(ਸਮਾਜ ਵੀਕਲੀ)
ਮੋਬਾਇਲ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੈ। ਇਸ ਤੋਂ ਬਿਨਾ ਅਸੀਂ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਤਸੱਵਰ ਨਹੀਂ ਕਰ ਸਕਦੇ। ਬੇਸ਼ਕ ਅਸੀਂ ਮੋਬਾਇਲ ਫੋਨ ਦੀ ਜ਼ਿਆਦਾ ਵਰਤੋਂ ਦੇ ਹਾਨੀਕਾਰਕ ਪ੍ਰਭਾਵਾਂ ਤੋਂ ਭਲੀਭਾਂਤ ਜਾਣੂ ਹਾਂ ਪਰ ਫਿਰ ਵੀ ਮੋਬਾਇਲ ਨੂੰ ਅਸੀਂ ਇਕ ਉਪਕਰਨ ਨਾ ਸਮਝ ਕੇ ਆਪਣੇ ਸਰੀਰ ਦਾ ਅਨਿੱਖੜਵਾਂ ਅੰਗ ਮੰਨ ਚੁੱਕੇ ਹਾਂ।ਕਿਤੇ ਇਕ ਪਲ ਲਈ ਵੀ ਜੇਕਰ ਮੋਬਾਇਲ ਅੱਖੋਂ ਓਹਲੇ ਹੋ ਜਾਵੇ ਤਾਂ ਸਾਨੂੰ ਹੱਥਾਂ ਪੈਰ੍ਹਾਂ ਦੀ ਪੈ ਜਾਂਦੀ ਹੈ ਕਿ ਹਾਏ, ਮੇਰਾ ਮੋਬਾਇਲ ਕਿੱਥੇ ਗਿਆ< ਇੰਜ ਮਹਿਸੂਸ ਹੁੰਦਾ ਹੈ ਜਿਵੇਂ ਸਾਡੇ ਸਰੀਰ ਚੋਂ ਸਾਹ ਮੁੱਕ ਗਿਆ ਹੋਵੇ। ਮੈਂ ਬਹੁਤ ਸਾਰੇ ਬੰਦੇ ਇਹ ਆਮ ਕਹਿੰਦੇ ਸੁਣੇ ਹਨ ਕਿ ਮੋਬਾਇਲ ਤੋਂ ਬਿਨਾ ਸਾਡਾ ਕੰਮ ਹੀ ਨਹੀਂ ਚੱਲਦਾ।ਕਿਤੇ ਨਾ ਕਿਤੇ ਮੈਂ ਵੀ ਹੁਣ ਤੱਕ ਇਸੇ ਭਰਮ ਵਿਚ ਜੀਅ ਰਿਹਾ ਸੀ ਕਿ ਮੋਬਾਇਲ ਤੋਂ ਬਿਨਾ ਮੇਰਾ ਵੀ ਕੰਮ ਨਹੀਂ ਚੱਲਣਾ ਪਰ ਰੱਬ ਨੇ ਛੇਤੀ ਹੀ ਮੇਰਾ ਇਹ ਭਰਮ ਤੋੜ ਦਿੱਤਾ।
ਪਿਛਲੇ ਹਫ਼ਤੇ ਸੋਮਵਾਰ ਵਾਲੇ ਦਿਨ ਮੈਨੂੰ ਦਫ਼ਤਰ ਲਈ ਤਿਆਰ ਹੁੰਦਿਆਂ ਥੋਹੜੀ ਦੇਰ ਹੋ ਗਈ, ਜਿਸ ਕਾਰਨ ਹਫੜਾ^ਦਫ਼ੜੀ ਵਿਚ ਮੈਂ ਆਪਣਾ ਮੋਬਾਇਲ ਘਰ ਭੁੱਲ ਗਿਆ ਤੇ ਇਸ ਗੱਲ ਦਾ ਇਲਮ ਮੈਨੂੰ ਦਫ਼ਤਰ ਆ ਕੇ ਹੋਇਆ। ਇਕ ਵਾਰ ਤਾਂ ਇੰਜ ਲੱਗਿਆ ਕਿ ਮੈਂ ਮੋਬਾਇਲ ਨਹੀਂ ਸਗੋਂ ਆਪਣੇ ਦਿਲ ਦੀ ਧੜਕਣ ਘਰ ਭੁੱਲ ਆਇਆ ਹਾਂ ਪਰ ਦਫ਼ਤਰੋਂ ਸਿਰਫ਼ ਮੋਬਾਇਲ ਲੈਣ ਵਾਸਤੇ ਘਰ ਜਾਣਾ ਵਾਜਬ ਨਾ ਸਮਝਿਆ ਤੇ ਔਖਿਆਂ ਸੌਖਿਆਂ ਆਪਣੇ ਮਨ ਨੂੰ ਸਮਝਾਇਆ ਕਿ ਚਲੋ ਅੱਜ ਦਾ ਦਿਨ ਮੋਬਾਇਲ ਤੋਂ ਬਿਨਾ ਜੀਅ ਕੇ ਵੇਖਦੇ ਹਾਂ ਹਾਲਾਂਕਿ ਮੋਬਾਇਲ ਨਾ ਹੋਣ ਦੀ ਰੜਕ ਹਰ ਪਲ ਮਹਿਸੂਸ ਹੋ ਰਹੀ ਸੀ।ਜਦੋਂ ਮੈਂ ਇਸ ਘਟਨਾ ਬਾਰੇ ਆਪਣੇ ਇਕ ਰੌਸ਼ਨ ਦਿਮਾਗ ਤੇ ਜ਼ਹੀਨ ਸਹਿਕਰਮੀ ਤਰਲੋਚਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਖੁਸ਼ ਹੋ ਕੇ ਕਿਹਾ ਕਿ ਤੁਸੀਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਇਕ ਦਿਨ ਦਾ ਮੋਬਾਇਲ ਵਰਤ ਰੱਖਣ ਦਾ ਮੌਕਾ ਮਿਿਲਆ ਹੈ।ਉਨ੍ਹਾਂ ਦੀ ਕਹੀ ਗੱਲ ਦਿਮਾਗ ਦੇ ਖਾਨੇ ਪੈ ਗਈ।ਹੌਲੀ ਹੌਲੀ ਸੁੱਖ ਦਾ ਸਾਹ ਆਉਣ ਲੱਗਿਆ ਤੇ ਅਣਚਾਹੇ ਤੌਰ ਤੇ ਰੱਖੇ ਗਏ ਇਸ ਮੋਬਾਇਲ ਵਰਤ ਦੇ ਕਾਫ਼ੀ ਫਾਇਦੇ ਮਹਿਸੂਸ ਹੋਣ ਲੱਗੇ।
ਪਹਿਲਾਂ ਕਦੇ ਵਟਸਐਪ, ਕਦੇ ਫੇਸਬੁੱਕ, ਕਦੇ ਇੰਸਟਾਗ੍ਰਾਮ, ਕੁੱਝ ਨਾ ਕੁੱਝ ਬਿਨਾ ਮਤਲਬ ਮੋਬਾਇਲ ’ਤੇ ਵੇਖਦੇ ਹੀ ਰਹਿਣਾ ਅਤੇ ਮੇਰੇ ਮੇਜ਼ ਤੇ ਪਈਆਂ ਕਿਤਾਬਾਂ ਨੇ ਮੈਨੂੰ ਉਡੀਕਦੇ ਰਹਿਣਾ ਪਰ ਉਸ ਦਿਨ ਮੋਬਾਇਲ ਨਾ ਹੋਣ ਕਾਰਨ ਵਿਹਲੇ ਸਮੇਂ ਮੈਂ ਕਈ ਕਿਤਾਬਾਂ ਦਾ ਸੰਗ ਮਾਣਿਆ ਤੇ ਮਹਿਸੂਸ ਕੀਤਾ ਕਿ ਮੋਬਾਇਲ ਐਪਲੀਕੇਸ਼ਨਾਂ ਦੀ ਝੂਠੀ ਦੁਨੀਆ ਵਿਚ ਵਿਚਰਨ ਨਾਲੋਂ ਕਿਤਾਬਾਂ ਦੀ ਮਿਆਰੀ ਦੁਨੀਆ ਵਿਚ ਜਿਉਣਾ ਕਿਤੇ ਬਿਹਤਰ ਵਿਕਲਪ ਹੈ।ਜਿੱਥੇ ਮੋਬਾਇਲ ਵਿਚਲੀਆਂ ਅਜਿਹੀਆਂ ਐਪਲੀਕੇਸ਼ਨਾਂ ਦੇ ਵਿਸ਼ੇ ਸਾਡੇ ਮਨ ਨੂੰ ਅਸ਼ਾਂਤ ਕਰਨ ਦਾ ਇਕ ਵੱਡਾ ਕਾਰਨ ਬਣਦੇ ਹਨ ਉੱਥੇ ਚੰਗੀਆਂ ਕਿਤਾਬਾਂ ਦੇ ਮਲੂਕ ਵਿਸ਼ੇ ਸਾਡੇ ਮਨ ਨੂੰ ਸਹਿਜ ਪ੍ਰਦਾਨ ਕਰਨ ਦਾ ਜ਼ਰੀਆ ਬਣਦੇ ਹਨ।
ਪਹਿਲਾਂ ਮੋਬਾਇਲ ਕਾਰਨ ਇਕੋ ਦਫ਼ਤਰੀ ਕਮਰੇ ਵਿਚ ਬੈਠੇ ਸਾਰੇ ਸਹਿਕਰਮੀ ਹਾਜ਼ਰ ਹੁੰਦਿਆਂ ਵੀ ਗੈਰਹਾਜ਼ਰ ਲਗਦੇ ਸਨ ਪਰ ਅੱਜ ਮੈਨੂੰ ਆਪਣੇ ਸਹਿਕਰਮੀਆਂ ਦੇ ਹਾਵ ਭਾਵ ਤੇ ਉਨ੍ਹਾਂ ਦੇ ਚਿਹਰਿਆਂ ਦੇ ਬਣਦੇ ਮਿਟਦੇ ਨਕਸ਼ਾਂ ਨੂੰ ਵਾਚਣ ਦਾ ਬਿਹਤਰੀਨ ਮੌਕਾ ਮਿਿਲਆ, ਜਿਸ ਨੇ ਕਾਫ਼ੀ ਕੁੱਝ ਜਾਣਨ ਦਾ ਮੌਕਾ ਦਿੱਤਾ। ਵਿਹਲੇ ਸਮੇਂ ਜਦੋਂ ਕੁੱਝ ਸਹਿਕਰਮੀਆਂ ਨਾਲ ਚਾਹ ਪੀਣ ਲਈ ਇਕੱਠੇ ਹੋਣਾ ਤਾਂ ਅਕਸਰ ਕੁੱਝ ਸਮਾਂ ਗੱਲਬਾਤ ਕਰਨ ਤੋਂ ਬਾਅਦ ਅਸੀਂ ਆਪੋ ਆਪਣੇ ਮੋਬਾਇਲ ਤੇ ਵਿਅਸਥ ਹੋ ਜਾਂਦੇ ਪਰ ਉਸ ਦਿਨ ਮੋਬਾਇਲ ਨਾ ਹੋਣ ਕਾਰਨ ਇਕ ਪਲ ਵੀ ਅਜਿਹਾ ਨਹੀਂ ਸੀ ਜੋ ਅਜਾਈਂ ਗੁਆਇਆ ਹੋਵੇ। ਸਗੋਂ ਮੇਰੇ ਅਣਕਿਆਸੇ ਮੋਬਾਇਲ ਵਰਤ ਨੇ ਸਾਨੂੰ ਕਈ ਨਵੇਂ ਤਜਰਬੇ ਦਿੱਤੇ।
ਉਸ ਦਿਨ ਨਾ ਵਾਰ ਵਾਰ ਮੋਬਾਇਲ ਦੇਖਣ ਦਾ ਮਸਲਾ, ਨਾ ਕਿਸੇ ਦੇ ਫੋਨ ਆਉਣ ਦਾ ਮਸਲਾ, ਨਾ ਕਿਸੇ ਨੂੰ ਫੋਨ ਕਰਨ ਦਾ ਮਸਲਾ, ਨਾ ਐਪਲੀਕੇਸ਼ਨਾਂ ਤੇ ਚੰਗਾ ਮਾੜਾ ਦੇਖਣ ਦਾ ਮਸਲਾ। ਕੁੱਝ ਪਲਾਂ ਲਈ ਤਾਂ ਇੰਝ ਲੱਗਿਆ ਕਿ ਮੇਰੀ ਜ਼ਿੰਦਗੀ ਦੇ ਅੱਧੇ ਮਸਲੇ ਮੋਬਾਇਲ ਨਾ ਹੋਣ ਕਾਰਨ ਹੀ ਹੱਲ ਹੋ ਗਏ ਹਨ।ਪਰ ਇਸ ਤਜਰਬੇ ਦੌਰਾਨ ਇਕ ਕੌੜੀ ਗੱਲ ਇਹ ਵੀ ਮਹਿਸੂਸ ਕੀਤੀ ਕਿ ਮੋਬਾਇਲ ਨੇ ਸਾਨੂੰ ਕਿੰਨਾ ਅਪਾਹਜ ਬਣਾ ਦਿੱਤਾ ਹੈ ਕਿਉਂਕਿ ਮੇਰੇ ਮੋਬਾਇਲ ਵਿਚ ਸੈਂਕੜੇ ਨੰਬਰ ਸਨ ਪਰ ਮੈਨੂੰ ਯਾਦ ਇਕ ਵੀ ਨਹੀਂ।ਮੈਂ ਕਿਸੇ ਸਹਿਕਰਮੀ ਤੋਂ ਫੋਨ ਲੈ ਕੇ ਆਪਣੇ ਘਰ ਫੋਨ ਕਰਨਾ ਚਾਹਿਆ ਪਰ ਫੋਨ ਤਾਂ ਕਰਦਾ ਜੇ ਨੰਬਰ ਯਾਦ ਹੁੰਦਾ।ਇਹ ਵਰਤਾਰਾ ਮੈਨੂੰ ਬੇਹੱਦ ਖਤਰਨਾਕ ਜਾਪਿਆ। ਘੱਟੋ ਘੱਟ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਨੰਬਰ ਤਾਂ ਸਾਨੂੰ ਜ਼ੁਬਾਨੀ ਯਾਦ ਹੋਣੇ ਚਾਹੀਦੇ ਹਨ।
ਜ਼ਿਆਦਾ ਮੋਬਾਇਲ ਵਰਤਣ ਕਾਰਨ ਹੱਥਾਂ ਦੀਆਂ ਉਂਗਲਾਂ ਦੇ ਪੋਟਿਆਂ ਦਾ ਘਸਣਾ ਤੇ ਉਨ੍ਹਾਂ ਵਿਚ ਦਰਦ ਰਹਿਣਾ ਆਮ ਵਰਤਾਰਾ ਬਣ ਚੁੱਕਿਆ ਹੈ।ਇਕ ਅੰਦਾਜ਼ੇ ਮੁਤਾਬਿਕ 135 ਕਰੋੜ ਦੀ ਅਬਾਦੀ ਵਾਲੇ ਸਾਡੇ ਮੁਲਕ ਵਿਚ 180 ਕਰੋੜ ਮੋਬਾਇਲ ਵਰਤੇ ਜਾ ਰਹੇ ਹਨ, ਜਿਸ ਕਾਰਨ ਕਾਰਨ ਹਰ ਘਰ ਵਿਚ ਇਹ ਵਰਤਾਰਾ ਦੇਖਣ ਨੂੰ ਮਿਲ ਰਿਹਾ ਹੈ ਕਿ ਮੋਬਾਇਲ ਕਾਰਨ ਕੋਈ ਇਕ ਦੂਜੇ ਨੂੰ ਸਮਾਂ ਨਹੀਂ ਦੇ ਪਾ ਰਿਹਾ। ਮੇਰੀ ਸ਼ਰੀਕ^ਏ^ਹਯਾਤ ਦੀ ਵੀ ਮੈਥੋਂ ਅਕਸਰ ਇਹੀ ਸ਼ਿਕਾਇਤ ਰਹਿੰਦੀ ਹੈ ਕਿ ਤੁਹਾਡੀ ਸੱਚੀ ਹਮਸਫ਼ਰ ਮੈਂ ਨਹੀਂ ਬਲਕਿ ਤੁਹਾਡਾ ਮੋਬਾਇਲ ਹੈ ਕਿਉਂਕਿ ਮੇਰੇ ਨਾਲੋਂ ਜ਼ਿਆਦਾ ਸਮਾਂ ਤੁਸੀਂ ਮੋਬਾਇਲ ਨਾਲ ਬਤੀਤ ਕਰਦੇ ਹੋ, ਹਾਲਾਂਕਿ ਜਦੋਂ ਮੈਂ ਮੋਬਾਇਲ ਛੱਡਦਾ ਹਾਂ ਤਾਂ ਅਗਿਓਂ ਉਹ ਮੋਬਾਇਲ ਤੇ ਵਿਅਸਥ ਹੋ ਜਾਂਦੀ ਹੈ।ਇਹ ਕੇਵਲ ਮੇਰੀ ਨਹੀਂ ਸਗੋਂ ਘਰ ਘਰ ਦੀ ਕਹਾਣੀ ਹੈ।
ਖੈ਼ਰ ਉਸ ਦਿਨ ਸ਼ਾਮ ਨੂੰ ਜਦ ਮੋਬਾਇਲ ਤੋਂ ਬਗੈਰ ਬਿਤਾਏ ਪਲਾਂ ਨੂੰ ਦਿਲ ਵਿਚ ਮਹਿਫੂਜ਼ ਕਰਦਿਆਂ ਮੈਂ ਘਰ ਪਹੁੰਚਿਆ ਤਾਂ ਆਪਣੇ ਮੋਬਾਇਲ ਨੂੰ ਵੇਖ ਕੇ ਖੁਦ ਨੂੰ ਸੰਪੂਰਨ ਜਿਹਾ ਮਹਿਸੂਸ ਕੀਤਾ। ਇਸ ਦਿਨ ਦੇ ਤਜਰਬੇ ਨੇ ਮੈਨੂੰ ਮਹੀਨੇ ਵਿਚ ਘੱਟੋ^ਘੱਟ ਇਕ ਵਾਰ ਮੋਬਾਇਲ ਵਰਤ ਰੱਖਣ ਦਾ ਨਿਸ਼ਚਾ ਤਾਂ ਜ਼ਰੂਰ ਕਰਵਾ ਦਿੱਤਾ ਪਰ ਕੀ ਇਸ ਨਿਸ਼ਚੇ ’ਤੇ ਮੈਂ ਪੂਰਾ ਉਤਰ ਪਾਵਾਂਗਾ< ਇਸ ਗੱਲ ਦਾ ਜਵਾਬ ਭਵਿੱਖ ਦੇ ਗਰਬ ਵਿਚ ਹੈ।ਕੁੱਲ ਮਿਲਾ ਕੇ ਮੋਬਾਇਲ ਤੋਂ ਬਗੈਰ ਬੀਤਿਆ ਇਹ ਇਕ ਦਿਨ ਮੇਰੀ ਜ਼ਿੰਦਗੀ ਦਾ ਇਕ ਯਾਦਗਾਰੀ, ਬਿਹਤਰੀਨ ਤੇ ਨਵੇਂ ਅਹਿਸਾਸਾਂ ਵਾਲਾ ਦਿਨ ਹੋ ਨਿਬੜਿਆ। ਕਾਸ਼, ਮੈਂ ਹਰ ਮਹੀਨੇ ਕਦੇ ਮੋਬਾਇਲ ਘਰ ਭੁੱਲ ਜਾਇਆ ਕਰਾਂ ਅਤੇ ਕਦੇ ਦਫ਼ਤਰ ਭੁੱਲ ਜਾਇਆ ਕਰਾਂ।
ਹਰਪ੍ਰੀਤ ਸਿੰਘ ਸਵੈਚ
ਸੀਨੀਅਰ ਰਿਪੋਰਟਰ,
ਪੰਜਾਬ ਵਿਧਾਨ ਸਭਾ, ਚੰਡੀਗੜ੍ਹ
ਮੋਬਾਇਲ: 9878224000
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly