ਨਿੰਦਿਆ ਰਸ 

ਦਰਸ਼ਨ ਸਿੰਘ 
(ਸਮਾਜ ਵੀਕਲੀ)-ਇੱਕ ਚੁਟਕਲਾ ਤੁਸੀਂ ਸਾਰਿਆਂ ਨੇ ਸੁਣਿਆਂ ਹੋਵੇਗਾ ਕਿ ” ਦੋ ਔਰਤਾਂ ਟ੍ਰੇਨ ਵਿੱਚ ਇੱਕੋ ਸੀਟ ਤੇ ਬੈਠੀਆਂ ਚੁੱਪਚਾਪ ਸਫ਼ਰ ਕਰ ਰਹੀਆਂ ਸਨ। ” ਇਸ ਵਿੱਚ ਚੁਟਕਲੇ ਵਾਲ਼ੀ ਤੇ ਕੋਈ ਗੱਲ ਨਹੀਂ,  ਪਰ ਗੱਲ ਕੁਦਰਤ ਦੇ ਕਨੂੰਨ ਤੋਂ ਉਲਟ ਕਹੀ ਗਈ ਹੈ, ਏਸ ਕਰਕੇ ਚੁਟਕਲਾ ਬਣ ਗਈ ਹੈ। ਲੱਖ ਸਾਈਂਸ ਨੇ ਤਰੱਕੀ ਕਰ ਲਈ ਹੈ, ਲੱਖ ਮਨੋਰੰਜਨ ਦਾ ਸਾਧਨ ਮਨੁੱਖ ( ਔਰਤਾਂ ਵੀ  ) ਆਪਣੀ ਜ਼ੇਬ ਵਿੱਚ ਪਾਈ ਫਿਰਦੈ ਪਰ ਜੋ ਖੁਸ਼ੀ ਅਤੇ ਮਨੋਰੰਜਨ ਔਰਤਾਂ ਨੂੰ ਏਸ ਕੰਨਰਸ, ਬਤਰਸ ਅਤੇ ਨਿੰਦਿਆ ਰਸ  ਵਿੱਚੋਂ ਮਿਲ਼ਦੈ, ਉਸਦਾ ਕੋਈ ਸਾਨੀ ਨਹੀਂ ਹੈ। ਸ਼ਾਇਦ ਏਸੇ ਕਰਕੇ ਉੱਪਰ ਲਿਖੀ ਪੰਕਤੀ ਨੂੰ ਚੁਟਕਲਾ ਸਮਝਦੇ ਨੇ ਲੋਕ।
ਖ਼ੈਰ ਗੱਲਾਂ ਵਿੱਚੋਂ ਗੱਲ ਨਿੱਕਲ਼ ਆਉਂਦੀ ਹੈ। ਇੱਕ ਸੱਚਾ ਵਾਕਿਆ ਯਾਦ ਆ ਗਿਆ ਜੋ ਸ਼੍ਰੀਮਤੀ ਜੀ ਨਾਲ਼ ਵਾਪਰਿਆ ਅਤੇ ਮੈਨੂੰ ਬਾਅਦ ਵਿੱਚ ਸੁਣਾਇਆ ਗਿਆ ।ਮੈਨੂੰ ਨਹੀਂ ਪਤਾ ਕਿ ਇਹ ਨਿੰਦਿਆ ਰਸ ਹੈ ਜਾਂ ਹਾਸ ਰਸ,,ਪਰ ਕਿੱਸਾ ਮਜੇਦਾਰ ਹੈ ।
ਦੇਵਨੇਤ ਸ਼੍ਰੀਮਤੀ ਜੀ ਦੀ ਬਚਪਨ ਦੀ ਸਹੇਲੀ ਹੀ ਉਹਨਾਂ ਦੀ ਕੁੜਮਣੀ ਬਣ ਗਈ। ਮੇਰੀ ਕੁੜਮਣੀ ਤਾਂ ਉਹ ਦੇਵੀ ਜੀ ਬਾਅਦ ਵਿੱਚ ਬਣੀ, ਉਹ ਆਪਸ ਵਿੱਚ ਪਹਿਲਾਂ ਹੀ ਬਣ ਗਈਆਂ ਸੀ। ਹੋਇਆ ਇੰਝ ਕਿ ਬੇਟੀ ਦੀ ਡਿਲਿਵਰੀ ਹੋਈ ਤਾਂ ਦੋਨੋਂ ਸਹੇਲੀਆਂ/ਉਰਫ਼ ਕੁੜਮਣੀਆਂ ਹੀ ਉਸਦੇ ਕੋਲ ਸਨ।
ਹੁਣ ਬਾਕੀ ਕਿੱਸਾ ਸ਼੍ਰੀਮਤੀ ਜੀ ਦੀ ਜ਼ੁਬਾਨੀ ਹੀ ਸੁਣੋ
” ਸਾਰਾ ਦਿਨ ਡਿਲਿਵਰੀ, ਹਸਪਤਾਲ, ਡਾਕਟਰਾਂ, ਨਰਸਾਂ ਦੀ ਭੱਜਦੌੜ ਵਿੱਚ ਬਿਜ਼ੀ ਰਹਿਣ ਤੋਂ ਬਾਅਦ ਸਾਨੂੰ ਰਾਤ ਨੂੰ ‘ਕੱਠੀਆਂ ਬੈਠ ਕੇ ਗੱਲਾਂ ਮਾਰਨ ਦਾ ਮੌਕਾ ਮਿਲ਼ਿਆ। ਸੁੱਖੀ-ਸਾਂਦੀ ਨੌਰਮਲ ਡਿਲਿਵਰੀ ਹੋ ਜਾਣ ਦੀ ਖੁਸ਼ੀ ਵਿੱਚ ਨਿਸ਼ਚਿੰਤ ਅਸੀਂ ਦੋਨੋਂ ਸਹੇਲੀਆਂ ਬੈਠੀਆਂ ਦੇਰ ਰਾਤ ਤੱਕ ਗੱਲਾਂ ਮਾਰਦੀਆਂ ਰਹੀਆਂ। ਸਵੇਰੇ ਜਦੋਂ ਮੇਰੀ ਕੁੜਮਣੀ ਵਾਸ਼ਰੂਮ ਵੱਲ ਗਈ ਤਾਂ ਉਸਦੇ ਜਾਂਦਿਆਂ ਹੀ ਮੇਰੀ ਧੀ ਮੇਰੇ ਉੱਤੇ ਭੜਕ ਗਈ ” ਕੀਅ ਮੰਮੀ ! ਤੁਸੀਂ ਮੇਰੀ ਕਿਹੋ ਜਿਹੀ ਮਾਂ ਹੋ ਅਤੇ ਮੇਰੀ ਸੱਸ ਦੇ ਸਾਹਮਣੇ ਹੀ ਮੇਰੀ ਬੁਰਾਈ ਕਰ ਰਹੇ ਹੋ”
ਮੈਂ ਹੈਰਾਨ ਹੁੰਦਿਆਂ ਧੀ ਨੂੰ ਪੁੱਛਿਆ ” ਮੈਂ ਕਦੋਂ ਤੇਰੀ ਬੁਰਿਆਈ ਕੀਤੀ “
ਤਾਂ ਬੇਟੀ ਬੋਲੀ ” ਤੁਸੀਂ ਦੋਨੋਂ ਜਿਹੜੀਆਂ ਰਾਤੀਂ ਗੱਲਾਂ ਕਰ ਰਹੀਆਂ ਸੀ ਕਿ ਅੱਜ-ਕੱਲ੍ਹ ਦੀਆਂ ਬਹੂਆਂ ਸੁਣਦੀਆਂ ਕਿੱਥੇ ਨੇ,,,ਮਨਮਾਨੀ ਕਰਦੀਆਂ ਨੇ  ਇਹ ਕੀ ਸੀ ?”
ਹੇ ਰੱਬ ਜੀ ਇਹ ਕੀ ਬਣ ਗਿਆ  !! ਸਹੇਲੀ ਨਾਲ਼ ਬਤਰਸ ਲੈਂਦਿਆਂ ਮੈਂ ਤਾਂ ਭੁੱਲ ਹੀ ਗਈ ਸੀ ਕਿ ਮੇਰੀ ਧੀ ਉਸਦੀ ਬਹੂ ਵੀ ਹੈ। ਗੱਲ ਤਾਂ ਬੇਟੀ ਦੀ ਵੀ ਠੀਕ ਸੀ। ਮੈਂ ਉਸੇ ਵੇਲ਼ੇ ਕੰਨਾਂ ਨੂੰ ਹੱਥ ਲਾਏ ਕਿ ਅੱਗੇ ਤੋਂ ਏਸ ਗੱਲ ਦਾ ਖ਼ਾਸ ਖ਼ਿਆਲ ਰੱਖਾਂਗੀ।
ਅਗਲੀ ਰਾਤ ਬੜੀ ਖੁਸ਼ਗਵਾਰ ਬੀਤੀ। ਅਸੀਂ ਦੋਹਾਂ ਸਹੇਲੀਆਂ ਨੇ ਫੇਰ ਖੂਬ ਗੱਲਾਂ ਕੀਤੀਆਂ ਦੇਰ ਰਾਤ ਤੱਕ। ਮੇਰੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਅਗਲੀ ਸਵੇਰ ਵੇਖਿਆ ਕਿ ਜੁਆਈ ਆਪਣੀ ਮਾਂ ਨਾਲ਼ ਰੌਲ਼ਾ ਪਾਈ ਬੈਠਾ ਸੀ ” ਮੰਮੀ ਕੁੱਝ ਤੇ ਅੱਗਾ ਪਿੱਛਾ ਵੇਖ ਕੇ ਗੱਲ ਕਰਿਆ ਕਰੋ। ਤੁਸੀਂ ਮੇਰੀ ਸੱਸ ਦੇ ਸਾਹਮਣੇ ਹੀ ਮੇਰੀ ਬੁਰਿਆਈ ਕਰੀ ਗਏ, ਅੱਧੀ ਰਾਤ ਤੱਕ ਬਈ ਅੱਜ-ਕੱਲ੍ਹ ਦੇ ਮੁੰਡੇ ਤਾਂ ਜਮਾਂ ਈ ਕਿਸੇ ਕੰਮ ਦੇ ਨਹੀਂ। ਵਹੁਟੀਆਂ ਦੇ ਪਿੱਛੇ ਪੂੰਛ ਹਿਲਾਉਂਦੇ ਫਿਰਦੇ ਆ। ਉਹਨਾਂ ਦੀ ਹਰ ਗੱਲ ਮੰਨਦੇ ਹਨ। ਮਾਂਵਾਂ ਦੀ ਤਾਂ ਬਾਤ ਨੀਂ ਪੁੱਛਦੇਇਹ ਕੀ ਸੀ ਮੰਮੀ? ਥੋਨੂੰ ਗੱਲਾਂ ਮਾਰਦੀਆਂ ਨੂੰ ਬਿਲਕੁਲ ਅੰਦਾਜ਼ਾ ਨਹੀਂ ਰਹਿੰਦਾ ਕਿ ਜਿਸ ਕੋਲ਼ ਮੇਰੀਆਂ ਬੁਰਿਆਈਆਂ ਕਰ ਰਹੇ ਹੋ, ਉਹ ਮੇਰੀ ਕੀ ਲੱਗਦੀ ਹੈ “
ਸਹੇਲੀ ਬਿਚਾਰੀ ਨੇ ਸ਼ਰਮਿੰਦਿਆਂ ਹੁੰਦਿਆਂ ਮਾਫ਼ੀਆਂ ਮੰਗ ਕੇ ਮੁੰਡੇ ਤੋਂ ਜਾਨ ਛੁਡਾਈ।
ਅੱਜ ਤੀਸਰੀ ਰਾਤ ਸੀ। ਕੱਲ੍ਹ ਨੂੰ ਛੁੱਟੀ ਮਿਲ਼ ਜਾਣੀ ਸੀ। ਜੁਆਈ ਅੰਦਰ ਬੇਟੀ ਕੋਲ਼ ਬੈਠਾ ਸੀ। ਅਸੀਂ ਦੋਨੇਂ ਸਹੇਲੀਆਂ ਬਾਹਰ ਬਰਾਂਡੇ ਵਿੱਚ ਲੱਗੇ ਸਟੀਲ ਦੇ ਸੋਫੇ ਤੇ ਬੈਠੀਆਂ ਰਾਤ 12 ਵਜੇ ਤੱਕ ਦੁਨੀਆਂ ਭਰ ਦੀਆਂ ਗੱਲਾਂ ਵਿੱਚ ਮਸਤ ਸਾਂ ਕਿ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਦੋਨੋਂ ਬੱਚੇ ਤਾੜੀਆਂ ਬਜਾਉਂਦੇ ਹੋਏ ਬਾਹਰ ਆਏ ਤੇ ਖੁਸ਼ੀ ਵਿੱਚ ਚਹਿਕਦੀ ਮੇਰੀ ਬੇਟੀ ਦੀ ਆਵਾਜ਼ ਆਈ ” ਬਚ ਗਏ ਬਚ ਗਏ  !!  ਅੱਜ ਅਸੀਂ ਦੋਨੋਂ ਬਚ ਗਏ !! ਅੱਜ ਡੈਡੀਆਂ ਦੀ ਵਾਰੀ ਸੀ!!”
ਅਸੀਂ ਦੋਨੋਂ ਹੈਰਾਨ ਰਹਿ ਗਈਆਂ ਬਾਅਦ ਵਿੱਚ ਪਤਾ ਲੱਗਿਆ ਕਿ ਅੱਜ ਅਸੀਂ ਦੋਨੋਂ ਪਤੀ ਨਿੰਦਿਆ ਵਿੱਚ ਵਿਅਸਤ ਸਾਂ ।”
ਦਰਸ਼ਨ ਸਿੰਘ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਲਾਂ ਵਿੱਚੀਂ ਗੁਜ਼ਰਦਿਆਂ
Next articleइ.वी.एम. भरोसेमंद नहीं, मतपत्र से ही मतदान होना चाहिए