ਲੋਕ ਮੁੱਦਿਆਂ ਨੂੰ ਲਾਂਭੇ ਰੱਖ ਕੇ ਆਪਣੇ ਮੁਫਾਦਾਂ ਲਈ ਲੜ ਰਹੇ ਸਿਆਸੀ ਆਗੂ

ਲੋਕ ਸਭਾ ਚੋਣਾਂ ਵਿੱਚ ਲੋਕ ਕਿਸ ਤੇ ਭਰੋਸਾ ਕਰਨ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ  (ਹਰਜਿੰਦਰ ਪਾਲ ਛਾਬੜਾ) -ਦੇਸ਼ ਅੰਦਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਤਸਵੀਰ ਇਸ ਵਾਰ ਪਿਛਲੇ ਕਈ ਦਹਾਕਿਆਂ ਤੋਂ ਵੱਖਰੀ ਨਜ਼ਰ ਆ ਰਹੀ ਹੈ। ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਕਿ ਸਿਆਸੀ ਚੌਧਰ ਦੀ ਭੁੱਖ ਨੇ ਲੀਡਰਾਂ ਅੰਦਰਲੀਆਂ ਕਦਰਾਂ ਕੀਮਤਾਂ ਖਤਮ ਕਰ ਦਿੱਤੀਆ ਹਨ। ਅੱਜ ਕਿਸੇ ਨੂੰ ਨਹੀਂ ਪਤਾ ਕਿ ਕਿਹੜਾ ਲੀਡਰ ਕਿਸ ਪਾਰਟੀ ਵੱਲ ਝੁਕਾਅ ਰੱਖਦਾ ਹੈ। ਅਜੋਕੀ ਸਿਆਸਤ ਨੇ ਨੇਤਾਵਾਂ ਦੀ ਕਿਰਦਾਰਕੁਸ਼ੀ ਕਰ ਦਿੱਤੀ ਹੈ। ਅਹੁਦੇਦਾਰੀਆਂ, ਟਿਕਟਾਂ ਦੀ ਭੁੱਖ ਵਿਚ ਪਾਗ਼ਲ ਹੋਏ ਨੇਤਾ ਦਿਨ ਵਿਚ ਦੋ ਦੋ ਚਾਰ ਚਾਰ ਪਾਰਟੀਆਂ ਬਦਲ ਰਹੇ ਹਨ। ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਵਿਚ ਅੱਜ ਵੋਟਰਾਂ ਦੁਬਾਰਾ ਸਥਾਪਿਤ ਕੀਤੇ ਨੇਤਾਵਾਂ ਦੀ ਗੱਲ ਸਿਰਫ ਚੌਧਰ ਤੇ ਆ ਕੇ ਮੁੱਕ ਗਈ ਹੈ। ਪਿਛਲੇ ਥੋੜ੍ਹੇ ਦਿਨਾਂ ਵਿਚ ਲੋਕਾਂ ਨੂੰ ਵੀ ਸਮਝ ਨਹੀਂ ਲੱਗ ਰਹੀ ਕਿ ਕੌਣ ਕਿਹੜੀ ਪਾਰਟੀ ਦਾ ਨੇਤਾ ਬਣਿਆ ਰਹੇਗਾ।
ਦੂਜਿਆਂ ਨੂੰ ਆਪਣੇ ਕਾਫਲੇ ਵਿਚ ਲੈਕੇ ਕੇ ਸਿਆਸੀ ਲੜਾਈ ਲੜਨ ਦੀ ਕਵਾਇਦ ਦੇਸ਼ ਅੰਦਰ ਇੰਨੀ ਦਿਨੀਂ ਆਲਮੀ ਤਖ਼ਤ ਤੇ ਬੈਠੀ ਭਾਜਪਾ ਨੇ ਤੋਰੀ ਹੈ। ਜਿਸ ਨੇ ਆਪਣੇ ਸੰਗਠਨ ਵਿਚ ਦਹਾਕਿਆਂ ਤੋਂ ਕੰਮ ਕਰ ਰਹੇ ਵਰਕਰਾਂ ਆਗੂਆਂ ਨੂੰ ਲਾਂਭੇ ਕਰਕੇ ਸੂਬੇ ਦੀ ਕਮਾਂਡ ਵੀ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਸੌਂਪ ਦਿੱਤੀ ਹੈ। ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੀ ਜੋੜੀ ਨੇ ਭਾਜਪਾ ਵਿੱਚ ਸਾਮਿਲ ਹੁੰਦੀਆਂ ਹੀ ਕਾਂਗਰਸ ਦੇ ਸਾਰੇ ਸਾਥੀ ਲੀਡਰ ਭਾਜਪਾ ਵੱਲ ਖਿੱਚ ਲਏ। ਅੱਜ ਬਹੁਤੀਆਂ ਥਾਵਾਂ ਤੇ ਪੁਰਾਣੇ ਕਾਂਗਰਸੀ ਭਾਜਪਾ ਵਲੋਂ ਲੋਕ ਸਭਾ ਚੋਣਾਂ ਲੜ ਰਹੇ ਹਨ।ਇਸ ਤਰ੍ਹਾਂ ਪਿਛਲੇ ਸਮੇਂ ਵਿੱਚ ਇਨਲਾਬੀ ਨਾਅਰੇ ਲਾ ਕੇ ਪੰਜਾਬ ਦੀ ਸੱਤਾ ਤੇ ਕਾਬਜ ਹੋਈ ਆਮ ਆਦਮੀ ਪਾਰਟੀ ਜਿਸ ਨੇ ਆਪਣੇ ਮੁਢਲੇ ਦਿਨਾਂ ਵਿੱਚ ਨਾਅਰਾ ਦਿੱਤਾ ਸੀ ਕਿ ਉਹ ਕਿਰਤੀ ਮਜਦੂਰ, ਕਿਸਾਨਾਂ, ਛੋਟੇ ਵਪਾਰੀ ਅਤੇ ਹੋਰਨਾਂ ਹੁਨਰਮੰਦ ਲੋਕਾਂ ਨੂੰ ਸੱਤਾ ਦਾ ਪਾਠ ਪੜਾਉਣਗੇ ਅੱਜ ਉਹ ਵੀ ਕਾਂਗਰਸ ਅਕਾਲੀ ਦਲ ਬਾਦਲ ਤੋਂ ਪੁਰਾਣੇ ਲੀਡਰ ਲੈਕੇ ਚੋਣਾਂ ਲੜ ਰਹੇ ਹਨ। ਜਿਸ ਸਮੇਂ ਆਮ ਆਦਮੀ ਪਾਰਟੀ ਸੰਘਰਸ ਕਰ ਰਹੀ ਸੀ ਉਸ ਵੇਲੇ ਉਹਨਾਂ ਨੇ ਜਿਨਾਂ ਨੂੰ ਭਿਰਸਟਾਚਾਰੀ ਆਖਿਆ ਸੀ ਜਿੰਨਾ ਤੇ ਤੰਜ ਕਸ ਕੇ ਭੰਡਿਆ ਸੀ ਅੱਜ ਉਹ ਮੂਹਰਲੀ ਸਫ਼ਾ ਵਿਚ ਆ ਖੜ ਗਏ ਹਨ।ਆਜ਼ਾਦੀ ਤੋਂ ਬਾਅਦ ਦੇਸ਼ ਅਤੇ ਸੂਬੇ ਵਿਚ ਸਭ ਤੋਂ ਵੱਧ ਸਮਾਂ ਰਾਜ ਕਰਨ ਵਾਲੇ ਕਾਂਗਰਸੀ ਵੀ ਕਈ ਥਾਵਾਂ ਤੇ ਦੂਜੀਆਂ ਪਾਰਟੀਆਂ ਤੋਂ ਆਏ ਲੋਕਾਂ ਨੂੰ ਟਿਕਟਾਂ ਦੇ ਕੇ ਨਿਵਾਜ ਰਹੇ ਹਨ।ਪੰਜਾਬ ਦੀ ਖੇਤਰੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਇਸ ਸਮੇਂ ਬਹੁਤ ਨਾਜੁਕ ਹਾਲਾਤਾਂ ਤੋਂ ਗੁਜਰ ਰਹੀ ਹੈ ਉਹਨਾਂ ਨੇ ਹਮੇਸ਼ਾ ਕਾਂਗਰਸ ਨੂੰ ਅਤੇ ਉਹਨਾਂ ਦੇ ਨੇਤਾਵਾਂ ਨੂੰ ਸਿੱਖ ਕੌਮ ਦੇ ਦੁਸ਼ਮਣ ਆਖ ਕੇ ਭੰਡਿਆ ਹੈ ਪਰ ਅੱਜ ਉਹ ਵੀ ਕਾਂਗਰਸ ਦੇ ਕਿਸੇ ਸਮੇਂ ਦਿੱਗਜ ਰਹੇ ਨੇਤਾਵਾਂ ਨੂੰ ਟਿਕਟ ਦੇ ਰਿਹਾ ਹੈ।ਅਜਿਹੇ ਪਦਾਥਵਾਦੀ ਲਾਲਚੀ ਸਿਆਸੀ ਬੇਹਿੱਸ ਦੌਰ ਅੰਦਰ ਵੋਟਰ ਬਹੁਤ ਬੇਚੈਨੀ ਮਹਿਸੂਸ ਕਰ ਰਿਹਾ ਹੈ। ਅੱਜ ਦਾ ਵੋਟਰ ਇਸ ਗੱਲ ਨੂੰ ਭਲੀਭਾਂਤ ਜਾਣਦਾ ਹੈ ਕਿ ਆਉਣ ਵਾਲੀ ਸਿਆਸੀ ਪਾਰੀ ਦੌਰਾਨ ਲੋਕਾਂ ਦਾ ਕੁੱਝ ਵੀ ਸੁਧਰਨ ਵਾਲਾ ਨਹੀਂ ਹੈ। ਇਹ ਨੇਤਾ ਦੇਸ਼ ਦੀ ਰਾਜਨੀਤੀ ਦਾ ਸੋਸ਼ਣ ਕਰਨ ਦੇ ਨਾਲ ਨਾਲ ਆਪਣੇ ਪਰਿਵਾਰ ਪਾਲਣ ਲੱਗੇ ਹੋਏ ਹਨ।ਮਾਲਵਾ ਪੱਟੀ ਵਿੱਚ ਜਿੱਥੇ ਪੀਣ ਵਾਲਾ ਪਾਣੀ ਬਹੁਤ ਹੀ ਦੂਸ਼ਿਤ ਹੋ ਚੁੱਕਾ ਹੈ ਲੋਕ ਕਾਲਾ ਪੀਲੀਆ ਤੇ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਨਾਲ ਮਰ ਰਹੇ ਹਨ, ਘਗਰ ਦਰਿਆ ਵਿੱਚ ਹਰ ਸਾਲ ਕਿਸਾਨ ਰੁੜ ਰਿਹਾ ਹੈ। ਚਿੱਟਾ ਸੰਥੇਟਿਕ ਨਸ਼ਾ, ਹੱਕੀ ਮੰਗਾਂ ਲਈ ਲੜਦੇ ਕਿਸਾਨ ਮਜਦੂਰ, ਗੈਂਗਸਟਰਾ ਦਾ ਕਹਿਰ, ਮਹਿੰਗਾਈ ਦੀ ਮਾਰ, ਬੇਰੁਜਗਾਰੀ ਵਿਚ ਫਸੀ ਜਵਾਨੀ, ਵਿਦੇਸ਼ਾਂ ਵੱਲ ਭੱਜ ਰਹੀ ਖ਼ਲਕਤ ਦੇ ਮਸਲਿਆਂ ਨਾਲ ਨਜਿੱਠਣ ਲਈ  ਕਿਸੇ ਪਾਰਟੀ ਕੋਲ ਕੋਈ ਵਿਉਂਤਬੰਦੀ ਨਹੀਂ ਹੈ। ਆਪਸੀ ਦੂ਼ਸਣਬਾਜ਼ੀ, ਪਾਰਟੀਆਂ ਬਦਲਣਾ, ਜਾਤ ਧਰਮ ਦੀ ਹੋ ਰਹੀ ਰਾਜਨੀਤੀ ਲੋਕ ਮਸਲਿਆਂ ਦਾ ਹੱਲ ਨਹੀਂ ਹੈ। ਸਿਅਸੀ ਭੁੱਖ ਨੇ ਜਿੱਥੇ ਲੋਕਤੰਤਰ ਦੀਆ ਕਦਰਾਂ ਕੀਮਤਾਂ ਨੂ ਢਾਹ ਲਾਈ ਹੈ ਉੱਥੇ ਚਿੰਤਾ ਦਾ ਵਿਸ਼ਾ ਵੀ ਹੈ ਕਿ ਦੇਸ਼ ਅਤੇ ਸੂਬੇ ਦੇ ਵੱਡੇ ਸਿਆਸੀ ਘਰਾਣੇ ਕਿਸ ਮਨਸੂਬੇ ਨਾਲ ਚੋਣ ਲੜਦੇ ਹਨ। ਆਹ ਚੋਣ ਤਾਂ ਬਿਲਕੁਲ ਹੀ ਸਿਆਸੀ ਸੁਆਰਥ ਦਾ ਮਖੌਟਾ ਪਾ ਕੇ ਤੁਰੇ ਲੋਕ ਲੜ ਰਹੇ ਹਨ। ਅਜਿਹੇ ਹਲਾਤਾਂ ਵਿੱਚ ਦੇਸ਼ ਕਿਧਰ ਨੂੰ ਜਾਵੇਗਾ ਇਹ ਬਹੁਤ ਹੀ ਗੰਭੀਰ ਮੁੱਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਰਜਣਾ ਕੇਂਦਰ ਵੱਲੋਂ ਇੰਜੀ ਖਜ਼ਾਨ ਸਿੰਘ ਅਤੇ ਜਨਕਪ੍ਰੀਤ ਬੇਗੋਵਾਲ ਦਾ ਭੰਡਾਲ ਯਾਦਗਾਰੀ ਪੁਰਸਕਾਰ ਨਾਲ ਸਨਮਾਨ
Next articleਸਵੀਪ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਭਾਸ਼ਣ ਮੁਕਾਬਲੇ ਕਰਵਾਏ