ਕਿਸਾਨਾਂ ਨੂੰ ਝੋਨੇ ਵਿੱਚ ਮਧਰੇਪਣ ਦੀ ਸਮੱਸਿਆ ਬਾਰੇ ਸੁਚੇਤ ਰਹਿਣ ਦੀ ਲੋੜ

ਨਵਾਂਸ਼ਹਿਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ)
ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਝੋਨੇ ਵਿੱਚੋਂ ਕੁਝ ਮਧਰੇ ਬੂਟਿਆਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਬੂਟਿਆਂ ਦੇ ਮਧਰੇਪਣ ਦੇ ਕਈ ਕਾਰਣ ਹੋ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਮਨਿੰਦਰ ਸਿੰਘ ਬੌਂਸ, ਸਹਿਯੋਗੀ ਨਿਰਦੇਸ਼ਕ (ਸਿਖਲਾਈ), ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਇਸ ਬਾਰੇ ਪੂਰੀ ਤਰ੍ਹਾਂ ਸੁਚੇਤ ਹਨ ਅਤੇ ਇਸ ਦੀ ਛਾਣਬੀਣ ਕਰ ਰਹੇ ਹਨ। ਇਸ ਦੌਰਾਨ ਕਈ ਥਾਂਵਾਂ ‘ਤੇ ਜ਼ਿੰਕ ਦੀ ਘਾਟ ਦੇਖਣ ਨੂੰ ਮਿਲੀ ਹੈ ਜੋ ਕਿ ਮਧਰੇਪਣ ਦਾ ਇਕ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦੇ ਇੱਕ ਨਵੇਂ ਵਿਸ਼ਾਣੂੰ ਰੋਗ ਕਰਕੇ ਵੀ ਹੋ ਸਕਦਾ ਹੈ, ਜੋ ਭਾਰਤ ਵਿੱਚ ਪਹਿਲੀ ਵਾਰ 2022 ਵਿੱਚ ਵੇਖਿਆ ਗਿਆ ਸੀ। ਇਹ ਵਿਸ਼ਾਣੂੰ ਰੋਗ ਝੋਨੇ ਦੇ ਚਿੱਟੀ ਪਿੱਠ ਵਾਲੇ ਟਿੱਡੇ ਰਾਹੀਂ ਫੈਲ਼ਦਾ ਹੈ ਅਤੇ ਝੋਨੇ ਦੀਆਂ ਮੋਜੂਦਾ ਸਾਰੀਆਂ ਕਿਸਮਾਂ ਉੱਤੇ ਹਮਲਾ ਕਰ ਸਕਦਾ ਹੈ। ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਉਨ੍ਹਾਂ ਦੇ ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ। ਪ੍ਰਭਾਵਿਤ ਬੂਟਿਆਂ ਦੀ ਉਚਾਈ ਆਮ ਬੂਟਿਆਂ ਨਾਲੋਂ ਅੱਧੀ ਜਾਂ ਇੱਕ–ਤਿਹਾਈ ਰਹਿ ਜਾਂਦੀ ਹੈ। ਰੋਗ ਦੇ ਜਿਆਦਾ ਹਮਲੇ ਕਾਰਨ ਕਈ ਵਾਰ ਬੂਟੇ ਮੁਰਝਾ ਕੇ ਸੁੱਕ ਵੀ ਜਾਂਦੇ ਹਨ।
ਇਸ ਸਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਕਿ ਰੂਪਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ, ਪਟਿਆਲ਼ਾ, ਫਤਿਹਗੜ ਸਾਹਿਬ ਦੇ ਨਾਲ਼ ਲਗਦੇ ਇਲਾਕਿਆਂ ਵਿੱਚੋਂ ਝੋਨੇ ਦੇ ਕਈ ਸੈਂਪਲਾਂ ਵਿੱਚੋਂ ਕੁਝ ਕੁ ਵਿੱਚ ਇਹ ਰੋਗ ਵਾਲ਼ਾ ਵਾਇਰਸ ਪਾਇਆ ਗਿਆ ਹੈ। ਡਾ. ਪ੍ਰਭਜੋਧ ਸਿੰਘ ਸੰਧੂ, ਮੁਖੀ, ਪੌਦਾ ਰੋਗ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੱਸਿਆ ਕਿ ਹਾਲਾਂਕਿ ਅਜੇ ਤੱਕ ਇਹ ਰੋਗ ਸਿਰਫ ਕੂਝ ਕੁ ਖੇਤਾਂ ਵਿੱਚ ਹੀ ਵੇਖਿਆ ਗਿਆ ਹੈ। ਇਹ ਰੋਗ ਰੋਗੀ ਬੂਟਿਆਂ ਤੋਂ ਤੰਦਰੁਸਤ ਬੂਟਿਆਂ ਊੱਪਰ ਚਿੱਟੀ ਪਿੱਠ ਵਾਲ਼ੇ ਟਿੱਡੇ ਰਾਹੀਂ ਫੈਲਦਾ ਹੈ। ਇਸ ਕੀੜੇ ਦੀ ਖੇਤ ਵਿੱਚ ਮੌਜੂਦਗੀ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਇਹ ਬਿਮਾਰੀ ਨੂੰ ਅੱਗੇ ਨਾ ਫੈਲਾਅ ਸਕੇ। ਉਹਨਾਂ ਅੱਗੇ ਦੱਸਿਆ ਕਿ ਕਈ ਥਾਂਵਾਂ ਤੇ ਜ਼ਿੰਕ ਦੀ ਘਾਟ ਹੈ ਉਥੇ ਇਸ ਤੱਤ ਦੀ ਪੂਰਤੀ ਕੀਤੀ ਜਾਵੇ। ਕਿਸਾਨ ਮਧਰੇਪਣ ਵਾਲ਼ੀ ਸੰਭਾਵਿਤ ਬਿਮਾਰੀ ਬਾਰੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਸੂਚਿਤ ਕਰ ਸਕਦੇ ਹਨ। ਬਿਮਾਰੀ ਵਾਲ਼ੇ ਬੂਟਿਆਂ ਨੂੰ ਪੁੱਟ ਕੇ ਖੇਤ ਵਿੱਚ ਡੂੰਘਾ ਦੱਬ ਦੇਣਾ ਚਾਹੀਦਾ ਹੈ। ਜੇਕਰ ਟਿੱਡੇ ਦੀ ਆਮਦ ਨਜ਼ਰ ਆਉਂਦੀ ਹੈ ਤਾਂ ਕਿਸੇ ਵੀ ਕੀਟਨਾਸ਼ਕ ਜਿਵੇਂ ਕਿ 94 ਮਿ.ਲਿ. ਪੈਕਸਾਲੋਨ 10 ਐਸ ਸੀ ਜਾਂ 60 ਗ੍ਰਾਮ ਉਲਾਲਾ 50 ਡਬਲਯੂ ਜੀ ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਐਸ ਜੀ ਜਾਂ 120 ਗ੍ਰਾਮ ਚੈੱਸ 50 ਡਬਲਯੂ ਜੀ ਜਾਂ 400 ਮਿ.ਲਿ. ਆਰਕੈਸਟਰਾ 10 ਐਸ ਸੀ  ਜਾਂ 300 ਮਿ.ਲਿ. ਇਮੇਜਿਨ 10 ਐਸ ਸੀ ਨੂੰ ਪ੍ਰਤੀ ਏਕੜ ਦੇ ਹਿਸਾਬ  ਨਾਲ਼ 100 ਲਿਟਰ ਪਾਣੀ ਵਿੱਚ ਘੋਲ ਕੇ ਬੂਟਿਆਂ ਦੇ ਮੁੱਢਾਂ ਤੇ ਛਿੜਕਾਅ ਕਰੋ ।ਸੁਚੱਜੀ ਰੋਕਥਾਮ ਵਾਸਤੇ ਪਿੱਠੂ ਪੰਪ ਅਤੇ ਗੋਲ ਨੋਜ਼ਲ ਦਾ ਇਸਤੇਮਾਲ ਕਰੋ।ਕੀਟਨਾਸ਼ਕਾਂ ਦਾ ਸਪਰੇਅ ਸਿਰਫ ਲੋੜ ਮੁਤਾਬਿਕ ਹੀ ਕਰਨਾ ਚਾਹੀਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article7 ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਲਈ ਜਲਦ ਮਿਲੇਗਾ ਬਸਤੀ ਪੀਰਦਾਦ ਵਿਖੇ ਸਥਾਪਤ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਸੋਧਿਆ ਪਾਣੀ
Next articleਖੂਹ/ਬੋਰਵੈਲ ਨੂੰ ਕਿਸੇ ਵੀ ਹਾਲਤ ਵਿਚ ਖੁੱਲਾ ਨਾ ਛੱਡਿਆ ਜਾਵੇ – ਜ਼ਿਲ੍ਹਾ ਮੈਜਿਸਟਰੇਟ