ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ

ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਯਾਦਗਾਰੀ ਪੈੜਾਂ ਛੱਡਦਾ ਸਮਾਪਤ ਹੋਇਆ “

(ਸਮਾਜ ਵੀਕਲੀ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਦੇ ਸਾਂਝੇ ਯਤਨਾਂ ਨਾਲ 15 ਜੁਲਾਈ ਸੋਮਵਾਰ ਨੂੰ ਆਨਲਾਈਨ ਮਹੀਨਾਵਾਰ ਪ੍ਰੋਗਰਾਮ’ਕਾਵਿ ਮਿਲਣੀ’ ਕਰਵਾਇਆ ਗਿਆ। ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਡਾ . ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵਿਤਾਵਾਂ ਦੀ ਪੇਸ਼ਕਾਰੀ ਵੱਖ ਵੱਖ ਕਵੀਆਂ ਵੱਲੋਂ ਕੀਤੀ ਗਈ। ਰਿੰਟੂ ਭਾਟੀਆ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸ਼ਿਵ ਬਟਾਲਵੀ ਦਾ ਗੀਤ’ ਤੁਸੀਂ ਕਿਹੜੀ ਰੁੱਤੇ ਆਏ ‘ ਗਾ ਕੇ ਪ੍ਰੋਗਰਾਮ ਦਾ ਆਰੰਭ ਕੀਤਾ। ਸੁਰਜੀਤ ਟਰਾਂਟੋ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਸਾਰੇ ਸ਼ਾਮਿਲ ਕਵੀਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੀਫ਼ ਐਡਵਾਈਜ਼ਰ ਤੇ ਮਾਡਰੇਟਰ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੂੰ ਪ੍ਰੋਗਰਾਮ ਦਾ ਸੰਚਾਲਨ ਕਰਨ ਲਈ ਕਿਹਾ ਗਿਆ । ਸ. ਪਿਆਰਾ ਸਿੰਘ ਕੁੱਦੋਵਾਲ ਜੀ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਬਾਰੇ ਵਿੱਚ ਸੰਖੇਪ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ । ਸੰਚਾਲਕ ਸ . ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ , ਬਹੁਤ ਸੰਜਮ ਤੇ ਹਲੀਮੀ ਵਿੱਚ ਪ੍ਰੋਗਰਾਮ ਦਾ ਸੰਚਾਲਨ ਕੀਤਾ , ਜੋਕਿ ਕਾਬਿਲੇ ਤਾਰੀਫ਼ ਸੀ ।ਸੱਭ ਸ਼ਾਇਰਾਂ ਦੀਆਂ ਰਚਨਾਵਾਂ ਤੇ ਪੇਸ਼ਕਾਰੀ ਬਾਕਮਾਲ ਸੀ । ਇਸ ਪ੍ਰੋਗਰਾਮ ਵਿੱਚ ਮਿਹਰਬਾਨ ਬਟਾਲਵੀ ਜੋ ਕਿ ਸ਼ਿਵ ਕੁਮਾਰ ਬਟਾਲਵੀ ਦੇ ਸਪੁੱਤਰ ਹਨ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ।ਡਾ ਹਰਜੀਤ ਸਿੰਘ ਸੱਧਰ ਮੁਖ ਮਹਿਮਾਨ ਵਜੋਂ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਦੱਸਿਆ ਕਿ ਸ਼ਿਵ ਦੀ ਸ਼ਾਇਰੀ ਰੁਮਾਂਟਿਕ ਸ਼ਾਇਰੀ ਹੈ ਜੋ ਪਿਆਰ ਦੇ ਸਦੀਵੀ ਅਹਿਸਾਸ ਨੂੰ ਪੇਸ਼ ਕਰਦੀ ਹੈ।ਵਿਯੋਗ ਅਤੇ ਪ੍ਰੇਮ ਭਾਵ ਸ਼ਿਵ ਦੀ ਸਿਰਜਣਾ ਨੂੰ ਖੂਬਸੂਰਤ ਬਣਾਉਂਦੇ ਹਨ। ਉਸ ਦੀ ਭਾਸ਼ਾ ਵੀ ਕਮਾਲ ਦੀ ਹੈ।ਜੇ ਸ਼ਿਵ ਕੋਲ ਦਰਦ ਨਾ ਹੁੰਦਾ ਤੇ ਉਹ ਸਾਡੇ ਕੋਲ ਨਾ ਹੁੰਦਾ।ਡਾ ਮਨਜੀਤ ਸਿੰਘ ਬੱਲ ਨੇ’ ਕੀ ਪੁੱਛਦੇ ਹੋ ਹਾਲ ਫ਼ਕੀਰਾਂ ਦਾ ‘ਬਹੁਤ ਖੂਬਸੂਰਤੀ ਨਾਲ ਗਾਇਆ।ਹਰਦਮ ਸਿੰਘ ਮਾਨ ਨੇ ਸ਼ਿਵ ਕੁਮਾਰ ਜੀ ਨੂੰ ਸਮਰਪਿਤ ਆਪਣੀ ਖੂਬਸੂਰਤ ਗ਼ਜ਼ਲ ਪੇਸ਼ ਕੀਤੀ। ਦਵਿੰਦਰ ਕੌਰ ਢਿੱਲੋਂ ਨੇ’ ਮਹਿਰਮ ਦਿਲਾਂ ਦੇ ਮਾਹੀ ਮੋੜੇਂਗਾ ਕਦ ਮੁਹਾਰਾਂ ‘ ਆਪਣੀ ਮਨਮੋਹਕ ਆਵਾਜ ਵਿੱਚ ਸੁਣਾਈ।ਡਾ ਸਤਿੰਦਰਜੀਤ ਬੁੱਟਰ ਨੇ ‘ਜੀ ਚਾਹੇ ਪੰਛੀ ਹੋ ਜਾਵਾਂ ‘ ਸ਼ਿਵ ਦੀ ਰਚਨਾ ਸੁਣਾਈ।ਡਾ . ਪ੍ਰਿਤਪਾਲ ਕੌਰ ਚਹਿਲ ਨੇ ‘ ਕਬਰਾਂ ਉਡੀਕਦੀਆਂ ਜਿਉਂ ਪੁੱਤਰਾਂ ਨੂੰ ਮਾਵਾਂ ‘ ਗਾ ਕੇ ਮਾਹੌਲ ਨੂੰ ਭਾਵ ਪੂਰਤ ਬਣਾ ਦਿੱਤਾ। ਨਦੀਮ ਅਫ਼ਜ਼ਲ ਨੇ ਆਪਣੇ ਖੂਬਸੂਰਤ ਅੰਦਾਜ਼ ਵਿੱਚ ਕਾਵਿਕ ਪੇਸ਼ਕਾਰੀ ਕੀਤੀ।ਡਾ . ਇਰਾ ਦੀਪ ਨੇ ਸ਼ਿਵ ਦਾ ਗੀਤ’ ਪੁੰਨਿਆ ਦੇ ਚੰਨ ਨੂੰ ਕੋਈ ਮੱਸਿਆ’ ਗਾ ਕੇ ਸੁਣਾਇਆ।ਅੰਮ੍ਰਿਤਾ ਦਰਸ਼ਨ ਨੇ ਸ਼ਿਵ ਦਾ ਗੀਤ ਇਕ ਕੁੜੀ ਜੀਹਦਾ ਨਾ ਮੁਹੱਬਤ ਨੂੰ ਅਜੋਕੇ ਸਮਾਜ ਦੀਆਂ ਵੰਗਾਰਾਂ ਅਨੁਸਾਰ ਢਾਲ ਕੇ ਆਪਣੀ ਕਾਵਿ ਰਚਨਾ ਰਾਹੀਂ ਸਾਂਝਾ ਕੀਤਾ । ਅੰਜੂ ਬਾਲਾ ਨੇ ਵੀ ਕਾਵਿ ਰਚਨਾ ਸੁਣਾਈ।ਇਸ ਸਮੁੱਚੇ ਪ੍ਰੋਗਰਾਮ ਵਿੱਚ ਮਿਹਰਬਾਨ ਬਟਾਲਵੀ ਦਾ ਹਾਜ਼ਰ ਰਹਿਣਾ ਇਸ ਪ੍ਰੋਗਰਾਮ ਦੀ ਵਿਸ਼ੇਸ਼ ਪ੍ਰਾਪਤੀ ਸੀ। ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਮੀਤ ਪ੍ਰਧਾਨ ਪ੍ਰੋ ਕੁਲਜੀਤ ਕੌਰ,ਡਾ ਬਲਜੀਤ ਰਿਆੜ ,ਦੀਪ ਕੁਲਦੀਪ ਅਤੇ ਪ੍ਰੋ ਨਵਰੂਪ ਹਾਜ਼ਰ ਸਨ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫ਼ੈਸਰ ਸੁਹਿੰਦਰ ਬੀਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਸ਼ਿਵ ਕੁਮਾਰ ਬਟਾਲਵੀ ਦੀ ਯਾਦ ਵਿੱਚ ਜੋ ਸ਼ਰਧਾਂਜਲੀ ਸਮਾਗਮ ਰਚਾਇਆ ਗਿਆ ਹੈ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ। ਜਿਹੜੀਆਂ ਕੌਮਾਂ ਆਪਣੇ ਪੂਰਵਜਾਂ ਨੂੰ, ਸਾਹਿਤਕਾਰਾਂ ਨੂੰ ,ਮਹਾਨ ਹਸਤੀਆਂ ਨੂੰ, ਯਾਦ ਨਹੀਂ ਕਰਦੀਆਂ,ਉਹ ਜ਼ਿਆਦਾ ਦੇਰ ਜਿਉਂਦੀਆਂ ਨਹੀਂ ਰਹਿੰਦੀਆਂ। ਮਹਾਨ ਕਵੀਆਂ, ਲੇਖਕਾਂ ਨੂੰ ਯਾਦ ਕਰਨ ਨਾਲ ਨਵੇਂ ਲੇਖਕਾਂ ਨੂੰ ਪ੍ਰੇਰਨਾ ਵੀ ਮਿਲਦੀ ਹੈ ਅਤੇ ਮੁਹੱਬਤ ਵੀ ਕਾਇਮ ਹੁੰਦੀ ਹੈ। ਜਿੱਥੋਂ ਤੱਕ ਸ਼ਿਵ ਕੁਮਾਰ ਬਟਾਲਵੀ ਦਾ ਤਾਂ ਤਅਲਕ ਹੈ, ਉਹ ਵਾਰਿਸ ਸ਼ਾਹ ਤੋਂ ਬਾਅਦ ਪੰਜਾਬੀ ਦਾ ਸਭ ਤੋਂ ਵੱਧ ਮਕਬੂਲ ਸ਼ਾਇਰ ਹੋਇਆ ਹੈ। ਉਸਨੇ ਨਾ ਕੇਵਲ ਪੰਜਾਬੀ ਭਾਸ਼ਾ ਵਿੱਚ ਬਲਕਿ ਗੈਰ ਪੰਜਾਬੀ ਭਾਸ਼ਾਵਾਂ ਵਿੱਚ ਵੀ ਆਪਣਾ ਸਿੱਕਾ ਮਨਵਾਇਆ ਹੈ ਜਾਂ ਇਸ ਤਰਾਂ ਵੀ ਕਹਿ ਸਕਦੇ ਹਾਂ ਕਿ ਉਸਨੇ ਪੰਜਾਬੀ ਸਾਹਿਤ ਨੂੰ ਦੂਸਰੇ ਖੇਤਰਾਂ ਤੱਕ ਵਸੀਹ ਕੀਤਾ ਹੈ। ਸ਼ਿਵ ਕੁਮਾਰ ਬੁਨਿਆਦੀ ਤੌਰ ਤੇ ਪਿਆਰ, ਬਿਰਹਾ,ਉਪਰਾਮਤਾ, ਮੌਤ ਆਦਿ ਦਾ ਸ਼ਾਇਰ ਹੈ ਪਰ ਕਿਤੇ ਕਿਤੇ ਉਸਦੀ ਕਵਿਤਾ ਵਿੱਚ, ਜਦੋਂ ਅਸੀਂ ਲੂਣਾਂ ਦਾ ਪਾਠ ਕਰਦੇ ਹਾਂ,ਮੈਂ ਤੇ ਮੈਂ ਦਾ ਪਾਠ ਕਰਦੇ ਹਾਂ ਤਾਂ ਸਾਨੂੰ ਉਸਦੀ ਆਧੁਨਿਕ ਚੇਤਨਾ/ਸੰਵੇਦਨਾ ਦੇ ਦਰਸ਼ਨ ਹੁੰਦੇ ਹਨ । ਸ਼ਿਵ ਕੁਮਾਰ ਇੱਕ ਜੀਨੀਅਸ ਕਵੀ ਹੈ ਜਿਸ ਤੋਂ ਭਾਵ ਇਹ ਹੈ ਕਿ ਉਸਦੀ ਸਿਰਜਨਾਤਮਕ ਸ਼ਕਤੀ ਅਜਿਹੀ ਹੈ ਜਿਸ ਦਾ ਪੰਜਾਬੀ ਸਾਹਿਤ ਵਿੱਚ ਕੋਈ ਵੀ ਸਾਨੀ ਨਹੀਂ ਹੈ । ਸ਼ਬਦ ਉਸਦੇ ਪਾਸ ਆਉਂਦੇ ਹਨ ਔਰ ਸ਼ਬਦਾਂ ਨੂੰ ਉਹ ਭਾਵਾਂ ਦਾ ਸੁਮੇਲ ਇਸ ਤਰਾਂ ਦਿੰਦਾ ਹੈ ਕਿ ਉਸਦੀ ਕਵਿਤਾ। ਰਾਗ ਨਾਲ ਇਕ ਸੁਰ ਹੋ ਕੇ ਆਪਣੀ ਲਸਾਨੀ ਮਿਸਾਲ ਕਾਇਮ ਕਰ ਜਾਂਦੀ ਹੈ।ਜਿਉਂ ਜਿਉਂ ਸਮਾਂ ਬੀਤੇਗਾ ਸ਼ਿਵ ਕੁਮਾਰ ਦੀ ਅਤੇ ਲੋਕਪ੍ਰੀਅਤਾ ਵਿੱਚ ਵਾਧਾ ਹੋਵੇਗਾ, ਇਹ ਮੇਰੀ ਆਸ ਹੈ ।ਦੇਸ਼ਾਂ ਵਿਦੇਸ਼ਾਂ ਤੋਂ ਬਹੁਤਾਤ ਵਿੱਚ ਨਾਮਵਰ ਸ਼ਖ਼ਸੀਅਤਾਂ , ਸਾਹਿਤਕਾਰਾਂ ਤੇ ਸ਼ਾਇਰਾਂ ਨੇ ਸ਼ਿਰਕਤ ਕੀਤੀ । ਆਖੀਰ ਵਿੱਚ ਰਮਿੰਦਰ ਰੰਮੀ ਨੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਮੋਹ ਭਿੱਜੇ ਸ਼ਬਦਾਂ ਨਾਲ ਧੰਨਵਾਦ ਕੀਤਾ । ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਇਹ ਅੰਤਰਰਾਸ਼ਟਰੀ ਕਾਵਿ ਮਿਲਣੀ ਵੈਬੀਨਾਰ ਸਦਾ ਲਈ ਯਾਦਗਾਰੀ ਹੋ ਨਿਬੜਿਆ । ਪ੍ਰੋਗਰਾਮ ਦੀ ਇਹ ਰਿਪੋਰਟ ਪ੍ਰੋ ਕੁਲਜੀਤ ਜੀ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਅਤੇ ਪ੍ਰਬੰਧਕ ,
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਰੁੰਧਤੀ ਰਾਏ ਵਰਗੀਆਂ ਆਵਾਜ਼ਾਂ ਅਤੇ ਲੋਕਾਂ ਤੋਂ ਖ਼ੌਫ਼ ਖਾਂਦੀ ਹੈ ਸੱਤਾ : ਭਾਸ਼ਾ ਸਿੰਘ
Next articleਅਗਿਆਤ ਅਨਸਰਾਂ ਵੱਲੋਂ ਫ਼ਿਰੌਤੀਆਂ ਮੰਗਣ ਅਤੇ ਧਮਕੀਆਂ ਦੇਣ ਦਾ ਮੁੱਦਾ, ਟਰਾਂਸਪੋਟਰਾਂ, ਕਾਰੋਬਾਰੀਆਂ, ਸਿਆਸਤਦਾਨਾਂ ਅਤੇ ਹੋਰਨਾਂ ਪਤਵੰਤਿਆਂ ਦੀ ਵਿਸ਼ਾਲ ਇਕੱਤਰਤਾ