(ਸਮਾਜ ਵੀਕਲੀ)
ਇੱਕ ਮਈ ਨੂੰ ਵਿੱਚ ਸ਼ਿਕਾਗੋ,ਸਤਿਕਾਰਿਆ ਮਿਹਨਤੀ ਵੀਰਾਂ ਨੂੰ
ਹੱਥ ਮਿਹਨਤੀ ਬਦਲ ਦਿੰਦੇ ਨੇ, ਮੱਥੇ ਦੀਆਂ ਤਕਦੀਰਾਂ ਨੂੰ,
ਹੱਕ ਸੱਚ ਦੀ ਆਰੀ ਕੱਟੇ, ਜ਼ੁਲਮ ਦੀਆਂ ਜ਼ੰਜੀਰਾਂ ਨੂੰ
ਮਜ਼ਦੂਰ ਦਿਵਸ ਤੇ ਚੇਤੇ ਕਰੀਏ, ਆਓ ਕਾਮੇ ਵੀਰਾਂ ਨੂੰ,
ਲੇਬਰ ਚੌਂਕ ਚ ਖੜ੍ਹੇ ਉਡੀਂਕਣ, ਆਪਣੀਆਂ ਜੋ ਤਕਦੀਰਾਂ ਨੂੰ,
ਪੈਰ ਫਟੇ ਨੇ ਹੱਥੀ ਛਾਲੇ, ਕੋਸਣ ਜੋ ਤਕਦੀਰਾਂ ਨੂੰ,
ਕੋਲਾ ਖਾਨਾਂ ‘ਚੋ ਮੁੜ ਨਾ ਆਏ, ਲੱਭੀਏ ਉਹਨਾਂ ਵੀਰਾਂ ਨੂੰ,
ਕਿੰਨੇ ਮਿਹਨਤ ਕਰਦੇ ਤੁਰ ਗਏ, ਛੱਡ ਕੇ ਭੈਣਾਂ ਵੀਰਾਂ ਨੂੰ ,
ਫੈਕਟਰੀਆਂ ਵਿੱਚ ਜਿੰਦਾ ਸੜ ਗਏ, ਭੁੱਲੀਏ ਨਾ,ਉਹ ਵੀਰਾਂ ਨੂੰ
ਕਿੰਨ੍ਹੇ ਪੁੱਲਾਂ ਦੇ ਥੱਲੇ ਦਬ ਗਏ, ਮਿਹਨਤੀ ਸਾਧ ਫ਼ਕੀਰਾਂ ਨੂੰ,
ਕਿੰਨ੍ਹੇ ਜੋ ਵਿੱਚ ਹੜ੍ਹਾਂ ਦੇ ਰੁੜ੍ਹ ਗਏ, ਲੱਭੀਏ ਡੁੱਬਿਆਂ ਵੀਰਾਂ ਨੂੰ,
ਫੁੱਟਪਾਥਾਂ ਤੇ ਰੋਡੀਂ ਰੁਲ਼ਦੇ, ਇਹਨਾਂ ਮਸਤ ਫ਼ਕੀਰਾਂ ਨੂੰ,
ਰੇੜ੍ਹੀਆਂ ਲਾ ਜੋ ਘਰ ਨੇ ਤੋਰਦੇ, ਮਿਹਨਤੀ ਸਾਰੇ ਵੀਰਾਂ ਨੂੰ,
ਖੇਤਾਂ, ਭੱਠਿਆਂ ,ਦੇ ਜੋ ਕਾਮੇ ,ਸਿਰੜੀ ਤੇ ਦਲਗੀਰਾਂ ਨੂੰ,
ਮਜ਼ਦੂਰ ਦਿਵਸ ਤੇ ਚੇਤੇ ਕਰੀਏ ਆਓ ਆਪਣੇ ਵੀਰਾਂ ਨੂੰ,
ਸ਼ਿਫਟਾਂ ਦੇ ਵਿੱਚ ਕੰਮ ਨੇ ਕਰਦੇ, ਬਦਲਦੇ ਪਏ ਤਕਦੀਰਾਂ ਨੂੰ,
ਮੁਲਕ ਬੇਗਾਨੇ ਰੁਲ਼ਦੇ ਪਏ ਜੋ, ਬਦਲਣ ਲਈ ਤਕਦੀਰਾਂ ਨੂੰ,
ਭੁੱਖਣ ਭਾਣੇ ਆਉਂਦੇ ਘਰ ਤੋਂ, ਸਿਜਦਾ ਮਿਹਨਤੀ ਵੀਰਾਂ ਨੂੰ ,
ਮਿੱਟੀ ਦੇ ਨਾਲ ਮਿੱਟੀ ਹੁੰਦੇ, ਭੁੱਲਕੇ ਮਿਰਜ਼ੇ ਹੀਰਾਂ ਨੂੰ,
ਹੱਡ ਤੋੜਵੀ ਮਿਹਨਤ ਕਰਦੇ, ਪਾਲ਼ਦੇ ਭੈਣਾਂ ਵੀਰਾਂ ਨੂੰ,
‘ਸੰਦੀਪ’ ਕਾਮੇ ਤਾਂ ਬਦਲ ਦਿੰਦੇ ਨੇ,ਕੌਮ ਦੀਆਂ ਤਕਦੀਰਾਂ ਨੂੰ
ਮਿਹਨਤ ਦੀ ਆਰੀ ਕੱਟ ਹੀ ਦਿੰਦੀ, ਲੁੱਟ ਦੀਆਂ ਜ਼ੰਜੀਰਾਂ ਨੂੰ,
ਮਜ਼ਦੂਰ ਦਿਵਸ ਤੇ ਚੇਤੇ ਕਰੀਏ ਆਓ ਆਪਣੇ ਵੀਰਾਂ ਨੂੰ।
ਸੰਦੀਪ ਸਿੰਘ ‘ਬਖੋਪੀਰ’
ਸੰਪਰਕ 9815321017
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly