(ਸਮਾਜ ਵੀਕਲੀ)-ਸੰਸਾਰ ਵਿੱਚ ਵਿਚਰਦਿਆਂ ਅੱਜ ਹਰ ਮਨੁੱਖ ਨੂੰ ਦੂਜਿਆਂ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਆਧੁਨਿਕਤਾ ਦੇ ਪ੍ਰਭਾਵ ਹੇਠ ਆ ਕੇ ਉਸ ਦੀ ਇੱਛਾ ਸ਼ਕਤੀ ਵੀ ਬਹੁਤ ਤੇਜ਼ੀ ਨਾਲ ਪ੍ਰਬਲ ਹੋ ਰਹੀ ਹੈ। ਇਸ ਪ੍ਰਬਲਤਾ ਦੀ ਭੁੱਖ ਮਿਟਾਉਣ ਲਈ ਮਨ ਵਿਆਕੁਲ ਅਤੇ ਬੇਚੈਨੀ ਵਿੱਚ ਰਹਿਣ ਲੱਗਦਾ ਹੈ। ਆਮ ਤੌਰ ਤੇ ਸਧਾਰਨ ਮਨੁੱਖ ਅੰਦਰ ਚੱਲਦੇ ਫਿਰਦੇ ਵੀਹ ਤੋਂ ਪੱਚੀ ਵਿਚਾਰ ਮਨ ਵਿੱਚ ਉੱਠਦੇ ਹਨ ਪਰ ਜਦੋਂ ਉਹ ਕਿਸੇ ਤਣਾਅ ਜਾਂ ਦਬਾਅ ਵਿੱਚ ਹੋਵੇ ਤਾਂ ਉਸ ਦੇ ਅੰਦਰ ਪੈਂਤੀ ਤੋਂ ਚਾਲ਼ੀ ਵਿਚਾਰ ਉੱਠਦੇ ਹਨ। ਜਿਵੇਂ ਜਿਵੇਂ ਮਨੁੱਖੀ ਮਨ ਅੰਦਰ ਵਿਚਾਰ ਉਤੇਜਤ ਹੁੰਦੇ ਹਨ ਤਿਵੇਂ ਤਿਵੇਂ ਸਾਰੇ ਸਰੀਰ ਉੱਤੇ ਉਹ ਗਹਿਰਾ ਪ੍ਰਭਾਵ ਪਾਉਂਦੇ ਹਨ।
ਅੱਜ ਕੱਲ੍ਹ ਵਧ ਰਹੀਆਂ ਬਿਮਾਰੀਆਂ ਵੀ ਮਨ ਦੀ ਘਟ ਰਹੀ ਸ਼ਕਤੀ ਕਾਰਨ ਹੀ ਪੈਦਾ ਹੋ ਰਹੀਆਂ ਹਨ। ਕਹਾਵਤ ਹੈ ਕਿ ਤੰਦਰੁਸਤ ਸਰੀਰ ਅੰਦਰ ਹੀ ਅਰੋਗ ਮਨ ਪੈਦਾ ਹੁੰਦਾ ਹੈ ਪਰ ਅੱਜ ਕੱਲ੍ਹ ਕਰੋਨਾ ਵਰਗੀ ਬਿਮਾਰੀ ਨੇ ਜਾਂ ਹੋਰ ਇਸ ਸਬੰਧੀ ਹੋ ਰਹੀਆਂ ਖੋਜਾਂ ਦੀ ਗੱਲ ਕਰੀਏ ਤਾਂ ਉਹਨਾਂ ਤੋਂ ਵੀ ਇਹੀ ਪਤਾ ਲੱਗਦਾ ਹੈ ਕਿ ਜੇ ਸਾਡਾ ਮਨ ਸ਼ਕਤੀਸ਼ਾਲੀ ਹੈ ਤਾਂ ਵੱਡੇ ਤੋਂ ਵੱਡੇ ਰੋਗ ਨੂੰ ਵੀ ਹਰਾਇਆ ਜਾ ਸਕਦਾ ਹੈ।
ਮਨ ਦੀ ਸ਼ਕਤੀ ਵਧਾਉਣ ਲਈ ਧਿਆਨ ਰੱਖਣਯੋਗ ਗੱਲਾਂ ਵਿੱਚ ਪਹਿਲੀ ਗੱਲ ਇਹ ਹੈ ਕਿ ਮਨੁੱਖ ਨੂੰ ਅੰਨ੍ਹਾਧੁੰਦ ਆਪਣੇ ਕੰਮਾਂਕਾਰਾਂ ਜਾਂ ਭੱਜ ਦੌੜ ਦੀ ਜ਼ਿੰਦਗੀ ਵਿੱਚ ਉਲਝ ਕੇ ਮਨ ਦੀਆਂ ਸੋਚਾਂ ਦੇ ਤਾਣੇ ਬਾਣੇ ਨੂੰ ਉਲਝਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ।ਇਸ ਲਈ ਉਸ ਨੂੰ ਸਵੈ ਚਿੰਤਨ ਦੀ ਲੋੜ ਹੈ। ਆਪਣੇ ਮਨ ਨੂੰ ਸਿਰਫ਼ ਦਸ ਮਿੰਟ ਸਵੇਰੇ ਉੱਠਣ ਸਾਰ ਅਤੇ ਦਸ ਮਿੰਟ ਰਾਤ ਨੂੰ ਸੌਣ ਤੋਂ ਪਹਿਲਾਂ ਦੇ ਕੇ ਉਸ ਨੂੰ ਰਿਸ਼ਟਪੁਸ਼ਟ ਬਣਾਇਆ ਜਾ ਸਕਦਾ ਹੈ। ਇਹਨਾਂ ਦਸਾਂ ਮਿੰਟਾਂ ਵਿੱਚ ਉਸ ਨੂੰ ਇਹ ਪੰਜ ਗੱਲਾਂ ਨੂੰ ਚੈੱਕ ਕਰਨਾ ਚਾਹੀਦਾ ਹੈ।
1.ਕਿਤੇ ਉਸ ਦਾ ਮਨ ਵਿਅਰਥ ਗੱਲਾਂ ਜਾਂ ਲੋਕਾਂ ਬਾਰੇ ਸੋਚ ਸੋਚ ਕੇ ਕਿਤੇ ਪ੍ਰੇਸ਼ਾਨ ਤਾਂ ਨਹੀਂ ਰਹਿੰਦਾ?
2.ਉਸ ਦੇ ਅੰਦਰ ਆਪਣੇ ਘਰ,ਬਾਹਰ,ਨੌਕਰੀ, ਪੈਸੇ ਅਤੇ ਹੋਰ ਨਿੱਜੀ ਗੱਲਾਂ ਤੋਂ ਅਸੰਤੁਸ਼ਟ ਤਾਂ ਨਹੀਂ ਰਹਿੰਦਾ ਹੈ?
3. ਉਸ ਦਾ ਮਨ ਕਿਤੇ ਬੀਤ ਚੁੱਕੀਆਂ ਗੱਲਾਂ ਨੂੰ ਵਾਰ ਵਾਰ ਯਾਦ ਕਰਕੇ ਪ੍ਰੇਸ਼ਾਨ ਤਾਂ ਨਹੀਂ ਹੋ ਰਿਹਾ?
4.ਉਸ ਦੇ ਅੰਦਰ ਕਿਸੇ ਨਾਲ ਕਦੇ ਵੀ ਹੋਏ ਵਾਦ ਵਿਵਾਦ ਕਾਰਨ ਉਸ ਦੇ ਅੰਦਰ ਕਿਤੇ ਬਦਲਾ ਲੈਣ ਦੇ ਵਿਚਾਰ ਤਾਂ ਵਾਰ ਵਾਰ ਉਤਪੰਨ ਨਹੀਂ ਹੋ ਰਹੇ?
5.ਉਸ ਦੇ ਅੰਦਰ ਕਿਤੇ ਘਰ ਵਿੱਚ ਬਾਕੀ ਜੀਆਂ ਜਾਂ ਬਾਹਰ ਨਾਲ ਦੇ ਸਾਥੀਆਂ ਦੀਆਂ ਛੋਟੀਆਂ ਛੋਟੀਆਂ ਗਤੀਵਿਧੀਆਂ ਦੇਖ ਦੇਖ ਕੇ ਕ੍ਰੋਧ ਤਾਂ ਉਤਪੰਨ ਨਹੀਂ ਹੋ ਰਿਹਾ?
ਉਪਰੋਕਤ ਗੱਲਾਂ ਜਦੋਂ ਮਨੁੱਖ ਦੇ ਮਨ ਵਿੱਚ ਆਉਂਦੀਆਂ ਹਨ ਤਾਂ ਉਸ ਅੰਦਰ ਨਾਕਾਰਾਤਮਕ ਸੋਚ ਪੈਦਾ ਹੁੰਦੀ ਹੈ।ਇਹ ਸੋਚਾਂ ਦੀ ਲੜੀ ਇੱਕ ਦੂਜੇ ਨਾਲ ਜੁੜਦੀ ਜਾਂਦੀ ਹੈ ਤੇ ਆਪਣੇ ਬਾਰੇ ਘੱਟ ਤੇ ਹੋਰਾਂ ਬਾਰੇ ਵੱਧ ਸੋਚ ਕੇ ਭਟਕਣ ਵਧਦੀ ਜਾਂਦੀ ਹੈ।ਜਿਸ ਨਾਲ ਆਂਤਰਿਕ ਸ਼ਕਤੀਆਂ ਨਸ਼ਟ ਹੁੰਦੀਆਂ ਜਾਂਦੀਆਂ ਹਨ। ਉਪਰੋਕਤ ਦੱਸੀਆਂ ਗੱਲਾਂ ਤੋਂ ਆਪਣੇ ਆਪ ਨੂੰ ਮੁਕਤ ਕਰਨ ਲਈ ਆਪਣੇ ਅੰਦਰ ਝਾਤੀ ਮਾਰ ਕੇ ਮਨ ਨੂੰ ਪੱਕਾ ਕੀਤਾ ਜਾਵੇ ਕਿ ਵਿਅਰਥ ਗੱਲਾਂ ਤੋਂ ਮਨ ਨੂੰ ਮੁਕਤ ਕਰਨਾ ਹੀ ਹੈ।
ਮਨ ਦੀ ਸ਼ਕਤੀ ਵਧਾਉਣ ਲਈ ਮਨੁੱਖ ਨੂੰ ਕਿਤੋਂ ਕੋਈ ਦਵਾਈ ਜਾਂ ਸਿੱਖਿਆ ਲੈਣ ਦੀ ਲੋੜ ਨਹੀਂ ਹੁੰਦੀ ਬਲਕਿ ਉਸ ਦੇ ਆਪਣੇ ਅੰਦਰ ਹੀ ਮੌਜੂਦ ਹੁੰਦੀ ਹੈ। ਮਨੁੱਖ ਆਪਣੇ ਅੰਦਰ ਦੀ ਸ਼ਕਤੀ ਉੱਪਰ ਜਦੋਂ ਬਾਹਰੀ ਵਿਚਾਰਾਂ ਦੀਆਂ ਪਰਤਾਂ ਲਪੇਟਣਾ ਤੁਰਿਆ ਜਾਂਦਾ ਹੈ ਤਾਂ ਇਹ ਸ਼ਕਤੀਆਂ ਬਲਹੀਣ ਹੋ ਜਾਂਦੀਆਂ ਹਨ। ਜਿਵੇਂ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਰੀਰਕ ਕਿਰਿਆਵਾਂ ਦੇ ਅਭਿਆਸ ਕਰਨੇ ਪੈਂਦੇ ਹਨ ਅਤੇ ਰੋਜ਼ ਇਸ਼ਨਾਨ ਕਰਕੇ ਸਾਫ਼ ਕਰਨਾ ਪੈਂਦਾ ਹੈ ਬਿਲਕੁਲ ਉਸੇ ਤਰ੍ਹਾਂ ਮਨ ਦੀ ਸ਼ਕਤੀ ਨੂੰ ਸਰਗਰਮ ਰੱਖਣ ਲਈ ਰੋਜ਼ ਇਸ ਵਿੱਚ ਭਰ ਰਹੀਆਂ ਵਿਅਰਥ ਸੋਚਾਂ ਦਾ ਸਵੈ ਚਿੰਤਨ ਕਰਕੇ ਉਹਨਾਂ ਨੂੰ ਵਿਦਾ ਕਰਕੇ ਇਸ ਮੈਲ਼ ਨੂੰ ਉਤਾਰਨਾ ਪਵੇਗਾ।ਜੇ ਇਹ ਮੈਲ ਨਾਲ ਦੀ ਨਾਲ ਨਾ ਉਤਾਰੀ ਜਾਵੇਗੀ ਤਾਂ ਇਸ ਵਿਅਰਥ ਸੋਚਾਂ ਵਾਲੀ ਪਰਤ ਮੋਟੀ ਹੁੰਦੀ ਜਾਵੇਗੀ।ਜਿਸ ਨਾਲ ਮਨ ਦੀਆਂ ਸ਼ਕਤੀਆਂ ਉਸ ਬੋਝ ਹੇਠ ਦਬ ਕੇ ਕਮਜ਼ੋਰ ਹੋ ਜਾਂਦੀਆਂ ਹਨ।ਜਿਸ ਨਾਲ ਪਹਿਲਾਂ ਮਾਨਸਿਕਤਾ ਨੂੰ ਕਮਜ਼ੋਰ ਹੁੰਦੀ ਹੈ, ਫ਼ਿਰ ਮਨ ਰੋਗੀ ਹੁੰਦਾ ਹੈ,ਤੇ ਫਿਰ ਸਰੀਰ ਰੋਗੀ ਹੁੰਦਾ ਹੈ।
ਅੱਜ ਕੱਲ੍ਹ ਮਾਨਸਿਕ ਰੋਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰੋਜ਼ ਅਸੀਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੋਏ ਵਿਅਕਤੀ, ਅਮੀਰ ਅਮੀਰ ਲੋਕਾਂ ਨੂੰ ਮਾਨਸਿਕ ਤੌਰ ਤੇ ਬਿਮਾਰ ਹੋਇਆਂ ਨੂੰ, ਉਹਨਾਂ ਦੀ ਨਰਕ ਭਰੀ ਜ਼ਿੰਦਗੀ ਵਿੱਚੋਂ ਬਾਹਰ ਕੱਢ ਕੇ ਨਵੀਂ ਜ਼ਿੰਦਗੀ ਦੇਣ ਦੇ ਉਪਰਾਲੇ ਕੀਤੇ ਜਾ ਰਹੇ ਹਨ।ਜੇ ਉਹ ਮਾਨਸਿਕ ਰੋਗੀਆਂ ਨੇ ਵੀ ਸਮੇਂ ਸਿਰ ਸਵੈ ਚਿੰਤਨ ਕੀਤਾ ਹੁੰਦਾ,ਵਿਅਰਥ ਗੱਲਾਂ ਨੂੰ ਦਿਮਾਗ ਉੱਤੇ ਭਾਰੂ ਨਾ ਹੋਣ ਦਿੱਤਾ ਹੁੰਦਾ ਤਾਂ ਉਹਨਾਂ ਦੀ ਜ਼ਿੰਦਗੀ ਵੀ ਨਰਕ ਭਰੀ ਨਾ ਬਣਦੀ। ਸੋ ਅੱਜ ਦੇ ਹਰ ਮਨੁੱਖ ਦੀ ਇੱਕ ਬਹੁਤ ਵੱਡੀ ਲੋੜ ਹੈ ਸਵੈ ਚਿੰਤਨ।ਹਰ ਮਨੁੱਖ ਨੂੰ ਆਪਣੇ ਹਰ ਦਿਨ,ਹਰ ਪਲ ਸਵੈ ਚਿੰਤਨ ਕਰਕੇ ਆਪਣੇ ਮਨ ਅਤੇ ਆਲ਼ੇ ਦੁਆਲ਼ੇ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਸਵੈ ਚਿੰਤਨ ਹੀ ਮਨ ਦੀ ਖੁਰਾਕ ਅਤੇ ਕਸਰਤ ਹੈ ਜੋ ਮਨ ਦੀ ਸ਼ਕਤੀ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਮਨ ਦੀ ਸ਼ਕਤੀ ਨੂੰ ਕਾਇਮ ਰੱਖ ਕੇ ਹੀ ਸੰਸਾਰ ਵਿੱਚ ਵਿਚਰਨਾ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly