ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਸ. ਪ. ਸਿੰਘ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ“

 ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਸ. ਪ. ਸਿੰਘ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ “ਸਿਰਜਣਾ ਦੇ ਆਰ ਪਾਰ“

(ਸਮਾਜ ਵੀਕਲੀ)- ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ “ ਸਿਰਜਣਾ ਦੇ ਆਰ ਪਾਰ “ ਵਿੱਚ ਇਸ ਵਾਰ ਪ੍ਰਸਿੱਧ ਸਿਖਿਆ ਸ਼ਾਸਤਰੀ,ਨਾਮਵਰ ਸ਼ਖ਼ਸੀਅਤ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਡਾ. ਸ . ਪ. ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਦੇ ਵਿਸ਼ੇਸ਼ ਯਤਨਾਂ ਨਾਲ ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰੋ ਕੁਲਜੀਤ ਕੌਰ ਨੇ ਕੀਤਾ। ਪ੍ਰੋਗਰਾਮ ਦੇ ਆਰੰਭ ਵਿਚ ਡਾ. ਬਲਜੀਤ ਕੌਰ ਰਿਆੜ ਨੇ ਮੁਖ ਮਹਿਮਾਨ ਦਾ ਸਵਾਗਤ ਕਰਦਿਆਂ ਉਹਨਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਉਪਰੰਤ ਡਾ . ਸਰਬਜੀਤ ਕੌਰ ਸੋਹਲ ਨੇ ਡਾ . ਸ. ਪ. ਸਿੰਘ ਨੂੰ ਜੀ ਆਇਆਂ ਕਹਿੰਦਿਆਂ ਮਾਣ ਅਤੇ ਖੁਸ਼ੀ ਵਾਲਾ ਮੌਕਾ ਦੱਸਿਆ ਜਦ ਡਾ ਸ. ਪ. ਸਿੰਘ ਇਸ ਪ੍ਰੋਗਰਾਮ ਵਿੱਚ ਬਤੌਰ ਮਹਿਮਾਨ ਸ਼ਾਮਿਲ ਹੋਏ ਹਨ। ਉਹਨਾਂ ਦੁਆਰਾ ਬਤੌਰ ਵਾਈਸ ਚਾਂਸਲਰ ਬਤੌਰ ਵਿਦਵਾਨ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ ਅਤੇ ਪਰਵਾਸੀ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਗਏ ਕਾਰਜਾਂ ਦੀ ਉਨ੍ਹਾਂ ਸ਼ਲਾਘਾ ਕੀਤੀ। ਡਾ ਸ.ਪ. ਸਿੰਘ ਨੇ ਆਪਣੇ ਪਰਿਵਾਰਕ ਪਿਛੋਕੜ ਬਾਰੇ ਦੱਸਦਿਆਂ ਆਪਣੇ ਪਿਤਾ ਸ੍ਰ . ਰਘਬੀਰ ਸਿੰਘ ਅਤੇ ਮਾਤਾ ਕਰਤਾਰ ਕੌਰ ਦੁਆਰਾ ਦਿੱਤੇ ਗਏ ਪਿਆਰ ਅਤੇ ਉਤਸ਼ਾਹ ਕਾਰਨ ਸਾਹਿਤ ਅਤੇ ਪੱਤਰਕਾਰੀ ਵਿਚ ਦਿਲਚਸਪੀ ਬਾਰੇ ਦੱਸਿਆ। ਪਾਕਿਸਤਾਨ ਬਣਨ ਸਮੇਂ ਜਲੰਧਰ ਆਕੇ ਵੱਸਣ ਅਤੇ ਆਪਣੀ ਪ੍ਰਾਇਮਰੀ ਅਤੇ ਉਚ ਸਿੱਖਿਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੇ ਪਰਵਾਸੀ ਸਾਹਿਤਕਾਰਾਂ ਪ੍ਰਤੀ ਪ੍ਰਕਾਸ਼ਕਾਂ ਜਾਂ ਹੋਰ ਸੰਸਥਾਵਾਂ ਦੇ ਵਿਹਾਰ ਤੋਂ ਨਿਰਾਸ਼ ਹੋ ਕੇ ਪ੍ਰਵਾਸੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਵਿਸਥਾਰ ਸਹਿਤ ਦੱਸਿਆ। ਪ੍ਰਵਾਸੀ ਸਾਹਿਤ ਨੂੰ ਇਕ ਵਿਸ਼ੇ ਵੱਜੋਂ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਪਹਿਲ ਕਦਮੀ ਵੀ ਡਾ ਸ. ਪ. ਸਿੰਘ ਨੇ ਕੀਤੀ। ਉਹਨਾਂ ਸ਼ੁਰੂਆਤੀ ਦੌਰ ਵਿੱਚ ਪੱਤਰਕਾਰੀ ਕਰਨ ਸਮੇਂ ਦੀਆਂ ਚੁਨੌਤੀਆਂ ਬਾਰੇ ਵੀ ਦੱਸਿਆ। ਡਾ ਬਰਜਿੰਦਰ ਸਿੰਘ ਹਮਦਰਦ ਦੇ ਜਮਾਤੀ ਹੁੰਦਿਆਂ ਡਾ ਸਾਧੂ ਸਿੰਘ ਹਮਦਰਦ ਜੀ ਨਾਲ ਜੁੜੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਹਨਾਂ ਆਪਣੀ ਪਤਨੀ ਪ੍ਰੋ . ਜਗਦੀਸ਼ ਕੌਰ ਦੇ ਸਾਥ ਅਤੇ ਉਤਸ਼ਾਹ ਬਾਰੇ ਦੱਸਿਆ ਅਤੇ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਵਿੱਚ ਉਹਨਾਂ ਦੇ ਸਹਿਯੋਗ ਨੂੰ ਮਹੱਤਵ ਪੂਰਨ ਮੰਨਿਆ। ਉਚ ਸਿੱਖਿਆ ਦੀਆਂ ਚੁਨੌਤੀਆਂ, ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ ਦੱਸਦਿਆਂ ਤਕਨੀਕੀ ਅਤੇ ਕਿੱਤਾਮੁਖੀ ਸਿੱਖਿਆ ਨੂੰ ਸਮੇਂ ਦੀ ਲੋੜ ਦੱਸਿਆ। ਉਹਨਾਂ ਆਪਣੀ ਜ਼ਿੰਦਗੀ ਵਿਚ ਆਪਣੇ ਉਚ ਅਹੁਦਿਆਂ ਤੇ ਰਹਿੰਦਿਆਂ ਆਤਮ ਸੰਤੁਸ਼ਟੀ ਜ਼ਾਹਿਰ ਕੀਤੀ। ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਦੀ ਅਕਾਦਮਿਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ।

ਪ੍ਰਵਾਸੀ ਸਾਹਿਤਕਾਰ ਪ੍ਰੋ .ਜਾਗੀਰ ਸਿੰਘ ਕਾਹਲੋਂ ਨੇ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਪ੍ਰਬੰਧਕ ਸ੍ਰੀ ਮਲੂਕ ਸਿੰਘ ਕਾਹਲੋਂ ਨੇ ਪਰਵਾਸੀ ਸਾਹਿਤ ਪਰਵਾਸੀ ਦੀਆਂ ਸਮੱਸਿਆਂਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਅੰਤ ਵਿੱਚ ਡਾ .ਸਰਬਜੀਤ ਕੌਰ ਸੋਹਲ ਨੇ ਸਮੁੱਚੇ ਪ੍ਰੋਗਰਾਮ ਬਾਰੇ ਆਪਣੇ ਪ੍ਰਭਾਵ ਪੇਸ਼ ਕਰਦਿਆਂ ਡਾ. ਸ. ਪ. ਸਿੰਘ ਜੀ ਦੀ ਸ਼ਖ਼ਸੀਅਤ ਨੂੰ ਪ੍ਰੇਰਨਾਦਾਇਕ ਦੱਸਿਆ। ਇਸ ਪ੍ਰੋਗਰਾਮ ਵਿੱਚ ਡਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਰਿੰਟੂ ਭਾਟੀਆ , ਅਮਨਬੀਰ ਸਿੰਘ ਧਾਮੀ , ਸ. ਹਰਦਿਆਲ ਸਿੰਘ ਝੀਤਾ , ਅੰਮ੍ਰਿਤਾ ਦਰਸ਼ਨ ਯੂ ਕੇ , ਡਾ. ਬਲਜੀਤ ਸਿੰਘ ਵਾਈਸ ਪ੍ਰਿੰਸੀਪਲ , ਗੁਰਚਰਨ ਸਿੰਘ ਜੋਗੀ , ਹਰਭਜਨ ਕੌਰ ਗਿੱਲ , ਜਸਪਾਲ ਸਿੰਘ ਦੇਸੂਵੀ , ਅਮਰਜੀਤ ਸਿੰਘ ਜੀਤ , ਦਲਵੀਰ ਕੌਰ ਯੂ ਕੇ ਤੇ ਇਹਨਾਂ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਹੋਰ ਬਹੁਤ ਸਾਰੇ ਵਿਦਵਾਨ ਲੇਖਕ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਰਮਿੰਦਰ ਰੰਮੀ ਨੇ ਡਾ ਸ . ਪ. ਸਿੰਘ ਦੀ ਕੈਨੇਡਾ ਫੇਰੀ ਵੇਲੇ ਉਥੋਂ ਦੇ ਲੇਖਕਾਂ ਦੇ ਮਨਾਂ ਵਿਚ ਉਤਸ਼ਾਹ ਅਤੇ ਖੁਸ਼ੀ ਦਾ ਜ਼ਿਕਰ ਕਰਦਿਆਂ ਡਾ ਸ.ਪ. ਸਿੰਘ ਜੀ ਦਾ ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ। ਰਮਿੰਦਰ ਰੰਮੀ ਨੇ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਪ੍ਰੋ ਕੁਲਜੀਤ ਕੌਰ ਜੀ ਬਹੁਤ ਹੀ ਮੰਝੇ ਹੋਏ ਐਂਕਰ ਤੇ ਟੀ ਵੀ ਹੋਸਟ ਵੀ ਨੇ , ਆਪਣੇ ਨਿਵੇਕਲੇ ਅੰਦਾਜ਼ ਵਿੱਚ ਬਹੁਤ ਸ਼ਾਨਦਾਰ ਰੂਬਰੂ ਕਰਦੇ ਹਨ । ਸਮੁੱਚੇ ਤੌਰ ਤੇ ਇਹ ਪ੍ਰੋਗਰਾਮ ਬਹੁਤ ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਸ. ਪ. ਸਿੰਘ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ । ਇਸ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕਾਂ ਨੇ ਭਾਗ ਲਿਆ । ਇਹ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਧੰਨਵਾਦ ਸਹਿਤ।

ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ,
 ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।

Previous article“ਗੌਣ ਕਿਰਦਾਰ’ ਕਾਮਾਂ !
Next articleSamaj Weekly 356 = 29/02/2024