ਬੁੱਧ ਚਿੰਤਨ

ਬੁੱਧ ਸਿੰਘ ਨੀਲੋਂ

ਬਾਬੇ ਨਾਨਕ ਦੀ ਫਿਲਾਸਫੀ ਨੂੰ ਸਮਝਦਿਆਂ !
ਦਰਿਆ ਤੋਂ ਝੀਲ ਬਣਿਆਂ ਦਾ ਹਿਸਾਬ ਕੌਣ ਲਊ ?

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)  ਅੱਜ ਪੌਣ-ਪਾਣੀ, ਰੁੱਖ ਤੇ ਮਨੁੱਖ ਉਦਾਸ ਹਨ, ਇਹਨਾਂ ਦੀ ਉਦਾਸੀ ਦਾ ਕੋਈ ਇੱਕ ਕਾਰਨ ਨਹੀਂ, ਬਹੁਤ ਸਾਰੇ ਕਾਰਨ ਤੇ ਹਾਦਸੇ ਹਨ। ਜਿਨ੍ਹਾਂ ਨੇ ਇਨ੍ਹਾਂ ਨੂੰ ਉਦਾਸ ਕਰ ਦਿੱਤਾ ਹੈ। ਉਦਾਸੀ ਦਾ ਇਹ ਆਲਮ ਇਨ੍ਹਾਂਂ ਦੇ ਆਲੇ ਦੁਆਲੇ ਘੁੰਮਦਾ ਹੈ। ਇਹ ਇਸ ਘੁੰਮਣ-ਘੇਰੀ ਵਿੱਚ ਉਲਝ ਗਏ ਹਨ ਜਿਸ ਨਾਲ ਇਹਨਾਂ ਦੀ ਸਮੁੱਚੀ ਤਾਣੀ ਉਲਝ ਗਈ ਹੈ। ਇਹ ਇੱਕ ਉਲਝਣ ਵਿੱਚੋਂ ਅਜੇ ਨਿਕਲਦੇ ਨਹੀਂ, ਦੂਸਰੀ ਤੀਸਰੀ ਵਿੱਚ ਫਸ ਜਾਂਦੇ ਹਨ। ਫਸਣਾ ਤੇ ਨਿਕਲਣਾ ਹੀ ਇਹਨਾਂ ਦੀ ਤਰਾਸਦੀ ਬਣ ਗਿਆ ਹੈ ! ਜਿਹੜੇ ਫਸ ਜਾਂਦੇ ਹਨ, ਜਾਂ ਫਿਰ ਆਪਣੀ ਜੜ੍ਹਾਂ ਇੱਕ ਥਾਂ ਲਗਾ ਲੈਂਦੇ ਹਨ, ਉਹ ਉੱਥੇ ਦੇ ਹੀ ਹੋ ਕੇ ਰਹਿ ਜਾਂਦੇ ਹਨ। ਉਹਨਾਂ ਦਾ ਤੁਰਨਾ, ਵਗਣਾ, ਉੱਡਣਾ ਤੇ ਹੱਸਣਾ ਸਭ ਰੋਣ ਵਿੱਚ ਬਦਲ ਜਾਂਦਾ ਹੈ। ਉਹ ਆਪ ਨਹੀਂ ਬਦਲਦੇ, ਸਗੋਂ ਲੋਕਾਈ ਨੂੰ ਬਦਲਣ ਦੇ ਰਾਹ ਤੁਰ ਪੈਂਦੇ ਹਨ। ਉਹਨਾਂ ਦਾ ਤੁਰਨਾ, ਵਗਦੇ ਪਾਣੀ ਜਿਹਾ ਨਹੀਂ ਹੁੰਦਾ, ਸਗੋਂ ਰੁਕੇ ਪਾਣੀ ਜਿਹਾ ਹੁੰਦਾ। ਰੁਕਣਾ ਤੇ ਖੜਨਾ ਉਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਇਹ ਹਿੱਸਾ ਉਹਨਾਂ ਨੂੰ ਵਿਰਸੇ ਵਿੱਚੋਂ ਨਹੀਂ ਮਿਲਦਾ ਸਗੋਂ ਉਹ ਇਹ ਹਿੱਸਾ ਤਾਂ ਉਨ੍ਹਾਂ ਉਤੇ ਜ਼ੋਰ-ਜ਼ੁਲਮ ਨਾਲ ਥੋਪਿਆ ਜਾਂਦਾ। ਜਿਨ੍ਹਾਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ, ਲੁੱਟਣਾ ਤੇ ਕੁੱਟਣਾ ਹੁੰਦਾ ਹੈ। ਉਹਨਾਂ ਦੀ ਇਸ ਲੁੱਟ ਦੇ ਖਿਲਾਫ਼ ਕੋਈ ਬੋਲਦਾ ਨਹੀਂ ਕਿਉਂਕਿ ਉਹਨਾਂ ਨੇ ਆਪਣੇ ਆਲੇ ਦੁਆਲੇ ਇਹੋ ਜਿਹੀਆਂ ਵਲਗਣਾਂ ਤੇ ਅਜਾਰੇਦਾਰੀ ਬਣਾ ਲਈਆਂ ਹੁੰਦੀਆਂ ਹਨ ਕਿ ਉਨ੍ਹਾਂ ਦੀ ਤੂਤੀ ਬੋਲਣ ਲੱਗਦੀ ਹੈ। ਉਹ ਆਪਣੀ ਤੂਤੀ ਦੀ ਆਵਾਜ਼ ਏਨੀ ਉੱਚੀ ਕਰਦੇ ਹਨ, ਕਿਸੇ ਦਾ ਕੋਈ ਬੋਲ ਸੁਣਦਾ ਨਹੀਂ, ਦਿਖਦਾ ਨਹੀਂ। ਉਹ ਸੁਣਦੇ ਤੇ ਦੇਖਦੇ ਵੀ ਹਨ ਪਰ ਉਹ ਸੱਤਾ ਦੇ ਘੋੜੇ ‘ਤੇ ਸਵਾਰ ਹੁੰਦੇ ਹਨ। ਉਨ੍ਹਾਂ ਦਾ ਕੰਮ ਭਾਸ਼ਨ ਦੇਣਾ ਹੁੰਦਾ ਹੈ ਪਰ ਲੋਕ ਉਨਾਂ ਤੋਂ ਰਾਸ਼ਨ ਦੀ ਝਾਕ ਰੱਖਦੇ ਹਨ। ਰਾਸ਼ਨ ਦੀ ਝਾਕ ਦੀ ਲਲਕ ਉਹਨਾਂ ਅਜਿਹੀ ਲਗਾਈ ਹੈ, ਕਿ ਲੋਕ ਹੁਣ ਰਾਸ਼ਨ ਦੀ ਭਾਲ ਵਿੱਚ ਉਹਨਾਂ ਦੇ ਪਿੱਛੇ ਪਿੱਛੇ ਦੌੜਦੇ ਹਨ ਪਰ ਲੋਕਾਂ ਦੀ ਹਾਲਤ ਉਸ ਕੁੱਤੇ ਵਰਗੀ ਬਣ ਗਈ ਹੈ, ਜਿਹੜਾ ਊਠ ਦੇ ਮਗਰ ਤੁਰਿਆ ਜਾਂਦਾ ਹੈ ਕਿ ਕਦੇ ਤਾਂ ਬੁੱਲ ਡਿੱਗੇਗਾ। ਨਾ ਬੁੱਲ ਡਿੱਗਦਾ ਹੈ ਤੇ ਨਾ ਕੁੱਤੇ ਦੀ ਝਾਕ ਮੁੱਕਦੀ ਹੈ। ਇਸ ਕੁੱਤੇ ਦੀ ਝਾਕ ਵਿੱਚ ਅੱਜ ਸਾਰੀ ਲੋਕਾਈ ਤੁਰੀ ਹੀ ਨਹੀਂ ਫਿਰਦੀ ਸਗੋਂ ਭੱਜੀ ਫਿਰਦੀ ਹੈ। ਉਨਾਂ ਲਈ ਖਾਣਾ-ਪੀਣਾ ਤੇ ਜੀਣਾ ਭੁੱਲ ਗਿਆ ਹੈ। ਉਹ ਤਾਂ ਚੌਵੀ ਘੰਟੇ ਦੌੜੀ ਜਾ ਰਹੇ ਹਨ। ਉਹ ਕਿਧਰ ਦੌੜ ਰਹੇ ਹਨ ? ਉਹਨਾਂ ਨੇ ਕੀ ਹਾਸਲ ਕਰਨਾ ਹੈ? ਉਨ੍ਹਾਂ ਦੀ ਮੰਜ਼ਿਲ ਕਿਹੜੀ ਹੈ ? ਇਸ ਦਾ ਉਨਾਂ ਨੂੰ ਕੋਈ ਇਲਮ ਨਹੀਂ ਗਿਆਨ ਨਹੀਂ। ਉਨਾਂ ਨੂੰ ਗਿਆਨ ਨਾ ਹੋਣ ਕਰਕੇ ਉਹ ਚਿੰਤਨ ਨਹੀਂ ਕਰਦੇ। ਉਹ ਤਾਂ ਦੌੜੀ ਜਾ ਰਹੇ ਹਨ। ਸਾਡੇ ਆਲੇ ਦੁਆਲੇ ਸਕੂਲ, ਕਾਲਜ, ਯੂਨੀਵਰਸਿਟੀਆਂ ਖੁੱਲ੍ਹ ਗਈਆਂ ਹਨ – ਪਰ ਉਥੇ ਗਿਆਨ ਨਹੀਂ, ਸਿਰਫ਼ ਤੇ ਸਿਰਫ਼ ਸਰਟੀਫਿਕੇਟ, ਡਿਗਰੀਆਂ, ਡਿਪਲੋਮੇ ਵੰਡੇ ਜਾ ਰਹੇ ਹਨ। ਇਹ ਡਿਗਰੀਆਂ, ਡਿਪਲੋਮੇ ਤੁਹਾਨੂੰ ਰੋਜ਼ੀ ਤੇ ਰੋਟੀ ਨਹੀਂ ਦੇਂਦੇ। ਉਹਨਾਂ ਦੇ ਬੈਂਕ ਖਾਤਿਆਂ ਵਿੱਚ ਵਾਧਾ ਹੁੰਦਾ ਹੈ। ਸਗੋਂ ਤੁਹਾਨੂੰ ਭਰਮ ਵਿੱਚ ਪਾਉਂਦੇ ਹਨ। ਭਰਮ ਵਿੱਚ ਪਿਆ ਮਨੁੱਖ, ਨਾ ਆਰ ਜਾਂਦਾ ਹੈ ਤੇ ਨਾ ਪਾਰ। ਉਹ ਘੁੰਮਣ ਘੇਰੀ ਵਿੱਚ ਗੁਆਚ ਜਾਂਦਾ ਹੈ। ਅਜੋਕੇ ਦੌਰ ਵਿੱਚ ਸਮਾਜ ਨੂੰ ਘੁੰਮਣ ਘੇਰੀ ਵਿੱਚ ਪਾਉਣ ਵਾਲਿਆਂ ਵਿੱਚ ਸਾਡੀਆਂ ਸਿਆਸੀ ਪਾਰਟੀਆਂ ਦੇ ਆਗੂ, ਅਖੌਤੀ ਸਾਧ, ਸੰਤ ਧਰਮ ਦੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਆਪਣਾ ਉਲੂ ਸਿੱਧਾ ਕਰਨਾ ਹੈ। ਕੋਈ ਚੰਗੇ ਦਿਨ ਆਉਣ ਦੇ ਲਾਰੇ ਲਾਉਂਦਾ ਰਿਹਾ ਹੈ ਤੇ ਕੋਈ ਸਵਰਗ ਦੇ ਰਾਹਾਂ ਦੀ ਦੱਸ ਪਾਉਂਦਾ ਹੈ। ਅਧਿਕਾਰੀ ਕੰਮ ਨਾ ਕਰਨ ਵਿੱਚ ਅੜਿੱਕਾ ਪਾਉਂਦੇ ਹਨ। ਰਿਸ਼ਵਤ ਦੇ ਨਾਂ ਹੇਠ, ਚਾਹ ਪਾਣੀ, ਪੈਟਰੋਲ ਦਾ ਖਰਚਾ ਮੰਗਦੇ ਹਨ। ਵਪਾਰੀ ਵਸਤੂਆਂ ਦਾ ਸਟਾਕ ਕਰਕੇ ਵਸਤੂਆਂ ਦੀ ਕਿੱਲਤ ਪੈਦਾ ਕਰਦੇ ਹਨ। ਲੋੜਵੰਦ ਡਰ ਦੇ ਮਾਰੇ ਖਰੀਦੋ-ਫਰੋਖਤ ਕਰਦੇ ਹਨ। ਇਸ ਸਭ ਲੋਕਾਈ ਵਿੱਚ ਆਮ ਵਿਅਕਤੀ ਲੁੱਟਿਆ ਜਾਂਦਾ ਹੈ। ਉਸ ਦੇ ਹਿੱਸੇ, ਗੁਰਬਤ, ਭੁੱਖਮਰੀ, ਕੁੱਟਮਾਰ ਆਉਂਦੀ ਹੈ। ਇਹ ਉਹ ਕੁੱਟ ਮਾਰ ਹੈ, ਜਿਹੜੀ ਡਾਂਗਾਂ ਸੋਟਿਆਂ ਵਾਲੀ ਨਹੀਂ ਸਗੋਂ ਉਹ ਕੁੱਟ ਹੈ, ਜਿਹੜੀ ਆਰਥਿਕ, ਸਰੀਰਿਕ ਤੇ ਮਾਨਸਿਕ ਕੁੱਟ ਹੈ। ਜਿਹੜੀ ਨਜ਼ਰ ਨਹੀਂ ਆਉਂਦੀ। ਪਤਾ ਉਸ ਸਮੇਂ ਹੀ ਲੱਗਦਾ ਹੈ, ਜਦੋਂ ਭਰੇ ਬਜ਼ਾਰ ਵਿੱਚ ਆਮ ਆਦਮੀ ਲੁੱਟਿਆ ਤੇ ਕੁੱਟਿਆ ਤੇ ਮਾਰਿਆ ਜਾਂਦਾ ਹੈ। ਜਦੋਂ ਭਗਵੇਂ ਤੁਰਲੇ ਵਾਲਿਆਂ ਨੇ ਚੰਗੇ ਦਿਨ ਆਉਣ ਦਾ ਹੋਕਾ ਦਿੱਤਾ ਸੀ ਤਾਂ ਸਾਰਾ ਦੇਸ਼ ਹੀ ਉਹਨਾਂ ਦੇ ਮਗਰ ਹੋ ਤੁਰਿਆ। ਦੇਸ਼ ਦੇ ਲੋਕਾਂ ਨੂੰ ਹੁਣ ਸਮਝ ਆਉਣ ਲੱਗੀ ਕਿ ਹਾਥੀ ਦੇ ਦੰਦ ਖਾਣ ਤੇ ਦਿਖਾਉਣ ਵਾਲੇ ਕਿਹੜੇ ਸਨ। ਉਹ ਇਹਨਾਂ ਦੰਦਾਂ ਦੇ ਕੰਮ ਨੂੰ ਜਦੋਂ ਤੱਕ ਸਮਝਣਗੇ, ਉਦੋਂ ਤੱਕ ਭਾਣਾ ਬੀਤ ਜਾਣਾ ਹੈ। ਇਸ ਭਾਣੇ ਨੂੰ ਫਿਰ ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿੰਦਾ। ਚਾਰਾ-ਜੋਈ ਕਰਨੀ ਉਹਨਾਂ ਦਾ ਫਰਜ਼ ਹੈ। ਜਿਹੜੀਆਂ ਦੇਸ਼ ਨੂੰ ਇਹ ਦੱਸਦੀਆਂ ਹਨ ਕਿ ਅਸੀਂ ਆਮ ਆਦਮੀ ਦੀ ਜਾਨ ਮਾਲ ਦੇ ਰਖਵਾਲੇ ਹਾਂ। ਉਹ ਨਾਅਰੇ ਤਾਂ ਮਾਰਦੇ ਹਨ ਕਿ ਦੁਨੀਆਂ ਭਰ ਦੇ ਮਜ਼ਦੂਰੋ ਇੱਕ ਹੋ ਜਾਉ ਪਰ ਆਪ ਨੌ ਪੂਰਬੀਏ ਅਠਾਰਾਂ ਚੁਲਿਆਂ ਵਾਂਗ, ਖੱਖੜੀਆਂ ਕਰੇਲੇ ਹੋਏ ਪਏ ਹਨ। ਹੁਣ ਜਦੋਂ ਚਾਰੇ ਪਾਸੇ ਮਹਿੰਗਾਈ, ਭੁੱਖ ਮਰੀ, ਲੁੱਟ ਮਾਰ, ਭਿ੍ਸ਼ਟਚਾਰ, ਪਰਿਵਾਰਵਾਦ, ਵਧ ਰਿਹਾ ਹੈ ਤਾਂ ਆਮ ਆਦਮੀ ਦੇ ਪੈਰਾਂ ਹੇਠੋਂ ਜ਼ਮੀਨ ਤੇ ਸਿਰ ਉੱਤੋਂ ਛੱਤ ਗੁਆਚ ਗਈ ਹੈ। ਉਸ ਨੂੰ ਭਰਮ ਹੈ ਜਾਂ ਫਿਰ ਸਾਡੇ ਅਖੌਤੀ ਬਾਬਿਆਂ ਨੇ ਉਸ ਨੂੰ ਇਹ ਵਹਿਮ ਪਾ ਦਿੱਤਾ ਹੈ ਕਿ ਕੋਈ ਪੈਗ਼ੰਬਰ, ਜਾਂ ਕੋਈ ਸ਼ਹੀਦ ਭਗਤ ਸਿੰਘ ਵਰਗਾ ਯੋਧਾ ਆਵੇਗਾ ਤੇ ਉਹਨਾਂ ਦੇ ਦੁੱਖੜੇ ਤੇ ਦਰਦ ਦੂਰ ਕਰੇਗਾ। ਸਮੇਂ ਦਾ ਸੱਚ ਤਾਂ ਇਹ ਹੈ ਕਿ ਕਿਸੇ ਪੈਗ਼ੰਬਰ ਜਾਂ ਕਿਸੇ ਯੋਧੇ ਨਹੀਂ ਆਉਣਾ। ਯੋਧਾ ਤਾਂ ਚੁਰਾਹੇ ਵਿੱਚੋਂ ਹੀ ਪੈਦਾ ਹੋਵੇਗਾ। ਜਿਹੜਾ ਧਰਤੀ ਉੱਤੇ ਸਰਕ ਰਹੇ ਆਮ ਲੋਕਾਂ ਨੂੰ ਖੜਨ, ਤੁਰਨ ਤੇ ਬੋਲਣ ਦੀ ਗੁੜਤੀ ਦੇਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਧਰਤੀ ਦੇ ਆਮ ਲੋਕਾਂ ਦਾ ਜਿਉਣਾ ਦੁੱਭਰ ਹੁੰਦਾ ਹੈ ਉਦੋਂ ਹੀ ਕੋਈ ਸੂਰਮਾ ਉੱਠਦਾ ਹੈ। ਕਹਿਣ ਵਾਲੇ ਤਾਂ ਹੁਣ ਵੀ ਕਹਿੰਦੇ ਹਨ ਕਿ ਇਹ ਜੋ ਜ਼ਿੰਦਗੀ ਜਿਉਂ ਰਹੇ ਨੇ ਇਹ ਕੋਈ ਜਿਉਣ ਦੇ ਲਾਇਕ ਹੈ। ਹੁਣ ਆਮ ਮਨੁੱਖ ਕੋਲੋਂ ਉਸ ਦੀਆਂ ਮੁੱਢਲੀਆਂ ਲੋੜਾਂ ਸਿਹਤ, ਸਿੱਖਿਆ ਤੇ ਰੋਜ਼ਗਾਰ ਤਾਂ ਖੋਹਿਆ ਗਿਆ। ਝੀਲ ਦੇ ਆਲੇ ਦੁਆਲੇ ਭੀੜ੍ਹ ਤੰਤਰ ਵੱਧ ਰਿਹਾ ਹੈ, ਗੋਦੀ ਮੀਡੀਆ ਦੁਕਾਨਦਾਰ ਬਣ ਕੇ ਰਿਹਾ ਹੈ! ਅਣਜਾਣ ਲੋਕ ਮਾਰੇ ਜਾ ਰਹੇ ਹਨ। ਸੜਕਾਂ ਤੇ ਦਫ਼ਤਰਾਂ ਚ ਕੋਰਟਾਂ ਚ ਤੇ ਘਰਾਂ ਚ। ਅਸੀ ਘਰ ਸੰਭਾਲ ਰਹੇ ਤੇ ਉਹ ਭੀੜਤੰਤਰ ਬਣਾ ਰਹੇ ਹਨ। ਹੋਰ ਕੀ ਭਾਲਦਾ ਹੈ, ਮਨੁੱਖ ਉਨ੍ਹਾਂ ਜ਼ਰਵਾਣਿਆਂ ਕੋਲੋਂ। ਜਿਹੜੇ ਕਦੇ ਧਰਮ, ਜਾਤ, ਨਸਲ, ਇਲਾਕੇ ਦੇ ਨਾਂ ਉੱਤੇ ਦੰਗੇ ਫਸਾਦ ਕਰਵਾਉਂਦੇ ਹਨ। ਨਾਲੇ ਉਹ ਮਾਰਦੇ ਹਨ, ਕੁੱਟਦੇ ਹਨ, ਲੁੱਟਦੇ ਹਨ। ਘਰਾਂ ਦੀ ਸਾੜ ਫੂਕ ਕਰਦੇ ਹਨ, ਨਾਲੇ ਰੋਣ ਵੀ ਨਹੀਂ ਦੇਂਦੇ। ਸਗੋਂ ਧਮਕੀਆਂ ਦੇਂਦੇ ਹਨ, ਜੇ ਤੁਸੀਂ ਇਉਂ ਕਰੋਗੇ, ਤਾਂ ਅਸੀਂ ਇਉਂ ਕਰਾਂਗੇ। ਉਹ ਤਾਂ ਜੋ ਚਾਹੁੰਦੇ ਹਨ, ਉਹ ਕਰੀ ਜਾ ਰਹੇ ਹਨ। ਪਰ ਜਿਨਾਂ ਦੇ ਵਿਰੁੱਧ ਇਹ ਸਭ ਕੁੱਝ ਹੋ ਰਿਹਾ ਹੈ, ਵਾਪਰ ਰਿਹਾ ਹੈ, ਉਹ ਡਰੀ ਜਾ ਰਹੇ ਹਨ। ਉਹਨਾਂ ਨੇ ਡਰ ਪੈਦਾ ਕੀਤਾ ਹੋਇਆ ਹੈ। ਇਹ ਉਹ ਡਰ ਹੈ, ਜਿਸ ਨੂੰ ਅਜੇ ਤੱਕ ਉਹ ਲੋਕ, ਅਧਿਕਾਰੀ, ਅਫ਼ਸਰ ਵੀ ਸਮਝ ਨਹੀਂ ਸਕੇ। ਅਸਲ ਖੇਡ ਕੌਣ ਖੇਡ ਰਿਹਾ ਹੈ। ਇਸ ਖੇਡ ਵਿੱਚ ਆਮ ਆਦਮੀ ਹਰ ਥਾਂ ਮਾਰਿਆ ਜਾ ਰਿਹਾ ਹੈ। ਉਸ ਨੂੰ ਕਿਸੇ ਵੀ ਧਾਰਾ ਅਧੀਨ ਕਾਲ ਕੋਠੜੀ ਵਿੱਚ ਡੱਕਿਆ ਜਾ ਰਿਹਾ ਹੈ। ਉਸ ਨੂੰ ਦੇਸ਼ ਧ੍ਰੋਹੀ, ਡਾਕੂ, ਲੁਟੇਰੇ, ਸਮੱਗਲਰ, ਲੀਡਰ, ਧਾਰਮਿਕ ਆਗੂਆਂ ਦੇ ਦੁਆਰੇ ਸੁਰੱਖਿਆ ਦੀ ਛੱਤਰੀ ਤਣੀ ਹੋਈ ਹੈ। ਇਹ ਛੱਤਰੀ ਉਹਨਾਂ ਇਸ ਲਈ ਤਾਣੀ ਹੋਈ ਹੈ ਤਾਂ ਕਿ ਆਮ ਵਿਅਕਤੀ ਉਹਨਾਂ ਤੱਕ ਪਹੁੰਚ ਨਾ ਕਰ ਸਕੇ। ਉਹ ਲੋਕ ਬੁਸ ਗਏ ਪਾਣੀਆਂ ਦੇ ਕਿਨਾਰੇ ਖੜੇ ਉਹ ਰੁੱਖ ਹਨ, ਜਿਨ੍ਹਾਂ ਦੇ ਉੱਪਰ ਕੋਈ ਪੰਛੀ ਆਲ੍ਹਣਾ ਨਹੀਂ ਪਾਉਂਦਾ। ਕੋਈ ਪਰਿੰਦਾ ਉਨ੍ਹਾਂ ਰੁੱਖਾਂ ਦੇ ਕੋਲੋਂ ਦੀ ਨਹੀਂ ਲੰਘਦਾ। ਹੁਣ ਆਮ ਵਿਅਕਤੀ ਦੇ ਜਾਗਣ, ਉਠਣ ਤੇ ਤੁਰਨ ਦਾ ਵੇਲਾ ਹੈ ਤਾਂ ਕਿ ਉਸ ਦੇ ਸੁਪਨੇ ਪੂਰੇ ਹੋ ਸਕਣ। ਮਰ ਗਏ ਸੁਪਨਿਆਂ ਦਾ ਅਸੀਂ ਬਹੁਤ ਮਾਤਮ ਕਰ ਲਿਆ ਹੈ। ਅਸੀਂ ਆਪਣੇ ਜੁਆਨ ਲਹੂ ਨੂੰ ਅੱਗ ਦੀ ਬੂਥੀ ਬਹੁਤ ਪਾ ਲਿਆ ਹੈ। ਹੁਣ ਤਾਂ ਸਮਾਂ ਹੈ, ਲਟ-ਲਟ ਬਣਲ ਤੇ ਸੜ ਮਰਨ ਦਾ ਤਾਂ ਕਿ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਸਕੇ। ਲੋਕ ਸਿਰਫ਼ ਮਰਨ ਲਈ ਹੀ ਨਹੀਂ ਹੁੰਦੇ। ਜਿਉਣ ਲਈ ਤੇ ਚੰਗੀ ਜ਼ਿੰਦਗੀ ਨੂੰ ਮਾਣ ਸਕਣ ਦੇ ਸੁਪਨੇ ਵੀ ਸਿਰਜਦੇ ਹਨ। ਸੁਪਨਿਆਂ ਨੂੰ ਸਿਰਜਣਾ, ਉਸ ਨੂੰ ਕਾਗਜ਼ ਤੋਂ ਆਖਿਰ ਮੰਜ਼ਿਲ ਤੱਕ ਲੈ ਕੇ ਜਾਣ ਦਾ ਕਾਰਜ ਹੁਣ ਸਮੇਂ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੀਆਂ ਸਾਡੀਆਂ ਨਸਲਾਂ ਸਾਨੂੰ ਝੀਲਾਂ ਦੇ ਕਿਨਾਰੇ ਖੜੇ ਰੁੱਖ ਹੀ ਆਖਣਗੀਆਂ। ਹੁਣ ਅਸੀਂ ਤੈਅ ਕਰਨਾ ਹੈ ਕਿ ਅਸੀਂ ਵਗਦੇ ਪਾਣੀ, ਵਗਦੀ ਪੌਣ ਤੇ ਤੁਰਦੀ ਜ਼ਿੰਦਗੀ ਬਣਨਾ ਹੈ ਕਿ ਝੀਲ? ਜਾਂ ਭੀੜਤੰਤਰ ਦੀ ਜਦ ਚ ਆ ਕੇ ਸੜਨਾ ਮਰਨਾ ਜਾਂ ਖੜਨਾ ਹੈ? ਹੁਣ ਲੋੜ ਦੌੜਣ ਦੀ ਨਹੀਂ ਸਗੋਂ ਭਜਾਉਣ ਦੀ ਹੈ ਤਾਂ ਕਿ ਆਪਣੀਆਂ ਗਿਰਵੀ ਕੀਤੀਆਂ ਸ਼ਕਤੀਆਂ ਨੂੰ ਛੁਡਾਈਐ ਤੇ ਉਨ੍ਹਾਂ ਨੂੰ ਪੜਨੇ ਪਾਈਏ। ਕੀ ਨੀ ਕਰ ਸਕਦੇ ਤੁਸੀਂ ? ਜਾਗੋ ਜਾਗੋ ਵੇਲਾ ਜਾਗਣ ਦਾ। ਉਠੋ ਦਰਿਆ ਤੋਂ ਝੀਲ ਬਣੇ ਸਮਾਜ ਦਾ ਹਿਸਾਬ ਮੰਗੋ। ਹੁਣ ਦੇ ਤੁਸੀਂ ਇਹ ਹਿਸਾਬ ਨਾ ਮੰਗਿਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਨੂੰ ਲਾਹਨਤਾਂ ਪਾਉਣਗੀਆਂ। ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਕੀ ਕਰਨਾ ਹੈ।

ਬੁੱਧ ਸਿੰਘ ਨੀਲੋਂ
946437023

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕੱਲਕਤਾ ਵਿੱਚ ਮਹਿਲਾ ਡਾਕਟਰ ਮੋਮਿਤਾ ਦੇਬਨਾਥ ਦੇ ਨਾਲ ਹੋਏ ਬਲਾਤਕਾਰ ਅਤੇ ਹੱਤਿਆ ਨਾ ਸਹਿਣਯੋਗ ਸਦਮਾ : ਨੰਬਰਦਾਰ ਰਣਜੀਤ ਰਾਣਾ
Next articleਮਾ. ਰਾਜ ਹੀਉਂ ਨੂੰ ਸਵੈ ਇੱਛਤ ਸੇਵਾ ਮੁਕਤੀ ਉਪਰੰਤ, ਸਕੂਲ ਸਟਾਫ਼ ਅਤੇ ਪਿੰਡ ਪੰਚਾਇਤ ਵੱਲੋਂ ਨਿੱਘੀ ਵਿਦਾਇਗੀ