ਰੱਬ ਦਾ ਦੂਜਾ ਰੂਪ ਮਾਂ ਏ

  ਸੁਖਦੇਵ ਸਿੰਘ 'ਭੁੱਲੜ'
  (ਸਮਾਜ ਵੀਕਲੀ)  –  ਹਰ ਸਾਲ ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ‘ਮਾਂ ਦਿਵਸ’ ਵਜੋਂ ਮਨਾਇਆ ਜਾਂਦਾ ਹੈ।ਬੇਸ਼ੱਕ ‘ਮਾਂ’ ਸ਼ਬਦ ਇੱਕ ਹੀ ਅੱਖਰ ਦਾ ਹੈ, ਪਰ ਇਸ ਦੀ ਵਿਆਖਿਆ ਕਰਨ ਲਈ ਢੇਰ ਸਾਰੇ ਸ਼ਬਦ ਵੀ ਥੋੜ੍ਹੇ ਹਨ।ਮਾਂ ਦੀ ਸਿਫਤ ਨੂੰ ਬਿਆਨ ਕਰਦਿਆਂ ਸ਼ਬਦ ਮੁੱਕ ਜਾਂਦੇ ਹਨ, ਮਗਰ ਸਿਫਤਾਂ ਦਾ ਸਫਰ ਨਹੀਂ ਮੁੱਕਦਾ।ਪੰਜਾਬੀ ਸ਼ਾਇਰ ਮੋਹਨ ਸਿੰਘ ਤਾਂ ਏਥੋਂ ਤੱਕ ਲਿਖਦਾ ਏ-
    ਮਾਂ ਵਰਗਾ ਘਣਸ਼ਾਵਾਂ ਬੂਟਾ,
    ਮੈਨੂੰ ਨਜ਼ਰ ਨਾ ਆਏ।
    ਲੈ ਕੇ ਜਿਸ ਤੋਂ ਛਾਂ ਉਧਾਰੀ,
    ਰੱਬ ਨੇ ਸੁਰਗ ਬਣਾਏ।
    ਇਸ ਦੁਨੀਆਂ ਦਾ ਹਰ ਬੂਟਾ,
    ਜੜ੍ਹ ਪੁੱਟਿਆਂ ਸੁੱਕ ਜਾਂਦਾ।
    ਐਪਰ ਇਹ ਬੂਟਾ ਫੁੱਲਾਂ ਦੇ,
    ਟੁੱਟਿਆਂ ਤੋਂ ਸੁੱਕ ਜਾਏ।
    ਬੋਹੜ ਦੀ ਛਾਂ ਲੱਖ ਠੰਢੀ ਹੁੰਦੀ ਏ, ਪਰ ਮਾਂ ਰੂਪੀ ਰੁੱਖ ਦੀ ਛਾਂ ਅੱਗੇ ਉਹ ਵੀ ਫਿੱਕੀ ਏ।ਮਾਂ ਦੀਆਂ ਲੋਰੀਆਂ ਵਿੱਚ ਸਵਰਗ ਵਰਗਾ ਅਨੰਦ ਤੇ ਪੈਰਾਂ ‘ਚੋਂ ਜੰਨਤ ਦਾ ਬੂਹਾ ਖੁੱਲ੍ਹਦਾ ਏ।ਉਹਦੀ ਬੁੱਕਲ ਦਾ ਨਿੱਘ ਸੰਸਾਰ ਦੀਆਂ ਖੁਸ਼ੀਆਂ ਦਾ ਘਰ ਏ।ਢਿੱਡੋਂ ਜਾਇਆਂ ਲਈ ਜਾਨ ਕੁਰਬਾਨ ਕਰਨ ਵਾਲੀ ਮਾਂ ਨੂੰ ‘ਰੱਬ ਦਾ ਦੂਜਾ ਨਾਂ’ ਕਹਿ ਕੇ ਸਤਿਕਾਰਿਆ ਜਾਂਦਾ ਹੈ।ਲੋਕ ਗੀਤਾਂ ਵਿੱਚ ਮਾਂ ਦੀ ਮਹਾਨਤਾ ਨੂੰ ਸਿੱਧ ਕਰਦੀਆਂ ਧੁਨਾਂ ਗੂੰਜਦੀਆਂ ਹਨ।ਮਾਂ ਹੀ ਇੱਕ ਅਜਿਹੀ ਸਖਸ਼ੀਅਤ ਹੈ, ਜੋ ਆਪਣੀ ਉਲਾਦ ਲਈ ਅਸੀਸਾਂ ਦਾ ਹੜ੍ਹ ਵਗਾ ਦਿੰਦੀ ਹੈ ਤੇ ਮਮਤਾ ਦਾ ਸਾਗਰ ਬਣ ਕੇ ਵਹਿ ੳਠਦੀ ਏ।
    ਰਾਜਿਆਂ-ਮਹਾਰਾਜਿਆਂ, ਸੂਰਮੇ, ਭਗਤਾਂ ਤੇ ਗੁਰੂ-ਪੀਰਾਂ ਨੂੰ ਜਨਮ ਦੇਣ ਵਾਲੀ ਜਨਨੀ ਦੀ ਤਾਰੀਫ਼ ਕਰਦਿਆਂ  ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਏ-
   ਸੋ ਕਿਉ ਮੰਦਾ ਆਖੀਐ
   ਜਿਤੁ ਜੰਮਹਿ ਰਾਜਾਨ॥
   ਪੰਚਮ ਪਾਤਸ਼ਾਹ ਜੀ ਤਾਂ ਮਨੁੱਖ ਦਾ ਪਹਿਲਾ ਗੁਰੂ ਹੀ ਮਾਂ ਨੂੰ ਆਖਦੇ ਹਨ।ਸੁਣੋ-
   ਗੁਰਦੇਵ ਮਾਤਾ ਗੁਰਦੇਵ ਪਿਤਾ
    ਗੁਰਦੇਵ ਸੁਆਮੀ ਪਰਮੇਸੁਰਾ॥
    ਕਿਉਂਕਿ ਬੱਚੇ ਦੀ ਜੀਵਨ ਸ਼ੈਲੀ ਨੂੰ ਘੜਨ ਵਿੱਚ ਸਭ ਤੋਂ ਜਿਆਦਾ ਤੇ ਮਹੱਤਵਪੂਰਨ ਰੋਲ ਮਾਂ ਹੀ ਅਦਾ ਕਰਦੀ ਏ।ਅੰਗਰੇਜ਼ ਲਿਖਾਰੀ ਐਮਰਸਨ ਅਨੁਸਾਰ-‘ਮਨੁੱਖ ਓਹੀ ਕੁੱਝ ਹੁੰਦੇ ਹਨ, ਜੋ ਉਨ੍ਹਾਂ ਨੂੰ ਉਨ੍ਹਾਂ ਦੀਆਂ ਮਾਵਾਂ ਬਣਾਉਂਦੀਆਂ ਹਨ।ਇਸ ਕਥਨ ਵਿੱਚ ਰਤਾ ਭਰ ਵੀ ਸ਼ੱਕ ਨਹੀਂ।ਬੱਚੇ ਦੀ ਘਾੜਤ ਘੜਨ ਵਿੱਚ ਬਹੁਤਾ ਯੋਗਦਾਨ ਮਾਂ ਦਾ ਹੀ ਹੁੰਦਾ ਏ।ਜੇ ਮਾਂ ਚਾਹੇ ਤਾਂ ਉਹ ਆਪਣੇ ਬੱਚੇ ਨੂੰ ਭਗਤ ਜਾਂ ਸੂਰਮਾ ਬਣਾ ਸਕਦੀ ਏ, ਪਰ ਜੇ ਮਾਂ ਦੀ ਇੱਛਾ ਹੋਵੇ ਤਾਂ ਬੱਚੇ ਨੂੰ ਚੋਰ, ਲੁਟੇਰਾ ਜਾਂ ਕਾਤਲ ਵੀ ਬਣਾ ਦਿੰਦੀ ਏ।ਕਾਰਣ ਇਹ ਕਿ ਬੱਚਾ ਸਭ ਤੋਂ ਜ਼ਿਆਦਾ ਪ੍ਰਭਾਵ ਆਪਣੀ ਮਾਂ ਦਾ ਕਬੂਲਦਾ ਹੈ।ਇਤਿਹਾਸ ਦੇ ਪੰਨੇ ਫਰੋਲਣ ਤੋਂ ਪਤਾ ਲੱਗਦਾ ਹੈ ਕਿ ਬਾਲਮੀਕ ਨੂੰ ਧਾੜੇ ਮਾਰਨ ਲਈ ਮਾਂ ਹੀ ਪ੍ਰੇਰਿਤ ਕਰਦੀ ਏ।ਦੂਜੇ ਪਾਸੇ ਧਰੂ ਤੇ ਪ੍ਰਹਿਲਾਦ ਨੂੰ ਬਾਲ ਉਮਰ ਵਿੱਚ ਹੀ ਪ੍ਰਭੂ ਪ੍ਰਾਪਤੀ ਦੀ ਚੇਟਕ ਲਾਉਣ ਵਾਲੀ ਵੀ ਮਾਂ ਹੈ।ਸਿੱਖ ਇਤਿਹਾਸ ਵਿੱਚ ਮਾਂ ਦੀ ਮਹਾਨਤਾ ਦਾ ਸਿਖਰ ਮਾਤਾ ਗੁਜਰ ਕੌਰ ਜੀ ਨੂੰ ਮੰਨਿਆ ਜਾਂਦਾ ਹੈ, ਜਿਨ੍ਹਾਂ ਨੂੰ ਪਹਿਲੀ ਸ਼ਹੀਦ ਔਰਤ ਦਾ ਦਰਜਾ ਵੀ ਹਾਸਿਲ ਏ।ਮਾਤਾ ਗੁਜਰ ਕੌਰ ਜੀ ਦੀ ਸਿੱਖਿਆਦਾਇਕ ਪ੍ਰੇਰਨਾ ਨੇ ਦਸ਼ਮੇਸ਼ ਪਿਤਾ ਜੀ ਨੂੰ ਮਹਾਂਬਲੀ ਸੂਰਮਾ ਬਣਾ ਦਿੱਤਾ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ੁਲਮੀ ਕੰਧਾਂ ਵਿੱਚ ਹਿੱਕ ਡਾਹ ਕੇ ਖੜ੍ਹਣ ਦੇ ਸਮਰੱਥ ਕਰ ਦਿੱਤਾ।ਇਹ ਵੀ ਮਾਂ ਦੇ ਸਹੀ ਪਾਲਣ-ਪੋਸ਼ਣ ਦੀ ਕਰਾਮਾਤ ਹੀ ਹੈ।ਇਸ ਕਰਾਮਾਤ ਸਦਕਾ ਹੀ ਬਹਾਦਰ ਮਾਵਾਂ ਨੇ ਮੀਰ ਮੰਨੂੰ ਦੀ ਜੇਲ੍ਹ ਵਿੱਚ ਭੁੱਖੇ ਪਿਆਸੇ ਰਹਿ ਕੇ ਤੇ ਆਪਣੇ ਬੱਚਿਆਂ ਦੇ ਟੋਟੇ ਝੋਲੀਆਂ ਵਿੱਚ ਪਵਾ ਕੇ, ਮਾਂ ਦੀ ਦ੍ਰਿੜਤਾ ਨੂੰ ਬਰਕਰਾਰ ਰੱਖਿਆ।
   ਆਪਣੀ ਸੰਦਰਤਾ ਨੂੰ ਕੁਰਬਾਨ ਕਰਕੇ, ਬੱਚੇ ਦੀ ਜਨਮ ਦਾਤੀ ਬਣਨ ਦਾ ਸੁਭਾਗ ਪ੍ਰਾਪਤ ਕਰਦੀ ਹੈ।ਜਰਮਨੀ ਫਿਲਾਸਫਰ ਨਿਟਸ਼ੇ ਆਖਦਾ ਹੈ-‘ਮੈਂ ਮਰਦ ਤੇ ਔਰਤ ਨੂੰ ਵਿਆਹ ਕਰਨ ਦੀ ਇਜਾਜ਼ਤ ਨਹੀਂ ਦਿੰਦਾ।’ ਅੱਗੋਂ ਪ੍ਰਸ਼ਨ ਕਰਤਾ ਨੇ ਸੁਆਲ ਕੀਤਾ-‘ਕਦੇ ਕਿਸੇ ਨੂੰ ਵਿਆਹ ਕਰਨ ਦੀ ਇਜਾਜ਼ਤ ਦੇਵੋਗੇ ਵੀ ?’ ਤਾਂ  ਨਿਟਸ਼ੇ ਨੇ ਉੱਤਰ ਦਿੱਤਾ-‘ਹਾਂ, ਜੇ ਦੋਵਾਂ ਦੇ ਸੰਯੋਗ ਤੋਂ ਮਹਾਨ ਪੁਰਸ਼ (super man) ਪੈਦਾ ਹੋਏ ਤਾਂ ਇਜਾਜ਼ਤ ਦੇ ਸਕਦਾਂ।’ ਇਸ ਭਾਵ ਨੂੰ ਸਪੱਸ਼ਟ ਕਰਨ ਲਈ ਭਗਤ ਤੁਲਸੀ ਦਾਸ ਇੰਝ ਲਿਖਦਾ ਏ-
   ਜਨਨੀ ਜਨੈ ਤਾ ਭਗਤ ਜਨ,
   ਕੈ ਦਾਤਾ ਕੈ ਸੂਰ।
   ਨਾਹਿ ਤਾ ਜਨਨੀ ਬਾਂਝ ਰਹੇ,
   ਕਾਹੇ ਗਵਾਵੈ ਨੂਰ।
    ਪਿੰਗਲਵਾੜੇ ਦੇ ਬਾਨੀ ਭਗਤ ਪੂਰਨ ਸਿੰਘ ਜੀ ਆਪਣੀ ਮਾਂ ਬਾਰੇ ਲਿਖਦੇ ਹਨ-“ਮੇਰੀ ਮਾਂ ਇੱਕ ਕਲਾਕਾਰ ਸੀ, ਜਿਸ ਨੇ ਮੇਰੀ ਸ਼ਖਸੀਅਤ ਨੂੰ ਪਿਆਰ ਤੇ ਸ਼ਰਧਾ ਨਾਲ ਘੜਿਆ ਤੇ ਸੰਵਾਰਿਆ ਹੈ।ਮਾਨਵਤਾ ਦੇ ਭਲੇ ਤੇ ਪਰਉਪਕਾਰ ਕਰਨ ਦੀ ਰੁਚੀ ਮੇਰੀ ਮਾਂ ਨੇ ਮੇਰੇ ਅੰਦਰ ਪੈਦਾ ਕੀਤੀ।ਉਹ ਮੈਨੂੰ ਘਰ ਦੀ ਛੱਤ ਉੱਤੇ ਲੈ ਜਾਂਦੀ ਤੇ ਮੇਰੇ ਕੋਲੋਂ ਪੰਛੀਆਂ ਨੂੰ ਚੋਗਾ ਪਵਾਉਦੀ।ਛੁੱਟੀ ਵਾਲੇ ਦਿਨ ਪਿੰਡ ਦੇ ਪਸ਼ੂਆਂ ਨੂੰ ਖੂਹ ਵਿੱਚੋਂ ਪਾਣੀ ਕੱਢ ਕੇ, ਜਦੋਂ ਪਿਲਾਉਂਦੀ ਤਾਂ ਇਸ ਕੰਮ ਵਿੱਚ ਮੈਨੂੰ ਵੀ ਆਪਣੇ ਨਾਲ ਲਾਉਂਦੀ।”
   ਅਮਰੀਕੀ ਪ੍ਰਧਾਨ ਇਬਰਾਹੀਮ ਲਿੰਕਨ ਵੀ ਆਪਣੀ ਮਾਂ ਦਾ ਰਿਣੀ ਹੁੰਦਾ ਹੋਇਆ, ਆਪਣੇ ਮਨ ਦੀ ਭਾਵਨਾ ਨੂੰ ਇੰਝ ਵਿਅਕਤ ਕਰਦਾ ਏ ਕਿ ‘ਰੱਬ ਮੇਰੀ ਮਾਂ ‘ਤੇ ਮੇਹਰ ਕਰੇ।ਮੈਂ ਜੋ ਕੁਝ ਵੀ ਹਾਂ ਜਾਂ ਹੋਣ ਦੀ ਆਸ ਕਰਦਾਂ ਹਾਂ, ਉਸ ਸਭ ਕੁੱਝ ਲਈ ਮਾਂ ਦਾ ਰਿਣੀ ਹਾਂ।’ ਉਸਦੇ ਸ਼ਬਦ ਹਨ-
   God bless my mother, all that I am or ever hope to be, I owe to her.
    ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਓ, ਮਾਂ ਪ੍ਰਤੀ ਸਭ ਦਾ ਰਵੱਈਆ ਇੱਕ ਹੀ ਹੈ ਕਿ ਮਾਂ ਨੂੰ ਰੱਬ ਦੀ ਤਰ੍ਹਾਂ ਪੂਜਿਆ ਜਾਂਦਾ ਹੈ।ਮਨੁੱਖੀ ਜੀਵਨ ਵਿੱਚ ਮਾਂ ਦਾ ਬਹੁਤ ਜ਼ਿਆਦਾ ਮਹੱਤਵ ਹੈ।ਜਨਮ ਤੋਂ ਲੈ ਕੇ ਹੋਸ਼ ਸੰਭਾਲਣ ਤੱਕ ਮਾਂ ਹੀ ਸਾਡੀ ਰਾਹ ਦਸੇਰਾ ਹੁੰਦੀ ਏ।ਜਦ ਸਾਨੂੰ ਕਿਸੇ ਵੀ ਚੀਜ਼ ਦੇ ਨਫੇ-ਨੁਕਸਾਨ ਦਾ ਪਤਾ ਨਹੀਂ ਹੁੰਦਾ, ਉਸ ਵਕਤ ਮਾਂ ਹੀ ਪੂਰੀ ਤਨਦੇਹੀ ਨਾਲ ਸਾਡੀ ਹਿਫਾਜ਼ਤ ਕਰਦੀ ਏ।ਦੁਨੀਆਂ ਵਿੱਚ ਮਾਂ ਹੀ ਇੱਕ ਅਜਿਹਾ ਰਿਸ਼ਤਾ ਹੈ, ਜਿਸ ‘ਤੇ ਅੱਖਾਂ ਮੀਟ ਕੇ ਭਰੋਸਾ ਕੀਤਾ ਜਾ ਸਕਦਾ ਹੈ।ਮਾਂ ਦਾ ਦਿਲ ਦੁਨੀਆਂ ਦੇ ਹਰ ਫੁੱਲ ਨਾਲੋਂ ਕੋਮਲ ਹੁੰਦਾ ਏ।ਆਪਣੇ ਬੱਚਿਆਂ ਨੂੰ ਖੁਸ਼ ਵੇਖ ਕੇ ਉਹ ਖੁਸ਼ੀ ਨਾਲ ਝੂਮ ਉਠਦੀ ਏ, ਜੇ ਉਲਾਦ ਦੁੱਖੀ ਹੋਵੇ ਤਾਂ ਉਹਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਮੀਂਹ ਵਰ੍ਹਣ ਲੱਗਦਾ ਏ।ਬੱਚੇ ਦੇ ਭਵਿੱਖ ਨੂੰ ਸੰਵਾਰਨ ਲਈ ਉਹ ਆਪਣਾ ਵਰਤਮਾਨ ਲੇਖੇ ਲਾ ਛੱਡਦੀ ਏ।ਨੈਪੋਲੀਅਨ ਦੀ ਟਿੱਪਣੀ ਕਿੰਨੀ ਭਾਵਪੂਰਤ ਏ- The future destiny of the child is the work of the mother.
    ਵਾਹਿਗੁਰੂ ਦੁਨੀਆਂ ਭਰ ਦੀ ਹਰ ਮਾਂ ਨੂੰ ਖੁਸ਼ ਰੱਖੇ !
                ਸੁਖਦੇਵ ਸਿੰਘ ਭੁੱਲੜ 
                ਸੁਰਜੀਤ ਪੁਰਾ ਬਠਿੰਡਾ 
                 9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਮਾਂ”
Next articleਮਾਂ ਕੁਦਰਤ ਦਾ ਰੂਪ -ਗੁਲਾਬ ਵਾਂਗ ਕੋਮਲ, ਸੁਗੰਧਿਤ ਅਤੇ ਮਨਮੋਹਕ ਹੁੰਦੀ ਹੈ