ਮਸਲਾ ਸਾਹਿਤਕ ਮੈਗਜ਼ੀਨ ਦਾ, ਚੰਗਾ ਮਾੜਾ ਸਭ ਹੁੰਦਾ ਹੈ !
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਪੰਜਾਬੀ ਭਾਸ਼ਾ ਦੇ ਵਿੱਚ ਛਪਣ ਵਾਲੇ ਸਾਹਿਤਕ ਮੈਗਜ਼ੀਨ ਕੁੱਝ ਪੋਟਿਆਂ ਉਤੇ ਗਿਨਣ ਜੋਗੇ ਹਨ। ਸਭ ਆਪੋ ਆਪਣੇ ਪੱਧਰ ਉੱਤੇ ਆਪਣੀ ਪਹੁੰਚ ਅਨੁਸਾਰ ਸਾਹਿਤ ਪਾਠਕਾਂ ਤੱਕ ਪੁੱਜਦਾ ਕਰ ਰਹੇ ਹਨ। ਪੰਜਾਬੀ ਭਾਸ਼ਾ ਦੇ ਵਿੱਚ ਸਾਹਿਤਕ ਰਿਸਾਲਾ ਕੱਢਣਾ, ਕੋਈ ਸੌਖਾ ਕੰਮ ਨਹੀਂ। ਬੋਕ ਦੇ ਸਿੰਗਾਂ ਨੂੰ ਹੱਥ ਲਾਉਣਾ ਪੈਂਦਾ ਹੈ।
ਪਹਿਲੇ ਸਮਿਆਂ ਵਿੱਚ ਤਾਂ ਘਰ ਫੂਕ ਤਮਾਸ਼ਾ ਦੇਖਣਾ ਪੈਂਦਾ ਸੀ। ਅੱਜ ਕੱਲ੍ਹ ਕੁੱਝ ਸੌਖਾ ਹੋ ਗਿਆ ਹੈ। ਰਚਨਾਵਾਂ ਟਾਈਪ ਕਰਨ ਦਾ ਕੰਮ ਘੱਟ ਗਿਆ ਹੈ। ਹੁਣ ਕੰਮ ਹੈ ਰਚਨਾਵਾਂ ਦੇ ਵਿੱਚੋਂ ਉਹਨਾਂ ਦੀ ਚੋਣ ਕਰਨਾ। ਇਹ ਬੜਾ ਔਖਾ ਹੁੰਦਾ ਐ, ਪਰ ਹੁਣ ਰਚਨਾਵਾਂ ਦੇ ਨਾਲ ਨਾਲ ਰਚਨਾਕਾਰ ਦਾ ਨਾਂ ਤੇ ਰੁਤਬੇ ਦਾ ਖਿਆਲ ਰੱਖਣਾ ਪੈਂਦਾ ਹੈ। ਪੰਜਾਬੀ ਦੇ ਲੇਖਕਾਂ, ਵਿਦਵਾਨਾਂ ਤੇ ਕਵੀਆਂ/ ਕਵਿਤਰੀਆਂ ਦਾ ਹੜ੍ਹ ਆਇਆ ਹੋਇਆ ਹੈ। ਇਸ ਹੜ੍ਹ ਵਿੱਚ ਹਰ ਕੋਈ ਵਗਦੀ ਗੰਗਾ ਵਿੱਚ ਹੱਥ ਧੋਣ ਲਈ ਤਿਆਰ ਬੈਠਾ ਹੈ।
ਸਾਹਿਤਕ ਮੈਗਜ਼ੀਨ ਚੰਗਾ ਮਾੜਾ ਨਹੀਂ ਹੁੰਦਾ। ਸਗੋਂ ਉਸ ਵਲੋਂ ਪਾਠਕਾਂ ਨੂੰ ਪ੍ਰਭਾਵਿਤ ਕਰਨ ਲਈ ਜਿਹੜੀ ਸਮੱਗਰੀ ਦੀ ਚੋਣ ਕੀਤੀ ਹੈ, ਉਸ ਉਪਰ ਨਿਰਭਰ ਕਰਦਾ ਹੈ। ਉਸ ਵਲੋਂ ਲਿਖੀ ਸੰਪਾਦਕੀ ਤੇ ਉਸਦੇ ਵਿੱਚ ਉਠਾਏ ਗਏ ਮੁੱਦੇ ਵੀ ਉਸਦੀ ਸੋਚ, ਸਮਝ ਤੇ ਵਿਚਾਰਧਾਰਾ ਨੂੰ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਹਾਈ ਹੁੰਦੀ ਹੈ। ਪਿਛਲੇ ਸਮਿਆਂ ਤੋਂ ਭਾਊ ਪ੍ਰਮਿੰਦਰਜੀਤ ਦੇ ਤੁਰ ਜਾਣ ਤੋਂ ਬਾਅਦ ਇਸ ਅੱਖਰ ਨੂੰ ਕਵੀ ਵਿਸ਼ਾਲ ਨੇ ਸੰਭਾਲਿਆ ਹੈ। ਜਿਵੇਂ ਅਵਤਾਰ ਜੰਡਿਆਲਵੀ ਤੋਂ ਬਾਅਦ ਕਵੀ ਸੁਸ਼ੀਲ ਦੁਸਾਂਝ ਨੇ, ਹੁਣ ਮੈਗਜ਼ੀਨ ਦੀ ਵਾਂਗਡੋਰ ਸੰਭਾਲੀਂ ਹੈ। ਹੁਣ ਮਸਲਾ ਇਹ ਨਹੀਂ ਕਿ ਵਧੀਆ ਮੈਗਜ਼ੀਨ ਕਿਹੜਾ ਹੈ ? ਮਸਲਾ ਇਹ ਹੈ ਕਿ ਤੁਸੀਂ ਆਪਣੇ ਮੈਗਜ਼ੀਨ ਦੇ ਵਿੱਚ ਪਰੋਸ ਕੀ ਰਹੇ ਹੋ ? ਤੁਸੀਂ ਸਮਾਜ ਦੇ ਨਾਲ ਕਿਹੜੇ ਜੁੜੇ ਸਰੋਕਾਰਾਂ ਨੂੰ ਲੋਕ ਕਚਹਿਰੀ ਵਿੱਚ ਪੇਸ਼ ਕਰ ਰਹੇ ਹੋ। ਮੈਨੂੰ ਦੇ ਕੋਈ ਇਹ ਸਵਾਲ ਪੁੱਛੇ ਕਿ ਵਧੀਆ ਮੈਗਜ਼ੀਨ ਕਿਹੜਾ ਹੈ ਤੇ ਘਟੀਆ ਕਿਹੜਾ ਹੈ? ਤਾਂ ਮੈਂ ਕਹਾਂਗਾ ਕਿ ਅੱਖਰ ਦੀ ਸੰਪਾਦਕੀ ਕਰਕੇ ਪੜ੍ਹਨਯੋਗ ਹੈ, ਉਸ ਦੀ ਸੰਪਾਦਕੀ ਹਰ ਵਾਰ ਸਵਾਲ ਖੜੇ ਕਰਦੀ ਹੈ ਤੇ ਉਸ ਵਲੋਂ ਉਠਾਏ ਗਏ ਸਵਾਲਾਂ ਨੂੰ ਸਾਡੇ ਵਿਦਵਾਨ ਤੇ ਲੇਖਕ ਕਿਉਂ ਨਜ਼ਰ ਅੰਦਾਜ਼ ਕਰਦੇ ਹਨ ? ਇਹ ਵੀ ਗੰਭੀਰ ਸਵਾਲ ਹੈ। ਬਾਕੀ ਦੇ ਮੈਗਜ਼ੀਨ ਤਾਂ ਉਨ੍ਹਾਂ ਵਿੱਚ ਛਪੀਆਂ ਰਚਨਾਵਾਂ ਕਰਕੇ ਪੜ੍ਹਨਯੋਗ ਹਨ।
ਪਰ ਮਾੜਾ ਚੰਗਾ ਕੁੱਝ ਨਹੀਂ ਹੁੰਦਾ ਪਰ ਉਸ ਦੇ ਮਨ ਵਿੱਚ ਛੁਪੀ ਮਨਸ਼ਾ ਹੁੰਦੀ ਹੈ ਕਿ ਉਹ ਮੈਗਜ਼ੀਨ ਵਪਾਰਕ ਨਜ਼ਰੀਏ ਤੋਂ ਛਾਪਿਆ ਗਿਆ ਹੈ ਜਾਂ ਸਾਹਿਤ ਸੇਵਾ ਵਜੋਂ ? ਹੁਣ ਵਪਾਰ ਬਿਨਾਂ ਕੋਈ ਮੈਗਜ਼ੀਨ ਛਾਪਣਾ ਪ੍ਰਸੰਸਾਯੋਗ ਹੈ ਪਰ ਉਸ ਵਿਚ ਛਪਿਆ ਸਾਹਿਤ ਕਿੰਨਾ ਕੁ ਪ੍ਰਸ਼ੰਸਾ ਯੋਗ ਹੁੰਦਾ ਹੈ। ਇਹ ਉਸ ਉਪਰ ਨਿਰਭਰ ਕਰਦਾ ਹੈ ਕਿ ਮੈਗਜ਼ੀਨ ਸਾਡੇ ਸਾਹਮਣੇ ਪਰੋਸ ਕੀ ਰਿਹਾ ਹੈ ?
ਪੰਜਾਬੀ ਭਾਸ਼ਾ ਦੇ ਹਰ ਮੈਗਜ਼ੀਨ ਦਾ ਪਾਠਕ ਹੈ। ਉਹਨਾਂ ਦੇ ਲਈ ਉਹੀ ਮੈਗਜ਼ੀਨ ਵਧੀਆ ਹੋ ਸਕਦਾ ਜੋਂ ਦੂਜੇ ਦੇ ਲਈ ਨਾ ਪਸੰਦ ਹੋਵੇ। ਇਸ ਦਾ ਨਿਰਣਾ ਉਸ ਦੀ ਸੰਪਾਦਕੀ ਤੋਂ ਲਗਾਇਆ ਜਾ ਸਕਦਾ ਹੈ। ਉਸ ਵਿਚਲੀਆਂ ਸਾਹਿਤਕ ਲਿਖਤਾਂ ਵਧੀਆ ਘਟੀਆ ਹੋ ਸਕਦੀਆਂ ਹਨ। ਅੱਖਰ ਦੇ ਚੰਗਿਆੜੇ ਕੱਢਦੀਆਂ ਸੰਪਾਦਕੀਆਂ ਤੇ ਘਚੋਲਾ ਪਾਊ ਸਾਹਿਤ ਸਬੰਧੀ ਸੰਪਾਦਕੀਆਂ ਲਿਖਣ ਵਾਲੇ ਮੈਗਜ਼ੀਨ ਆਪਣੇ ਆਪ ਆਪਣੀ ਪਛਾਣ ਬਣਾ ਚੁੱਕੇ ਹਨ। ਸੋਸ਼ਲ ਮੀਡੀਆ ਉੱਤੇ ਉਹ ਸਵਾਲ ਚੁੱਕਦੇ ਹਨ ਜਿਹੜੇ ਆਪ ਕੁੱਝ ਸਿਰਜਣਾ ਕਰਨ ਦੀ ਵਜਾਏ ਓਸ਼ੋ ਦੀਆਂ ਲਿਖਤਾਂ ਨੂੰ ਪਾਠਕਾਂ ਨੂੰ ਪਰੋਸ ਰਹੇ ਹਨ।
ਕਿਸੇ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਵਧੀਆ ਤੇ ਘਟੀਆ ਮੈਗਜ਼ੀਨ ਹੈ। ਇਹ ਤਾਂ ਸਾਡੀ ਸੋਚ ਉਪਰ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੇ ਕੁਝ ਪਾਣੀ ਵਿੱਚ ਹਾਂ।
—-
ਬੁੱਧ ਸਿੰਘ ਨੀਲੋਂ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਨਹਿਰ ਕਿਨਾਰੇ ਨੀਲੋਂ, ਲੁਧਿਆਣਾ।
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly