ਪੰਜਾਬ ਵਿੱਚ ਕੁਸ਼ਤੀ ਨੂੰ ਪ੍ਰਫੁੱਲਿਤ ਕਰਨ ਲਈ ਐਸੋਸੀਏਸ਼ਨ ਸਿਰਤੋੜ ਯਤਨ ਕਰੇਗੀ -ਪਦਮ ਸ੍ਰੀ ਕਰਤਾਰ ਸਿੰਘ
ਕਪੂਰਥਲਾ( ਕੌੜਾ ) – ਪੰਜਾਬ ਰੈਸਲਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਅਤੇ ਪਦਮ ਸ਼੍ਰੀ ਪਹਿਲਵਾਨ ਕਰਤਾਰ ਸਿੰਘ ਅਰਜੁਨਾ ਐਵਾਰਡੀ ਦੀ ਅਗਵਾਈ ਹੇਠ ਪਿੰਡ ਕੋਲੀਆਂ ਵਾਲ ਵਿਖੇ ਹੋਈ ਮੀਟਿੰਗ ਦੌਰਾਨ ਅਮਰੀਕਾ ਦੇ ਪ੍ਰਸਿੱਧ ਕਾਰੋਬਾਰੀ ਕੁਲਵੰਤ ਸਿੰਘ ਸ਼ਾਹ ਨੂੰ ਕਪੂਰਥਲਾ ਰੈਸਲਿੰਗ ਐਸੋਸ਼ੀਏਸ਼ਨ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਸ ਤੋਂ ਪਹਿਲਾਂ ਪਿੰਡ ਕੋਲੀਆਂ ਵਾਲ ਵਿਖੇ ਪਹੁੰਚਣ ਤੇ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਅਰਜੁਨਾ ਐਵਾਰਡੀ ਦਾ ਕੁਲਵੰਤ ਸਿੰਘ ਸ਼ਾਹ ਅਤੇ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਰੈਸਲਿੰਗ ਐਸੋਸ਼ੀਏਸ਼ਨ ਦੇ ਪ੍ਰਧਾਨ ਅਰਜੁਨਾ ਐਵਾਰਡੀ ਕਰਤਾਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਰੈਸਲਿੰਗ ਨੂੰ ਹਰਮਨ ਪਿਆਰਾ ਬਣਾਉਣ ਲਈ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਛੋਟੇ ਬੱਚਿਆਂ ਨੂੰ ਕੁਸ਼ਤੀ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਕੁਸ਼ਤੀ ਨਾਲ ਜੋੜਨ।ਇਸ ਦਾ ਭਵਿੱਖ ਬਹੁਤ ਸ਼ਾਨਦਾਰ ਹੈ। ਉਨ੍ਹਾਂ ਨੇ ਕਪੂਰਥਲਾ ਰੈਸਲਿੰਗ ਐਸੋਸ਼ੀਏਸ਼ਨ ਦੇ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਨੂੰ ਮੁਬਾਰਕਬਾਦ ਦਿੰਦਿਆਂ ਕਿ ਉਹ ਖੇਡਾਂ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਅਤੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਕਪੂਰਥਲਾ ਜ਼ਿਲ੍ਹੇ ਅੰਦਰ ਕੁਸ਼ਤੀ ਨੂੰ ਹਰਮਨ ਪਿਆਰਾ ਬਣਾਉਣ ਲਈ ਸਿਰਤੋੜ ਯਤਨ ਕਰਨ।ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਾਬਕਾ ਡੀ.ਐਸ.ਪੀ ਪਿਆਰਾ ਸਿੰਘ ਪਾਜੀਆਂ ਨੇ ਐਸੋਸੀਏਸ਼ਨ ਵੱਲੋਂ ਕੁਸ਼ਤੀ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਕੁਸ਼ਤੀ ਅਜਿਹੀ ਖੇਡ ਹੈ ਜੋ ਖਿਡਾਰੀ ਨੂੰ ਰਿਸਟ ਪੁਸ਼ਟ ਬਣਾਉਣ ਦੇ ਨਾਲ ਨਾਲ ਮਾਨਸਿਕ ਤੌਰ ਤੇ ਮਜਬੂਤ ਬਣਾਉਂਦੀ ਹੈ। ਮਾਨਸਿਕ ਤੌਰ ਤੇ ਮਜਬੂਤ ਬੱਚੇ ਕਦੇ ਵੀ ਗ਼ਲਤ ਰਸਤਾ ਨਹੀਂ ਚੁਣਦੇ।ਇਸ ਮੌਕੇ ਐਨ ਆਰ ਆਈ ਅਤੇ ਖੇਡ ਪ੍ਰਮੋਟਰ ਪ੍ਰਮੋਦ ਭੰਡਾਰੀ ਨੇ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਨੂੰ ਮੁਬਾਰਕਬਾਦ ਦਿੰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਸ਼ਾਹ,ਖੇਡ ਪ੍ਰੇਮੀਆਂ ਅਤੇ ਨਗਰ ਵਾਸੀਆਂ ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਅਤੇ ਖੇਡ ਪ੍ਰਮੋਟਰ ਪ੍ਰਮੋਦ ਭੰਡਾਰੀ ਦਾ ਵਿਸ਼ੇਸ਼ ਸਨਮਾਨ ਕੀਤਾ।ਇਸ ਮੌਕੇ ਨਵ ਨਿਯੁਕਤ ਪ੍ਰਧਾਨ ਕੁਲਵੰਤ ਸਿੰਘ ਸ਼ਾਹ ਨੇ ਵਿਸ਼ਵਾਸ ਦਿਵਾਇਆ ਕਿ ਕੁਸ਼ਤੀ ਖੇਡ ਨੂੰ ਜ਼ਿਲੇ ਵਿੱਚ ਹਰਮਨ ਪਿਆਰਾ ਬਣਾਉਣ ਲਈ ਉਚੇਚੇ ਯਤਨ ਕਰਨ ਦੇ ਨਾਲ ਨਾਲ ਖਿਡਾਰੀਆਂ ਦੀ ਆਰਥਿਕ ਮਦਦ ਵੀ ਕਰਨਗੇ।ਇਸ ਮੌਕੇ ਗੁਰਚਰਨ ਸਿੰਘ, ਮਾਸਟਰ ਰੇਸ਼ਮ ਸਿੰਘ ਬੂੜੇਵਾਲ, ਪਹਿਲਵਾਨ ਮਲਕੀਤ ਸਿੰਘ ਕਾਂਜਲੀ, ਸੁਖਦੇਵ ਸਿੰਘ ਸੁੱਖਾ ਕਾਦੂਪੁਰ,ਹਰਜਿੰਦਰ ਸਿੰਘ ਕੋਠੇ ਕਾਲਾ ਸਿੰਘ, ਸੰਤੋਖ ਸਿੰਘ, ਕਰਨੈਲ ਸਿੰਘ,ਕੇ.ਐਸ ਹੁੰਦਲ, ਮਲਕੀਤ ਸਿੰਘ ,ਸਿੰਦਰ ਸਿੰਘ, ਜਗਮੋਹਨ ਸਿੰਘ ਜਾਂਗਲਾ,ਜਸਵਿੰਦਰ ਸਿੰਘ, ਕਰਤਾਰ ਸਿੰਘ ਅਤੇ ਹੋਰ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly