(ਸਮਾਜ ਵੀਕਲੀ)
ਹਸ਼ਰ ਦੀ ਫ਼ਿਕਰ ਕਿਉਂ ਕਰੀਏ?
ਜਨਮ-ਜਾਤੋਂ ਇਕੱਲੇ ਹਾਂ
ਅਸੀਂ ਲੈ ਕੇ ਕਦੋਂ ਕੋਈ?
ਸਹਾਰਾ ਨਾਲ਼ ਚੱਲੇ ਹਾਂ
ਤਮੰਨਾ ਭਰਿਆ ਭਾਂਡਾ ਡੋਲ੍ਹ ਕੇ
ਖ਼ਾਲੀ ਕਰਨ ਦੀ ਹੈ
ਤੇ ਜਿੱਦ ਸੋਨੇ ਦੇ ਗੁੰਬਦ ਵੇਚ ਕੇ
ਕਾਸੇ ਭਰਨ ਦੀ ਹੈ
ਉਹ ਤਾਂ ਮਾਲਕ ਹੈ ਮਣੀਆਂ ਦਾ
ਅਸਾਡੀ ਮੰਗ ਨਾ ਕੋਈ
ਤੇ ਸੁੱਚੇ ਇਸ਼ਕ ਤੋਂ ਗੂੜ੍ਹਾ
ਵੀ ਲੱਗੇ ਰੰਗ ਨਾ ਕੋਈ
ਉਹ ਤੁਰਦਾ ਨਾਲ਼ ਮੜਕਾਂ ਦੇ
ਉਹਦੀ ਰਫ਼ਤਾਰ ਵੀ ਹੌਲ਼ੀ
ਉਹ ਸੁਣਦਾ ਸੋਹਲ਼ ਕੰਨਾਂ ਨੂੰ
ਉਹਦੀ ਗੁਫ਼ਤਾਰ ਵੀ ਹੌਲ਼ੀ
ਜਦੋਂ ਤਾਰੇ ਜਹੇ ਜਗਦੇ
ਤੇ ਮਹਿਕਣ ਲਗਦੀਆਂ ਰਾਤਾਂ
ਇਲਾਹੀ ਨੂਰ ਕਰਦੇ ਨੇ
ਉਹਦੀ ਜੰਨਤ ਦੀਆਂ ਬਾਤਾਂ
ਉਹ ਹੈ ਉਸਤਤਿ ਪਹਾੜਾਂ ਦੀ
ਤੇ ਸੰਨਾਟਾ ਏ ਜੰਗਲ਼ ਦਾ
ਉਹ ਠੰਡੀ ਚਾਨਣੀ ਦੀ ਗੱਲ
ਤੇ ਚਰਚਾ ਸੌਰ ਮੰਡਲ ਦਾ
ਮੇਰੇ ਪੈਰਾਂ ਦੀਆਂ ਤਲ਼ੀਆਂ ਦੇ
ਹੇਠਾਂ ਗੀਤ ਨੇ ਜਿਹੜੇ
ਪਏ ਸਦੀਆਂ ਤੋਂ ਇਹ ਝੀਲਾਂ ਦੇ
ਪਾਣੀ ਸੀਤ ਨੇ ਜਿਹੜੇ
ਉਹ ਜਿਸਦੇ ਨਾਮ ਦੀ ਗਾਥਾ
ਨੂੰ ਆਏ ਯੁੱਗ ਸੁਣਦੇ ਨੇ
ਜਿਹਨੂੰ ਚਾਰੇ ਦਿਸ਼ਾਵਾਂ ਜਪਣ
ਪਾਣੀ, ਪੌਣ ਪੁਣਦੇ ਨੇ
ਉਹ ਬਰਕਤ ਜਿਸਨੇ ਸਾਡੇ
ਮੱਥਿਆਂ ਦੀ ਕੋਲ਼ ਰੱਖੀ ਏ
ਮੈਂ ਉਸਦੇ ਬਾਗ਼ ‘ਚੋਂ ਮਿੱਠੀ
ਸੰਧੂਰੀ ਮਹਿਕ ਚੱਖੀ ਏ
ਮੈਂ ਹਾਂ ਨਿੱਕਾ ਜਿਹਾ ਫ਼ਿਕਰਾ
ਉਹਦੀ ਲੰਮੀ ਕਹਾਣੀ ਦਾ
ਜਿਕਰ ਅਣਗੌਲਿਆ
ਜੰਗਲ਼ ‘ਚ ਉੱਗੀ ਰਾਤ ਰਾਣੀ ਦਾ
ਮੈਂ ਕੀ ਦੱਸਾਂ! ਮੇਰੇ ਤੋਂ
ਉਸ ਵਿਸ਼ੇ ਤੇ ਗੱਲ ਨਹੀਂ ਹੁੰਦੀ
ਇਹ ਮੁਸ਼ਕਿਲ ਸੰਗ ਮੇਰੀ ਦੀ
ਮੇਰੇ ਤੋਂ ਹੱਲ ਨਹੀਂ ਹੁੰਦੀ
ਨਿਮਾਣੇ ਲੋਕ ਹਾਂ ਭੋਲ਼ੇ ਜਹੇ
ਸਮਝੋਂ ਵੀ ਝੱਲੇ ਹਾਂ
ਅਸੀਂ ਤਾਂ ਵਕਤ ਦੀ ਇੱਕ ਤਹਿ
ਦੇ ਅੰਦਰ ਬਹੁਤ ਥੱਲੇ ਹਾਂ
~ ਰਿਤੂ ਵਾਸੂਦੇਵ