ਸਿਹਤ ਢਾਂਚਾ ਦਰੁੱਸਤ ਕਰਨ *ਚ ਐਨੀ ਦੇਰ ਕਿਉਂ ?

ਹਰਪ੍ਰੀਤ ਸਿੰਘ ਬਰਾੜ, ਮੇਨ ਏਅਰ ਫੋਰਸ ਰੋਡ,ਬਠਿੰਡਾ

(ਸਮਾਜ ਵੀਕਲੀ)

ਸਾਡੇ ਦੇਸ਼ *ਚ ਕਰੋਨਾ ਪੀੜਤਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਅੱਜ ਸਿਹਤ ਸਹੂਲਤਾ ਦੀ ਕਮੀਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਵੀ ਹੱਥ ਪੈਰ ਫੁੱਲ ਰਹੇ ਹਨ। ਲੋਕਾਂ ਦੇ ਮੱਥੇ *ਤੇ ਚਿੰਤਾ ਦੀਆਂ ਲਕੀਰਾਂ ਸਾਫ ਨਜਰ ਆ ਰਹੀਆਂ ਹਨ। ਪਿਛਲੇ ਸਾਲ ਵੀ ਜਦੋਂ ਕਰੋਨਾ ਨੇ ਕਹਿਰ ਵਰ੍ਹਾਉਣਾ ਸ਼ੁਰੂ ਕੀਤਾ ਉਦੋਂ ਵੀ ਸਿਹਤ ਸਹੂਲਤਾਂ ਦੀ ਕਮੀਂ ਨਾਲ ਲੋਕਾਂ ਨੂੰ ਜੂਝਨਾ ਪਿਆ ਸੀ।

ਆਮਤੌਰ *ਤੇ ਅਜਿਹੇ ਹਲਾਤਾਂ *ਚ ਸਰਕਾਰੀ ਤੰਤਰ ਸਬਕ ਲੈਂਦਾ ਹੈ ਅਤੇੇ ਅੱਗੇ ਲਈ ਸਤਰਕ ਹੋ ਜਾਂਦਾ ਹੈ, ਪਰ ਸਾਡੇ ਦੇਸ਼ ਦੇ ਕਈ ਸੂਬਿਆਂ ਅਤੇ ਸ਼ਹਿਰਾਂ *ਚ ਮੌਜ਼ੂਦਾ ਸਮੇਂ *ਚ ਹਸਪਤਾਲਾਂ, ਬੈਡ, ਵੈਂਟੀਲੇਟਰ ਅਤੇ ਆਕਸੀਜਨ ਦੇ ਲਈ ਜਿਹੋ ਜਿਹੀ ਹਾਹਾਕਾਰ ਮੱਚੀ ਹੈ, ਇਸ ਤੋਂ ਸਾਫ ਹੁੰਦਾ ਹੈ ਕਿ ਕਰੋਨਾ ਸੰਕਟ ਦੇ ਲੰਘੇ ਸਾਲ ਤੋਂ ਕੋਈ ਸਬਕ ਨਹੀਂ ਲਿਆ ਗਿਆ। ਅਸੀਂ ਕਰੋਨਾ ਦੇ ਤੇਜ਼ ਰਫ਼ਤਾਰ ਨਾਲ ਵਧ ਰਹੇ ਸੰਕਰਮਣ ਨੂੰ ਦੇਖ ਰਹੇ ਹਾਂ। ਨਾਲ ਹੀ ਹਸਪਤਾਲਾਂ *ਚ ਮਿਲ ਰਹੀਆਂ ਸਹੂਲਤਾਂ ,ਬੈਡ, ਆਕਸੀਜਨ ਅਤੇ ਵੈਂਟੀਲੇਟਰਾਂ ਦੀ ਕਮੀਂ ਵੀ ਸਾਡੇ ਸਾਹਮਣੇ ਹੀ ਹੈ। ਆਖ਼ਰ ਸਰਕਾਰ ਦੀ ਸਿਹਤ ਸਹੂਲਤਾਂ ਪ੍ਰਤੀ ਜਵਾਬਦੇਹੀ ਐਨੀ ਲੱਚਰ ਕਿਵੇਂ ਹੋ ਸਕਦੀ ਹੈ ?

ਕਿਸੇ ਵੀ ਦੇਸ਼ ਦਾ ਆਰਥਕ—ਸਮਾਜਕ ਵਿਕਾਸ ਉਸ ਦੇਸ਼ ਦੇ ਸਿਹਤਮੰਦ ਨਾਗਰਿਕਾਂ *ਤੇ ਨਿਰਭਰ ਕਰਦਾ ਹੈ, ਕਿਸੇ ਵੀ ਦੇਸ਼ ਦੇ ਵਿਕਾਸ ਦੀ ਕੁੰਜੀ ਉਸ ਦੇਸ਼ ਦੇ ਸਿਹਤਮੰਦ ਨਾਗਰਕ ਹਨ, ਪਰ ਅੱਜ ਅਸੀਂ ਜਦੋਂ ਆਪਣੀਆਂ ਸਿਹਤ ਸਹੂਲਤਾਂ ਦੀ ਗੱਲ ਕਰੀਏ ਤਾਂ ਸਾਡੇ ਹਲਾਤ ਕਾਫੀ ਤਰਸਯੋਗ ਸਾਬਤ ਹੁੰਦੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦੀਆਂ ਰਿਪੋਰਟਾਂ ਤੋਂ ਲੈ ਕੇ ਇਸ ਖੇਤਰ *ਚ ਹੋਏ ਅਨੇਕਾਂ ਸਰਵੇਖਣ ਇਹ ਦੱਸਦੇ ਹਨ ਕਿ ਸਾਡਾ ਸਮਾਜਕ ਸਿਹਤ ਢਾਂਚਾ ਸੁਧਰਨ ਦੀ ਥਾਂ ਹੋਰ ਜਿਆਦਾ ਬਦਹਾਲ ਹੁੰਦਾ ਜਾ ਰਿਹਾ ਹੈ, ਅੱਜ ਅਸੀਂ ਸਾਰੇ ਇਸ ਮਹਾਂਮਾਰੀ ਦੋ ਦੌਰ *ਚ ਆਪਣੀਆਂ ਅੱਖਾਂ ਨਾਲ ਇਹ ਦੇਖ ਰਹੇ ਹਾਂ ਕਿ ਹਸਪਤਾਲਾਂ ਵਿਚ ਇਕੋਂ ਬੈੱਡ *ਤੇ ਦੋ ਜਾਂ ਤਿੰਨ ਮਰੀਜ ਪਏ ਹੋਏ ਹਨ ਅਤੇ ਬਹੁਤਿਆਂ ਨੂੰੂੰ ਤਾਂ ਹਸਪਤਾਲ *ਚ ਬੈੱਡ ਵੀ ਨਸੀਬ ਨਹੀਂ ਹੈ ਅਤੇ ਉਹ ਭੁੰਜੇ ਹੀ ਫਰਸ਼ਾਂ *ਤੇ ਇਲਾਜ ਦੀ ਉਡੀਕ *ਚ ਪਏ ਹੋਏ ਹਨ। ਅੱਜ ਦੇਸ਼ ਦੇ ਕਈ ਸ਼ਹਿਰਾਂ *ਚ ਭਗਦੜ ਮੱਚੀ ਹੋਏ ਹੈ। ਕਰੋਨਾਂ ਪੀੜਤਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਰਹੇ ਹਨ, ਸ਼ਮਸ਼ਾਨ ਘਾਟ ਛੋਟੇ ਪੈ ਰਹੇ ਹਨ।

ਕੀ ਤੁਸੀਂ ਉਨ੍ਹਾਂ ਦੇ ਦਰਦ ਨੂੰ ਮਹਿਸੂਸ ਕੀਤਾ ਜਿਨ੍ਹਾਂ ਦੇ ਆਪਣੇ ਬਿਨਾਂ ਹਸਪਤਾਲ, ਆਕਸੀਜ਼ਨ ਅਤੇ ਦਵਾਈ ਦੀ ਘਾਟ ਨਾਲ ਮਰ ਰਹੇ ਹਨ।

ਆਖਿ਼ਰ ਸਾਡਾ ਸਿਹਤ ਢਾਂਚਾ ਐਨਾ ਕਮਜ਼ੌਰ ਕਿਉਂ ਹੈ ? ਕੀ ਅਸੀਂ ਅਜਾਦੀ ਦੇ ਐਨੇ ਸਾਲਾਂ ਬਾਅਦ ਵੀ ਆਪਣੇ ਸਿਹਤ ਢਾਂਚੇ ਦਾ ਸੁਧਾਰ ਨਹੀਂ ਕਰ ਸਕਦੇ। ਆਪਣੇ ਸਿਹਤ ਢਾਂਚੇ ਨੂੰ ਸੁਧਾਰਨ ਦੀ ਥਾਂ ਅਸੀਂ ਮੰਦਰ, ਮਸਜਦ, ਚਰਚ ਅਤੇ ਗੁਰਦੁਆਰਿਆਂ ਲਈ ਲੜਦੇ ਰਹੇ।ਜੇਕਰ ਅੱਜ ਅਸੀਂ ਹਸਪਤਾਲਾਂ, ਸਕੂਲ ਅਤੇ ਕਾਲਜਾਂ ਦੇ ਲਈ ਲੜੇ ਹੁੰਦੇ ਤਾਂ ਸ਼ਾਇਦ ਸਾਨੂੰ ਅਜਿਹੀਆਂ ਤਸਵੀਰਾਂ ਨਾ ਦੇਖਣ ਨੂੰ ਮਿਲਦੀਆਂ।ਇਨ੍ਹਾਂ ਗੱਲਾਂ *ਤੇ ਗੌਰ ਕਰਨ ਅਤੇ ਸੂਬਾ ਸਰਕਾਰਾਂ ਨਾਲ ਤਾਲਮੇਲ ਬਣਾ ਕੇ ਵਿਚਾਰ ਕਰਨ ਦੀ ਬਹੁਤ ਲੋੜ ਹੈ। ਅੱਜ ਦੇ ਹਲਾਤਾਂ ਤੋਂ ਸਬਕ ਲੈਂਦੇ ਹੋਏ ਭਵਿੱਖ ਵਿੱਚ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਦੇ ਹੋਏ ਮਰਦੀ ਹੋਈ ਮਨੁੱਖਤਾ ਨੂੰ ਬਚਾਇਆ ਜਾ ਸਕਦਾ ਹੈ।

ਹਰਪ੍ਰੀਤ ਸਿੰਘ ਬਰਾੜ

ਮੇਨ ਏਅਰ ਫੋਰਸ ਰੋਡ,ਬਠਿੰਡਾ

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਊਜ਼ੀਲੈਂਡ ‘ਚ ਦੁਨੀਆ ਦਾ ਪਹਿਲਾ ਸਭ ਤੋਂ ਵੱਡਾ ‘ਲਾਈਵ ਸਮਾਰੋਹ’, ਜੁਟੇ 50 ਹਜ਼ਾਰ ਦਰਸ਼ਕ (ਤਸਵੀਰਾਂ)
Next articleਸਿਰਮੌਰ ਅਨੁਵਾਦਕ ਗੁਰੂਬਖ਼ਸ਼ ਉਰਫ਼ ਗੁਰਬਖ਼ਸ਼ ਸਿੰਘ ਫਰੈਂਕ