ਕਬੂਲ ਐ

ਬੌਬੀ ਗੁਰ ਪਰਵੀਨ

(ਸਮਾਜ ਵੀਕਲੀ)

ਦਿਲੋਂ ਮੇਰੇ ਤੇ ਸਦਕੇ ਜਾਣਾ,
ਮੂੰਹੋਂ ਕਦੇ ਨਾ ਪਿਆਰ ਜਤਾਉਣਾ,
ਪੁੱਛ ਲਵਾਂ ਤਾਂ ਗੱਲ ਘੁਮਾਉਣਾ,
ਤੇਰਾ ਇਹ ਅੰਦਾਜ਼, ਕਬੂਲ ਐ ਮੈਨੂੰ।

ਖ਼ਿਆਲਾਂ ਵਿੱਚ ਮੈਨੂੰ ਬੁਣਦੇ ਰਹਿਣਾ,
ਕਦੇ ਸਤਾਉਣਾ ਤੇ ਕਦੇ ਹਸਾਉਣਾ,
ਸੋਚਾਂ ਵਿੱਚ ਆ ਗਲਵੱਕੜੀ ਪਾਉਣਾ,
ਤੇਰਾ ਹਰ ਅਹਿਸਾਸ, ਕਬੂਲ ਐ ਮੈਨੂੰ।

ਤੇਰੇ ਜ਼ਿਹਨ ‘ਚ, ਮੇਰਾ ਹੋਣਾ,
ਗੰਢਣਾ ਮੈਨੂੰ, ਕਦੇ ਪਰੋਣਾ,
ਦੂਰ ਹੋਕੇ, ਤੇਰਾ ਕੋਲੇ ਹੋਣਾ,
ਤੇਰਾ ਇਹ ਧਰਵਾਸ, ਕਬੂਲ ਐ ਮੈਨੂੰ ।

ਰੂਹ ਦਾ ਰੂਹ ਨੂੰ ਦਸਤਕ ਦੇਣਾ,
ਪੀੜ ਮੇਰੀ ਤੇ, ਤੇਰਾ ਰੋਣਾ,
ਅਲਵਿਦਾ ਕਹਿ, ਮੁੜ ਆ ਖਲੋਣਾ,
ਤੇਰਾ ਇਹ ਸਰੋਕਾਰ, ਕਬੂਲ ਐ ਮੈਨੂੰ।

ਖਿੱਤੀਆਂ ਵਿੱਚ ਲੁਕੀ ਉਦਾਸੀ ਪੜ੍ਹਨਾ,
ਅਣ ਕਹੇ ਸ਼ਬਦਾਂ ਨੂੰ ਸੁਣਨਾ,
ਬੋਲਾਂ ਨਾਲ ਮੇਰੀ ਰੂਹ ਨੂੰ ਰੰਗਣਾ,
ਤੇਰੇ ਜਿਹਾ ਕਲਾਕਾਰ, ਕਬੂਲ ਐ ਮੈਨੂੰ ।

ਮੇਰੇ ਹਾਸਿਆਂ ਨਾਲ ਤੇਰਾ ਚਿੱਤ ਖਿੜਨਾ,
ਰੋਸਿਆਂ ਨੂੰ ਵੀ ਸਿਰ ਮੱਥੇ ਤੇ ਧਰਨਾ,
ਹਾਰੇ ਜੋਸ਼ ਵਿੱਚ ਹਿੰਮਤ ਭਰਨਾ,
ਤੇਰਾ ਇਹ ਇਤਬਾਰ, ਕਬੂਲ ਐ ਮੈਨੂੰ।

ਜਨਮਾਂ ਜਨਮਾਂਤਰਾਂ ਤੱਕ ਰਾਹ ਵੇਖਣਾ,
ਸਾਥ ਮੇਰੇ ਲਈ ਤੇਰਾ ਭਟਕਣਾ,
ਆਦਿ ਤੋਂ ਜੁਗਾਦਿ ਤੱਕ ਉਡੀਕਣਾ,
ਤੇਰਾ ਇਹ ਇੰਤਜ਼ਾਰ, ਕਬੂਲ ਐ ਮੈਨੂੰ ।
ਕਬੂਲ ਐ ਮੈਨੂੰ!
—-
ਬੌਬੀ ਗੁਰ ਪਰਵੀਨ

Previous articleਤੀਆਂ ਤੀਜ ਦੀਆਂ
Next articleਬੇਅਦਬੀ ਕਾਂਡ ‘ਤੇ ਸੁਖਬੀਰ ਬਾਦਲ ਨੇ ਮੰਗੀ ਮੁਆਫੀ, ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ‘ਚ ਲਿਆ ਜਾਵੇਗਾ ਫੈਸਲਾ