(ਸਮਾਜ ਵੀਕਲੀ)
ਸ਼ਬਦਾਂ ਦਾ ਵੀ ਜ਼ਾਇਕਾ ਹੁੰਦੈ,
ਚੱਖ ਕੇ ਫੇਰ ਪਰੋਸਿਆ ਕਰੋ।
ਕਿਸੇ ਦੇ ਦਿਲ ਤੇ ਕੀ ਬੀਤੇਗੀ,
ਭੋਰਾ ਕੁ ਤਾਂ ਕਦੇ ਸੋਚਿਆ ਕਰੋ।
ਭਰਦੇ ਨਹੀਂ ਫ਼ੱਟ ਬੋਲਾਂ ਵਾਲੇ ,
ਕੱਚੇ ਖਰੀਂਢ ਨ ਨੋਚਿਆ ਕਰੋ।
ਬੜੇ ਹੀ ਔਖ਼ੇ ਦਿਲ ਜੁੜਦੇ ਨੇ,
ਜੁੜੇ ਰਹਿਣ ਇਹ ਲੋਚਿਆ ਕਰੋ।
ਚੰਦਰੇ ਬੋਲੀਂ ਸਭ ਝੜ੍ਹ ਜਾਣੇ,
ਡਿੱਗਣ ਤੋਂ ਪਹਿਲੋਂ ਬੋਚਿਆ ਕਰੋ।
*
ਮੰਜ਼ਲ ਦੂਰ ਤੇ ਬਿਖੜਾ ਪੈਂਡਾ,
ਕੀਕਣ ਮੰਜ਼ਲ ਤੱਕ ਜਾਵਾਂਗੇ।
ਵੈਰੀ ਸ਼ਾਤਰ ਜ਼ੋਰਾਵਰ ਹੈ,
ਕੱਲਿਆਂ ਕੱਲਿਆਂ ਥੱਕ ਜਾਵਾਂਗੇ।
ਨੀਤ ਪਛਾਣੋ ਲਾਹ ਨ ਸੁੱਟੋ,
ਇਉਂ ਤਾਂ ਮੰਜ਼ਲੋਂ ਝੱਕ ਜਾਵਾਂਗੇ।
ਕੀ ਹੋਇਆ ਕਈ ਨਵੇਂ ਨੇ ਬੇਲੀ,
ਰਾਹ ਦਿਖਾਓ ਪੱਕ ਜਾਵਾਂਗੇ ।
ਸੋਚਿਆ ਸੀ ਹੋਊ ਸਫ਼ਰ ਲੰਮੇਰਾ,
ਡਰ ਹੈ ਅੱਧਵਾਟਿਓਂ ਅੱਕ ਜਾਵਾਂਗੇ।
ਸ਼ਿੰਦਾ ਬਾਈ