“ ਸਾਡੇ ਚੇਤਿਆਂ‘ਚ ਰਹੇ,ਸਦਾ ਹੀ ਗਰਾਂ ਵਸਦਾ ”

ਜਗਦੀਸ਼ ਸਿੰਘ ਪੱਖੋ

(ਸਮਾਜ ਵੀਕਲੀ)- ਮਨੁੱਖੀ ਜ਼ਿੰਦਗੀ ਜੀਵਨ ਦੇ ਵੱਖ ਵੱਖ ਪੜਾਵਾਂ ਵਿੱਚੋਂ ਰੁਜ਼ਰਦੀ ਹੋਈ ਸਮੇਂ ਦੇ ਹਾਣ ਦਾ ਬਨਣ ਲਈ ਅਥਾਹ ਕੋਸ਼ਿਸ ਵਿੱਚ ਵਿੱਚ ਲੱਗੀ ਰਹਿੰਦੀ ਹੈ।ਬਾਲ ਅਵਸਥਾ,ਬਚਪਨੀ ਅਵਸਥਾ ਤਾਂ ਜ਼ਿੰਦਗੀ ਦੀਆਂ ਸਭ ਤੋਂ ਹੁਸੀਨ ਪਲਾਂ ਵਿੱਚ ਗੁਜ਼ਰਨ ਵਾਲੀਆਂ ਅਵਸਥਾਵਾਂ ਹਨ।ਇੰਨਾਂ ਅਵਸਥਾਵਾਂ ਵਿੱਚ ਤਾਂ ਨਾ ਕੋਈ ਫਿਕਰ ਤੇ ਨਾ ਕੋਈ ਫਾਕਾ ਹੁੰਦਾ ਹੈ।ਬੱਸ ਸਾਰਾ ਦਿਨ ਖਾਣ ਪੀਣ ਦੇ ਸੌਂਕ ਤੇ ਹਾਣੀਆਂ ਨਾਲ ਖੇਡਣ ਵਾਲੇ ਬੁੱਲੇ ਲੁਟਣੇ ਹੁੰਦੇ ਹਨ।ਬਾਪੂ,ਦਾਦੇ ਦੀ ਉਂਗਲ ਅਤੇ ਮਾਂ ਦੀ ਬੁੱਕਲ ਦੇ ਨਿੱਘ ਦਾ ਅਨੰਦ ਲੈਣਾ ਹੀ ਇਸ ਅਵਸਥਾ ਦੇ ਲੁੱਤਫ ਹੁੰਦੇ ਹਨ।ਪਰ ਜਵਾਨੀ ਵਾਲੀ ਅਵਸਥਾ ਵਿੱਚ ਜਿੱਥੇ ਮਸਤੀ ਭਰੇ ਦਿਨ ਲੰਘਦੇ ਹਨ ਉੱਥੇ ਹੀ ਪੜਾਈ ਦੇ ਨਾਲ ਨਾਲ  ਕੰਮ ਕਾਰ ਦੀ ਵੀ ਫਿਕਰ ਪੈ ਜਾਦੀਂ ਹੈ।ਕਿਉਂ ਕਿ ਸਮੇਂ ਦੇ ਨਾਲ ਬਹੁਤ ਕੁੱਝ ਬਦਲ ਗਿਆ ਹੈ।ਸਮੇਂ ਦੇ ਬਦਲਣ ਨਾਲ ਆਪਣਾ ਪੇਟ ਭਰਨ ਤੋਂ ਇਲਾਵਾ ਪ੍ਰੀਵਾਰਕ ਜਿੰਮੇਵਾਰੀਆਂ ਵੀ ਨਿਭਾਉਣ ਲਈ ਕੰਮ ਕਾਜ਼ ਕਰਨਾ ਵੀ ਬਹੁਤ ਜਰੂਰੀ ਹੋ ਜਾਦਾਂ ਹੈ।ਕੰਪੀਟੀਸ਼ਨ ਦਾ ਯੱੁਗ ਹੋਣ ਅਤੇ ਹਰ ਤਰਾਂ ਦੀਆਂ ਸੁੱਖ ਸਹੂਲਤਾਂ ਦਾ ਅਨੰਦ ਲੈਣ ਲਈ ਮਿਹਨਤ ਮੁਸ਼ੱੁਕਤ ਕਰਨਾ ਬਹੁਤ ਜਰੂਰੀ ਹੋ ਗਿਆ ਹੈ।ਇਹਨਾਂ ਸਭਨਾਂ ਚੀਜ਼ਾਂ ਦੀ ਪ੍ਰਾਪਤੀ ਕਰਨਾ ਹਰ ਇਨਸਾਨ ਦਾ ਸੁਪਨਾ ਹੁੰਦਾ ਹੈ।ਇਹਨਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਇਨਸਾਨ ਆਪਣੀ ਧਰਤੀ ਤੇ ਕੰਮ ਕਰਨ ਤੋਂ ਇਲਾਵਾ ਹੁਣ ਵਿਦੇਸ਼ਾ ਵਿੱਚ ਜਾ ਕੇ ਅਣਥੱਕ ਮਿਹਨਤ ਕਰਦਾ ਹੋਇਆ ਆਪਣੇ ਸੰਜੋਏ ਹੋਏ ਸੁਪਨੇ ਪ੍ਰਾਪਤ ਕਰਨ ਦੀ ਤਾਂਘ ਵਿੱਚ ਦਿਨ ਰਾਤ ਬਿਜਲਈ ਮਸ਼ੀਨ ਵਾਂਗ ਕੰਮ ਵਿੱਚ ਜੱੁਟਿਆ ਹੋਇਆ ਹੈ।ਪੰਜਾਬ ਵਿੱਚ ਵੀ ਦਿਨੋ ਦਿਨ ਵਿਦੇਸ਼ ਜਾਣ ਦਾ ਰੁਝਾਨ ਵਧ ਰਿਹਾ ਹੈ।ਜਿਆਦਾਤਰ ਸਾਡੇ ਨੌਜਵਾਨ ਬੱਚੇ ਬਾਰਵੀਂ ਕਰਨ ਉਪਰੰਤ ਆਈਲਿਸ ਕਰਕੇ ਮਨ ਵਿੱਚ ਵਿਦੇਸ਼ ਜਾਣ ਦੀ ਫਿਤਰਤ ਪਾਲੀ ਬੈਠੇ ਹਨ।ਕਿਉਂਕਿ ਇੱਥੇ ਬੱਚੇ ਜਿਆਦਾ ਪੜ੍ਹ ਲਿਖ ਕੇ ਰੁਜ਼ਗਾਰ ਦੀ ਪ੍ਰਾਪਤੀ ਨਾ ਹੋਣ ਕਾਰਨ  ਆਪਣਾ ਤੇ ਆਪਣੇ ਪ੍ਰੀਵਾਰ ਦਾ ਗੁਜ਼ਾਰਾ ਕਰਨ ਤੋਂ ਅਸਮੱਰਥ ਹਨ।ਪਰ ਵਿਦੇਸ਼ਾ ਵਿੱਚ ਕੰਮ ਕਰਕੇ ਪੈਸਾ ਕਮਾ ਕੇ ਉਹ ਆਪਣੇ ਭਵਿੱਖ ਨੂੰ ਚੰਗਾ ਬਣਾੳੋਣ ਅਤੇ ਪ੍ਰੀਵਾਰ ਨੂੰ ਅੱਗੇ  ਲੈ ਕੇ ਜਾਣ ਦੀ ਕੋਸ਼ਿਸ ਕਰਦੇ ਹਨ।ਕੁੱਝ ਦਹਾਕੇ ਪਹਿਲਾਂ ਵਿਦੇਸ਼ਾਂ ਵਿੱਚ ਜਿਆਦਾਤਰ ਆਦਮੀ ਹੀ ਜਾਇਆ ਕਰਦੇ ਸਨ ਤੇ ਬਾਕੀ ਪ੍ਰੀਵਾਰ ਸਮੇਤ ਆਦਮੀ ਦੀ ਹਮਸਫਰ ਵੀ ਸਾਝੇਂ ਪ੍ਰੀਵਾਰ ਵਿੱਚ ਰਹਿਣਾ ਪਸੰਦ ਕਰਦੀ ਸੀ।ਪੰਤੂ ਹੁਣ ਦੇ ਰੁਝਾਨਾਂ ਅਨੁਸਾਰ ਬਹੁਤੀਆਂ ਕੁੜੀਆਂ ਵੀ ਵਿਦੇਸ਼ਾਂ ਨੂੰ ਕੂਚ ਕਰ ਰਹੀਆਂ ਹਨ।ਭਾਵੇਂ ਮਜਬੂਰੀ ਵੱਸ ਸਾਰੇ ਬਹੁਤ ਜਿਆਦਾ ਸਖਤ ਮਿਹਨਤ ਕਰਕੇ ਆਪਣਾ ਅਤੇ ਆਪਣੇ ਪ੍ਰੀਵਾਰ ਦਾ ਚੰਗਾ ਗੁਜ਼ਾਰਾ ਅਤੇ ਜੀਵਨ ਵਸਰ ਕਰਨ ਵਿੱਚ ਰੁੱਝੇ ਹੋਏ ਹਨ।ਫਿਰ ਵੀ ਚੇਤਿਆਂ ਵਿੱਚ ਤਾਂ ਕਿਤੇ ਨਾ ਕਿਤੇ ਆਪਣੇ ਵਤਨ ਦੀਆਂ ਯਾਦਾਂ ਸਮੋਈ ਬੈਠੇ ਵਤਨ ਆਉਣ ਦੀ ਤਾਂਘ ਮਹਿਸੂਸ ਕਰਦੇ ਰਹਿੰਦੇ ਹਨ।ਪਰ ਸਮਾਂ ਬਹੁਤ ਬਲਵਾਨ ਹੁੰਦਾ ਹੈ ਇਹ ਜਿੱਥੇ ਕੰਮਾਂ ਕਾਰਾਂ ਤੋਂ ਵਿਹਲ ਹੀ ਮਿਲਣ ਦਿੰਦਾ ਉੱਥੇ ਹੀ ਡਾਲਰਾਂ ਦੀ ਚਮਕ ਦਮਕ ਵਾਲੀ ਚੱਕੀ ਦੀ ਘੁਮਣਘੇਰੀ ਵਾਲੇ ਗੇੜ ਵਿੱਚੋਂ ਨਿਕਲਣ ਹੀ ਨਹੀ ਦਿੰਦਾ।ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਤਾਂ ਆਪਣੇ ਵਤਨ ਤੇ ਆਪਣਿਆਂ ਨੂੰ ਛੱਡ ਕੇ ਬਿਗਾਨੇ ਮੁੱਲਕ ਵਿੱਚ ਪਿੱਛੇ ਛੱਡੇ ਪ੍ਰੀਵਾਰ ਦੇ ਚੰਗੇ ਭਵਿੱਖ ਲਈ ਕੋਹਲੂ ਦਾ ਬੈਲ ਬਣ ਵਤਨੀ ਛੱਡੇ ਆਪਣੇ ਘਰ ਦੀ ਵਾਪਸੀ ਨੂੰ ਆਪਣੇ ਚੇਤਿਆਂ ਵਿੱਚੋਂ ਹੀ ਖੋ ਬੈਠਦੇ ਹਨ।ਇਸ ਬਾਰੇ ਬਹੁਤ ਸਾਰੀਆਂ ਗੱਲਾਂ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਬੈਠੇ ਮੇਰੇ ਇੱਕ ਦੋਸਤ ਨੇ ਆਪਣੇ ਜ਼ੁਬਾਨੀ ਮੇਰੇ ਨਾਲ ਟੈਲੀਫੋਨ ਤੇ ਸਾਝੀਆਂ ਕੀਤੀਆਂ ਕਿ ਭਾਵੇਂ ਇਧਰ ਅੱਖਾਂ ਨੂੰ ਚਕਾਚੌਂਧ ਕਰਨ ਵਾਲੀ ਡਾਲਰਾਂ,ਪੌਡਾਂ ਦੀ ਚਮਕ ਦਮਕ ਜਰੂਰ ਹੈ ਜਿਸ ਨਾਲ ਜ਼ਿੰਦਗੀ ਦੀਆਂ ਹਰ ਸੱੁਖ ਸਹੂਲਤਾਂ ਤਾਂ ਮਾਣ ਲਈ ਦੀਆਂ ਹਨ।ਪਰ ਫਿਰ ਵੀ ਆਪਣੇ ਵਤਨ ਦੀ ਜਨਮ ਭੁਮੀ ਤੇ ਬਣੇ ਆਪਣੇ ਗਰਾਂ ਦੀ ਯਾਦ ਕਦੇ ਵੀ ਨਹੀ ਭੁਲਦੀ। ਜਦੋਂ ਕਦੇ ਆਪਣੇ ਵਤਨੀ ਆਉਣ ਦਾ ਮਨ ਬਣਾਈਦਾ ਤਾਂ ਰੂਹ ਖਿੜ ਜਾਂਦੀ ਹੈ ਅਤੇ ਮਨ ਨੂੰ ਸਕੂਨ ਜਾ ਮਹਿਸੂਸ ਹੁੰਦਾ ਹੈ।ਉਸ ਸਮੇਂ ਵੱਸ ਇਹੀ ਸੋਚੀਦਾ,ਕਿ ਇਹ ਮੁਲਕ ਤਾਂ ਸੋਹਣਾ ਏ ਪਰ ਮੇਰੇ ਪਿੰਡ ਵਰਗਾ ਨੀ।ਉਸ ਦੇ ਦੱਸਣ ਅਨੁਸਾਰ ਕਈ ਵਾਰ ਤਾਂ ਰਾਤ ਦੇ ਝਰੋਖਿਆਂ ਵਿੱਚੋਂ ਵੀ ਯਾਰਾਂ ਨਾਲ ਬਹਾਰਾਂ ਵਾਲੇ ਯਾਦਗਾਰੀ ਪਲ ਨਹੀ ਨਿਕਲਦੇ।ਆਪਣਿਆਂ ਅਤੇ ਹਾਣੀਆਂ ਨਾਲ ਮਾਣੇ ਉਹ ਨਿੱਘੇ ਪਲ ਹਮੇਸ਼ਾ ਵਤਨ ਦੀ ਖਿੱਚ ਪਾਉਂਦੇ ਹੋਏ ਕਈ ਵਾਰ ਅੱਖਾਂ ਨਮ ਕਰ ਦਿੰਦੇ ਹਨ।

                  ਅਤੀਤ ਦੇ ਝਰੋਖਿਆਂ ਚ ਗੁਆਚਿਆ ਉਹ ਦੱਸ ਰਿਹਾ ਸੀ ਕਿ ਇੱਕ ਵਾਰ ਰਾਤ ਦੀ ਲੱਗੀ ਕਿਣਮਿਣ ਪਹੁਫੁਟਾਲੇ ਹੋਣ ਤੱਕ ਵੀ ਜਾਰੀ ਸੀ।ਉਚੀਆਂ ਨੀਵੀਆਂ ਝੋਪੜੀਨੁਮਾ ਛੱਤਾਂ ਦੇ ਪਰਨਾਲਿਆਂ ਵਿੱਚੋਂ ਨਿੰਰਤਰ ਡਿੱਗਦਾ ਪਾਣੀ ਮੀਂਹ ਦੀ ਇੱਕਸਾਰਤਾ ਦੀ ਹਾਮੀ ਭਰ ਰਿਹਾ ਸੀ।ਪਰ ਜਦੋਂ ਸਵੱਖਤੇ ਕੰਮ ਤੇ ਜਾਣ ਦੀ ਤਾਂਘ ਨਾਲ ਘਰੋਂ ਨਿਕਲੇ ਤਾਂ ਸੜਕਾਂ ਇੱਕਦਮ ਬਿਲਕੁਲ ਸਾਫ ਸੀ ਇਹ ਜਾਪ ਹੀ ਨਹੀ ਰਿਹਾ ਸੀ ਕਿ ਕੁਦਰਤ ਦੀ ਗੋਦ ਵਾਲੀ ਸਿੱਪੀ ਵਿੱਚੋਂ ਮੋਤੀਨੁਮਾ ਕਿਣਮਿਣ ਹੋਈ ਹੈ ਕਿਉਕਿ ਇਹ ਸਭ ਇੱਥੋਂ ਦੇ ਸਿਸਟਮ ਤੇ ਇਮਾਨਦਾਰੀ ਦੇ ਹੀ ਸਦਕਾ ਸੀ।ਵਾਤਾਵਾਨ ਸਾਫ ਹੋਣ ਦੇ ਨਾਲ ਬਹੁਤ ਹੀ ਖੁਬਸੂਰਤ ਨਜ਼ਾਰਾ ਨਜ਼ਰ ਆ ਰਿਹਾ ਸੀ।ਭਾਵੇਂ ਹਰ ਇੱਕ ਛੱਤ ਨੂੰ ਮੀਂਹ ਦਾ ਚਾਅ ਨਹੀ ਹੁੰਦਾ ਕਿਉਂਕਿ ਕੁੱਝ ਕੁ ਛੱਤਾਂ ਨੂੰ ਤਾਂ ਬਰਸਾਤ ਦੌਰਾਨ ਆਪਣੇ ਚੋਣ ਦਾ ਖਤਰਾ ਵੀ ਮਹਿਸੂਸ ਹੋ ਰਿਹਾ ਹੁੰਦਾ ਹੈ।ਫਿਰ ਵੀ ਉਸ ਸਮੇਂ ਦੇ ਬਰਸਾਤੀ ਪਲਾਂ ਵਿੱਚ ਅਤੀਤ ਨੂੰ ਯਾਦ ਕਰਦਿਆਂ ਜਾਪਿਆ ਕਿ ਜ਼ਿੰਦਗੀ ਦੇ ਮਖਮਲ਼ੀ ਨਜ਼ਾਰੇ ਤਾਂ ਅਪਣੇ ਵਤਨ ਛੱਡ ਆਏ ਹਾਂ। ਗਲੀਆਂ ਵਿੱਚ ਵਗਦੇ ਉਹ ਮੀਂਹ ਵਾਲੇ ਪਾਣੀ ਦੀਆਂ ਛੱਲ਼ਾਂ ਤੇ ਛੱਲਾਂ ਵਿੱਚ ਕੀਤੀਆਂ ਮਸਤੀਆਂ ਸਾਇਦ ਮੁੜ ਕੇ ਕਦੇ ਹਾਸਲ ਹੀ ਨੀ ਹੋਣੀਆਂ।ਹਾਂ ਕਦੇ ਕਦਾਈ ਬੀਚ ਤੇ ਜਾ ਕੇ ਪਾਣੀ ਦੀਆਂ ਛੱਲਾਂ ਦਾ ਲੁਤਫ ਜਰੂਰ ਮਾਣ ਲਈਦਾ ਹੈ।ਪਰ ਵਤਨੀ ਗਲੀਆਂ ਵਿੱਚ ਵਗਦੇ ਮੀਂਹ ਦੇ ਪਾਣੀ ਵਿੱਚ ਮੋਢਿਆ ਤੇ ਟੰਗੇ ਪਜ਼ਾਮੇਂ ਨਾਲ ਘਰ ਦੇ ਵਿੱਚ ਭਰੇ ਪਾਣੀ ਨੂੰ ਬਾਲਟੀਆਂ ਭਰ ਕੇ ਕੱਢਣ ਦਾ ਨਜ਼ਾਰਾ ਹੁਣ ਅੱਖਾਂ ਦੇਖਣ ਨੂੰ ਤਰਸਦੀਆਂ ਹਨ।ਭਾਵੇਂ ਬੇਗਾਨੇ ਮੁਲਕ ਵਿੱਚ ਜ਼ਿੰਦਗੀ ਦੇ ਪਲ ਗੁਜ਼ਾਰਦਿਆਂ ਦਿਨ ਰਾਤ ਹੱਡ ਭੰਨਵੀਂ ਮਿਹਨਤ ਕਰਕੇ  ਕਮਾ,ਹੰਢਾਂ ਤੇ ਬਣਾ ਬਹੁਤ ਕੁੱਝ ਲਿਆ ਹੈ।ਜਿਸ ਨਾਲ ਜ਼ਿੰਦਗੀ ਦੇ ਪਲ ਸੌਖਾਲੇ ਬੀਤ ਰਹੇ ਹਨ।ਪ੍ਰੰਤੁ ਫਿਰ ਵੀ ਜਦੋਂ ਕਦੇ ਆਪਣੇ ਗਰਾਂ ਆਉਣ ਨੂੰ ਮਨ ਲੋਚਦਾ ਹੈ ਤਾਂ ਜਹਾਜ਼ ਵਿੱਚ ਬੈਠ ਕੇ ਜਲਦੀ ਗਰਾਂ ਪਹੁੰਚਣ ਦੀ ਕਾਹਲ ਹੁੰਦੀ ਹੈ ਮਨ ਵਿੱਚ ਆਪਣੇ ਵਤਨੀ ਘਰਾਂ ਨੂੰ ਦੇਖਣ ਦੀ ਰੀਝ ਨਾਲ ਪੈਦਾ ਹੋਏ ਵਲਵਲਆਂਿ ਸਮੇਤ ਪਿੱਛੇ ਛੱਡੇ ਮਾਪੇ ਭੈਣ ਭਰਾ,ਰਿਸ਼ਤੇਦਾਰ ਤੇ ਬਚਪਨੀ ਦੋਸਤਾਂ ਦੀ ਇੱਕ ਝਲਕ ਦੇਖਣ ਦੀ ਤਾਂਘ ਨਾਲ ਜਹਾਜ਼ ਵਿੱਚ ਬੈਠੇ ਇਹੀ ਲਗਦਾ ਕਿ ਸ਼ਾਇਦ ਜਹਾਜ਼ ਬਹੁਤ ਹੌਲੀ ਉਡ ਰਿਹਾ ਹੈ।ਮਨ ਦੇ ਸੁਪਨਿਆਂ ਚ ਖੋਇਆ ਇਹੀ ਸੋਚਦਾ ਕਿ ਕਾਸ਼!ਮੈਂ ਹੀ ਜਹਾਜ਼ ਦਾ ਪਾਇਲਟ ਹੋਵਾਂ ਤੇ ਜਹਾਜ਼ ਨੂੰ ਹੋਰ ਤੇਜ਼ ਉੱਡਾਵਾਂ ਤਾਂ ਕਿ ਛੇਤੀ ਆਪਣੇ ਗਰਾਂ ਪਹੁੰਚ ਆਪਣਿਆਂ ਦੀ ਦੀਦ ਕਰ ਲਵਾਂ।
ਲੇਖਕ:ਜਗਦੀਸ਼ ਸਿੰਘ ਪੱਖੋ (ਸਿਹਤ ਇੰਸਪੈਕਟਰ)
 ਪਿੰਡ ਤੇ ਡਾਕ: ਪੱਖੌ ਕਲਾਂ ਤਹਿ ਤਪਾ(ਬਰਨਾਲਾ)
 ਮੋਬਾਇਲ ਨੰਬਰ 98151-07001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪਿੰਡ ਰਹਿਪਾ ਵਿਖੇ ਨਗਰ ਕੀਰਤਨ 2 ਮਾਰਚ ਨੂੰ
Next articleਡਾ. ਟੱਲੇਵਾਲੀਆ ਨੇ ਗੁਰਬਾਣੀ ਅਧੀਨ ਅਰੋਗਤਾ ਮਾਰਗ ਸੰਬੰਧੀ