ਬਾਬਲ

 ਰਿਤੂ ਵਾਸੂਦੇਵ
(ਸਮਾਜ ਵੀਕਲੀ)
ਵੇਖ ਬਾਬਲਾ ! ਅੱਜ ਆਥਣ ਦੀ
ਚੁੰਨੀ ਦਾ ਰੰਗ ਹੋਰ,
ਸੁਣੀ ਵੇ ਅੜਿਆ! ਕੱਲ੍ਹ ਨੂੰ ਮੱਠਾ
ਪੈ ਜਾਣਾ ਈ ਸ਼ੋਰ।
ਹੰਸਣੀਆਂ ਦਾ ਲੰਘਦਾ ਜੋਬਨ
ਲੁਕ-ਲੁਕ, ਡਰਿਆ-ਡਰਿਆ,
ਤੈਂ ਕਾਹਨੂੰ ਦੱਸ! ਪੋਹ ਦੇ ਪਾਲ਼ੇ
ਜਿੱਡਾ ਹੌਕਾ ਭਰਿਆ।
ਅਸੀਂ ਤਾਂ ਮਾਨ ਸਰੋਵਰ ਦੇ ਵਿੱਚ
ਹੱਥੀਂ ਲਾਇਆ ਥੋਹਰ…
ਇੱਕ ਰੋਹੀ ਦੀ ਢਾਕੇ ਚੜ੍ਹਿਆ
ਸੋਹਣਾ ਸੁਪਨਾ ਡਿੱਠਾ,
ਸਾਨੂੰ ਕੋਈ ਜ਼ਹਿਰ ਦੇ ਗਿਆ
ਪਰਤ ਚਾੜ੍ਹ ਕੇ ਮਿੱਠਾ।
ਆਪਾਂ ਤਾਂ ਕੱਲ੍ਹ ਢਲ਼ਦੇ ਤੀਕਰ
ਪੈ ਜਾਣਾ ਕਮਜ਼ੋਰ…
ਸਾਨੂੰ ਤਾਂ ਕ਼ਿਸਮਤ ਘੁਮਿਆਰੀ
ਚੱਕ ਚਾੜ੍ਹ ਕੇ ਧਰਿਆ,
ਤਾਂ ਵੀ ਆਪਾਂ ਸੀ ਨਾ ਕੀਤੀ
ਔਖਾ ਦਮ ਨਾ ਭਰਿਆ।
ਵੇਖ ਅਸਾਡੇ ਕੰਢੇ ਲੈ ਗਈ
ਨਦੀ ਇਸ਼ਕ ਦੀ ਖ਼ੋਰ…
ਆਪਾਂ ਤਾਂ ਉਸ ਪਾਰ ਕਿਨਾਰੇ
ਵੱਲ ਦੀਆਂ ਟਿਕਟਾਂ ਲਈਆਂ ,
ਸੁਣਿਆ ਜਿੱਥੋਂ ਕਦੇ ਨਾ ਮੁੜੀਆਂ
ਇਸ਼ਕ-ਬੇੜੀਆਂ ਗਈਆਂ।
ਜਿੱਥੇ ਗ਼ਮ ਦੇ ਬੱਦਲ਼ ਵਰ੍ਹਦੇ
ਪੈਲ ਨਾ ਪਾਉਂਦੇ ਮੋਰ…
ਸਾਂਭ ਅਸਾਡੇ ਗੁੱਡੀਆਂ-ਗੁੱਡੇ
ਨਾਲ਼ ਉਹਨਾਂ ਦੇ ਲੀੜੇ,
ਰੂਹ ਸਾਡੀ ਨੂੰ ਜਾਪਣ ਲੱਗੇ
ਮਹਿਲ ਤੇਰੇ ਹੁਣ ਭੀੜੇ।
ਅਸੀਂ ਤਾਂ ਆਪਣੇ ਖ਼ਸਮ ਹਿਜਰ ਦੇ
ਹੱਥ ਫੜਾਈ ਡੋਰ…
ਬਣ ਕੇ ਚਿੜੀਆਂ ਦੂਰ ਦੇਸ ਨੂੰ
ਚੋਗ ਦੀ ਖ਼ਾਤਰ ਗਈਆਂ,
ਆਪੇ ਆਪਣਾ ਵਤਨ ਗੁਆ ਕੇ
ਕੋਝੇ ਰਾਹੀਂ ਪਈਆਂ।
ਇਕ ਬੇਗ਼ਾਨਾ ਮੁਲਕ ਡਰਾਵੇ
ਨਾਲ਼ ਹਨੇਰੇ ਘੋਰ…
ਤੇਰੇ ਮੋਹ ਦੀਆਂ ਤੰਦਾਂ ਸਾਡੇ
ਗਲ਼ ਦਾ ਫਾਹਾ ਹੋਈਆਂ,
ਵੇਖ ਅਸਾਂ ਤੇਰੀ ਸਰਦਲ ਦੇ
ਲਾਗੇ ਉੱਗ ਖਲੋਈਆਂ।
ਨਾਲ਼ੇ ਸਾਨੂੰ ਚੂਰੀ ਦੇਵੇਂ
ਨਾਲ਼ੇ ਆਖੇਂ ਚੋਰ…
 ਰਿਤੂ ਵਾਸੂਦੇਵ
Previous articleਫਲਸਤੀਨ ਵਿੱਚ ਸ਼ਾਂਤੀ ਮਨੁੱਖਤਾ ਦੀ ਪ੍ਰੀਖਿਆ ਹੈ
Next articleਮਰਦ ਪ੍ਰਧਾਨ ਸਮਾਜ