” ਗੁਲਾਮੀ ਦਾ ਦੂਜਾ ਰੂਪ ਹੈ ਮਨੁੱਖੀ ਤਸਕਰੀ “

(ਸਮਾਜ ਵੀਕਲੀ) ਪੂਰੀ ਦੁਨੀਆਂ ਵਿੱਚ 30 ਜੁਲਾਈ ਨੂੰ ਮਨੁੱਖੀ ਤਸਕਰੀ ਵਿਰੋਧੀ ਦਿਵਸ ਮਨਾਇਆ ਜਾਂਦਾ ਹੈ ਜਿਸਦਾ ਮਕਸਦ ਇਸਨੂੰ ਰੋਕਣਾ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਹੈ। ਦੇਸ਼ ਵਿੱਚ ਲਗਾਤਾਰ ਹੋ ਰਹੀ ਮਨੁੱਖੀ ਤਸਕਰੀ ਦੇਸ਼ ਅਤੇ ਸਮਾਜ ਦੇ ਮੱਥੇ ਤੇ ਇੱਕ ਕਲੰਕ ਹੈ ਜਿਸ ਨੂੰ ਕਦੇ ਵੀ ਧੋਇਆ ਨਹੀਂ ਜਾ ਸਕਦਾ ਮਨੁੱਖੀ ਤਸਕਰੀ ਇੱਕ ਉਹ ਸਾਧਨ ਹੈ ਜਿਸ ਦੁਆਰਾ ਹਰ ਲਿੰਗ, ਉਮਰ, ਨਸਲ ਅਤੇ ਸਭਿਆਚਾਰ ਦੇ ਲੋਕਾਂ ਨੂੰ ਮੁਫਤ ਮਜ਼ਦੂਰੀ ਅਤੇ ਜਿਨਸੀ ਕੰਮਾਂ ਲਈ ਖਰੀਦਿਆ ਅਤੇ ਵੇਚਿਆ ਜਾਂਦਾ ਹੈ। ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਇਹ ਗੁਲਾਮੀ ਦਾ ਹੀ ਇੱਕ ਰੂਪ ਹੈ। ਜਿਨ੍ਹਾਂ ਨੂੰ ਤਸਕਰੀ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੁੰਦਾ ਹੈ ਉਨ੍ਹਾਂ ਵਿੱਚ ਔਰਤਾਂ, ਬੱਚੇ, ਕਿਸ਼ੋਰ, ਬੇਘਰ ਵਿਅਕਤੀ, ਪ੍ਰਵਾਸੀ, ਅਤੇ ਪਾਲਣ ਪੋਸ਼ਣ ਵਾਲੇ ਬੱਚੇ। ਕਈ ਵਾਰ ਲੋਕਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਮਨੁੱਖੀ ਤਸਕਰੀ ਦਾ ਸ਼ਿਕਾਰ ਹਨ। ਕਈ ਮਾਮਲਿਆਂ ਵਿੱਚ, ਪੀੜਤ ਮਦਦ ਤੱਕ ਨਹੀਂ ਪਹੁੰਚ ਸਕਦੇ ਜਾਂ ਮਦਦ ਮੰਗਣ ਤੋਂ ਡਰਦੇ ਹਨ। ਅਗਰ ਅਸੀਂ ਦਿਲੀ ਦੇ ਜੀ ਬੀ ਰੋਡ ਦੀ ਗੱਲ ਕਰੀਏ ਤਾਂ ਇਥੇ ਜ਼ਿਆਦਾ ਤਰ ਲੜਕੀਆਂ ਤਸਕਰੀ ਦਾ ਸ਼ਿਕਾਰ ਹੋ ਕੇ ਆਈਆਂ ਹੋਈਆਂ ਹਨ। ਦੇਸ਼ ਵਿੱਚ ਬਹੁਤ ਸਾਰੀਆਂ ਕੁੜੀਆਂ ਨੂੰ ਰੁਜ਼ਗਾਰ ਦਾ ਝਾਂਸਾ ਦੇ ਕੇ ਜਾਂ ਵਰਗਲਾ ਕੇ ਇਥੇ ਲਿਆਂਦਾ ਜਾਂਦਾ ਹੈ ਅਤੇ ਫਿਰ ਸਾਰੀ ਉਮਰ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਵਾਇਆ ਜਾਂਦਾ ਹੈ। ਬਹੁਤ ਸਾਰੀ ਕੁੜੀਆਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਤੇ ਲਗਾ ਕੇ ਵੀ ਤਸਕਰੀ ਗੈਂਗ ਸਾਰੀ ਉਮਰ ਉਨ੍ਹਾਂ ਦਾ ਸ਼ੋਸਣ ਕਰਦੇ ਹਨ। ਦੇਸ਼ ਵਿੱਚ ਬਹੁਤ ਸਾਰੇ ਛੋਟੇ ਬੱਚਿਆਂ ਨੂੰ ਤਸਕਰੀ ਗਿਰੋਹਾਂ ਵਲੋਂ ਅਗਵਾ ਕਰਕੇ ਉਨ੍ਹਾਂ ਤੋਂ ਮੰਗਤਿਆਂ ਵਾਲਾ ਕੰਮ ਕਰਵਾਇਆ ਜਾਂਦਾ ਹੈ ਜਾਂ ਫਿਰ ਕਿਸੇ ਫੈਕਟਰੀ ਜਾਂ ਦੁਕਾਨਾਂ ਤੇ ਕੰਮ ਕਰਵਾ ਕੇ ਉਨ੍ਹਾਂ ਦੀ ਮਿਹਨਤ ਮਜ਼ਦੂਰੀ ਆਪ ਵਸੂਲੀ ਜਾਂਦੀ ਹੈ। ਇੱਕ ਅੰਦਾਜ਼ੇ ਮੁਤਾਬਕ ਪਿਛਲੇ ਇੱਕ ਦਹਾਕੇ ਵਿੱਚ ਤਕਰੀਬਨ ਸੱਤ ਲੱਖ ਔਰਤਾਂ, ਲੜਕੀਆਂ ਅਤੇ ਬੱਚਿਆਂ ਨੂੰ ਬੰਗਲਾ ਦੇਸ਼ ਤੋਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਲਿਆਂਦਾ ਗਿਆ ਅਤੇ ਇਹ ਗਿਣਤੀ ਹਰ ਸਾਲ ਵਧਦੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਪੱਛਮੀ ਬੰਗਾਲ ਅੱਜ ਭਾਰਤ ਦੇ ਸਭ ਤੋਂ ਵੱਡੇ ਸੈਕਸ ਬਜ਼ਾਰ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਅਤੇ ਅੰਕੜੇ ਵੀ ਇਸ ਗੱਲ ਦੀ ਗਵਾਹੀ ਦਿੰਦੇ ਹਨ। ਦੇਸ਼ ਭਰ ਦੇ ਵੇਸਵਾ ਘਰਾਂ ਵਿੱਚ ਵੇਸਵਾਗਮਨੀ ਤੋਂ ਛੁਡਵਾਈਆਂ ਗਈਆਂ ਕੁੜੀਆ ਜ਼ਿਆਦਾ ਕਰਕੇ ਬੰਗਲਾ ਦੇਸ਼ ਅਤੇ ਨੇਪਾਲ ਦੀਆਂ ਹਨ । ਬੰਗਲਾ ਦੇਸ਼ ਨਾਲ ਲੱਗਦੀ ਬੇਨੋਪੋਲ ਸਰਹੱਦ ਮਨੁੱਖੀ ਤਸਕਰੀ ਲਈ ਦਲਾਲਾਂ ਦੁਆਰਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਰਸਤਾ ਹੈ ਅਤੇ ਬੰਗਲਾ ਦੇਸ਼ ਦੇ ਦਲਾਲਾਂ ਨੇ ਸਰਹੱਦੀ ਖੇਤਰਾਂ ਵਿੱਚ ਮਜ਼ਬੂਤ ਟਿਕਾਣੇ ਬਣਾਏ ਹੋਏ ਹਨ। ਚੰਗਾ ਜੀਵਨ, ਰੁਜ਼ਗਾਰ, ਤਨਖਾਹ ਅਤੇ ਸਹੂਲਤਾਂ ਤੋਂ ਇਲਾਵਾ ਬੰਗਲਾ ਦੇਸ਼ੀ ਕੁੜੀਆਂ ਨੂੰ ਵਿਆਹ ਅਤੇ ਫ਼ਿਲਮਾਂ ਵਿੱਚ ਕੰਮ ਕਰਨ ਦਾ ਲਾਲਚ ਦਿੱਤਾ ਜਾਂਦਾ ਹੈ, ਜਾਂ ਫਿਰ ਗਰੀਬੀ ਕਾਰਨ ਉਨ੍ਹਾਂ ਨੂੰ ਵੇਚਿਆ ਜਾਂਦਾ ਹੈ ਇਸ ਕੰਮ ਲਈ ਮੁੰਬਈ, ਹੈਦਰਾਬਾਦ ਅਤੇ ਬੈਂਗਲੁਰੂ ਉਨ੍ਹਾਂ ਦੇ ਪਸੰਦੀਦਾ ਸਥਾਨ ਮੰਨੇ ਜਾਂਦੇ ਹਨ । ਅਗਰ ਨੌਜਵਾਨਾ ਦੀ ਗੱਲ ਕਰੀਏ ਤਾਂ ਰਾਸ਼ਟਰ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਇਹ ਪਤਾ ਲੱਗਾ ਹੈ ਕਿ ਇਸ ਗੋਰਖਧੰਦੇ ਵਿੱਚ ਫਸ ਚੁੱਕੇ ਨੌਜਵਾਨਾਂ ਨੂੰ ਸ਼ਾਤਿਰ ਦਿਮਾਗ ਅਪਰਾਧੀਆਂ ਨੇ ਨੌਕਰੀ ਜਾਂ ਪੈਸਿਆਂ ਦਾ ਲਾਲਚ ਦੇ ਕੇ ਫਸਾਇਆ ਹੁੰਦਾ ਹੈ। ਨਿੱਕੇ ਬੱਚਿਆਂ ਨੂੰ ਜਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਜਾਂ ਫਿਰ ਗ਼ਰੀਬ ਮਾਪਿਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਬੱਚੇ ਉਨ੍ਹਾ ਤੋਂ ਖਰੀਦ ਲਏ ਜਾਂਦੇ ਹਨ ਤੇ ਫਿਰ ਇਸ ਕਾਲੇ ਕਾਰੋਬਾਰ ਵਿੱਚ ਧੱਕ ਦਿੱਤੇ ਜਾਂਦੇ ਹਨ। ਇਸ ਧੰਦੇ ਦੇ ਮਾਹਿਰ ਲੋਕ ਸਮਾਜ ਵਿੱਚ ਗ਼ਰੀਬ,ਇਕੱਲੇ,ਬੇਰੁਜ਼ਗਾਰ,ਅਨਪੜ੍ਹ ਲੋਕਾਂ ਨੂੰ ਤਲਾਸ਼ਦੇ ਰਹਿੰਦੇ ਹਨ ਤੇ ਹੋਰ ਤਾਂ ਹੋਰ ਕਿਸੇ ਮੁਲਕ ਵਿੱਚ ਜੰਗ ਜਾਂ ਕੁਦਰਤੀ ਆਫ਼ਤ ਦੀ ਸ਼ਿਕਾਰ ਔਰਤਾਂ ਤੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾਉਣ ਤੋਂ ਬਾਜ਼ ਨਹੀਂ ਆਉਂਦੇ ਹਨ। ਅਨੇਕਾਂ ਬੱਚਿਆਂ ਤੇ ਔਰਤਾਂ ਨੂੰ ਤਾਂ ਅਜਿਹੇ ਅਣਜਾਣੇ ਮੁਲਕਾਂ ਵਿੱਚ ਲਿਜਾਇਆ ਜਾਂਦਾ ਹੈ ਜਿੱਥੋਂ ਦੀ ਭਾਸ਼ਾ ਵੀ ਉਨ੍ਹਾ ਨੂੰ ਸਮਝ ਨਹੀਂ ਆਉਂਦੀ ਹੈ। ਉਨ੍ਹਾ ਮੁਲਕਾਂ ਵਿੱਚ ਇਨ੍ਹਾ ਵਿਚਾਰਿਆਂ ਦੀ ਮਦਦ ਲਈ ਕੋਈ ਨਹੀਂ ਬਹੁੜਦਾ ਹੈ ਤੇ ਫਿਰ ਕਈ ਸਾਲ ਦੀ ਤਸ਼ੱਦਦ ਭਰੀ ਜ਼ਿੰਦਗੀ ਕੱਟਣ ਪਿੱਛੋਂ ਉਹ ਕਿਹੜੇ ਖੂਹ-ਖਾਤੇ ਪੈ ਜਾਂਦੇ ਹਨ ਇਹ ਕੋਈ ਨਹੀਂ ਜਾਣਦਾ ਹੈ। ਅਗਰ ਅਸੀਂ ਭਾਰਤ ਦੇਸ਼ ਦੀ ਗੱਲ ਕਰੀਏ ਤਾਂ NCRB ਦੀ ਇੱਕ ਰਿਪੋਰਟ ਮੁਤਾਬਕ ਸੰਨ 2016 ਵਿੱਚ 2 ਲੱਖ 90 ਹਜ਼ਾਰ ਲੋਕਾਂ ਦੇ ਗੁੰਮ ਹੋਣ ਸਬੰਧੀ ਰਿਪੋਰਟਾਂ ਦਰਜ ਹੋਈਆਂ ਸਨ ਜੋ ਕਿ ਸੰਨ 2021 ਵਿੱਚ ਵਧ ਕੇ 3 ਲੱਖ 90 ਹਜ਼ਾਰ ਹੋ ਗਈਆਂ ਸਨ। ਜੇਕਰ ਇੱਕ ਤਾਜ਼ਾ ਰਿਪੋਰਟ ਦੀ ਗੱਲ ਕਰੀਏ ਤਾਂ ਭਾਰਤ ਵਿੱਚ ਹਰ ਅੱਠ ਮਿੰਟ ਬਾਅਦ ਇੱਕ ਬੱਚਾ ਗੁਮ ਹੋ ਰਿਹਾ ਹੈ।  ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਹਰ ਸਾਲ ਗੁਆਂਢੀ ਮੁਲਕਾਂ ਤੋਂ ਲਿਆ ਕੇ ਭਾਰਤ ਵਿੱਚ ਦੇਹ ਵਪਾਰ ਦੇ ਧੰਦੇ ਵਿੱਚ ਧਕੇਲ ਦਿੱਤੇ ਜਾਂਦੇ ਹਨ। ਬੇਸ਼ੱਕ ਮਨੁੱਖੀ ਤਸਕਰੀ ਬਹੁਤ ਸਾਰੇ ਦੇਸ਼ਾਂ ਵਿੱਚ ਹੈ ਪਰ ਜਿਸ ਤੇਜ਼ੀ ਨਾਲ ਇਹ ਭਾਰਤ ਵਿੱਚ ਪੈਰ ਪਸਾਰ ਰਹੀ ਹੈ ਇਹ ਇਕ ਚਿੰਤਾ ਦਾ ਵਿਸ਼ਾ ਹੈ। ਦੇਸ਼ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਮਨੁੱਖੀ ਤਸਕਰੀ ਨੂੰ ਰੋਕਣ ਲਈ ਕੰਮ ਕਰ ਰਹੀਆਂ ਹਨ ਫਿਰ ਵੀ ਇਸ ਸਬੰਧੀ ਅਜੇ ਵੀ ਬਹੁਤ ਜਾਗਰੂਕਤਾ ਦੀ ਜ਼ਰੂਰਤ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਇਸ ਸਬੰਧੀ ਜਾਗਰੂਕ ਕਰਵਾਉਣ ਲਈ ਯਤਨ ਕਰੇ ਸਾਡਾ ਵੀ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਜਿਥੇ ਕਿਤੇ ਵੀ ਮਨੁੱਖੀ ਤਸਕਰੀ ਦਾ ਪੀੜਤ ਨਜ਼ਰ ਆਉਂਦਾ ਹੈ ਤਾਂ ਉਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਜਾਵੇ ਤਾਂ ਕਿ ਕਿਸੇ ਦੀ ਕੀਮਤੀ ਜ਼ਿੰਦਗੀ ਨਰਕ ਵਿੱਚੋਂ ਨਿਕਲ ਸਕੇ ਤਾਂ ਹੀ ਮਨੁੱਖੀ ਤਸਕਰੀ ਵਿਰੋਧੀ ਜਾਗਰੂਕਤਾ ਦਿਵਸ ਮਨਾਉਣ ਦਾ ਫਾਇਦਾ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਨੇ ਚਲਾਈ ਸਫ਼ਾਈ ਮੁਹਿੰਮ
Next articleਹਾਦਸੇ ਤੋਂ ਬਾਅਦ ਹਰਕਤ ‘ਚ ਆਈ MCD, 13 ਕੋਚਿੰਗ ਸੈਂਟਰ ਕੀਤੇ ਸੀਲ; ਜਮਾਤਾਂ ਬੇਸਮੈਂਟ ਵਿੱਚ ਚੱਲ ਰਹੀਆਂ ਸਨ