(ਸਮਾਜ ਵੀਕਲੀ)-ਪੀ ਐਚ ਡੀ ਕਰਕੇ ਪੰਜਾਬੀ ਦਾ ਨਾਂ ਰੌਸ਼ਨ ਕੀਤਾ ਬਲਬੀਰ ਸਿੰਘ ਬੱਬੀ
ਜ਼ਿੰਦਗੀ ਵਿੱਚ ਕੋਈ ਵੀ ਅਜਿਹਾ ਟੀਚਾ ਨਹੀਂ ਜੋ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਪ੍ਰੰਤੂ ਸਾਡੇ ਇਰਾਦੇ ਦ੍ਰਿੜ ਹੋਣ ਤੇ ਦਿਲ ਵਿੱਚ ਅੱਗੇ ਵਧਣ ਦੀ ਅੰਦਰੂਨੀ ਸ਼ਕਤੀ ਜ਼ਰੂਰ ਹੋਵੇ। ਇਹ ਸੱਚ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ 70 ਸਾਲ ਦੀ ਉਮਰ ਵਿੱਚ ਪੀ-ਐੱਚ. ਡੀ. ਦੀ ਡਿਗਰੀ ਕਰਕੇ ਕਰ ਵਿਖਾਇਆ ਹੈ। ਇਹ ਸੱਚ ਹੈ ਕਿ ਪੜ੍ਹਨ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਨਾ ਹੀ ਸ਼ੌਂਕ ਦਾ ਕੋਈ ਮੁੱਲ ਹੁੰਦਾ ਹੈ। ਡਾ ਟੱਲੇਵਾਲੀਆ ਨੇ ਘਰ-ਪਰਿਵਾਰ ਦੇ ਕੰਮ-ਕਾਰਾਂ ਦੇ ਨਾਲ਼-ਨਾਲ਼ ਭਾਵੇਂ ਸਰਕਾਰੀ ਵੈਟਰਨਰੀ ਵਿਭਾਗ ਦੀਆਂ ਸੇਵਾਵਾਂ ਤੋਂ ਸੇਵਾ ਮੁਕਤੀ ਵੀ ਪ੍ਰਾਪਤ ਕੀਤੀ ਹੋਈ ਹੈ। ਡਾ ਟੱਲੇਵਾਲੀਆ ਨੇ ਜਿੱਥੇ ਆਪਣੀ ਮੈਡੀਕਲ ਪ੍ਰੈਕਟਿਸ ਦੇ ਨਾਲ਼-ਨਾਲ਼ ਅਲਟਰਨੇਟਿਵ ਮੈਡੀਸਨ ਦੀ ਐਮ. ਡੀ. ਦੀ ਡਿਗਰੀ ਕੀਤੀ ਉੱਥੇ ਪੰਜਾਬੀ, ਹਿਸਟਰੀ ਅਤੇ ਧਰਮ ਅਧਿਐਨ ਵਿੱਚ ਮਾਸਟਰ ਡਿਗਰੀਆਂ ਵੀ ਪ੍ਰਾਪਤ ਕੀਤੀਆਂ ਹਨ।
ਡਾ ਟੱਲੇਵਾਲੀਆ ਜਿੱਥੇ ਮਰੀਜਾਂ ਦਾ ਹੋਮਿਓਪੈਥੀ ਮੈਡੀਸ਼ਨ ਨਾਲ਼ ਇਲਾਜ ਕਰਦੇ ਹਨ ਉੱਥੇ ਗੁਰਬਾਣੀ ਨਾਲ਼ ਅਰੋਗ ਜੀਵਨ ਜਿਊਣ ਦੀ ਜਾਚ ਵੀ ਦੱਸਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ 40ਵੀਂ ਕਨਵੋਕੇਸ਼ਨ ਵਿੱਚ ਡਾ. ਟੱਲੇਵਾਲੀਆਂ ਨੂੰ ਡਾਕਟਰ ਆਫ ਫਿਲਾਸਫ਼ੀ ਨਾਲ਼ ਸਨਮਾਨਿਤ ਕੀਤਾ ਗਿਆ ਹੈ। ਡਾ. ਟੱਲੇਵਾਲੀਆਂ ਨੇ ‘ਗੁਰਬਾਣੀ ਵਿੱਚ ਅਰੋਗਤਾ ਮਾਰਗ: ਇਕ ਅਧਿਐਨ’ ਵਿਸ਼ੇ ’ਤੇ ਪੰਜਾਬੀ ਯੂਨੀਵਰਸਿਟੀ ਦੇ ਨਿਗਰਾਨ ਪ੍ਰੋਫ਼ੈਸਰ ਮੁਹੰਮਦ ਹਬੀਬ ਅਤੇ ਸਹਿ-ਨਿਗਰਾਨ ਪ੍ਰੋਫ਼ੈਸਰ ਪਰਮਵੀਰ ਸਿੰਘ ਦੀ ਨਿਗਰਾਨੀ ਹੇਠ ਸੰਪੂਰਨ ਕੀਤਾ ਹੈ।
ਭਾਂਵੇ ਇਹਨਾਂ ਨੇ ਪੀ-ਐੱਚ. ਡੀ. ਦੀ ਡਿਗਰੀ ਨਾਲ ਕੋਈ ਨੌਕਰੀ ਪ੍ਰਾਪਤ ਤਾਂ ਨਹੀਂ ਕਰਨੀ ਪ੍ਰੰਤੂ ਸਾਡੇ ਸਮਾਜ ਤੇ ਜ਼ਿੰਦਗੀ ਤੋਂ ਨਿਰਾਸ਼ ਲੋਕਾਂ ਲਈ ਪ੍ਰੇਰਨਾ ਸਰੋਤ ਜ਼ਰੂਰ ਬਣ ਗਏ ਹਨ। ਡਾ ਟੱਲੇਵਾਲੀਆ ਨੇ ਆਪਣੀ ਖੋਜ ਦੁਆਰਾ ਇਹ ਸਿੱਟਾ ਕੱਢਿਆ ਕਿ ਗੁਰਬਾਣੀ ਦੁਆਰਾ ਮਨੁੱਖੀ ਮਨ ਦੀ ਅਵਸਥਾ ਨੂੰ ਸੰਭਾਲਦੇ ਹੋਏ ਸਰੀਰ ਨੂੰ ਅਰੋਗ ਰੱਖਿਆ ਜਾ ਸਕਦਾ ਹੈ। ਪ੍ਰੈਸ ਨਾਲ਼ ਗੱਲਬਾਤ ਕਰਦਿਆਂ ਡਾ ਟੱਲੇਵਾਲੀਆ ਨੇ ਦੱਸਿਆ ਹੈ ਕਿ ਸਿੱਖ ਧਰਮ ਵਿੱਚ ਨਾਮ ਸਿਮਰਨ ਦੇ ਸੰਕਲਪ ਦੇ ਹਵਾਲੇ ਨਾਲ਼ ਮਨੁੱਖੀ ਸਰੀਰ ਅੰਦਰ ਵਾਪਰਦੀਆਂ ਵਿਗਿਆਨਿਕ ਤਬਦੀਲੀਆਂ ਨੂੰ ਖੋਜਿਆ ਜਿਹੜੀਆਂ ਕਿ ਅਰੋਗਤਾ ਲਈ ਹਾਂਮੁਖੀ ਭੂਮਿਕਾ ਨਿਭਾਉਂਦੀਆਂ ਹਨ। ਉਹਨਾਂ ਦੇ ਇਸ ਖੋਜ ਕਾਰਜ ਦੁਆਰਾ ਅੰਤਰ ਅਨੁਸਾਸ਼ਨੀ ਖੋਜ ਦੀਆਂ ਸੰਭਾਵਨਾਵਾਂ ਬਣਨਗੀਆਂ। ਡਾ ਟੱਲੇਵਾਲੀਆ ਨੇ ਜਿੱਥੇ ਸਿੱਖ ਧਰਮ ਨੂੰ ਖੋਜ ਦਾ ਕੇਂਦਰੀ ਆਧਾਰ ਬਣਾਇਆ ਉੱਥੇ ਭਾਰਤੀ ਦਰਸ਼ਨ ਦੀਆਂ ਅਰੋਗਤਾ ਵਿਧੀਆਂ ਬਾਰੇ ਵੀ ਲੋੜੀਂਦੇ ਹਵਾਲੇ ਦਿੱਤੇ ਹਨ। ਇਹਨਾਂ ਦੀ ਇਸ ਵੱਡੀ ਪ੍ਰਾਪਤੀ ’ਤੇ ਸ਼ਹਿਰ ਦੀਆਂ ਸਾਰੀਆਂ ਹੀ ਸਾਹਿਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly