(ਸਮਾਜ ਵੀਕਲੀ)-ਪੰਜ ਕੁ ਫੱਗਣ ਦਾ ਦਿਨ ਸੀ ਹਾਕਮ ਦੇ ਮੁੰਡੇ ਜਰਨੈਲ ਦੀ ਰੋਪਨਾ ਪੈ ਗਈ ਤੇ ਅਗਲੇ ਦਿਨ ਬਰਾਤ ਲੈ ਕੇ ਤਿੰਨ ਚਾਰ ਪਿੰਡਾਂ ਦੀ ਵਿੱਥ ਨਾਲ ਹੀ ਢੁੱਕਣਾ ਸੀ। ਸਿਆਣੇ ਕਹਿੰਦੇ ਹੁੰਦੇ ਆ ਵੀ ‘ਬੋਹੜ ਦੀ ਥਾਂ ਬੋਹੜ ਨੀ ਲੱਗਦਾ’ਪਰ ਇਹ ਬੋਹੜ ਜਰਨੈਲ ਨੇ ਲਾ ਦਿੱਤਾ ਸੀ ਜੀਹਨੇ ਆਵਦੇ ਪਿਉ ਦੀਆਂ ਲੀਹਾਂ ਜਵਾਂ ਨਹੀਂ ਭੰਨੀਆਂ ਸੀ।
ਹਾਮਕ ਬਹੁਤ ਨੇਕ ਤੇ ਸਿਧ-ਪੱਧਰਾ ਬੰਦਾ ਸੀ , ਜਿਹਨੇ ਸੀਰੀ ਰਲ ਰਲ ਕੇ ਪਹਿਲਾਂ ਤਿੰਨ ਕੁੜੀਆਂ ਦੇ ਵਿਆਹ ਕੀਤੇ ਤੇ ਮੁੰਡੇ ਨੂੰ ਕਿਹਾ ਵੀ ਪੜ੍ਹ ਲਾ ਕਾਕਾ ਜਿੰਨ੍ਹਾਂ ਪੜ੍ਹੀ ਦਾ ਤੂੰ ਨਾ ਕਹੀ ਵੀ ਘਰ ਦੀ ਗਰੀਬੀ ਕਰਕੇ ਪੜ੍ਹਿਆ ਨਹੀਂ ਗਿਆ ਮੇਰਾ ਕੀ ਆ ਮੈਂ ਦੋ ਸੀਰ ਹੋਰ ਲੈ ਲਉਂ।
ਪਰ ਮੁੰਡੇ ਨੇ ਵੀ ਅੱਜ ਤੱਕ ਪਿਉ ਵੱਲ ਕਿਸੇ ਨੂੰ ਉਗਲੀ ਨੀ ਕਰਨ ਦਿੱਤੀ।ਪੜ੍ਹਾਈ ਵੀ ਕੀਤੀ ਤੇ ਨਾਲ ਨਾਲ ਮਾਂ ਪਿਉ ਦੇ ਹਾੜੀਆਂ ਸਾਉਣੀਆਂ ਵੀ ਕਰਾਉਂਦਾ ਰਿਹਾ। ਪਰ ਐਨੀ ਮਿਹਨਤ ਦੇ ਬਾਦ ਵੀ ਹਾਲੇ ਤੱਕ ਕੋਈ ਨੌਕਰੀ ਨੀ ਮਿਲੀ ਸੀ।
ਮਾਂ ਸੀਤੋ ਉਹਦੀ ਦਿਨੋ ਦਿਨ ਵਧ ਰਹੀ ਉਮਰ ਦਾ ਝੋਰਾ ਕਰਦੀ ਰਹਿੰਦੀ।ਕਦੇ ਕਦੇ ਤਾਂ ਜਰਨੈਲ ਨੂੰ ਆਪਣੀ ਦਾਹੜੀ ਵਿਚਲੇ ਕੁਛ ਆਏ ਬੱਗੇ ਵਾਲਾਂ ਨੂੰ ਵੇਖ ਕੇ ਲਗਦਾ ਵੀ ਮਾਂ ਸੱਚ ਹੀ ਕਹਿੰਦੀ ਆ ; ਪਰ ਉਹ ਚਾਹੁੰਦਾ ਸੀ ਵੀ ਹੁਣ ਤਾਂ ਪਿਉ ਦਾ ਸੀਰ ਛੁੱਟ ਜਾਵੇ…… ਪਰ ਅਖੀਰ ਮਾਂ ਦੇ ਪੋਤੇ ਪੋਤੀਆਂ ਨੂੰ ਖਿਡਾਉਣ ਦੇ ਚਾਅ ਅੱਗੇ ਉਹਨੂੰ ਆਪਣੇ ਗੋਡੇ ਟੇਕਣੇ ਪਏ ਉਹ ਵਿਆਹ ਲਈ ਮੰਨ ਗਿਆ।
ਅੱਜ ਉਹਦੀ ਬਰਾਤ ਸੀ ਗਿਣਤੀ ਦੇ ਵੀਹ ਪੰਚੀ ਬੰਦੇ ਲੈ ਉਹ ਸਵੇਰੇ ਦਸ ਕੁ ਵਜੇ ਨਾਲ ਘਰੋਂ ਤੁਰ ਪਏ ਸਾਦੀ ਜੀ ਬਰਾਤ ਨਾਲ ਕੋਈ ਬੈਂਡ ਨਾ ਕੋਈ ਝਮੱਕਾ ਐਨ ਸਰੀਫ ਬੰਦਿਆਂ ਵਾਂਗ।
ਬਰਾਤ ਪਿੰਡ ਪਹੁੰਚੀ ਤਾਂ ਕੁੜੀ ਵਾਲਿਆਂ ਦੇ ਘਰ ਸੁੰਨ-ਸਾਨ ਵੇਖ ਕੇ ਜਰਨੈਲ ਦਾ ਮੱਥਾ ਠਣਕਿਆ ਵੀ ਆਹ ਤਾਂ ਕੋਈ ਅਣਹੌਣੀ ਹੋ ਗਈ ਲੱਗਦੀ ਆ, ਗੱਡੀ ਵਿਚਲੇ ਬੰਦਿਆਂ ਦੇ ਕਹਿਣ ਤੇ ਵਚੋਲਾ ਤੇ ਉਹਦਾ ਪਿਉ ਹਾਕਮ ਗੱਡੀਉਂ ਉਤਰੇ, ਤਾਂ ਘਰ ਦੇ ਅੰਦਰ ਗਏ ਤਾਂ ਕੋਈ ਮੇਲੀ-ਗੇਲੀ ਤੇ ਰੌਲਾਂ ਗੋਲਾ ਸੀ। ਗਿਣਤੀ ਦੇ ਪੰਜ ਸੱਤ ਬੰਦੇ ਬੈਠੇ । ਕੁੜੀ ਦੇ ਪਿਉ ਤੋਂ ਉਹਨਾਂ ਦੋਹਾਂ ਵੱਲ ਝਾਕਿਆਂ ਨਾ ਗਿਆ ਤੇ ਉਹ ਹੱਥ ਬੰਨ੍ਹ ਕੇ ਖੜ੍ਹ ਗਿਆ। ਬੰਦਿਆਂ ਤੋਂ ਪਤਾ ਲੱਗਾ ਕਿ ਕੁੜੀ ਸਵੇਰੇ ਕਿਸੇ ਮੁੰਡੇ ਨਾਲ ਨੱਠ ਗਈ ਸੀ।
ਕੁੜੀ ਦੇ ਮਾਂ-ਪਿਉ ਦੀਆਂ ਅੱਖਾਂ ਵਿਚੋਂ ਪਾਣੀ ਤਿਪ ਤਿਲ ਚੌਂਦਾ ਰਿਹਾ।
ਵਚੋਲੇ ਤੇ ਆਪਣੇ ਪਿਉ ਨੂੰ ਮੁੜਦੇ ਨਾ ਵੇਖ ਜਰਨੈਲ ਆਪਣੇ ਸਿਰ ਉਤਲਾ ਸਿਹਰਾ ਲਾਹ ਕੇ ਗੱਡੀ ਵਿੱਚ ਰੱਖਦਿਆਂ ਕੁੜੀ ਦੇ ਘਰ ਗਿਆ ਤਾਂ ਅੱਗਿਉਂ ਸਾਰਿਆਂ ਨੂੰ ਚੁੱਪ-ਚਾਪ ਖੜ੍ਹੇ ਦੇਖ ਤੇ ਮਾਂ ਪਿਉ ਦੇ ਬੰਨ੍ਹੇ ਹੱਥਾਂ ਨੂੰ ਵੇਖ ਸਮਝ ਗਿਆ ਕਿ ਗੱਲ ਕੀ ਹੋਈ ਆ। ਕੋਲ ਗਿਆ ਤਾਂ ਕੁੜੀ ਦਾ ਪਿਉ ਆਪਣੀ ਪੱਗ ਲਾਹ ਕੇ ਉਹਦੇ ਪੈਰਾਂ ਵਿੱਚ ਰੱਖਣ ਲੱਗਾ ਤਾਂ ਮੁੰਡੇ ਨੇ ਦੋਵੇ ਹੱਥਾਂ ਨਾਲ ਰੋਕ ਲਿਆ ਨਾ ਬਾਪੂ ਇਹ ਪੱਗਾਂ ਸਿਰ ਤੇ ਹੀ ਸੋਂਹਦੀਆਂ ਨੇ, ਨਾਲੇ ਮਾਂ ਪਿਉ ਕਹਿੰਦਾ ਹੁੰਦਾ ਵੀ ਉਹਦਾ ਧੀ-ਪੁੱਤ ਉਹਦੀ ਮਿੱਟੀ ਪਲੀਤ ਕਰੇ , ਉਹਨੇ ਤਾਂ ਕਰਤਾ ਜਿਹੜਾ ਕਰਨਾ ਸੀ; ਜਿਹੜੀ ਇੱਜ਼ਤ ਤੁਹਾਡੇ ਲਈ ਮੇਰੇ ਦਿਲ ਵਿੱਚ ਪਹਿਲਾ ਸੀ ਉਹੀ ਹੁਣ ਆ ਤੁਸੀ ਐਵੇਂ ਨਾ ਮਨ ਭੈੜਾ ਕਰੋ , ਏਨੇ ਦਿਲਾਸੇ ਦਿੰਦੀਆਂ ਉਹ ਉਥੋਂ ਤੁਰ ਪਏ।
ਬਾਹਰ ਨਿਕਲੇ ਤਾਂ ਸਾਰੀ ਬਰਾਤ ਨੂੰ ਪਤਾ ਲੱਗ ਗਿਆ ਵੀ ਭਾਣਾ ਤਾਂ ਆਹ ਵਰਤ ਗਿਆ ਏ ਵਿੱਚੋਂ ਕਈ ਬੰਦਿਆਂ ਨੇ ਤਾਂ ਮੂੰਹੋਂ ਕਹਿ ਹੀ ਦਿੱਤਾ ਹਾਕਮਾਂ ਹੁਣ ਤਾਂ ਪਿੰਡ ਜਾ ਕੇ ਮੂੰਹ ਵਖਾਉਣ ਜੋਗੇ ਨੀ ਰਹੇ, ਹੁਣ ਵਿਚਾਰਾ ਚੁੱਪ ਚਾਪ ਸੁਣਦਾ ਰਿਹਾ। ਬਰਾਤ ਨੂੰ ਇਉਂ ਪਰੇਸ਼ਾਨ ਖੜਿਆਂ ਦੇਖ ਪਿੰਡ ਦੇ ਬਾਹਰ ਫਿਰਨੀ ਕੋਲ ਖੜ੍ਹੀ ਇਕ ਔਰਤ ਨੇ ਉਨ੍ਹਾਂ ਨੂੰ ਘਰ ਆ ਕੇ ਬੈਠਣ ਲਈ ਕਿਹਾ। ਉਹ ਸਾਰੇ ਅੰਦਰ ਚਲੇ ਗਏ , ਉਹਨਾਂ ਪਿੰਡ ਦੇ ਬਰਾਤੀ ਸਮਝ ਚਾਹ ਪਾਣੀ ਪਿਆਇਆ।
ਜਰਨੈਲ ਘਰ ਦੇ ਅੰਦਰ ਮੱਝਾਂ ਨਵ੍ਹਾ ਰਹੀ ਇੱਕ ਸਧਾਰਨ ਜਿਹੀ ਕੁੜੀ ਵੱਲ ਵੇਖ ਰਿਹਾ ਸੀ ਵੀ ਜਿਹੜੀਆਂ ਕੁੜੀਆਂ ਘਰਦੇ ਮਾਲ ਡੰਗਰ ਦਾ ਖਿਆਲ ਰੱਖ ਸਕਦੀਆਂ ਨੇ ਉਹ ਮਾਂ ਪਿਉ ਦੀ ਇੱਜਤ ਦਾ ਖਿਆਲ ਵੀ ਰੱਖ ਸਕਦੀਆਂ ਨੇ ਉਹ ਬਰਾਤ ਵਿਚਲੇ ਕੁਝ ਬੰਦਿਆਂ ਨੂੰ ਕੁੜੀ ਦੇ ਰਿਸ਼ਤੇ ਬਾਰੇ ਪੁੱਛਣ ਲਈ ਕਹਿਣ ਹੀ ਲੱਗਾ ਸੀ ਕਿ ਕੁੜੀ ਦੇ ਮਾਂ ਤੇ ਪਿਉ ਨੇ ਉਨ੍ਹਾਂ ਕੋਲ ਹੱਥ ਜੋੜ ਕਿ ਕਿਹਾ , ਬਾਈ ਜੇ ਗੁੱਸਾ ਨਾ ਕਰੋ , ਸਾਡੀ ਕੁੜੀ ਦਾ ਰਿਸ਼ਤਾ ਲੈ ਲਵੋ , ਅਸੀਂ ਕੁੜੀ ਵਾਸਤੇ ਮੁੰਡਾ ਭਾਲਦੇ ਫਿਰਦੇ ਆਂ ਕੁੜੀ ਪੜ੍ਹੀ ਤਾਂ ਨੀ ਪਰ ਘਰਦੇ ਸਾਰੇ ਕੰਮ-ਧੰਦੇ ਕਰ ਲੈਂਦੀ ਆ। ਇਹ ਸੁਣ ਮੁੰਡੇ ਦੇ ਚਿਹਰੇ ਤੇ ਰੌਣਕ ਆ ਗਈ ।ਉਹਨਾਂ ਸਾਰਿਆਂ ਦੀ ਸਹਿਮਤੀ ਨਾਲ ਉਹ ਕੁੜੀ ਨੂੰ ਵਿਆਹ ਕੇ ਲੈ ਗਏ।
ਕੁੜੀ ਦੇ ਸੁਹਰੇ ਘਰ ਪੈਰ ਰੱਖਦਿਆਂ ਹੀ ਘਰ ਦੇ ਭਾਗ ਜਾਗ ਪਏ , ਜਰਨੈਲ ਨੂੰ ਸਰਕਾਰੀ ਨੌਕਰੀ ਮਿਲ ਗਈ , ਉਹ ਰੱਖ ਰੱਖ ਭੁੱਲਦੀ ਤੇ ਸਾਰੇ ਉਹਦੇ ਪੈਰਾਂ ਹੇਠ ਤਲੀਆਂ ਦਿੰਦੇ । ਸਾਰੇ ਉਹਨੂੰ ਕਰਮਾਂ ਵਾਲੀ ਕਹਿੰਦੇ ਤੇ ਓਧਰ ਉਹਦੀ ਪੁਰਾਣੀ ਮੰਗੇਤਰ ਫੈਕਟਰੀ ਵਿੱਚ ਲੱਗ ਕੇ ਘਰਵਾਲੇ ਦਾ ਨਸ਼ਾ ਪੂਰਾ ਕਰਦੀ।
ਸਤਨਾਮ ਸ਼ਦੀਦ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly