ਬੁੱਧ ਚਿੰਤਨ /ਘੁਰਕੀ, ਬੁਰਕੀ ਤੇ ਕੁਰਸੀ !

 ਤੇਰੇ ਯਾਰ ਨੂੰ  ਦੱਬਣ ਨੂੰ  ਫਿਰਦੇ ਨੇ…ਪਰ ਦੱਬਦਾ ਕਿੱਥੇ ਹੈ ?
(ਸਮਾਜ ਵੀਕਲੀ) ਪੰਜਾਬ ਵਿੱਚ ਜਿਸ ਤਰ੍ਹਾਂ ਭਾਜਪਾ ਦੇ ਉਮੀਦਵਾਰਾਂ ਵੱਲੋਂ ਮਿੱਠੀ ਬੋਲੀ, ਬੋਲੀ ਜਾ ਰਹੀ ਹੈ । ਇਸ ਨਾਲ ਪੰਜਾਬ ਨੂੰ ਅਗਲੇ ਦਿਨਾਂ ਵਿੱਚ ਸ਼ੂਗਰ ਵੀ ਹੋ ਸਕਦਾ ਹੈ। ਜਿਹੜਾ ਸ਼ੂਗਰ 1978 ਦੇ ਵਿੱਚ ਹੋਇਆ ਸੀ ਸੋ ਪੰਜਾਬ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਭਾਜਪਾ ਦੇ ਇਹਨਾਂ ਗਰੀਬੜੇ ਉਮੀਦਵਾਰਾਂ ਦੇ ਖਿਲਾਫ, ਵੋਟਾਂ ਪਾ ਕੇ ਆਪਣੀ ਤਾਕਤ ਵਿਖਾਉਣ। ਇਹਨਾਂ ਦਾ ਇਸ ਤਰਾਂ ਵਿਰੋਧ ਕਰਨਾ ਪੰਜਾਬ ਲਈ ਖਤਰੇ ਦੀ ਘੰਟੀ ਬਣ ਸਕਦਾ ਹੈ ਕਿਉਂਕਿ ਭਾਰਤੀ ਸਟੇਟ ਚਾਹੁੰਦੀ ਹੈ ਕਿ ਪੰਜਾਬ ਵਿੱਚ ਫਿਰ ਤੋਂ ਸੂਗਰ ਦੀ ਬਿਮਾਰੀ ਪੈਦਾ ਕੀਤੀ ਜਾਵੇ ਤੇ ਪੰਜਾਬੀਆਂ ਦਾ ਇਲਾਜ ਕੀਤਾ ਜਾ ਸਕੇ। ਸ਼ੂਗਰ ਤੇ ਬੀਪੀ ਨਾ ਮੁਰਾਦ ਬਿਮਾਰੀਆਂ ਹਨ, ਇਹਨਾਂ ਤੋਂ ਬਚਣ ਦੀ ਲੋੜ ਹੈ ਪਰ ਬਚੇ ਕਿਵੇਂ ਚਾਰੇ ਪਾਸੇ ਤਾਂ ਧੂੰਆਂ ਹੋਇਆ ਪਿਆ ਹੈ। ਹੁਣ ਕੁਰਸੀ ਹਥਿਆਉਣ ਲਈ ਕੁਰਕੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਭਾਵੇਂ ਪੰਜੇ ਉਗਲਾਂ ਬਰਾਬਰ ਨਹੀਂ ਹੁੰਦੀਆਂ । ਹੁਣ ਇਕ ਤੀਰ ਨਾਲ ਕਈ ਚਿੱਤ ਕਰਨ ਦਾ ਬੋਲਬਾਲਾ ਐ। ਦੂਜਿਆਂ ਦੀ ਬੋਲਤੀ ਬੰਦ ਕਰਨੀ ਹੁਣ ਨਵਾਂ ਵਰਤਾਰਾ ਹੋ ਗਿਆ ਐ। ਹੱਥਾਂ ਤੇ ਸਰੋੰ ਜਮਾਉਣੀ ਤੇ ਦੁਸ਼ਮਣ ਦੇ ਘਰ ਵਿੱਚ ਸੱਥਰ ਵਿਛਾਉਣਾ, ਸਿਆਸੀ ਖੇਡ ਐ। ਜਦੋਂ ਸਿੱਧੀ ਉਗਲ ਨਾਲ ਘਿਓ ਨਾ ਨਿਕਲੇ ਤਾਂ ਟੇਡੀ ਕਰ ਲੈਣੀ ਸਿਆਸਤ ਦੀ ਚਾਲ ਹੁੰਦੀ ਹੈ। ਜੋ ਕੁੱਝ ਹੋਇਆ ਤੇ ਸਭ ਨੇ ਦੇਖਿਆ ਹੈ । ਇਤਿਹਾਸ ਕਿਵੇਂ ਲਿਖਿਆ ਜਾਂਦਾ ਹੈ ਤੇ ਕਿਵੇਂ ਆਪਣੇ ਤੇ ਬਿਗਾਨੇ ਹੈਰਾਨ ਤੇ ਪ੍ਰੇਸ਼ਾਨ ਕਰੀ ਦੇ ਹਨ, ਸਿਆਸਤ ਤੇ ਸਿਆਣਪ ਕਿਵੇਂ ਵਰਤਣੀ ਹੈ, ਇਹ ਸਭ ਕੁੱਝ ਦੇਖਣ ਨੂੰ ਮਿਲਿਆ ਹੈ । ਇਹ ਵੀ ਪੰਜਾਬ ਨੂੰ ਪਤਾ ਲੱਗ ਗਿਆ ਕਿ ਆਪਣੇ ਫਰਜ਼ ਪ੍ਰਤੀ ਕੌਣ ਇਮਾਨਦਾਰ ਹੈ । ਇਹ ਦੱਸਣ ਵਾਲੀ ਗੱਲ ਨਹੀਂ  ਕਿ ਮੈਂ ਜਾਂ ਅਸੀਂ ਇਮਾਨਦਾਰ ਹਾਂ। ਇਹ ਤਾਂ ਦਿਖਣ ਵਾਲੀ ਗੱਲ ਹੈ ਤੇ ਖੁਂਡ ਚਰਚਾ ਦਾ ਵਿਸ਼ਾ ਹੈ । ਜਿਹੜੇ ਸਵੇਰੇ ਉਠ ਕੇ ਅਟੈਚੀ ਖਾਲੀ ਕਰਕੇ  ਗੱਡੀ  ਵਿੱਚ ਰੱਖਦੇ ਸਨ । ਜਿਹਨਾਂ ਨੇ ਕਦੇ ਆਪਣੀ ਬੈੰਕ ਵਿੱਚੋਂ ਤਨਖਾਹ ਨਹੀਂ ਸੀ ਲਈ ਤੇ ਫਾਰਚੂਨ, ਕਰੂਜ਼ ਤੇ ਓਡੀ ਗੱਡੀਆਂ ਦੇ ਮਾਲਕ ਸਨ । ਜਿਹਨਾਂ ਦੇਸ ਵਿਦੇਸ਼ਾਂ ਵਿੱਚ ਜ਼ਮੀਨ ਤੇ ਜਾਇਦਾਦ ਬਣਾਈ ਸੀ ; ਕੀ ਉਹ ਸਭ ਕੁੱਝ  ਇਮਾਨਦਾਰੀ ਨਾਲ ਬਣਿਆ ਹੈ ? ਹੁਣ ਇਹਨਾਂ ਦੀਆਂ ਗੱਡੀਆਂ ਤੇ ਬੈਂਕ ਖਾਤੇ ਵੀ ਸੀਲ ਕਰਕੇ ਪੜਤਾਲ ਕਰਨ ਦੀ ਲੋੜ ਹੈ। ਇਨ੍ਹਾਂ ਦੇ ਵਿੱਚੋਂ ਪਤਾ ਲੱਗ ਜਾਵੇਗਾ ਕਿ ਇਮਾਨਦਾਰ ਕੌਣ ਤੇ ਭ੍ਰਿਸ਼ਟ ਕੌਣ ਹੈ? ਪਰੇ ਕਰੇਗਾ ਕੌਣ?
——-
ਜਨਾਬ  ਸੁਰਜੀਤ ਪਾਤਰ ਦੀ ਗ਼ਜ਼ਲ ਦੇ ਬੋਲ ਯਾਦ ਕਰੀਏ ਤੇ ਆਪਣਾ ਫਰਜ਼ ਨਿਭਾਈਏ ।
 ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂ
ਇਹ ਨਾ ਸਮਝ ਕਿ ਸ਼ਹਿਰ ਹਾਲਤ  ਬੁਰੀ ਨਹੀਂ ।
 ਹੁਣ ਤਾਂ ਆਰਾ ਹੀ ਚੱਲ ਪਿਆ ਹੈ । ਜਿਹੜਾ ਸਭ ਕੁੱਝ ਵੱਢੀ ਜਾ ਰਿਹਾ ਹੈ ਤੇ ਪੰਜਾਬੀ  ਬਾਂਹ ਸਿਰਹਾਣੇ ਰੱਖ ਕੇ ਸੁੱਤੇ ਹਨ ।
ਸੁੱਤੇ ਨੂੰ ਜਗਾਇਆ ਜਾ ਸਕਦਾ ਹੈ ਪਰ ਜਾਗਦਿਆਂ ਨੂੰ ਕੌਣ ਜਗਾਏ ? ਖੈਰ ਆਪਾਂ ਵੀ ਕੀ ਲੈਣਾ ਹੈ । ਨਾਲੇ ਸਾਡਾ ਕੀ ਬਿਗੜਿਆ ਹੈ ।  ਜਿਹਨਾਂ ਦਾ ਬਿਗੜਿਆ ਹੈ ਉਨ੍ਹਾਂ ਨੂੰ ਕੋਈ ਫਿਕਰ ਨਹੀਂ ਹੈ । ਫੇਰ ਆਪਾਂ ਕੀ ਫਿਕਰ ਕਰਨਾ ਹੈ । ਨਾਲੇ ਚਿੰਤਾ ਕਰਨੀ ਚਿਖਾ ਸਮਾਨ ਹੈ । ਜੋ ਕੁੱਝ ਹੋ ਰਿਹਾ ਉਪਰ ਵਾਲੇ ਦੀ ਮਰਜ਼ੀ  ਨਾਲ ਹੁੰਦਾ ਹੈ । ਸਿਆਣੇ ਕਹਿੰਦੇ ਹੁੰਦੇ ਹਨ ਕਿ ” ਉਸਦੇ ਹੁਕਮ ਬਿਨਾਂ ਪੱਤਾ ਨਹੀਂ ਹਿਲਦਾ ।”  ਬਾਕੀ ਹੁਣ ਕਹਿਣ ਲਈ ਬਚਿਆ ਹੀ ਕੁੱਝ  ਨਹੀਂ, ਲਵੋ ਨਜ਼ਾਰੇ । ਬਦਲਾਅ ਦੇਖੋ ਕਿਥੇ ਕਿਥੇ ਹੁੰਦਾ ਹੈ । ਘੁਰਕੀ, ਬੁਰਕੀ ਤੇ ਕੁਰਸੀ ਮੂਹਰੇ ਕੌਣ ਖੜਦਾ ਹੈ । ਗੁਰਨਾਮ ਗਾਮੀ ਸੰਗਤਪੁਰੀਏ ਦੇ ਗੀਤ ਦੇ ਬੋਲ ਚੇਤੇ ਆਉਦੇ ਹਨ । ਜਨਾਬ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਨੇ ਗਾਏ ਸੀ…ਮੇਰੀ ਭੈਣ ਵੇ ਜਮਾਤਾਂ ਤੇਰਾ ਕਰਗੀ,
ਨੀਂ ਸੋਲ੍ਹਵੀਂ ਚ ਦਿਉਰ ਪੜ੍ਹਦਾ
 ਉਹਦੇ ਵਿੱਚੋਂ -ਅੰਬੀ ਪੱਕ ਕਦੋ ਹੈ ਝੜਦੀ, ਨੀਂ ਨੇਰੀ ਅੱਗੇ ਕੀ ਖੜਦਾ !”
ਮੇਰਾ ਪੰਜਾਬ ਬਹੁਤ ਪੜ੍ਹ ਗਿਆ ਹੈ । ਬਾਕੀ ਹਾਲਤ ਕੀ ਹੈ ? ਸਮਾਜ  ਦੇ ਵਿੱਚ ਆਮ ਆਦਮੀ ਦੀ ਹਾਲਤ ਦਿਨੋਂ ਦਿਨ ਪਾਣੀ ਵਰਗੀ ਹੋ ਰਹੀ ਹੈ। ਆਮ ਆਦਮੀ ਕਰੇ ਤੇ ਕੀ ਨਾ ਕਰੇ? ਇਹ  ਉਸਦੇ ਵੱਸ ਨਹੀਂ । ਉਹ  ਤੇ ਆਪਣੇ ਢਿੱਡ ਦੀ ਭੁੱਖ ਮਿਟਾਉਣ ਦੇ ਲਈ ਸਾਰਾ ਦਿਨ ਮਿੱਟੀ ਦੇ ਨਾਲ ਮਿੱਟੀ  ਹੋ ਕੇ ਇਕ ਦਿਨ ਆਪ ਹੀ ਮਿੱਟੀ  ਵਿੱਚ  ਮਿਲ ਜਾਂਦਾ  ਹੈ। ਇਹ ਸਿਲਸਿਲਾ ਯੁੱਗਾਂ ਤੋਂ ਜਾਰੀ ਹੈ। ਉਸ ਨੂੰ  ਤੇ ਆਪਣੇ  ਹੱਕਾਂ ਦੀ ਲੜ੍ਹਾਈ ਦਾ ਨੀ ਪਤਾ ਕਿ ਕਿਵੇਂ ਤੇ ਕਿਸ ਦੇ ਖਿਲਾਫ਼ ਲੜਨੀ ਹੈ? ਉਹ  ਤੇ ਆਪਣੀ  ਤੀਵੀਂ ਨਾਲ ਲੜ ਕੇ ਹੀ ਗੁੱਸਾ ਕੱਢ  ਲੈਂਦਾ ਹੈ। ਜਿਹਨਾਂ ਨੂੰ  ਪਤਾ ਕਿ ਮਨੁੱਖ ਦੀ ਮਹੱਤਤਾ ਕੀ ਹੈ , ਉਨ੍ਹਾਂ  ਨੇ ਉਸ ਨੂੰ  ਵੋਟ ਦੀ ਪਰਚੀ ਬਣਾ ਲਿਆ ਹੈ । ਹੁਣ ਤੇ ਉਸ ਨੂੰ  ਇਹ  ਪਤਾ ਹੀ ਨਹੀਂ  ਕਿ ਉਹ  ਕਿਸ ਦਾ ਕੀ ਲੱਗਦਾ ਹੈ? ਗੱਲ ਤੇ ਘੁਰਕੀ ਤੇ ਬੁਰਕੀ ਦੀ ਚੱਲਦੀ ਹੈ। ਕੁਰਸੀ ਆਪੇ ਵਿੱਚ ਆ ਗਈ ਹੈ। ਇਹਨਾਂ ਤਿੰਨ ਸ਼ਬਦਾਂ ਦਾ ਜ਼ਿੰਦਗੀ ਦੇ ਨਾਲ ਬਹੁਤ ਗੂੜ੍ਹਾ ਸੰਬੰਧ ਹੈ.ਜਿਹੜਾ ਕਦੇ ਨਾ ਕਦੇ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਪਰ ਰਾਜਨੀਤੀ ਦੇ ਵਿੱਚ ਇਹ ਤਿੰਨ ਸ਼ਬਦ ਅੱਜਕੱਲ੍ਹ ਬਹੁਤ ਚਰਚਾ ਵਿੱਚ ਹਨ ।ਉਹ ਇਸ ਕਰਕੇ ਕਿ ਰਾਜਨੀਤੀ ਦੇ ਹੁਣ ਦੋ ਕੋਣ ਨਹੀਂ ਤਿਕੋਣ ਬਣ ਗਈ ਹੈ .ਇਕ ਧਿਰ ਰਾਜ ਕਰ ਰਹੀ..ਇਕ ਧਿਰ ਦੇਖ ਰਹੀ ਤੇ ਇਕ ਆਪਣੇ ਖੁਰਾਂ ਦੇ ਨਾਲ ਮਿੱਟੀ ਪੁੱਟ ਰਹੀ ਹੈ..ਇਹ ਤਿਕੌਣ ਆਮ ਲੋਕਾਂ ਦੇ ਗਲੇ ਦੀ ਹੱਡੀ ਬਣ ਗਈ ਹੈ.ਤੇ ਕਦੇ…ਸਿਰ ਵਿੱਚ ਤੇ ਪਿੱਛੇ ਚੁਭਦੀ ਹੈ..! ਕਦੇ ਘੁਰਕੀ ਕਦੇ ਬੁਰਕੀ ਤੋਂ ਅੱਗੇ ਗੱਲ ਕੁਰਸੀ ਤੱਕ ਪੁੱਜ ਗਈ ਹੈ ..ਲੋਕ ਹੁਣ ਉਹਨਾਂ ਦਾ ਕੁਰਸੀਨਾਮਾ ਲੱਭਦੇ ਹਨ ਕਿ ਘੁਰਕੀ ਤੇ ਬੁਰਕੀ ਤੋਂ ਬਾਅਦ ਕੁਰਸੀ ਤੱਕ ਕਿੰਨੀ ਕੁ ਦੇਰ ਅੱਖਾਂ ਬੱਦ ਕੀਤੀਆਂ ਜਾ ਸਕਦੀਆਂ ਹਨ..? ਜਿਵੇਂ ਕਹਿੰਦੇ ਪਿਆਰ, ਜੰਗ ਤੇ ਰਾਜਨੀਤੀ ਦੇ ਵਿੱਚ ਸਭ ਕੁੱਝ ਜਾਇਜ਼ ਹੁੰਦੇ ਹੈਪਰ ਰਾਜਨੀਤੀ ਦੇ ਵਿੱਚ ਤਾਂ ਸਭ ਕੁੱਝ ਹੀ ਨਜਾਇਜ਼ ਹੋ ਰਿਹਾ ਹੈ! ਕਈ ਵਾਰ ਤੇ ਇੰਝ ਜਾਪਦਾ ਸਭ ਰੱਬ ਆਸਰੇ ਹੀ ਚੱਲ ਰਿਹਾ ਹੈ…ਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂ ..ਲੋਕ ਮਰ ਰਹੇ ਹਨ , ਲੁੱਟੇ ਜਾ ਰਹੇ ਤੇ ਕੁੱਟੇ ਜਾ ਰਹੇ ਹਨ.। ਸਿਸਟਮ  ਬੇਸ਼ਰਮ ਹੋਇਆ ਹੱਸ ਰਿਹਾ ਤੇ ਕਾਨੂੰਨ ਦਾ ਪਾਠ ਪੜ੍ਹਾ ਤੇ ਸੁਣਾ ਰਿਹਾ ਹੈ।ਜੇ ਕੋਈ ਲੋਕਾਂ ਦੀ ਬਾਂਹ ਫੜਦਾ ਹੈ, ਉਸ ਦੀ ਬਾਂਹ ਮਰੋੜੀ ਜਾਂਦੀ ਹੈ। ਰਾਜ ਦੀ ਨੌਕਰਸ਼ਾਹੀ ਬੇਲਗਾਮ ਹੋ ਗਈ ਹੈ..ਲੋਕ ਸਰਕਾਰੀ ਦਫਤਰਾਂ ਦੇ ਚੱਕਰ ਮਾਰਦੇ ਹਨ ਤੇ ਸਮਾਂ ਤੇ ਮਾਇਆ ਗਵਾ ਕੇ ਘਰ ਆ ਜਾਂਦੇ ਹਨ..। ਦੂਜੇ ਪਾਸੇ ਲੋਕਾਂ ਦੇ ਬੁਨਿਆਦੀ ਤੇ ਸੰਵਿਧਾਨਕ ਹੱਕ ਖੋਹੇ ਜਾ ਰਹੇ ਹਨ,ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ..ਲੋਕ ਚੁਪ ਦੀ ਗੁਫਾ ਵਿੱਚ ਬੈਠੇ ਹਨ। ਲੋਕਾਂ ਨੂੰ ਸਵਰਗ ਦੇ ਰਸਤੇ ਦੱਸਣ ਵਾਲੀ ਚਿੱਟੀ ਸਿਉਕ, ਦੋਵੇਂ ਹੱਥੀਂ ਲੁੱਟ ਰਹੀ ਹੈ, ਲੋਕ ਸਰੀਰਕ ਤੇ ਆਰਥਿਕ ਲੁੱਟ ਕਰਵਾ ਰਹੇ ਹਨ।ਸਿਹਤ, ਸਿਖਿਆ ਤੇ ਰੁਜ਼ਗਾਰ ਖੋਹ ਲਿਆ ਹੈ।ਜਨਤਕ ਅਦਾਰਿਆਂ ਨੂੰ ਪਹਿਲਾਂ ਬਦਨਾਮ ਕੀਤਾ ਤੇ ਫੇਰ ਉਹਨਾਂ ਦਾ ਨਿੱਜੀਕਰਨ ਕੀਤਾ । ਆਰਥਿਕ ਮੰਦੀ ਨੇ ਕਰੋੜਾਂ ਲੋਕ ਵਿਹਲੇ ਕਰ ਦਿੱਤੇ ਹਨ,ਪੰਜਾਬ ਦੇ ਵਿੱਚ ਰਾਜ ਸੱਤਾ ਦੀ ਜੰਗ ਲੱਗੀ ਹੋਈ ਹੈ..ਇਸੇ ਜੰਗ ਦੇ ਵਿੱਚ ਘੁਰਕੀ, ਬੁਰਕੀ ਤੇ ਕੁਰਸੀ ਦਾ ਬੋਲਬਾਲਾ ਹੋਇਆ ਹੈ ..ਕਦੋਂ ਲੋਕਰਾਜ ਬਣੂੰ ?..ਲੋਕ ਊਠ ਦੇ ਡਿੱਗ ਰਹੇ ਬੁੱਲ੍ਹ ਦੀ ਝਾਕ ਵਿੱਚ ਕੁੱਤੇ ਵਾਂਗ ਤੁਰੇ ਨਹੀ ਰਹੇ ਸਗੋਂ ਆਪਣਿਆਂ ਨੂੰ ਲਤਾੜ ਕੇ ਦੌੜ ਰਹੇ ਹਨ। ਜਦੋਂ ਲੋਕ ਇੱਕਠੇ ਨੀ ਹੁੰਦੇ ..ਉਦੋਂ ਤੱਕ..ਇਸ ਤਰ੍ਹਾਂ ਹੀ ਲੁੱਟਮਾਰ ਜਾਰੀ ਰਹੇਗੀ। ਹੁਣ ਲੋਕਾਂ ਨੇ ਦੇਖਣਾ ਹੈ ਕਿ ਮਰਨਾ ਹੈ ਜਾ ਫਿਰ ਜਿਉਂਦੇ ਰਹਿਣਾ ਹੈ ? ਹੁਣ ਦੇਸ਼  ਦੂਸਰੀ ਅਜ਼ਾਦੀ  ਦੀ ਜੰਗ ਲੜ ਰਹੇ ਹਾਂ .ਇਸ  ਸਮੇ ਬੁੱਕਲ ਦੇ ਯਾਰ ਇਸ ਜਨ ਅੰਦੋਲਨ ਦੇ ਵਿੱਚ ਘੁਸਪੈਠ ਕਰ ਰਹੇ ਹਨ…ਬੇਲਾ ਸਿੰਘ  ਤੇ ਕਿਰਪਾਲ  ਸਿੰਘ ਵਰਗੇ ਸੂਹੀਏ ਬਣੇ ਹਨ…ਇਹਨਾਂ ਤੋਂ  ਬਚਣ ਦੀ ਲੋੜ  ਹੈ..! ਦੇਸ਼ ਦੇ ਅੰਦਰ ਦੂਸਰੀ ਪੂਰਨ ਆਜ਼ਾਦੀ ਦੀ ਜੰਗ ਦੀ ਜਰੂਰਤ  ਹੈ, ਪਰ ਲੜੇ ਕੌਣ ? ਅਜੇ ਕਿਹੜਾ ਭੁੱਖ  ਨਾਲ ਮਰੇ ਹਾਂ । ਸਸਤਾ ਤੇ ਮਹਿੰਗਾ ਸਭ ਕੁੱਝ ਮਿਲ ਰਿਹਾ ਹੈ। ਅਸੀਂ  ਕਿਹੜਾ ਜਰਮਨੀ ਹਾਂ ਜੋ ਤੇਲ ਦੀਆਂ ਵਧੀਆ ਕੀਮਤਾਂ ਦਾ ਵਿਰੋਧ ਕਰਕੇ ਸਰਕਾਰ ਨੂੰ ਵਾਪਸ ਲੈਣ ਮਜ਼ਬੂਰ ਕਰ ਦਵਾਂਗੇ? ਅਸੀਂ  ਤੇ ਭਾਰਤੀ ਗੁਲਾਮ ਲੋਕ ਹਾਂ । ਗੁਲਾਮ ਦੀ ਕੋਈ  ਸੋਚ ਤੇ ਸਰਕਾਰ ਦੇ ਲੜ੍ਹਾਈ ਨਹੀਂ  ਹੁੰਦੀ .ਤੇ ਘੁਰਕੀ, ਬੁਰਕੀ ਤੇ ਕੁਰਸੀ ਦੀ ਖੇਡ ਸਿਆਸੀ ਹੈ। ਆਪਾਂ ਕੀ ਲੈਣਾ ਹੈ? ਕਰੋ ਮੌਜ?ਲਵੋ ਕਿਸੇ ਸਾਧ ਦੇ ਡੇਰੇ  ਜਾ ਕੇ ਸਵਰਗ ਦੀਆਂ  ਟਿਕਟਾਂ ਕਟਾਂ।ਚਿੱਟੀ ਸਿਉੰਕ ਉਡੀਕ ਦੀ ਹੈ, ਤੁਹਾਨੂੰ । ਕੀ ਲੈਣਾ  ਘੁਰਕੀ ਤੇ ਕੁਰਸੀ ਤੋਂ ਤੁਸੀਂ ਬੁਰਕੀ ਛਕੋ! ਵਿਚਾਰੇ ਗ਼ਰੀਬ ਉਮੀਦਵਾਰਾਂ ਦੀ ਰੋਜ਼ੀ ਰੋਟੀ ਤਾਂ ਨਾ ਖੋਵੋ।
ਬੁੱਧ ਸਿੰਘ ਨੀਲੋਂ
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਦਲਾਅ ਲਿਆਉਣਾ ਜ਼ਰੂਰੀ
Next articleਮੁੱਲ ਦੀ ਮੁਸੀਬਤ