ਯੂ.ਕੇ-ਕੋਰੋਨਾ ਮਹਾਮਾਰੀ ਨਾਲ ਜੂਝ ਰਹੇ 9 ਲੱਖ ਕਾਮਿਆਂ ਦੀ ਤਨਖ਼ਾਹ ‘ਚ ਵਾਧਾ

ਲੰਡਨ (ਰਾਜਵੀਰ ਸਮਰਾ) (ਸਮਾਜ ਵੀਕਲੀ)– ਬਰਤਾਨੀਆ ਸਰਕਾਰ ਨੇ ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਜਨਤਕ ਸੈਕਟਰ ਦੇ 9 ਲੱਖ ਕਾਮਿਆਂ ਦੀ ਤਨਖ਼ਾਹ ‘ਚ ਵਾਧਾ ਕਰਨ ਦਾ ਐਲਾਨ ਕੀਤਾ ਹੈ, ਬਰਤਾਨੀਆ ਦੇ ਖ਼ਜ਼ਾਨਾ ਮੰਤਰੀ ਨੇ ਉਕਤ ਐਲਾਨ ਕੀਤਾ ਹੈ, ਸਰਕਾਰ ਦੇ ਇਹ ਐਲਾਨ ਨਾਲ ਡਾਕਟਰਾਂ, ਅਧਿਆਪਕਾਂ ਅਤੇ ਪੁਲਿਸ ਅਧਿਕਾਰੀਆਂ ਆਦਿ ਦੀਆਂ ਤਨਖ਼ਾਹਾਂ ‘ਚ ਵਾਧਾ ਹੋਵੇਗਾ, ਜੋ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਸਰਹੱਦ ‘ਤੇ ਲੜਨ ਵਾਲੇ ਸਿਪਾਹੀਆਂ ਵਾਂਗ ਜੂਝ ਰਹੇ ਹਨ ਅਤੇ ਆਪਣੀਆਂ ਜਾਨਾਂ ਨੂੰ ਵੀ ਦਾਅ ‘ਤੇ ਲਾਇਆ ਹੋਇਆ ਹੈ|

ਜ਼ਿਕਰਯੋਗ ਹੈ ਕਿ ਇੰਗਲੈਂਡ ‘ਚ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਉਣ ਲਈ ਹੁਣ ਤੱਕ 300 ਤੋਂ ਵੱਧ ਐਨ. ਐੱਚ. ਐਸ. ਵਰਕਰਾਂ ਨੂੰ ਆਪਣੀਆਂ ਜਾਨਾਂ ਵਾਰਨੀਆਂ ਪਈਆਂ, ਜਿੱਥੇ ਅਧਿਆਪਕਾਂ ਵਲੋਂ ਲਾਕਡਾਊਨ ਦੌਰਾਨ ਫ਼ਰੰਟ ‘ਤੇ ਲੜਨ ਵਾਲਿਆਂ ਦੇ ਬੱਚਿਆਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਉੱਥੇ ਪੁਲਿਸ ਵਲੋਂ ਲੋਕਾਂ ਨੂੰ ਸਮਾਜਿਕ ਦੂਰੀ ਕਾਇਮ ਰੱਖਣ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਵਾਈ ਜਾ ਰਹੀ ਹੈ, ਖ਼ਜ਼ਾਨਾ ਵਿਭਾਗ ਅਨੁਸਾਰ ਸਰਕਾਰ ਦੇ ਇਸ ਐਲਾਨ ਨਾਲ ਅਧਿਆਪਕਾਂ ਤੇ ਡਾਕਟਰਾਂ ਦੀਆਂ ਤਨਖ਼ਾਹਾਂ ‘ਚ ਕ੍ਰਮਵਾਰ 3.1 ਫ਼ੀਸਦੀ ਤੇ ਡਾਕਟਰਾਂ ਦੀਆਂ ਤਨਖ਼ਾਹਾਂ ‘ਚ 2.8 ਫ਼ੀਸਦੀ ਦਾ ਵਾਧਾ ਹੋਣ ਦੀ ਉਮੀਦ ਹੈ|

ਖ਼ਜ਼ਾਨਾ ਮੰਤਰੀ ਰਿਸ਼ੀ ਸੁਨਾਕ ਨੇ ਦੱਸਿਆ ਕਿ ਪਿਛਲੇ ਮਹੀਨਿਆਂ ਦੌਰਾਨ ਜੋ ਬਿਪਤਾ ਆਈ ਹੈ, ਜਨਤਕ ਖੇਤਰ ਦੇ ਕਾਮਿਆਂ ਨੇ ਯੋਧਿਆਂ ਵਾਂਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਇਆ ਹੈ, ਜਦੋਂ ਵੀ ਲੋੜ ਪਈ ਇਨ੍ਹਾਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਹੈ, ਰਿਸ਼ੀ ਸੁਨਾਕ ਨੇ ਕਿਹਾ ਕਿ ਪੁਲਿਸ, ਜੇਲ੍ਹ ਅਧਿਕਾਰੀਆਂ, ਨੈਸ਼ਨਲ ਕ੍ਰਾਈਮ ਏਜੰਸੀ ਦੇ ਮੁਲਾਜ਼ਮਾਂ 2.5 ਫ਼ੀਸਦੀ ਜ਼ਿਆਦਾ ਤਨਖ਼ਾਹ ਮਿਲੇਗੀ, ਇਸ ਦੌਰਾਨ ਨਿਆਂ ਤੇ ਸੀਨੀਅਰ ਸਿਵਲ ਅਧਿਕਾਰੀਆਂ ਨੂੰ ਵੀ 2 ਫ਼ੀਸਦੀ ਜ਼ਿਆਦਾ ਤਨਖ਼ਾਹ ਮਿਲੇਗੀ,ਲੇਬਰ ਦੇ ਸ਼ੈਡੋ ਚਾਂਸਲਰ ਐਨਲੀਜ ਡੌਡ ਨੇ ਕਿਹਾ ਕਿ ਤਨਖ਼ਾਹ ‘ਚ ਵਾਧਾ ਚੰਗੀ ਖ਼ਬਰ ਹੈ ਪਰ ਪਹਿਲਾਂ ਤਨਖ਼ਾਹ ਕੱਟਾਂ ਦੀ ਭਰਪਾਈ ਵੀ ਚਾਹੀਦੀ ਹੈ, ਟੀ. ਯੂ. ਸੀ. ਦੇ ਜਨਰਲ ਸਕੱਤਰ ਫਰਾਂਸਿਸ ਗਰੇਡੀ ਨੇ ਕਿਹਾ ਕਿ ਸੋਸ਼ਲ ਕੇਅਰ ਕਾਮਿਆਂ ਨੂੰ ਵਿੱਤੀ ਲਾਭ ਮਿਲਣੇ ਚਾਹੀਦੇ ਹਨ |

Previous articleਆਕਸਫੋਰਡ ਦੀ ਕੋਰੋਨਾ ਵੈਕਸੀਨ ਦੀ ਜਾਂਚ ਲਈ ਭਾਰਤੀ ਨੌਜਵਾਨ ਵਾਲੰਟੀਅਰ ਤੌਰ ‘ਤੇ ਆਇਆ ਅੱਗੇ
Next articleਹੈਰੋਇਨ ਤੇ ਪਿਸਤੌਲ ਸਮੇਤ ਨਾਮੀ ਤਸਕਰ ਗ੍ਰਿਫਤਾਰ