ ਹਰ ਜਾਤ-ਫਿਰਕੇ ਤੋਂ ਉਪਰ ਤੇ ਸੁਤੰਤਰ ਹੁੰਦਾ ਹੋਇਆ ਹਵਾ-ਪਾਣੀ,ਚੰਦ- ਸੂਰਜ ਦੀ ਰੋਸ਼ਨੀ ਵਾਂਗ ਹਰ ਮਨੁੱਖ  ਦੀ ਪਹੁੰਚ ‘ਚ ਹੁੰਦਾ ਹੈ।ਕਿਸੇ ਵੀ ਫਿਰਕੇ ਜਾ ਜਾਤ ਦਾ ਬਸ਼ਰ ਧਰਮੀ ਵੀ ਹੋ ਸਕਦਾ ਤੇ ਅਧਰਮੀ(ਪਾਪੀ)ਹੋ ਸਕਦਾ ਹੈ। ਤਰਕਸ਼ੀਲ , ਕਾਮਰੇਡ ਜਾ ਵਿਗਿਆਨੀ ਜੋ ਧਰਮ ਦੇ ਨਾਂ’ ਤੋਂ ਪਰੇ ਰਹਿਣ ਦਾ ਭਰਮ ਪਾਲਦੇ ਹਨ ,ਪਰ ਉਹ ਜੋ ਵੀ ਕਰਮ ਕਰਦੇ ਹਨ ਸਭ ਕਰਮ ,ਧਰਮ ਜਾ ਅਧਰਮ ਹੋ ਨਿਬੜਦੇ ਹਨ  ,ਉਂਜ ਇਸ ਸ਼੍ਰੇਣੀ ਵਿਚ ਜਿਆਦਾਤਰ  ਮਨੁੱਖਤਾ ਹਿੱਤੂ ਕਰਮ ਹੀ ਭਾਰੂ ਹੁੰਦੇ ਹਨ।ਭਾਵ ਨਾਸਤਿਕ, ਕਾਮਰੇਡ ਤੇ ਵਿਗਿਆਨੀ ਧਰਮ ਵੱਧ ਕਮਾਉਂਦੇ ਹਨ।ਦੂਜੇ ਪਾਸੇ ਖੁਦ ਨੂੰ ਧਰਮ ਦੇ ਠੇਕੇਦਾਰ ਕਹਾਉਣ ਵਾਲੇ ਕਈ ਵਾਰ ਆਪਣੇ ਜਨੂੰਨ ਚ ਨਫਰਤ ਦੀਆਂ ਸਾਰੀਆਂ ਹੱਦਾਂ ਲੰਘ ਜਾਂਦੇ ਹਨ ਤੇ ਫਿਰਕਾਪ੍ਰਸਤੀ ਨੂੰ ਹਵਾ ਦੇ ਕੇ ਮਨੁੱਖਤਾ ਦਾ ਘਾਣ ਕਰਾ ਧਰਦੇ ਹਨ। ਪੂਜਾ ਅਸਥਾਨਾਂ ਨੂੰ ਇਬਾਦਤ ਦੀ ਥਾਂ ਰਾਜਸੀ ਸ਼ਕਤੀ ਦਾ ਸਾਧਨ ਬਣਾ ਲੈਂਦੇ ਹਨ,ਹੋਰ ਅਨੇਕਾਂ ਅਸਮਾਜਕ ਕਾਰਜਾਂ ਵਿੱਚ ਲਿਪਤ ਹੋਣ ਦੇ ਬਾਵਜੂਦ,ਖੁਦ ਨੂੰ  ਧਰਮੀ ਸਮਝਦੇ ਹਨ ਜਾ ਕਹਾਉਂਦੇ ਹਨ।
‘ਧਰਮ ਦੀ ਪਾਲਣਾਂ ਹੁੰਦੀ ਹੈ,
ਹਮੇਸ਼ਾ ਕਰਮਯੋਗੀਆਂ ਹੱਥੋਂ,
ਇਹਨਾਂ ਪੁਜਾਰੀਆਂ  ਹੱਥੀਂ ਤਾਂ,
ਕੇਵਲ   ਪੋਥੀਆਂ    ਹੁੰਦੀਆਂ’
ਲੇਖ ਲੰਬਾ ਨਾ ਹੋਵੇ ਸਾਰਾਂਸ਼ ਇਹੋ ਹੀ ਕਿ ਫਿਰਕਾਪ੍ਰਸਤ ਤੇ ਨਸਲੀ ਨਫ਼ਰਤ ਮਨੁੱਖ ਨੂੰ ਨੇਕ ਕਰਮਾ ਤੋਂ ਹਮੇਸ਼ਾਂ ਦੂਰ ਕਰਦੀ ਹੈ , ਇਸ ਨਸਲੀ  ਨਫਰਤ ਤੇ ਫਿਰਕਾਪ੍ਰਸਤੀ ਤੋਂ ਦੂਰੀ ਹੀ ਮਨੁੱਖਤਾ ਲਈ ਹਿੱਤਕਾਰੀ ਹੈ ।ਹਰ ਮਨੁੱਖ ਆਪਣੇ-ਆਪ ਚ ਇੱਕ ਵਿਸ਼ੇਸ਼ ਹਸਤੀ ਹੈ,ਸਭ ਦਾ ਨੇਕ ਕਰਮ ਹੀ ਉਸਦਾ ਧਰਮ ਹੈ ,ਫਿਰਕੂ ਤੇ ਜਨੂੰਨੀ ਵਿਵਾਦ ਹਮੇਸ਼ਾ ਅਧਰਮ ਹੋ ਨਿਬੜਦਾ ਹੈ। ਪ੍ਰੇਮ-ਭਾਵ ਤੇ ਆਪਸੀ ਸਦਭਾਵਨਾ ਬਣਾਈ ਰੱਖਣਾ ਹੀ ਮਨੁੱਖੀ ਭਾਈਚਾਰੇ ਦਾ ਅਹਿਮ ਤੇ ਨੇਕ ਫਰਜ ਹੈ  ਤੇ ਇਹੀ ਨੇਕ ਫਰਜ ਧਰਮ ਹੈ ਉਪਰੋਕਤ ਸਤਰਾਂ ਦੇ ਲੇਖਕ “ਅਮਰ ਚਮਕੀਲੇ ” ਦੀ ਲਿਖਤ ਜਰੂਰ ਚੇਤਿਆਂ ਚ ਰਹੇਗੀ
“ਪਾਪਾਂ  ਵਾਲੇ   ਖੇਤ   ਬੀਜ  ਲਏ “
ਕੋਈ ਬੀਜ ਲੈ ਧਰਮ ਦੀ ਕਿਆਰੀ”
ਆਮੀਨ!
ਅਮਰਜੀਤ ਸਿੰਘ ਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗ਼ਜ਼ਲ
Next articleਬਦਲਦੇ ਮੌਸਮਾਂ ਅੰਦਰ