ਏਹੁ ਹਮਾਰਾ ਜੀਵਣਾ ਹੈ -558

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-ਘੁੰਡ ਕੱਢਣ ਤੋਂ ਭਾਵ ਪਰਦਾ ਕਰਨਾ ਜਾਂ ਔਰਤਾਂ ਵੱਲੋਂ ਸਿਰ ਤੇ ਲੈਣ ਵਾਲੇ ਦੁੱਪਟੇ ਨਾਲ਼ ਮੂੰਹ ਕੱਜਣਾ। ਘੁੰਡ ਭਾਰਤੀ ਸਭਿਆਚਾਰ ਦਾ ਅਹਿਮ ਹਿੱਸਾ ਸੀ, ਇਹ ਵੱਡਿਆਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਸੀ। ਘੁੰਡ ਭਾਰਤੀ ਔਰਤ ਦੇ ਲਿਬਾਸ ਦਾ ਉਹ ਹਿੱਸਾ ਸੀ ਜੋ ਉਸ ਨੂੰ ਸੰਗ-ਸ਼ਰਮ ਤੇ ਝਿਜਕ ਦਾ ਅਹਿਸਾਸ ਕਰਵਾਉਂਦਾ ਸੀ ਅਤੇ ਨਾਲ ਹੀ ਵੱਡੇ-ਛੋਟੇ ਰਿਸ਼ਤਿਆਂ ਦੀ ਅਹਿਮੀਅਤ ਬਣਾਈ ਰੱਖਦਾ ਸੀ। ਘੁੰਡ ਪੰਜਾਬੀ ਗੀਤਾਂ ਅਤੇ ਲੋਕ ਗੀਤਾਂ ਦਾ ਸ਼ਿੰਗਾਰ ਵੀ ਹੈ ਜੋਂ ਸਾਡੇ ਵਿਰਸੇ ਦੀ ਪਹਿਚਾਣ ਕਰਵਾਉਂਦੇ ਹਨ ਕਿ ਕਿਵੇਂ ਇੱਕ ਨੌਜਵਾਨ ਆਪਣੀ ਪਤਨੀ ਨੂੰ ਉਸ ਦੇ ਪੇਕਿਆਂ ਤੋਂ ਵਾਪਸ ਲਿਆਉਂਦਾ ਹੋਇਆ ਪਿੰਡ ਦੇ ਨੇੜੇ ਆ ਕੇ ਇਸ ਬੋਲੀ ਰਾਹੀਂ ਘੁੰਡ ਕੱਢਣ ਦੀ ਤਾਕੀਦ ਕਰਦਾ ਹੈ: “ਘੁੰਡ ਕੱਢ ਲੈ ਪਤਲੀਏ ਨਾਰੇ 

         ਸਹੁਰਿਆਂ ਦਾ ਪਿੰਡ ਆ ਗਿਆ।”
 ਪੁਰਾਤਨ ਸਮਿਆਂ ਵਿੱਚ ਸਾਰੀਆਂ ਵਿਆਹੀਆਂ ਹੋਈਆਂ ਔਰਤਾਂ ਸਹੁਰੇ ਘਰ ਵਿੱਚ ਪਤੀ ਤੋਂ ਇਲਾਵਾ ਘਰ ਦੇ ਬਾਕੀ ਵੱਡੇ ਮਰਦਾਂ ਅਤੇ ਸ਼ਰੀਕੇ ਭਾਈਚਾਰੇ ਦੇ ਬਜ਼ੁਰਗਾਂ ਤੋਂ ਘੁੰਡ ਕੱਢਦੀਆਂ ਸਨ। ਘੁੰਡ ਦੇ ਵੀ ਕਈ ਰੂਪ ਸਨ ਜਿਵੇਂ ਦੂਹਰਾ ਘੁੰਡ,ਇਕਹਿਰਾ ਘੁੰਡ,ਅੱਧਾ ਘੁੰਡ ਤੇ ਕਾਣਾ ਘੁੰਡ।
                 ਘੁੰਡ ਦੇ ਰੂਪ ਵੀ ਸਮੇਂ ਦੇ ਬਦਲਾਅ ਦੀ ਹਾਮੀ ਭਰਦੇ ਹਨ। ਪਹਿਲਾਂ ਪਹਿਲ ਔਰਤਾਂ ਵੱਲੋਂ ਲੰਮਾ ਸਾਰਾ ਦੂਹਰਾ ਘੁੰਡ ਕੱਢਿਆ ਜਾਂਦਾ ਸੀ। ਫ਼ਿਰ ਜ਼ਮਾਨੇ ਦੇ ਬਦਲਣ ਨਾਲ ਔਰਤਾਂ ਇਕਹਿਰਾ ਘੁੰਡ ਕੱਢਣ ਲੱਗੀਆਂ,ਇਸੇ ਤਰ੍ਹਾਂ ਹੋਰ ਜ਼ਮਾਨਾ ਬਦਲਣ ਨਾਲ ਔਰਤਾਂ ਅੱਧਾ ਘੁੰਡ ਕੱਢਣ ਲੱਗੀਆਂ ਤੇ ਫਿਰ ਕਾਣਾ ਘੁੰਡ ਕੱਢਣ ਲੱਗੀਆਂ ਜਿਸ ਵਿੱਚ ਉਹਨਾਂ ਵੱਲੋਂ ਸਿਰਫ਼ ਜਿਸ ਪਾਸੇ ਬਜ਼ੁਰਗ ਆ ਰਿਹਾ ਹੁੰਦਾ ਸੀ ਉਸ ਪਾਸਿਓਂ ਹੀ ਚੁੰਨੀ ਦਾ ਪੱਲਾ ਹੱਥ ਨਾਲ਼ ਫੜ ਕੇ ਮੂੰਹ ਢੱਕ ਲਿਆ ਜਾਂਦਾ ਸੀ। ਫਿਰ ਔਰਤ ਜਿਵੇਂ ਹੀ ਅਜ਼ਾਦੀ ਦਹਿਲੀਜ਼ ਵੱਲ ਵਧਣ ਲੱਗੀ ਤਾਂ ਘੁੰਡ ਅਲੋਪ ਹੋਣ ਲੱਗਿਆ। ਪਹਿਲਾਂ ਪਹਿਲ ਤਾਂ ਘਰ ਦੇ ਬਜ਼ੁਰਗਾਂ ਵੱਲੋਂ ਹੀ ਇਸ ਗੱਲ ਦੀ ਪਹਿਲ ਕਦਮੀ ਕਰਦਿਆਂ ਆਪਣੀ ਨੂੰਹ ਨੂੰ ਆਖ ਦਿੱਤਾ ਜਾਂਦਾ,”… ਭਾਈ ਕੁੜੀਏ…. ਤੂੰ ਵੀ ਸਾਡੀ ਧੀ ਈ ਐਂ….. ਸਾਨੂੰ ਤੇਰੇ ਤੇ ਸਾਡੀ ਰਾਣੋ ਵਿੱਚ…. ਕੋਈ ਫ਼ਰਕ ਨਹੀਂ….. ਤੂੰ ਘੁੰਡ ਨਾ ਕੱਢਿਆ ਕਰ….!” ਕਹਿਕੇ ਵਹੁਟੀ ਲਈ ਅਜ਼ਾਦੀ ਦਾ ਵਿਗਲ ਵਜਾ ਦਿੱਤਾ ਜਾਂਦਾ ਸੀ। ਫਿਰ ਉਹ ਹੌਲੀ ਹੌਲੀ ਆਪਣੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਦੱਸ ਦਿੰਦੇ ,”…. ਭਾਈ ਅਸੀਂ ਤਾਂ ….. ਆਪਣੀਆਂ ਵਹੁਟੀਆਂ ਦਾ ਘੁੰਡ…..ਚੁਕਵਾ ਦਿੱਤਾ ਹੈ…. ਵਿਚਾਰੀਆਂ ਕੰਮ ਕਰਨ ਜਾਂ ਘੁੰਡ ਸੰਭਾਲਣ…. ਸਾਨੂੰ ਤਾਂ ਉਹ ਆਪਣੀਆਂ ਧੀਆਂ ਈ ਲੱਗਦੀਆਂ ਨੇ…..।” ਇਸ ਤੋਂ ਪਰਿਵਾਰ ਦੇ ਅਜ਼ਾਦ ਖਿਆਲਾਂ ਦੇ ਹੋਣ ਦੀ ਮੋਹਰ ਲੱਗਣ ਲੱਗੀ। ਇਸ ਤਰ੍ਹਾਂ ਦੇਖਾ ਦੇਖੀ ਸਾਰੇ ਲੋਕ ਆਪਣੀਆਂ ਨੂੰਹਾਂ ਨੂੰ ਇਸ ਘੁੰਡ ਵਾਲ਼ੀ ‘ਗੁਲਾਮੀ’ ਤੋਂ ਨਿਜਾਤ ਦਿਵਾਉਣ ਲੱਗੇ। ਵੱਡਿਆਂ ਵੱਲੋਂ ਗੁਲਾਮੀ ਤੋਂ ਐਸੀ ਨਿਜਾਤ ਦਵਾਈ ਗਈ ਕਿ ਸ਼ਰਮ ਤੇ ਲੱਜਾ ਵੀ ਨਾਲ ਹੀ ਤੁਰ ਗਏ। ਹੌਲ਼ੀ ਹੌਲ਼ੀ ਔਰਤ ਦੀ ਅਜ਼ਾਦੀ ਦੇ ਕਦਮ ਐਸੇ ਅੱਗੇ ਨੂੰ ਵਧੇ ਕਿ ਚੁੰਨੀ ਸਿਰੋਂ ਉਤਰ ਕੇ ਗਲ਼ ਵਿੱਚ ਲਮਕਣ ਲੱਗੀ ਤੇ ਫਿਰ ਗਲ਼ ਵਿੱਚੋਂ ਉਤਰ ਕੇ ਇੱਕ ਮੋਢੇ ਤੇ ਲਟਕਾਈ ਜਾਣ ਲੱਗੀ, ਅੱਜ ਕੱਲ੍ਹ ਵੱਡੇ ਸ਼ਹਿਰਾਂ ਵਿੱਚ ਬਹੁਤਾ ਕਰਕੇ ਸੂਟਾਂ ਨਾਲ ਦੁੱਪਟਾ ਲੈਣ ਦਾ ਰਿਵਾਜ ਵੀ ਅਲੋਪ ਹੋਣ ਲੱਗਿਆ ਹੈ। ਉਂਝ ਤਾਂ ਸਾਡੇ ਭਾਰਤ ਵਿੱਚ ਕਿਸੇ ਕਿਸੇ ਸਟੇਟ ਜਾਂ ਕੋਈ ਕੋਈ ਪਿੰਡ ਹਨ ਜਿੱਥੇ ਅੱਜ ਵੀ ਔਰਤਾਂ ਵੱਲੋਂ ਘੁੰਡ ਕੱਢਣ ਦਾ ਰਿਵਾਜ ਆਮ ਹੀ ਪ੍ਰਚਲਿਤ ਹੈ। ਔਰਤਾਂ ਵੱਲੋਂ ਸਫ਼ਰ ਕਰਦੇ ਸਮੇਂ ਵੀ ਘੁੰਡ ਕੱਢੇ ਵੇਖੇ ਜਾਂਦੇ ਹਨ। ਜਿੱਥੇ ਜਿੱਥੇ ਇਹ ਰਿਵਾਜ ਪ੍ਰਚਲਿਤ ਹੈ ਉਹਨਾਂ ਇਲਾਕਿਆਂ ਨੂੰ ਪੱਛੜੇ ਹੋਏ ਇਲਾਕੇ ਕਰਕੇ ਜਾਣਿਆ ਜਾਂਦਾ ਹੈ ਤੇ ਉੱਥੇ ਦੀਆਂ ਔਰਤਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਆਪਣੀਆਂ ਕੋਸ਼ਿਸ਼ਾਂ ਜਾਰੀ ਹਨ। ਪਰ ਪੰਜਾਬ ਵਿੱਚ ਤਾਂ ਘੁੰਡ ਕੱਢਣ ਦਾ ਰਿਵਾਜ ਲਗਭਗ ਪੂਰੀ ਤਰ੍ਹਾਂ ਅਲੋਪ ਹੋ ਚੁੱਕਿਆ ਹੈ।
              ਇੱਕ ਪਾਸੇ ਅਸੀਂ ਘੁੰਡ ਨੂੰ ਸ਼ਰਮ ਹਯਾ ਦਾ ਗਹਿਣਾ ਆਖਦੇ ਹੋਏ ਆਪਣੇ ਪੁਰਾਤਨ ਸਭਿਅਤਾ ਦਾ ਅਹਿਮ ਹਿੱਸਾ ਮੰਨਦੇ ਹਾਂ ਪਰ ਜਿੱਥੇ ਕਿਤੇ ਇਤਿਹਾਸ ਵਿੱਚ ਪੁਰਾਤਨ ਸਮਿਆਂ ਦੀਆਂ ਕੁਰੀਤੀਆਂ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਵਿੱਚ ‘ਘੁੰਡ ਦੀ ਪ੍ਰਥਾ’ ਦਾ ਜ਼ਿਕਰ ਇੱਕ ਕੁਰੀਤੀ ਵਜੋਂ ਵੀ ਆਉਂਦਾ ਹੈ। ਅੱਜ ਸਾਰੇ ਪਾਸੇ ਔਰਤਾਂ ਦੀ ਅਜ਼ਾਦੀ ਦੀ ਗੱਲ ਕੀਤੀ ਜਾਂਦੀ ਹੈ, ਔਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦੇਣ ਦੀ ਦੁਹਾਈ ਪਾਈ ਜਾਂਦੀ ਹੈ, ਅਜਿਹੇ ਵਿੱਚ ਘੁੰਡ ਕੱਢਣ ਵਾਲੀਆਂ ਔਰਤਾਂ ਨੂੰ  ਪਛੜੀ ਸ਼੍ਰੇਣੀ ਨਾਲ਼ ਜੋੜਿਆ ਜਾਂਦਾ ਹੈ। ਜੇ ਸੋਚਿਆ ਜਾਵੇ ਕਿ ਆਮ ਘਰਾਂ ਵਿੱਚ ਘੁੰਡ ਅਲੋਪ ਹੋਣ ਦੇ ਨਾਲ ਘੁੰਡ ਦਾ ਵਜੂਦ ਖ਼ਤਮ ਹੋ ਜਾਵੇਗਾ ਤਾਂ ਇੰਝ ਬਿਲਕੁਲ ਨਹੀਂ ਹੋਵੇਗਾ ਕਿਉਂਕਿ ਇਹ ਸਾਡੇ ਲੋਕ ਗੀਤਾਂ ਦਾ ਹਿੱਸਾ ਵੀ ਹਨ ਜੋ ਪੀੜ੍ਹੀ ਦਰ ਪੀੜ੍ਹੀ ਜਿਉਂਦੇ ਰਹਿੰਦੇ ਹਨ । ਆਪਣੇ ਸਭਿਆਚਾਰ ਬਾਰੇ ਜਾਣਨਾ ਵੀ ਜ਼ਰੂਰੀ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGovt ready to discuss medical school quota hike in open manner: S Korean minister
Next articleਆਮ ਆਦਮੀ ਪਾਰਟੀ ਵਲੋ ਸ਼ਹੀਦ ਭਗਤ ਸਿੰਘ ਤੇ ਵਿਸ਼ਵ ਰਤਨ ਡਾ ਅੰਬੇਡਕਰ ਜੀ ਦੇ ਬਰਾਬਰ ਕੇਜਲੀਵਾਲ ਦੀ ਫੋਟੋ ਲਾਉਣ ਦੀ ਬਸਪਾ ਵਲੋ ਪੁਰਜ਼ੋਰ ਵਿਰੋਧ