ਸਿਰਜਣਾ ਕੇਂਦਰ ਵੱਲੋਂ ਹਰਸਿਮਰਤ ਸਿੰਘ ਖਾਲਸਾ ਯਾਦਗਾਰੀ ਕਵੀ-ਦਰਬਾਰ ਨੇ ਛੱਡੀ ਵੱਖਰੀ ਛਾਪ

ਕਪੂਰਥਲਾ, (ਸਮਾਜ ਵੀਕਲੀ)  (ਕੌੜਾ)- ਇਲਾਕੇ ਦੀ ਸਿਰਮੌਰ ਸਾਹਿਤਕ ਸੰਸਥਾ ਸਿਰਜਣਾ ਕੇਂਦਰ (ਰਜਿ.) ਕਪੂਰਥਲਾ ਅਤੇ ਸ਼੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ, ਲੱਖਣ ਕਲਾਂ ਦੇ ਆਪਸੀ ਸਹਿਯੋਗ ਨਾਲ ਭਾਈ ਹਰਸਿਮਰਤ ਸਿੰਘ ਖ਼ਾਲਸਾ ਯਾਦਗਾਰੀ ਕਵੀ ਦਰਬਾਰ ਅਕੈਡਮੀ ਦੇ ਵਿਹੜੇ ਵਿੱਚ ਕਰਵਾਇਆ ਗਿਆ। ਇਸ ਵਿਸ਼ੇਸ਼ ਕਵੀ ਦਰਬਾਰ ਵਿੱਚ ਮੈਡਮ ਜਸਮੀਤ ਕੌਰ ( ਸਿਵਲ ਜੱਜ ) ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਜਦ ਕਿ ਨਾਮਵਰ ਸ਼ਾਇਰ ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ ਬਤੌਰ ਵਿਸ਼ੇਸ਼ ਮਹਿਮਾਨ ਹਾਜ਼ਿਰ ਹੋਏ। ਇਸ ਸਮਾਗਮ ਦੀ ਪ੍ਰਧਾਨਗੀ ਸਿਰਜਣਾ ਕੇਂਦਰ ਦੇ ਪ੍ਰਧਾਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ, ਸ਼ਾਇਰ ਗੁਰਦੀਪ ਗਿੱਲ, ਸਾਹਿਤਕ ਪਿੜ ਨਡਾਲਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ, ਪ੍ਰਿੰਸੀਪਲ ਨਵਚੇਤਨ ਸਿੰਘ ਐਡਵੋਕੇਟ ਸੁਖਵਿੰਦਰ ਸਿੰਘ ਅਤੇ ਸ਼੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਦੇ ਸੰਚਾਲਕ ਭਾਈ ਇੰਦਰਪਾਲ ਸਿੰਘ ਜੀ ਨੇ ਕੀਤੀ।
ਕੇਂਦਰ ਦੇ ਪ੍ਰਧਾਨ ਕੰਵਰ ਇਕਬਾਲ ਸਿੰਘ ਅਤੇ ਭਾਈ ਇੰਦਰਪਾਲ ਸਿੰਘ ਜੀ ਨੇ ਕਵੀ ਦਰਬਾਰ ਦੀ ਸ਼ੁਰੂਆਤ ਰਸਮੀ ਤੌਰ ਤੇ ਸਭ ਨੂੰ ਜੀ ਆਇਆਂ ਆਖ ਕੇ ਕੀਤੀ। ਹਾਜ਼ਿਰ ਕਵੀਆਂ ਵਿੱਚ ਸ਼ਾਮਿਲ ਸੁਰਜੀਤ ਸਾਜਨ ਤੇਜਬੀਰ ਸਿੰਘ, ਲਾਲੀ ਕਰਤਾਰਪੁਰੀ, ਸ਼ਹਿਬਾਜ਼ ਖ਼ਾਨ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਡਾ. ਸੁਰਿੰਦਰ ਪਾਲ ਸਿੰਘ, ਡਾ. ਸਰਦੂਲ ਸਿੰਘ ਔਜਲਾ, ਅਵਤਾਰ ਸਿੰਘ ਗਿੱਲ, ਗੁਰਦੀਪ ਗਿੱਲ, ਪਰਗਟ ਸਿੰਘ ਰੰਧਾਵਾ, ਦਲਜੀਤ ਮਹਿੰਮੀ, ਨਿਰਮਲ ਸਿੰਘ ਖੱਖ , ਅਸ਼ੋਕ ਟਾਂਡੀ, ਮੁਖ਼ਤਾਰ ਸਿੰਘ ਸਹੋਤਾ, ਮਹੇਸ਼ ਕੁਮਾਰ ਸ਼ਰਮਾ, ਰੂਪ ਲਾਲ ਰੂਪ, ਸਰਬਜੀਤ ਸਿੰਘ, ਕਰਨਲ ਸੇਵਾ ਸਿੰਘ, ਪਰਮਜੀਤ ਕੌਰ ਆਦਿ ਨੇ ਆਪੋ ਆਪਣੀਂ ਸ਼ਾਇਰੀ ਨਾਲ ਸ੍ਰੋਤਿਆਂ ਨੂੰ ਸਰਸ਼ਾਰ ਕੀਤਾ ।
ਮੁੱਖ ਮਹਿਮਾਨ ਜਸਮੀਤ ਕੌਰ (ਸਿਵਲ ਜੱਜ) ਨੇ ਆਪਣੇ ਸ਼ਬਦਾਂ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬੜੀ ਖ਼ੁਸ਼ੀ ਅਤੇ ਮਾਣ ਹੈ ਕਿ ਉਨ੍ਹਾਂ ਨੇ ਇਸੇ ਹੀ ਅਕੈਡਮੀ ਵਿੱਚ ਵਿਦਿਆ ਹਾਸਿਲ ਕੀਤੀ ਹੈ ! ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਵਿਦਿਆਰਥੀ ਦੇ ਮਨ ਵਿੱਚ ਵਿੱਦਿਆ ਹਾਸਿਲ ਕਰਨ ਦੀ ਇੱਛਾ ਅਤੇ ਜਜ਼ਬਾ ਹੋਵੇ ਤਾਂ ਉਹ ਵਿਪਰੀਤ ਹਾਲਾਤਾਂ ਦੇ ਬਾਵਜੂਦ ਵੀ ਆਪਣੇ ਰਸਤੇ ਉੱਤੇ ਅੱਗੇ ਵਧਦਾ ਜਾਂਦਾ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਵਿੱਦਿਅਕ ਸੰਸਥਾ ਅਤੇ ਸਾਹਿਤਕ ਸੰਸਥਾ ਦਾ ਇਹ ਮੇਲ ਸਾਹਿਤ ਲਈ ਇੱਕ ਵਧੀਆ ਸੰਕੇਤ ਹੈ। ਪ੍ਰੋਫ਼ੈਸਰ ਕੁਲਵੰਤ ਸਿੰਘ ਔਜਲਾ ਨੇ ਆਪਣੇਂ ਕਾਵਿਕ ਅੰਦਾਜ਼ ਵਿੱਚ ਹਾਜ਼ਿਰ ਮਹਿਮਾਨਾਂ ਦਾ ਮਨ ਮੋਹ ਲਿਆ। ਇਸ ਕਵੀ-ਦਰਬਾਰ ਦੀ ਪ੍ਰਧਾਨਗੀ ਕਰ ਰਹੇ ਸ਼ਾਇਰ ਗੁਰਦੀਪ ਗਿੱਲ ਨੇ ਆਪਣੀ ਨਿਵੇਕਲੀ ਅਤੇ ਖ਼ੂਬਸੂਰਤ ਰਚਨਾ ਰਾਹੀਂ ਇਸ ਕਾਵਿਕ ਮਹਿਫ਼ਿਲ ਨੂੰ ਇੱਕ ਵੱਖਰੀ ਰੰਗਤ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਰਜਣਾ ਕੇਂਦਰ ਦਾ ਹਮੇਸ਼ਾ ਇਹ ਉਪਰਾਲਾ ਰਿਹਾ ਹੈ ਕਿ ਉਹ ਆਪਣੀਆਂ ਸਾਹਿਤਕ ਗਤੀਵਿਧੀਆਂ ਦੇ ਨਾਲ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਆਪਣਾ ਨੈਤਿਕ ਫ਼ਰਜ਼ ਨਿਭਾਉਂਦਾ ਰਿਹਾ ਹੈ । ਨਿਰਮਲ ਸਿੰਘ ਖੱਖ ਨੇ ਹਾਜ਼ਿਰ ਕਵੀਆਂ ਅਤੇ ਕਲਮਕਾਰਾਂ ਨੂੰ ਅਜਿਹੇ ਸਾਹਿਤਕ ਸਮਾਗਮ ਦਾ ਹਿੱਸਾ ਬਣਨ ਲਈ ਪ੍ਰਸੰਸਾ ਦੇ ਹੱਕਦਾਰ ਆਖਿਆ। ਭਾਈ ਇੰਦਰਪਾਲ ਸਿੰਘ ਜੀ ਨੇ ਦੱਸਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਖ਼ਾਲਸਾ ਅਕੈਡਮੀ ਪੱਤੀ ਖਿਜਰਪੁਰ ਲੱਖਣ ਕਲਾਂ ਦਾ ਮੂਲ ਉਦੇਸ਼ ਰਿਹਾ ਹੈ ਕਿ ਉਹ ਹੋਣਹਾਰ ਅਤੇ ਲੋੜਵੰਦ ਬੱਚਿਆਂ ਲਈ ਵਿੱਦਿਆ ਦੇ ਅਨੁਕੂਲ ਵਾਤਾਵਰਨ ਪ੍ਰਦਾਨ ਕਰਨ ਅਤੇ ਉਹਨਾਂ ਦੀ ਅਕਾਦਮਿਕ, ਨੈਤਿਕ, ਸਮਾਜਿਕ ਅਤੇ ਧਾਰਮਿਕ ਪ੍ਰਗਤੀ ਵੱਲ ਵੀ ਉਚੇਚਾ ਧਿਆਨ ਦੇਣ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਸਪੁੱਤਰ ਹਰਸਿਮਰਤ ਸਿੰਘ ਖ਼ਾਲਸਾ ਜੋ ਕਿ ਮਹਿਜ਼ 31 ਸਾਲ ਦੀ ਉਮਰ ਵਿੱਚ ਹੀ ਇੱਕ ਨਾਮੁਰਾਦ ਬਿਮਾਰੀ ਨਾਲ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ, ਹੈਂਡਬਾਲ ਦਾ ਬਹੁਤ ਵਧੀਆ ਖਿਡਾਰੀ ਸੀ ਅਤੇ ਘੋੜਸਵਾਰੀ ਦਾ ਬਹੁਤ ਸ਼ੌਕੀਨ ਸੀ। ਹਰਸਿਮਰਤ ਨੇ ਖੇਤੀਬਾੜੀ ਅਤੇ ਆਪਣੀ ਮਿਹਨਤ ਸਦਕਾ ਇਸ ਅਕੈਡਮੀ ਅਤੇ ਇਸ ਦੇ ਵਿਦਿਆਰਥੀਆਂ ਦਾ ਖ਼ਰਚਾ ਚਲਾਉਣ ਲਈ ਵਿੱਤੀ ਸਾਧਨ ਜੁਟਾਏ। ਸਮਾਗਮ ਦੇ ਅੰਤ ਵਿੱਚ ਅਕੈਡਮੀ ਵੱਲੋਂ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ, ਪ੍ਰਧਾਨਗੀ ਮੰਡਲ ਅਤੇ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਪੇਸ਼ ਕਰਨ ਵਾਲੇ ਕਵੀਆਂ ਦਾ ਸਨਮਾਨ ਕੀਤਾ ਗਿਆ। ਇਸ ਉਪਰੰਤ ਪ੍ਰਧਾਨ ਕੰਵਰ ਇਕਬਾਲ ਸਿੰਘ ਨੇ ਜਿਥੇ ਅਕੈਡਮੀ ਦੇ ਸੰਚਾਲਕ ਭਾਈ ਇੰਦਰਪਾਲ ਸਿੰਘ ਵੱਲੋਂ ਕਰਵਾਏ ਗਏ ਯਾਦਗਾਰੀ ਸਮਾਗਮ ਦੀ ਸ਼ਲਾਘਾ ਕੀਤੀ ਓਥੇ ਹੀ ਉਨ੍ਹਾਂ ਨੇ ਕੇਂਦਰ ਦੇ ਜਨਰਲ ਸਕਤੱਰ ਸ਼ਹਿਬਾਜ਼ ਖ਼ਾਨ ਨੂੰ ਮੰਚ ਸੰਚਾਲਕ ਦੀ ਵਧੀਆ ਭੂਮਿਕਾ ਨਿਭਾਉਣ ਲਈ ਸ਼ੁਕਰੀਆ ਆਖਿਆ ਅਤੇ ਸਭ ਦਾ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਲਈ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਰੇਲ ਕੋਚ ਫੈਕਟਰੀ ਦੇ ਜਨਰਲ ਮੈਨੇਜਰ ਨੇ ਆਰ ਸੀ ਐੱਫ ਹਸਪਤਾਲ ਦਾ ਨਿਰੀਖਣ ਕੀਤਾ
Next articleਚੱਕ ਬਾਹਮਣੀਆਂ ਟੋਲ ਦੇ ਖਿਲਾਫ ਕਿਸਾਨਾਂ,ਮਜਦੂਰਾਂ ਅਤੇ ਡਰਾਈਵਰਾਂ ਦਾ ਸੰਘਰਸ਼ ਦਿਨ-ਬ-ਦਿਨ ਹੋ ਰਿਹਾ ਤੇਜ-ਗਿੱਲ,ਚਾਹਲ,ਸੱਤੀ, ਟਰੱਕ ਯੂਨੀਅਨ ਸ਼ਾਹਕੋਟ ਨੇ ਆਪਣੀਆਂ ਮੰਗਾਂ ਨੂੰ ਲੈਕੇ ਟੋਲ ਤੇ ਬੈਠੇ ਕਿਸਾਨਾਂ ਤੋਂ ਹਮਾਇਤ ਦੀ ਕੀਤੀ ਮੰਗ