ਸਮਰਾਲਾ/ ਬਲਬੀਰ ਸਿੰਘ ਬੱਬੀ ਮੁਸ਼ਕਾਬਾਦ ਪਿੰਡ ਵਿੱਚ ਲੱਗ ਰਹੀ ਬਾਇਓ ਗੈਸ ਫੈਕਟਰੀ ਅੱਗੇ ਲੱਗਿਆ ਧਰਨਾ 10ਵੇਂ ਦਿਨ ਵੀ ਜਾਰੀ ਰਿਹਾ। ਇਸ ਸਬੰਧ ਵਿੱਚ ਸੰਘਰਸ਼ ਕਮੇਟੀ ਦੁਆਰਾ ਅੱਜ ਪਿੰਡ ਖੀਰਨੀਆਂ ਤੋਂ ਐਸ. ਡੀ. ਐਮ. ਦਫਤਰ ਸਮਰਾਲਾ ਤੱਕ ਟਰੈਕਟਰ ਮਾਰਚ ਕਰਨ ਦੇ ਦਿੱਤੇ ਸੱਦੇ ਤੇ ਅਮਲ ਕਰਦਿਆਂ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ, ਵੱਖ ਵੱਖ ਸਮਾਜਿਕ, ਕਿਸਾਨ, ਮਜ਼ਦੂਰ ਜਥੇਬੰਦੀਆਂ ਨੇ ਸਵੇਰੇ 10 ਵਜੇ ਰੋਸ ਮਾਰਚ ਅਰੰਭ ਕੀਤਾ। ਇਹ ਰੋਸ ਮਾਰਚ ਖੀਰਨੀਆਂ, ਸਿਹਾਲਾ, ਗਹਿਲੇਵਾਲ, ਬੌਂਦਲੀ ਹੁੰਦਾ ਹੋਇਆ ਗੁਰੁਦੁਆਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਮਰਾਲਾ ਵਿਖੇ ਪੁੱਜਾ, ਜਿੱਥੋਂ ਹਜਾਰਾਂ ਦੀ ਗਿਣਤੀ ਵਿੱਚ ਔਰਤਾਂ, ਮਰਦਾਂ ਨੇ ਪੈਦਲ ਮਾਰਚ ਸ਼ੁਰੂ ਕੀਤਾ, ਇਹ ਦੋ ਕਿਲੋਮੀਟਰ ਲੰਬਾ ਕਾਫਲਾ ਸਮਰਾਲਾ ਦੇ ਮੁੱਖ ਬਜਾਰ ਰਾਹੀਂ ਹੁੰਦਾ ਹੋਇਆ ਐਸ. ਡੀ. ਐਮ. ਦਫਤਰ ਅੱਗੇ ਪੁੱਜਾ, ਜਿੱਥੇ ਧਰਨਾਕਾਰੀਆਂ ਨੇ ਐਸ. ਡੀ. ਐਮ. ਦਫਤਰ ਅੱਗੇ ਰੋਡ ਉੱਤੇ ਜਾਮ ਲਗਾ ਸਮਰਾਲਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ।
ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਵਿੱਚ ਸਮਰਾਲਾ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਹੁਣ ਇਹ ਲੜਾਈ ਕੇਵਲ ਫੈਕਟਰੀ ਦੀ ਨਹੀਂ ਬਲਕਿ ਪੰਜਾਬ ਦੇ ਭਵਿੱਖ ਦੀ ਵੀ ਹੈ, ਜੇਕਰ ਇਹ ਫੈਕਟਰੀ ਚਾਲੂ ਹੋ ਜਾਂਦੀ ਹੈ, ਇਸ ਨਾਲ ਮੁਸ਼ਕਾਬਾਦ ਨਾਲ ਲੱਗਦੇ ਪਿੰਡਾਂ ਦਾ ਵੀ ਵਾਤਾਵਰਣ ਖਰਾਬ ਹੋ ਜਾਵੇਗਾ ਅਤੇ ਆਮ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਜਾਵੇਗਾ, ਆਮ ਲੋਕ ਖਤਰਨਾਕ ਬਿਮਾਰੀਆਂ ਦੀ ਲਪੇਟ ਵਿੱਚ ਆ ਜਾਣਗੇ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬੇਖਬਰ ਪੰਜਾਬ ਸਰਕਾਰ ਅਤੇ ਸਮਰਾਲਾ ਪ੍ਰਸਾਸ਼ਨ ਚੁੱਪ ਵੱਟੀ ਬੈਠਾ ਹੈ। ਇੱਕ ਜੂਨ ਨੂੰ ਪੈਣ ਵਾਲੀਆਂ ਲੋਕ ਸਭਾ ਚੋਣਾਂ ਦਾ ਮੁਸ਼ਕਾਬਾਦ ਪਿੰਡ ਪੂਰੀ ਤਰ੍ਹਾਂ ਮੁਕੰਮਲ ਬਾਈਕਾਟ ਕਰੀ ਬੈਠਾ ਹੈ, ਉਨ੍ਹਾਂ ਸਮਰਾਲਾ ਤਹਿਸੀਲ ਦੇ ਸਮੂਹ ਪਿੰਡਾਂ ਦੇ ਵਸਨੀਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਉਨ੍ਹਾਂ ਨੇ ਆਪਣੇ ਬੱਚਿਆਂ ਦਾ ਭਵਿੱਖ ਬਚਾਉਣਾ ਹੈ ਤਾਂ ਉਹ ਵੀ ਇਨ੍ਹਾਂ ਲੋਕ ਸਭਾ ਚੋਣਾਂ ਦਾ ਮੁਕੰਮਲ ਬਾਈਕਾਟ ਕਰਕੇ ਵੋਟਾਂ ਵਾਲੀਆਂ ਮਸ਼ੀਨਾਂ ਦੇ ਬਕਸੇ ਖਾਲੀ ਭੇਜਣ ਤਾਂ ਜੋ ਇਨ੍ਹਾਂ ਸਿਆਸੀ ਨੇਤਾਵਾਂ ਦੀਆਂ ਅੱਖਾਂ ਖੁੱਲ ਸਕਣ ਕਿ ਅਸੀਂ ਲੋਕ ਉਨ੍ਹਾਂ ਦੇ ਇਸ਼ਾਰਿਆਂ ਤੇ ਚੱਲਣ ਵਾਲੀਆਂ ਕਠਪੁੱਤਲੀਆਂ ਨਹੀਂ ਬਲਕਿ ਇੱਕ ਲੋਕਤੰਤਰੀ ਦੇਸ਼ ਦੇ ਵਸ਼ਿੰਦੇ ਹਾਂ। ਧਰਨੇ ਉਪਰੰਤ ਧਰਨਾਕਾਰੀਆਂ ਨੇ ਐਸ. ਡੀ. ਐਮ. ਸਮਰਾਲਾ ਨੂੰ ਮੰਗ ਪੱਤਰ ਦਿੰਦੇ ਹੋਏ ਇਹ ਬਾਇਓ ਗੈਸ ਫੈਕਟਰੀ ਬੰਦ ਕਰਨ ਸਬੰਧੀ ਅਪੀਲ ਕੀਤੀ।
ਅੱਜ ਦੇ ਵਿਸ਼ਾਲ ਰੋਸ ਧਰਨੇ ਵਿੱਚ ਵੱਖ ਵੱਖ ਕਿਸਾਨ, ਸਮਾਜਿਕ, ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਬੀ. ਕੇ. ਯੂ. (ਲੱਖੋਵਾਲ), ਬੀ. ਕੇ. ਯੂ. (ਰਾਜੇਵਾਲ), ਬੀ. ਕੇ. ਯੂ. (ਸਿੱਧੂਪੁਰ), ਬੀ. ਕੇ. ਯੂ. (ਦੋਆਬਾ), ਬੀ. ਕੇ. ਯੂ. (ਸ਼ੇਰੇ ਪੰਜਾਬ), ਬੀ. ਕੇ. ਯੂ. ( ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ), ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ, ਕਿਸਾਨ ਜਮਹੂਰੀ ਸਭਾ, ਬੀ. ਕੇ. ਯੂ. (ਏਕਤਾ ਉਗਰਾਹਾਂ), ਜਮਹੂਰੀ ਕਿਸਾਨ ਸਭਾ ਪੰਜਾਬ ਆਦਿ ਤੋਂ ਇਲਾਵਾ ਇਨ੍ਹਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ, ਮਜ਼ਦੂਰਾਂ, ਵਰਕਰਾਂ ਤੋਂ ਇਲਾਵਾ ਇਲਾਕੇ ਵੱੱਖ ਵੱਖ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੰਬਰਦਾਰਾਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਸਨ। ਧਰਨੇ ਉਪਰੰਤ ਸੰਘਰਸ਼ ਕਮੇਟੀ ਵੱਲੋਂ ਆਲੇ ਦੁਆਲੇ ਦੇ ਪਿੰਡਾਂ ਦੇ ਪੰਚਾਂ, ਸਰਪੰਚਾਂ ਅਤੇ ਨੇਤਾਵਾਂ ਤੋਂ ਇਲਾਵਾ ਪਿੰਡ ਖੀਰਨੀਆਂ, ਮੁਸ਼ਕਾਬਾਦ, ਸਿਹਾਲਾ, ਗਹਿਲੇਵਾਲ, ਬੌਂਦਲੀ, ਹੇੜੀਆਂ, ਹਰਿਓਂ ਕਲਾ, ਹਰਿਓਂ ਖੁਰਦ ਦੀਆਂ ਸਮੂਹ ਪੰਚਾਇਤਾਂ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly