ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ) ਹਰ ਇਨਸਾਨ ਵਿੱਚ ਕੋਈ ਨਾ ਕੋਈ ਕਲਾ ਜਰੂਰ ਹੁੰਦੀ ਹੈ ਜਿਸ ਨੂੰ ਪਰਮਾਤਮਾ ਦਾ ਤੋਹਫਾ ਕਿਹਾ ਜਾਂਦਾ ਹੈ ਇਹ ਕਲਾ ਕ੍ਰਿਤੀ ਹੋਰ ਵੀ ਦਿਲਚਸਪ ਬਣ ਜਾਂਦੀ ਹੈ ਜਦੋਂ ਕੋਈ ਨਿੱਕੀ ਮਰੇ ਕਰਾ ਦੇ ਨਾਲ ਜੁੜ ਕੇ ਕਲਾਕਾਰ ਬਣੇ। ਅਜੇਹਾ ਹੀ ਇੱਕ ਮਾਣ ਮੱਤਾ ਕਲਾਕਾਰ ਹੈ ਜੁਝਾਰ ਸਿੰਘ ਨਮੋਲ,
5 ਅਗਸਤ 2004 ਨੂੰ ਪਿਤਾ ਸਰਦਾਰ ਬੱਗਾ ਸਿੰਘ ਤੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਜਨਮਿਆ ਜੁਝਾਰ ਸਿੰਘ ਨਮੋਲ, ਛੋਟੀ ਉਮਰ ਵਿਚ ਹੀ ਰੰਗਮੰਚ ਦੀ ਦੁਨੀਆਂ ਵਿੱਚ ਆਪਣੇ ਜਲਵੇ ਬਖੇਰਨ ਲੱਗ ਪਿਆ ਹੈ। ਜੇਕਰ ਉਸ ਦੇ ਰੰਗਮੰਚੀ ਸਫ਼ਰ ਦੀ ਗੱਲ ਕੀਤੀ ਜਾਵੇ ਕਿ ਉਸ ਨੂੰ ਇਹ ਚੇਟਕ ਕਦੋਂ ਲੱਗੀ ਤਾਂ ਇਸ ਦਾ ਸਿੱਧਾ ਸਬੰਧ ਉਸਦੇ ਬਚਪਨ ਵਿੱਚ ਆਪਣੇ ਪਿਤਾ ਸਰਦਾਰ ਬੱਗਾ ਸਿੰਘ ਨਾਲ ਜੁੜਦਾ ਹੈ ਜੋ ਕਿ ਆਪ ਵੀ ਸਾਹਿਤ ਤੇ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। ਜੁਝਾਰ ਸਿੰਘ ਦੇ ਪਿਤਾ ਉਸ ਨੂੰ ਆਪਣੇ ਨਾਲ ਦੇਸ਼ ਭਗਤ ਯਾਦਗਾਰ ਕਮੇਟੀ, ਲੌਂਗੋਵਾਲ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮ ‘ਮੇਲਾ ਦੇਸ ਭਗਤਾਂ ਦਾ’ ਵਿੱਚ ਲੈ ਕੇ ਜਾਂਦੇ ਸਨ। ਬਾਲ ਰੂਪ ਵਿਚ ਜੁਝਾਰ ਸਿੰਘ ਆਪਣੇ ਪਿਤਾ ਨਾਲ ਜਾਂਦਾ ਸੀ ਤਾਂ ਉਸ ਦੇ ਮਨ ਅੰਦਰ ਕਿਤੇ ਨਾ ਕਿਤੇ ਇਹ ਬੀਜ ਪੁੰਗਰਨਾ ਸ਼ੁਰੂ ਹੋ ਗਿਆ ਸੀ ਕਿ ਉਹ ਵੀ ਇਸ ਰੰਗਮੰਚ ਦੀ ਦੁਨੀਆਂ ਨਾਲ ਜੁੜੇਗਾ, ਪੁੰਗਰੇ ਬੀਜ ਤੋਂ ਬਣੇ ਬੂਟੇ ਦਾ ਪਤਾ ਉਸ ਵਖ਼ਤ ਲੱਗਾ ਜਦ ਜੁਝਾਰ ਸਿੰਘ ਆਪਣੀਆਂ ਛੋਟੀਆਂ-ਛੋਟੀਆਂ ਪੇਸ਼ਕਾਰੀਆਂ ‘ਮੇਲਾ ਦੇਸ਼ ਭਗਤਾਂ ਦਾ’ ਪ੍ਰੋਗਰਾਮ ਵਿੱਚ ਕਰਨ ਲੱਗ ਪਿਆ। ਉਸ ਦੀਆਂ ਇਹ ਪੇਸ਼ਕਾਰੀਆਂ ਨੇ ਇੱਕ ਵੱਡਾ ਆਕਾਰ ਲੈਣਾ ਸੀ ਇਸ ਦਾ ਪਤਾ ਕਿਸੇ ਨੂੰ ਨਹੀਂ ਸੀ ਪਰ ਜੁਝਾਰ ਸਿੰਘ ਦੇ ਅੰਦਰ ਬੈਠਾ ਕਲਾਕਾਰ ਇਹ ਸਭ ਵਿਉਂਤਾਂ ਗੁੰਦ ਰਿਹਾ ਸੀ ਕਿ ਜੁਝਾਰ ਸਿੰਘ ਨੂੰ ਮੈਂ ਰੰਗਮੰਚ ਦੀ ਦੁਨੀਆਂ ਵਿੱਚ ਪੇਸ਼ ਕਰਨਾ ਹੈ। ਜਿਸ ਦੇ ਚਲਦਿਆਂ ਜੁਝਾਰ ਸਿੰਘ ਸਕੂਲ ਵਿੱਚ ਕਰਵਾਏ ਜਾਂਦੇ ਨਿੱਕੇ ਮੋਟੇ ਪ੍ਰੋਗਰਾਮਾਂ ਵਿੱਚ ਅਗਾਂਹ ਵੱਧ ਕੇ ਹਿੱਸਾ ਲੈਂਦਾ ਤੇ ਆਪਣੀਆਂ ਪੇਸ਼ਕਾਰੀਆਂ ਦਿੰਦਾ। ਸਕੂਲ ਦੇ ਅਧਿਆਪਕ ਸਾਹਿਬਾਨ ਵੀ ਉਸ ਦੀ ਪੇਸ਼ਕਾਰੀ ਦੇਖ ਕੇ ਹੈਰਾਨ ਤੇ ਪ੍ਰਭਾਵਿਤ ਹੁੰਦੇ ਤੇ ਉਸ ਨੂੰ ਹੌਂਸਲਾ ਦਿੰਦੇ।
ਅਧਿਆਪਕਾਂ ਵੱਲੋਂ ਮਿਲੇ ਹੌਂਸਲੇ ਦੇ ਚਲਦਿਆਂ ਜੁਝਾਰ ਸਿੰਘ ਨੇ ਐਮ. ਐਚ. ਵਨ. ਟੀਵੀ ਚੈਨਲ ਤੇ ਇੱਕ ਪ੍ਰੋਗਰਾਮ ‘ਅੱਧੀ ਛੁੱਟੀ ਸਾਰੀ’ ਵਿੱਚ ਹਿੱਸਾ ਲਿਆ ਉੱਥੇ ਉਸਨੇ ਆਪਣੀ ਪੇਸ਼ਕਾਰੀ ਦਾ ਅਨੋਖਾ ਜਲਵਾ ਪੇਸ਼ ਕੀਤਾ ਤੇ ਫਿਰ ਉਸ ਦੇ ਇਸ ਸੁਨਹਿਰੀ ਸਫ਼ਰ ਦੀ ਦਾਸਤਾਨ ਸ਼ੁਰੂ ਹੋ ਗਈ। ਗਿਆਰਵੀਂ ਜਮਾਤ ਵਿੱਚ ਉਸਨੇ ਗੁਰਸ਼ਰਨ ਭਾਜੀ ਦੇ ਸ਼ਗਿਰਦ ਹਰਕੇਸ਼ ਚੌਧਰੀ ਜੀ ਨਾਲ ਉਹਨਾਂ ਦੀ ਟੀਮ ‘ਲੋਕ ਕਲਾ ਮੰਚ (ਰਜਿ:) ਮੰਡੀ ਮੁੱਲਾਂਪੁਰ’ ਲਈ ਕੰਮ ਕੀਤਾ। ਜਿੱਥੇ ਉਹਨਾਂ ਦੀ ਮੁਲਾਕਾਤ ਹਰਕੇਸ਼ ਚੌਧਰੀ ਜੀ ਨਾਲ ਹੁੰਦੀ ਹੈ ਜਿਨਾਂ ਨੂੰ ਬਾਅਦ ਵਿੱਚ ਜੁਝਾਰ ਸਿੰਘ ਆਪਣਾ ਗੁਰੂ ਧਾਰਨ ਕਰਦਾ ਹੈ।
ਇਸੇ ਮੰਚ ਤੋਂ ਉਸਨੇ ਕਈ ਨਾਟਕਾਂ ਦੀ ਪੇਸ਼ਕਾਰੀ ਕੀਤੀ ਆਪਣੀ ਮਿਹਨਤ ਤੇ ਪ੍ਰਭਾਵਸ਼ਾਲੀ ਦਮਦਾਰ ਆਵਾਜ਼ ਨਾਲ ਉਸਨੇ ਸਟੇਜਾਂ ਉੱਪਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ।
‘ਜਿਨਾਂ ਸਿਦਕ ਨਹੀਂ ਹਾਰਿਆ’ ਉਸ ਦਾ ਪਹਿਲਾ ਨਾਟਕ ਸੀ। ਉਸ ਵਿੱਚ ਉਸਨੇ ਮੋਮਨ ਖਾਂ ਦਾ ਕਿਰਦਾਰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ। ਫਿਰ ‘ਪਰਿੰਦੇ ਭਟਕ ਗਏ’ ਜੋ ਕਿ ਨਸ਼ਿਆਂ’ ਤੇ ਆਧਾਰਤ ਨਾਟਕ ਸੀ। ਉਸ ਵਿੱਚ ਜੁਝਾਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ। ਇਸ ਨਾਟਕ ਵਿਚ ਇੱਕ ਨਸ਼ੇੜੀ ਲੜਕੇ ਦਾ ਰੋਲ ਅਦਾ ਕਰਕੇ ਆਪਣੀ ਪੇਸ਼ਕਾਰੀ ਉੱਪਰ ਪਕੜ ਤੇ ਮਜ਼ਬੂਤੀ ਦਾ ਲੋਹਾ ਮਨਵਾਇਆ। ਇਹ ਪੇਸ਼ਕਾਰੀ ਉਸ ਲਈ ਕੋਈ ਛੋਟੀ ਗੱਲ ਨਹੀਂ ਸੀ ਕਿਉਂਕਿ ਉਸ ਨੇ ਇਹ ਨਾਟਕ ਉਸ ਮੰਚ ਉਪਰ ਪੇਸ਼ ਕੀਤਾ ਜਿੱਥੇ ਪੇਸ਼ਕਾਰੀ ਦੇਣਾ ਬਹੁਤ ਲੋਕਾਂ ਦਾ ਸੁਪਨਾ ਹੁੰਦਾ ਹੈ। ‘ਪੰਜਾਬੀ ਭਵਨ’ ਲੁਧਿਆਣਾ ਦੀ ਸਟੇਜ ਜਿੱਥੇ ਉਸਨੇ 1 ਮਈ ਨੂੰ ਮਜ਼ਦੂਰ ਦਿਵਸ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਸਾਹਿਤਕਾਰਾਂ ਦੀ ਦੁਨੀਆਂ ਦੇ ਵੱਡੇ ਲੇਖਕ, ਨਾਟਕਕਾਰ, ਚਿੰਤਕ ਤੇ ਬੁੱਧੀਜੀਵੀ ਮੌਜੂਦ ਸਨ। ਜੁਝਾਰ ਸਿੰਘ ਨੇ ਆਪਣੀ ਕਲਾ ਨਾਲ ਪ੍ਰਮੁੱਖ ਹਸਤੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ‘ਵਿਦਰੋਹੀ’ ਨਾਟਕ ਜੋ ਕਿ ਸ਼ਹੀਦ ਭਗਤ ਸਿੰਘ ‘ ਦੀ ਸੋਚ ਉੱਪਰ ਅਧਾਰਤ ਸੀ। ਜਿਸ ਵਿੱਚ ਜੁਝਾਰ ਸਿੰਘ ਨੇ ਵੱਖਰਾ ਕਿਰਦਾਰ ਨਿਭਾਇਆ ਸੀ। ‘ਜੋ ਹਾਰਦੇ ਨਹੀਂ’ ਨਾਟਕ ਬੇਜ਼ਮੀਨੇ ਤੇ ਗਰੀਬ ਲੋਕਾਂ ਨਾਲ ਹੁੰਦੇ ਧੱਕੇ ਨੂੰ ਪੇਸ਼ ਕਰਦਾ ਸੀ ਇਸ ਨਾਟਕ ਵਿੱਚ ਜੁਝਾਰ ਸਿੰਘ ਨੇ ਏਕਲਭਿਆ ਕਿਰਦਾਰ ਬਾਖੂਬੀ ਨਿਭਾਇਆ ਅਤੇ ਇੱਕ ਹੋਰ ਨਾਟਕ ‘ਅੱਲੜ ਉਮਰਾਂ ਘੁੱਪ ਹਨੇਰੇ’ ਜੋ ਕਿ ਨਸ਼ਿਆਂ ‘ਤੇ ਆਧਾਰਤ ਸੀ ਉਸ ਵਿੱਚ ਵੀ ਅਹਿਮ ਰੋਲ ਨਿਭਾ ਕੇ ਆਪਣੀ ਧਾਕੜ ਪੇਸ਼ਕਾਰੀ ਕਰਕੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ। ਇਹ ਸਾਰੇ ਨਾਟਕ ਉਸਨੇ ਆਪਣੇ ਗੁਰੂ ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾ ਹੇਠ ਹੀ ਖੇਡੇ ਹਨ।
ਜੇਕਰ ਜੁਝਾਰ ਸਿੰਘ ਦੀ ਨਿੱਕੀ ਉਮਰਾਂ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ ਤਾਂ ਇਹ ਗੱਲ ਉਸ ਦੀ ਨਿੱਕੀ ਉਮਰ ਤੋਂ ਵਧੇਰੇ ਦੂਰ ਨਿਕਲ ਜਾਂਦੀ ਹੈ ਕਿਉਂਕਿ ਉਸਨੇ ਆਪਣੀ ਉਮਰ ਨਾਲੋਂ ਵੀ ਕਿਤੇ ਵਧੇਰੇ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ। ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਲੌਂਗੋਵਾਲ ਤੋਂ ਦਸਵੀਂ ਪਾਸ ਕਰਨ ਤੋਂ ਬਾਅਦ ਉਹ ਲੌਂਗੋਵਾਲ ਦੇ ਹੀ ਸਰਕਾਰੀ ਸਕੂਲ ਸ਼ਹੀਦ ਭਾਈ ਮਤੀ ਦਾਸ ਵਿੱਚ ਦਾਖ਼ਲਾ ਲੈਂਦਾ ਹੈ ਤੇ ਉੱਥੇ ਉਹ ਗਿਆਰਵੀਂ ਤੇ ਬਾਰ੍ਹਵੀਂ ਜਮਾਤ ਪਾਸ ਕਰਦਾ ਹੈ। ਇੱਥੇ ਜੁਝਾਰ ਸਿੰਘ ਅਧਿਆਪਕਾ ਦੇ ਸਹਿਯੋਗ ਨਾਲ ਆਪਣੇ ਨਾਲ ਦੇ ਮੁੰਡੇ ਅਤੇ ਕੁੜੀਆਂ ਨੂੰ ਆਪਣੇ ਨਾਲ ਜੋੜ ਕੇ ਸਕਿੱਟ, ਕੋਰਿਓਗ੍ਰਾਫੀ ਆਦਿ ਤਿਆਰ ਕਰਦਾ ਹੈ ਅਤੇ ਉਹ ਜੋਨ ਪੱਧਰ ਤੇ ਜ਼ਿਲ੍ਹਾ ਪੱਧਰ ਉੱਪਰ ਆਪਣੇ ਸਕੂਲ ਦੀ ਜਿੱਤ ਦੇ ਝੰਡੇ ਗੱਡਦਾ ਹੋਇਆ ਪੰਜਾਬ ਪੱਧਰ ਉੱਪਰ ਪਹੁੰਚ ਜਾਂਦਾ ਹੈ। ਫਿਰ ਉਸ ਨੇ ਕੇਂਦਰ ਸਰਕਾਰ ਵੱਲੋਂ ਕਰਵਾਏ ਜਾਂਦੇ ‘ਕਲਾ ਉਤਸਵ’ ਵਿੱਚ ਹਿੱਸਾ ਲਿਆ। ਉਸ ਨੇ ਕਲਾ ਉਤਸਵ ਵਿੱਚ ਸੋਲੋ ਨਾਟਕ ਪੇਸ਼ ਕੀਤਾ ਜਿਸ ਦਾ ਨਾਂ ਸੀ ‘ਬਾਗ਼ੀ ਸਰਾਭਾ’ ਇਸ ਨਾਟਕ ਨੇ ਜ਼ਿਲਾ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਫਿਰ ਪਟਿਆਲਾ ਜੋਨ ਵਿਚ ਆਉਦੇ ਪੰਜ ਜ਼ਿਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਅਤੇ ਜੇਤੂ ਤਗਮਿਆਂ ਨਾਲ ਸਨਮਾਨਿਤ ਹੁੰਦਿਆਂ ਹੋਇਆਂ ਜੁਝਾਰ ਸਿੰਘ ਪੰਜਾਬ ਲੈਵਲ ਤੱਕ ਪਹੁੰਚਿਆ ਉਸ ਨੇ ਉੱਥੇ ਵੀ ਕਲਾ ਦੇ ਜੌਹਰ ਦਿਖਾਏ। ਉਹ ਪੂਰੇ ਪੰਜਾਬ ਵਿੱਚੋਂ ਅੱਵਲ ਰਿਹਾ। ਇਨਾਮ ਦਿੰਦੇ ਸਮੇਂ ਜੱਜ ਸਾਹਿਬਾਨ ਵੱਲੋਂ ਜੁਝਾਰ ਸਿੰਘ ਦੀ ਵਿਸ਼ੇਸ਼ ਤਾਰੀਫ਼ ਕੀਤੀ ਗਈ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜੁਝਾਰ ਸਿੰਘ ਦਾ ਸਨਮਾਨ ਕੀਤਾ। ਪੰਜਾਬ ਪੱਧਰ ਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਉਹ ਨੈਸ਼ਨਲ ਪੱਧਰ ‘ਤੇ ਆਪਣੀ ਕਲਾ ਦੇ ਜੌਹਰ ਦਿਖਾਉਣ ਲਈ ਤਿਆਰ ਹੋ ਗਿਆ। ਜੁਝਾਰ ਸਿੰਘ ਨੇ ਆਪਣੀਆ ਹੁਣ ਤੱਕ ਦੀਆਂ ਜਿੱਤਾਂ ਦਾ ਸਿਹਰਾ ਆਪਣੇ ਪਿਤਾ ਸਰਦਾਰ ਬੱਗਾ ਸਿੰਘ ਤੇ ਆਪਣੇ ਗੁਰੂ ਹਰਕੇਸ਼ ਚੌਧਰੀ ਜੀ ਦੇ ਸਿਰ ‘ਤੇ ਬੰਨਿਆ ਤੇ ਨਾਲ ਹੀ ਉਸ ਨੇ ਕਿਹਾ ਕਿ ਏਥੋਂ ਤੱਕ ਪਹੁੰਚਣ ਵਿਚ ਮੇਰੇ ਬਹੁਤ ਸਾਰੇ ਅਧਿਆਪਕਾਂ ਤੇ ਦੋਸਤਾਂ ਦਾ ਵੀ ਬਹੁਤ ਵੱਡਾ ਹੱਥ ਰਿਹਾ ਹੈ। ਜੁਝਾਰ ਸਿੰਘ ਨੇ ਨੈਸ਼ਨਲ ਪੱਧਰ ਉੱਪਰ ਕਲਾ ਉਤਸਵ 2022-23 ਜੋ ਕਿ ਉੜੀਸਾ ਵਿੱਚ ਹੋਇਆ ਸੀ ਉਸ ਵਿੱਚ ਹਿੱਸਾ ਲਿਆ ਅਤੇ ਨਾਟਕ ‘ਬਾਗ਼ੀ ਸਰਾਭਾ’ ਵਿੱਚ ਆਪਣੀ ਕਲਾ ਦੀ ਉੱਤਮ ਪੇਸ਼ਕਾਰੀ ਦਿੱਤੀ।
ਜੇਕਰ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਨੌਜਵਾਨ ਮੁੰਡੇ ਕੁੜੀਆਂ ਵਿੱਚ ਜਿੱਥੇ ਆਈਲੈਟਸ ਕਰਨ ਦੀ ਹੋੜ ਲੱਗੀ ਹੋਈ ਹੈ ਕਿ ਅਸੀਂ ਆਈਲਾਈਟਸ ਕਰਕੇ ਬਾਹਰ ਵਿਦੇਸ਼ਾਂ ਵਿੱਚ ਕੰਮ ਦੀ ਭਾਲ ਲਈ ਚਲੇ ਜਾਈਏ ਉੱਥੇ ਹੀ ਜੁਝਾਰ ਸਿੰਘ ਆਪਣੀ ਮਿਹਨਤ ਦੇ ਸਦਕਾ ਪੰਜਾਬ ਵਿੱਚ ਹੀ ਰਹਿ ਕੇ ਆਪਣਾ ਨਾਮ ਕਮਾਉਣ ਵਿੱਚ ਲੱਗਿਆ ਹੋਇਆ ਹੈ। ਮੱਧ ਵਰਗੀ ਪਰਿਵਾਰ ਦਾ ਇਹ ਲੜਕਾ ਅੱਜ ਕੱਲ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਥੀਏਟਰ ਦੀ ਪੜ੍ਹਾਈ ਕਰ ਰਿਹਾ ਹੈ। ਇਸ ਦੀ ਇਹ ਮਿਹਨਤ ਨੂੰ ਬੂਰ ਪਵੇ ਤਾਂ ਜੋ ਉਹ ਸਫ਼ਲਤਾ ਦੀਆਂ ਪੌੜੀਆਂ ਚੜਦਾ ਹੋਇਆ ਫ਼ਿਲਮੀ ਤੇ ਥੀਏਟਰ ਦੀ ਦੁਨੀਆਂ ਵਿੱਚ ਆਪਣਾ ਨਾਮ ਸਥਾਪਤ ਕਰ ਸਕੇ।
ਜੁਝਾਰ ਸਿੰਘ ਨਮੋਲ ਆਪਣੀ ਯੂਨੀਵਰਸਿਟੀ ਦੀਆਂ ਛੁੱਟੀਆਂ ਦੇ ਦੌਰਾਨ ਨੇੜਲੇ ਪਿੰਡਾਂ ਦੇ ਸਕੂਲਾਂ ਵਿਚ ਜਾਂਦਾ ਹੈ ਤੇ ਨਸ਼ਿਆਂ ਖ਼ਿਲਾਫ਼ ਨਾਟਕ ਪੇਸ਼ ਕਰਦਾ ਹੈ। ਉਹ ਆਪਣੇ ਸਮਕਾਲੀ ਨੌਜਵਾਨ ਮੁੰਡੇ ਕੁੜੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਉਂਦਾ ਹੋਇਆ ਉਹਨਾਂ ਨੂੰ ਰੰਗਮੰਚ ਨਾਲ ਜੁੜਨ ਲਈ ਪ੍ਰੇਰਤ ਕਰਦਾ ਹੈ।ਆਸ ਹੈ ਕਿ ਜਿਵੇਂ ਜੁਝਾਰ ਸਿੰਘ ਦੇੇ ਬਾਲ ਮਨ ਉੱਪਰ ਅਸਰ ਹੋਇਆ ਉਸੇ ਤਰ੍ਹਾਂ ਉਸਦੇ ਸਮਕਾਲੀ ਨੌਜਵਾਨਾਂ ਉੱਪਰ ਵੀ ਉਸ ਦੇ ਇਸ ਰੰਗ ਦਾ ਅਸਰ ਹੋਵੇਗਾ। ਜੁਝਾਰ ਸਿੰਘ ਤੋਂ ਭਵਿੱਖ ਵਿਚ ਹੋਰ ਬਹੁਤ ਸਾਰੇ ਚੰਗੇ ਕੰਮ ਦੀ ਆਸ ਕੀਤੀ ਜਾਂਦੀ ਹੈ ਅਤੇ ਉਮੀਦ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਏਗਾ। ਸ਼ਾਲਾ! ਉਸਦੀ ਮਿਹਨਤ ਨੂੰ ਬੂਰ ਪਵੇ ਅਤੇ ਨਵੇਂ ਵਿਦਿਆਰਥੀਆਂ ਲਈ ਉਸ ਦਾ ਨਾਮ ਇਕ ਚਾਨਣ ਮੁਨਾਰਾ ਬਣੇ। ਉਸ ਦੇ ਪੇਸ਼ਕਾਰੀ ਨੂੰ ਦੇਖ ਕੇ ਹੋਰ ਵੀ ਨੌਜਵਾਨ ਮੁੰਡੇ ਕੁੜੀਆਂ ਰੰਗਮੰਚ ਨਾਲ ਜੁੜਨ ਤਾਂ ਜੋ ਪੰਜਾਬ ਵਿੱਚ ਇੱਕ ਵਾਰੀ ਫਿਰ ਤੋਂ ਨਾਟਕਾਂ ਦੇ ਯੁਗ ਦਾ ਸੁਨਹਿਰੀ ਦੌਰ ਆਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly