(ਸਮਾਜ ਵੀਕਲੀ)-ਲੋਕ ਸੋਭਾ ਚੋਣਾਂ ਦਾ ਦੂਜਾ ਗੇੜ ਵੀ ਖ਼ਤਮ ਹੋ ਚੁੱਕਿਆ ਹੈ। ਪੰਜਾਬ ਵਿੱਚ ਪਹਿਲੀ ਜੂਨ ,2024ਨੂੰ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਵਿੱਚ 13 ਲੋਕ ਸਭਾ ਹਲਕੇ ਹਨ। ਤਕਰੀਬਨ ਸਾਰੀ ਹੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਹਨ। ਜਿਸ ਪਾਰਟੀ ਵੱਲੋਂ ਕੋਈ ਉਮੀਦਵਾਰ ਰਹਿ ਗਿਆ ਹੈ ਉਹ ਵੀ ਆਪਣਾ ਉਮੀਦਵਾਰ ਜਲਦੀ ਹੀ ਐਲਾਨ ਕਰ ਦੇਵੇਗੀ। ਆਜ਼ਾਦ ਉਮੀਦਵਾਰ ਵੱਜੋਂ ਵੀ ਚੋਣ ਲੜੀ ਜਾ ਰਹੀ ਹੈ । ਪ੍ਰਚਾਰ ਵੀ ਸ਼ੁਰੂ ਹੋ ਚੁੱਕਿਆ ਹੈ ।ਨੁੱਕੜ ਮੀਟਿੰਗਾਂ ,ਸ਼ਹਿਰਾਂ ਵਿੱਚ ਰੋਡ ਸ਼ੋ ਕੱਢੇ ਜਾ ਰਹੇ ਹਨ। ਇਲੈਕਸ਼ਨ ਕਮਿਸ਼ਨ ਦੀ ਪੂਰੀ ਬਾਜ਼ ਅੱਖ ਹੈ। ਸਖ਼ਤੀ ਵੀ ਬਹੁਤ ਕੀਤੀ ਜਾ ਚੁੱਕੀ ਹੈ। ਤਕਰੀਬਨ ਮਈ ਦੇ ਦੂਜੇ ਹਫ਼ਤੇ ਤੋਂ ਬਾਅਦ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ।ਤਕਰੀਬਨ ਜਿਵੇਂ ਜਿਵੇਂ ਵੋਟਾਂ ਦੇ ਦਿਨ ਨੇੜੇ ਆਉਣਗੇ, ਦਿਲਚਸਪ ਨਜ਼ਾਰਾ ਦੇਖਣ ਨੂੰ ਮਿਲੇਗਾ।
ਕੁਰਸੀਆਂ ਦੀ ਖ਼ਾਤਰ ਨੇਤਾਵਾਂ ਨੇ ਪਾਰਟੀ ਬਦਲੀਆਂ। ਮੇਰੀ ਟਿਕਟ ਨਾ ਕੱਟੀ ਜਾਏ। ਟਿਕਟ ਕੱਟੇ ਜਾਣ ਦੇ ਡਰ ਤੋਂ ਨਵੀਂ ਪਾਰਟੀ ਜੁਆਇਨ ਕਰਕੇ ਟਿਕਟ ਹਾਸਿਲ ਕੀਤੀ। ਦੇਖਣਾ ਇਹ ਹੋਵੇਗਾ ਕਿ ਪਾਰਟੀ ਬਦਲਣ ਵਾਲੇ ਨਾਲ ਲੋਕਾਂ ਨੇ ਵੀ ਪਾਰਟੀ ਬਦਲੀ ਜਾਂ ਉੱਥੇ ਹੀ ਖੜੇ ਰਹੇ। ਜਿਵੇਂ ਜਿਵੇਂ ਵੋਟਾਂ ਦੇ ਦਿਨ ਨੇੜੇ ਆਉਂਦੇ ਰਹਿਣਗੇ, ਵਿਆਹ ਵਰਗਾ ਮਾਹੌਲ ਮਹਿਸੂਸ ਹੋਵੇਗਾ। ਹਰ ਨਾਗਰਿਕ ਨੂੰ ਆਪਣੀ ਵੋਟ ਦਾ ਅਧਿਕਾਰ ਹੈ। ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਕਿਸੇ ਦੇ ਡਰ ਤੋਂ ਆਪਣੀ ਵੋਟ ਕਦੇ ਵੀ ਖ਼ਰਾਬ ਨਾ ਕਰੋ। ਜਿੱਥੇ ਤੁਹਾਡਾ ਦਿਲ ਕਰਦਾ ਹੈ ਉੱਥੇ ਆਪਣੀ ਵੋਟ ਭੁਗਤੋ।ਹਰ ਸਿਆਸੀ ਪਾਰਟੀ ਵੱਲੋਂ ਲੋਕਾਂ ਨਾਲ ਬਹੁਤ ਵਾਅਦੇ ਕੀਤੇ ਜਾਣਗੇ। ਭੋਲੇ ਭਾਲੇ ਲੋਕ ਕਈ ਇਹਨਾਂ ਦੀਆਂ ਗੱਲਾਂ ਵਿੱਚ ਆ ਜਾਣਗੇ ਤੇ ਆਪਣਾ ਭਵਿੱਖ ਖ਼ਰਾਬ ਕਰਨਗੇ। ਪੰਜ ਸਾਲ ਬਾਅਦ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਦਾ ਹੈ ।ਸਾਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ ਕਿ ਜਿਸ ਨਾਲ ਸਾਡੇ ਬੱਚਿਆਂ ਦਾ ਭਵਿੱਖ ਵਧੀਆ ਹੋਵੇਗਾ।
ਪੰਜ ਸਾਲ ਬਾਅਦ ਨੇਤਾ ਜਨਤਾ ਵਿੱਚ ਆਉਂਦੇ ਹਨ। ਅਕਸਰ ਇਸ ਵਾਰ ਦੇਖਿਆ ਗਿਆ ਹੈ ਕਿ ਕਈ ਸਿਆਸੀ ਪਾਰਟੀਆਂ ਵੱਲੋਂ ਜੋ ਦੋ ਵਾਰ ਲਗਾਤਾਰ ਐਮਪੀ ਰਹਿ ਚੁੱਕੇ ਹਨ, ਤੀਜੀ ਵਾਰ ਉਹਨਾਂ ਦੀ ਟਿਕਟ ਕੱਟ ਦਿੱਤੀ ਗਈ ਕਿਉਂਕਿ ਉਹਨਾਂ ਨੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੀ। ਵੋਟਾਂ ਦੌਰਾਨ ਨੇਤਾਵਾਂ ਨੂੰ ਲੋਕਾਂ ਦੀ ਬਹੁਤ ਫ਼ਿਕਰ ਪੈ ਜਾਂਦੀ ਹੈ। ਕਈ ਉਮੀਦਵਾਰਾਂ ਵੱਲੋਂ ਕਣਕ ਦੇ ਸੀਜ਼ਨ ਦੌਰਾਨ ਕਣਕ ਤੱਕ ਕੱਟੀ ਗਈ। ਕੰਬਾਈਨ ਤੇ ਬਹਿ ਕੇ ਕੰਬਾਈਨ ਚਲਾਈ ਗਈ। ਕਹਿੰਦੇ ਹਨ ਕਿ ਅਸੀਂ ਲੋਕਾਂ ਦਾ ਉਤਸ਼ਾਹ ਜਿੱਤ ਰਹੇ ਹਨ। ਇਹ ਤਾਂ ਹੁਣ ਵੋਟਾਂ ਤੋਂ ਬਾਅਦ ਨਤੀਜਾ ਹੀ ਦੱਸੇਗਾ।
ਦੇਖਦੇ ਹੀ ਹਾਂ ਕਿ ਪੰਜਾਬ ਦੀ ਜਵਾਨੀ ਅੱਜ ਰਸਾਤਲ ਵੱਲ ਵੱਧ ਰਹੀ ਹੈ। ਨਸ਼ਿਆਂ ਨੇ ਪੰਜਾਬ ਦੀ ਜਵਾਨੀ ਖਤਮ ਕਰ ਦਿੱਤੀ ਹੈ। ਪਿੰਡਾਂ ਵਿੱਚ ਕਿਸੇ ਥਾਂ ਤੇ ਬਜ਼ੁਰਗ ਬੈਠੇ ਹੁੰਦੇ ਹਨ। ਉੱਥੇ ਬੈਠ ਕੇ ਵੋਟਾਂ ਦੀਆਂ ਗੱਲਾਂ ਹੀ ਕਰਦੇ ਹਨ। ਜਾਂ ਸ਼ਹਿਰਾਂ, ਗਲੀਆਂ , ਕੰਮਕਾਜ ਵਾਲੀ ਥਾਵਾਂ ਤੇ ਲੋਕ ਬੈਠੇ ਹੁੰਦੇ ਹਨ ,ਉੱਥੇ ਵੀ ਅੱਜ ਕੱਲ ਚੋਣਾਂ ਦੀਆਂ ਗੱਲਾਂ ਹੀ ਕਰਦੇ ਹਨ ਕਿ ਤੁਸੀਂ ਭਾਈ ਕਿਸ ਪਾਰਟੀ ਨੂੰ ਵੋਟ ਕਰਨੀ ਹੈ । ਕਈ ਵਾਰ ਤਾਂ ਛੋਟੀ ਜਿਹੀ ਗੱਲ ਤੇ ਬਹਿਸ ਸ਼ੁਰੂ ਹੋ ਜਾਂਦੀ ਹੈ। ਬਹਿਸ ਇੰਨੀ ਵੱਧ ਜਾਂਦੀ ਹੈ ਕਿ ਉਹ ਥਾਣੇ ਤਹਿਸੀਲਾਂ ਤੱਕ ਪੁੱਜ ਜਾਂਦੀ ਹੈ। ਮਾਰ- ਕੁਟਾਈ ਦੀ ਜਾਂ ਇੱਟਾਂ ਰੋੜੇ ਵਰ੍ਹਾਉਣ ਜਾਂ ਗੋਲੀ ਚਲਾਉਣ ਦੀਆਂ ਖਬਰਾਂ ਅਸੀਂ ਆਮ ਪੜ੍ਹਦੇ ਹਾਂ , ਕਿ ਇੰਨੇ ਲੋਕ ਜ਼ਖਮੀ ਹੋ ਗਏ। ਕਈ ਵਾਰ ਤਾਂ ਮੌਤ ਦੀ ਖ਼ਬਰ ਵੀ ਅਸੀਂ ਆਮ ਸੁਣਦੇ ਹਾਂ। ਧੜੇਬੰਦੀਆਂ ,ਪਿੰਡਾਂ ਸ਼ਹਿਰਾਂ ਵਿੱਚ ਆਮ ਦੇਖੀਆਂ ਜਾ ਸਕਦੀਆਂ ਹਨ। ਕਈ ਸ਼ਹਿਰਾਂ ਵਿੱਚ ਵਧੀਆ ਇਨਸਾਨਾਂ ਵੱਲੋਂ ਵਟਸਐਪ ਗਰੁੱਪ ਤੱਕ ਬਣਾਏ ਜਾਂਦੇ ਹਨ । ਇਹਨਾਂ ਗਰੁੱਪਾਂ ਵਿੱਚ ਹਰ ਪਾਰਟੀ ਦਾ ਬੰਦਾ ਜੁੜਿਆ ਹੋਇਆ ਹੁੰਦਾ ਹੈ। ਕਈ ਸਿਆਸੀ ਬੰਦੇ ਆਪਣੀ ਪਾਰਟੀ ਦੀਆਂ ਵੀਡੀਓਜ਼ ਪਾਉਂਦੇ ਹਨ,ਕਿ ਅਸੀਂ ਇੰਨਾ ਵਿਕਾਸ ਕਰ ਦਿੱਤਾ। ਦੂਜੀ ਪਾਰਟੀ ਦੇ ਬੰਦੇ ਬਹਿਸ ਕਰਨ ਲੱਗ ਜਾਂਦੇ ਹਨ ਕਿ ਤੁਸੀਂ ਕੀ ਵਿਕਾਸ ਕੀਤਾ। ਕਹਿਣ ਦਾ ਮਤਲਬ ਹੈ ਕਿ ਸੋਸ਼ਲ ਨੈਟਵਰਕਿੰਗ ਸਾਈਟਸ ਤੇ ਵੀ ਇਹ ਬਹਿਸ ਬਹੁਤ ਜਿਆਦਾ ਚੱਲਦੀ ਹੈ।ਦੇਖੋ ਵੋਟਾਂ ਤਾਂ ਇੱਕ ਦਿਨ ਪੈਣੀਆਂ ਨੇ ,ਪਰ ਜੋ ਆਪਸੀ ਪਿਆਰ ਪਿੰਡਾਂ- ਸ਼ਹਿਰਾਂ ਵਿੱਚ ਹੈ ਉਹ ਦੁਬਾਰਾ ਨਹੀਂ ਸਿਰਜਣਾ ਹੈ। ਹਰ ਨਾਗਰਿਕ ਦਾ ਅਧਿਕਾਰ ਹੈ ਕਿ ਉਹ ਆਪਣੇ ਮਨ ਪਸੰਦ ਉਮੀਦਵਾਰ ਨੂੰ ਵੋਟ ਪਾਉਂਦਾ ਹੈ। ਅਸੀਂ ਨੇਤਾਵਾਂ ਪਿੱਛੇ ਸਮਾਜ ਵਿੱਚ ਇੱਕ ਦੂਜੇ ਨਾਲ ਆਪਣੇ ਵਧੀਆ ਰਿਸ਼ਤੇ ਖ਼ਤਮ ਕਰ ਲੈਂਦੇ ਹਾਂ। ਅਕਸਰ ਅਸੀਂ ਵੱਖ-ਵੱਖ ਪਾਰਟੀ ਦੇ ਨੇਤਾਵਾਂ ਨੂੰ ਇਕੱਠੇ ਖਾਣਾ ਖਾਂਦੇ ਘੁੰਮਦੇ, ਰਿਸ਼ਤੇਦਾਰੀਆਂ, ਵਿਆਹਾਂ ਵਿੱਚ ਇਕੱਠੇ ਹੁੰਦੇ ਆਮ ਦੇਖਦੇ ਹਾਂ । ਸੋਚਣ ਵਾਲੀ ਗੱਲ ਹੈ ਕਿ ਜਦ ਵੱਖ ਵੱਖ ਪਾਰਟੀਆਂ ਦੇ ਨੇਤਾ ਲੋਕ ਇੱਕ ਦੂਜੇ ਨਾਲ ਇੰਨੇ ਪਿਆਰ ਨਾਲ ਰਹਿ ਰਹੇ ਹਨ ਤਾਂ ਅਸੀਂ ਕਿਉਂ ਆਪਣਾ ਭਾਈਚਾਰਾ ਖ਼ਰਾਬ ਕਰੀਏ ।ਉਹ ਤਾਂ ਵੋਟਾਂ ਤੋਂ ਬਾਅਦ ਆਪਣੀ ਕੁਰਸੀ ਸਾਂਭ ਲੈਂਦੇ ਹਾਂ ,ਪਰ ਜਿਨਾਂ ਕਰਕੇ ਅਸੀਂ ਆਪਣੇ ਆਪਸੀ ਰਿਸ਼ਤੇ ਖਰਾਬ ਕੀਤੇ, ਕਿ ਉਹ ਤੁਹਾਡੀ ਸਾਰ ਲੈਂਦੇ ਨੇ। ਜੇ ਕੋਰਟ ਤਹਿਸੀਲਾਂ ਵਿੱਚ ਚੋਣਾਂ ਦੌਰਾਨ ਆਪਸੀ ਕੇਸ ਚਲਾ ਗਿਆ ਤਾਂ ਸਾਲਾ ਸਾਲ ਚਲਦੇ ਰਹਿੰਦੇ ਹਨ ।ਜਲਦੀ ਇਨਸਾਫ਼ ਨਹੀਂ ਮਿਲਦਾ ਹੈ ।ਚੋਣਾਂ ਫਿਰ ਪੰਜ ਸਾਲ ਬਾਅਦ ਆ ਖੜਦੀਆਂ ਹਨ। ਆਪਸੀ ਦੁਸ਼ਮਣੀ ਪੈ ਜਾਂਦੀ ਹੈ। ਘਰ ਦੇ ਬਜ਼ੁਰਗਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਮਝਾਉਣ ਕਿ ਚੋਣਾਂ ਪਿੱਛੇ ਇੱਕ ਦੂਜੇ ਨਾਲ ਨਾ ਲੜਨ। ਦੂਸ਼ਣਬਾਜ਼ੀ ਤੋਂ ਪਰਹੇਜ਼ ਕੀਤਾ ਜਾਵੇ। ਵੋਟ ਜਿਹਨੂੰ ਮਰਜ਼ੀ ਪਾਓ ।ਕਿਸੇ ਤੇ ਪ੍ਰੈਸ਼ਰ ਨਾ ਪਾਓ। ਕਿਸੇ ਵੀ ਤਰ੍ਹਾਂ ਦੀ ਬਹਿਸਬਾਜ਼ੀ ਤੋਂ ਸਾਨੂੰ ਬਚ ਕੇ ਰਹਿਣਾ ਚਾਹੀਦਾ ਹੈ।
ਸੰਜੀਵ ਸਿੰਘ ਸੈਣੀ,
ਮੋਹਾਲੀ,7888966168