ਏਹੁ ਹਮਾਰਾ ਜੀਵਣਾ ਹੈ -504

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-   ਰਛਪਾਲ ਤੇ ਸਿਮਰ ਦੋਵੇਂ ਪੱਕੀਆਂ ਸਹੇਲੀਆਂ ਸਨ। ਉਹਨਾਂ ਨੇ ਦਸਵੀਂ ਜਮਾਤ ਤੱਕ ਪੜ੍ਹਾਈ ਇਕੱਠੀਆਂ ਨੇ ਕੀਤੀ ਸੀ । ਫ਼ਿਰ ਉਸ ਤੋਂ ਬਾਅਦ ਉਹਨਾਂ ਦੇ ਘਰਾਂ ਦੇ ਨੇੜੇ ਹੀ ਸਰਕਾਰੀ ਸਿਲਾਈ ਸੈਂਟਰ ਹੋਣ ਕਰਕੇ ਦੋਵਾਂ ਨੇ ਸਿਲਾਈ ਵੀ ਇਕੱਠੀਆਂ ਨੇ ਈ ਸਿੱਖੀ। ਰਛਪਾਲ ਮਿਸਤਰੀਆਂ ਦੀ ਬਣਦੇ ਠਣਦੇ ਘਰ ਦੀ ਕੁੜੀ ਤੇ ਸਿਮਰ ਸਿੱਧੇ ਸਾਦੇ ਤੇ ਸਧਾਰਨ ਜਿਹੇ ਜੱਟਾਂ ਦੀ ਕੁੜੀ ਸੀ। ਰਛਪਾਲ ਦਾ ਰੰਗ ਰੂਪ ਦੇਖ਼ ਕੇ ਹਰ ਕੋਈ ਦੰਗ ਰਹਿ ਜਾਂਦਾ। ਜਿਹੜਾ ਵੀ ਉਸ ਵੱਲ ਇੱਕ ਵਾਰ ਦੇਖਦਾ ਉਹ ਉਸ ਵੱਲ ਨੂੰ ਦੁਬਾਰਾ ਦੇਖੇ ਬਿਨਾਂ ਨਾ ਰਹਿੰਦਾ। ਮਖ਼ਮਲ ਵਰਗਾ ਗੋਰਾ ਚਿੱਟਾ ਚਿਹਰਾ,ਗੋਲ਼ ਮੂੰਹ , ਗੁਲਾਬੀ ਬੁੱਲ੍ਹ ਸਨ ਜਦ ਹੱਸਦੀ ਤਾਂ ਜਿਵੇਂ ਮੂੰਹ ‘ਚੋਂ ਫੁੱਲ ਕਿਰਦੇ ਹੋਣ। ਸਿਮਰ ਦਾ ਰੰਗ ਰੂਪ ਜਮਾਂ ਈ ਉਸ ਤੋਂ ਉਲ਼ਟ ਸੀ। ਉਸ ਦਾ ਰੰਗ ਕਾਲਾ,ਮੋਟੇ ਮੋਟੇ ਨੈਣ ਨਕਸ਼ ਸਨ। ਪਰ ਸਿਮਰ ਤੇ ਰਛਪਾਲ ਦੀ ਦੋਸਤੀ ਵਿੱਚ ਨਾ ਕਦੇ ਪੈਸਾ,ਰਹਿਣ ਸਹਿਣ ਦੇ ਤੌਰ ਤਰੀਕੇ ਤੇ ਨਾ ਹੀ ਕੋਈ ਰੰਗ ਰੂਪ ਵਾਲ਼ੀ ਗੱਲ ਆਈ ਸੀ। ਕੁਦਰਤੀ ਤੌਰ ਤੇ ਹੀ ਦੋਵਾਂ ਦਾ ਆਪਸ ਵਿੱਚ ਗੂੜ੍ਹਾ ਪਿਆਰ ਸੀ।

                 ਸਿਲਾਈ ਦਾ ਕੋਰਸ ਪੂਰਾ ਹੁੰਦੇ ਹੀ ਅਚਾਨਕ  ਰਛਪਾਲ ਕਿਸੇ ਰਿਸ਼ਤੇਦਾਰੀ ਵਿੱਚ ਵਿਆਹ ਤੇ ਗਈ ਤਾਂ ਉੱਥੇ ਉਸ ਦੀ ਭੂਆ ਦੀ ਸਹੇਲੀ ਨੂੰ ਉਹ ਪਸੰਦ ਆ ਗਈ ਤਾਂ ਉਸ ਨੇ ਆਪਣੇ ਵੱਡੇ ਮੁੰਡੇ ਲਈ ਰਛਪਾਲ ਦਾ ਰਿਸ਼ਤਾ ਮੰਗ ਲਿਆ। ਅਸਲ ਵਿੱਚ ਰਛਪਾਲ ਦੀ ਭੂਆ ਦੀ ਸਹੇਲੀ ਆਪਣੇ ਛੋਟੇ ਮੁੰਡੇ ਨਾਲ਼ ਵਿਆਹ ਤੇ ਆਈ ਸੀ ਪਰ ਰਛਪਾਲ ਇਸ ਗੱਲੋਂ ਬੇਖ਼ਬਰ ਸੀ। ਰਿਸ਼ਤੇ ਦੀ ਪੱਕ ਠੱਕ ਹੁੰਦੇ ਹੀ ਮੁੰਡੇ ਵਾਲਿਆਂ ਨੇ ਮਹੀਨੇ ਦੇ ਅੰਦਰ ਅੰਦਰ ਵਿਆਹ ਮੰਗ ਲਿਆ। ਰਛਪਾਲ ਦਾ ਵੀਹਵਾਂ ਸਾਲ ਲੱਗਦੇ ਹੀ ਵਿਆਹ ਹੋ ਗਿਆ। ਰਛਪਾਲ ਬਹੁਤ ਖੁਸ਼ ਸੀ ਕਿਉਂਕਿ ਉਸ ਦਾ ਸਹੁਰਾ ਪਰਿਵਾਰ ਆਰਥਿਕ ਤੌਰ ਤੇ ਵੀ ਅਤੇ ਸੁਭਾਅ ਕਰਕੇ ਵੀ ਸਭ ਬਹੁਤ ਚੰਗੇ ਸਨ। ਜਦ ਕਦੇ ਉਹ ਪੇਕੇ ਆਉਂਦੀ ਤਾਂ ਸਿਮਰ ਉਸ ਨੂੰ ਜ਼ਰੂਰ ਮਿਲਣ ਜਾਂਦੀ। ਦੋਵੇਂ ਪੂਰਾ ਪੂਰਾ ਦਿਨ ਬਹੁਤ ਗੱਲਾਂ ਕਰਦੀਆਂ , ਰਛਪਾਲ ਆਪਣੇ ਸਹੁਰਿਆਂ ਦੀਆਂ ਗੱਲਾਂ ਕਰਦੀ ਤੇ ਸਿਮਰ ਉਸ ਲਈ ਆਏ ਰਿਸ਼ਤਿਆਂ ਦੀਆਂ ਗੱਲਾਂ ਕਰਦੀਆਂ ਨਾ ਥੱਕਦੀਆਂ।
              ਰਛਪਾਲ ਦੇ ਵਿਆਹ ਨੂੰ ਚਾਰ ਵਰ‌੍ਹੇ ਲੰਘ ਗਏ ਤੇ ਉਹ ਦੋ ਪੁੱਤਾਂ ਦੀ ਮਾਂ ਬਣ ਗਈ ਸੀ। ਓਧਰ ਸਿਮਰ ਦਾ ਵੀ ਵਿਆਹ ਹੋ ਗਿਆ ਸੀ। ਸਿਮਰ ਦੇ ਵਿਆਹ ਤੋਂ ਸਾਲ ਕੁ ਬਾਅਦ ਬੱਚਾ ਹੋਇਆ ਤਾਂ ਹੁਣ ਉਹ ਆਪਣੇ ਛੋਟੇ ਬੱਚੇ ਨਾਲ਼ ਕੁਝ ਸਮੇਂ ਲਈ ਪੇਕੇ ਰਹਿਣ ਲਈ ਆਈ ਤਾਂ ਉਸ ਨੇ ਸੋਚਿਆ ਕਿ ਹੁਣ ਤਾਂ ਰਛਪਾਲ ਨੂੰ ਮਿਲਿਆਂ ਸਾਲ ਤੋਂ ਉੱਪਰ ਹੋ ਗਿਆ ਸੀ ਕਿਉਂ ਨਾ ਉਸ ਦੀ ਮੰਮੀ ਕੋਲ ਜਾ ਕੇ ਉਸ ਦਾ ਹਾਲ ਚਾਲ ਈ ਪੁੱਛ ਆਏ, ਕਿਉਂਕਿ ਉਹ ਸੋਚਦੀ ਸੀ ਕਿ ਕੀ ਪਤਾ ਉਹ ਪੇਕੇ ਆਈ ਹੋਵੇਗੀ ਕਿ ਨਹੀਂ। ਸਿਮਰ ਜਦ ਉਹਨਾਂ ਦੇ ਘਰ ਗਈ ਤਾਂ ਦਰਵਾਜ਼ਾ ਰਛਪਾਲ ਨੇ ਹੀ ਖੋਲ੍ਹਿਆ। ਸਿਮਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ,ਉਸ ਨੇ ਖੁਸ਼ੀ ਨਾਲ ਇੱਕਦਮ ਉਸ ਨੂੰ ਘੁੱਟ ਕੇ ਜੱਫੀ ਪਾ ਲਈ ਪਰ ਉਸ ਨੂੰ ਅਹਿਸਾਸ ਹੋਇਆ ਕਿ ਰਛਪਾਲ ਦੀ ਗਲਵਕੜੀ ਵਿੱਚ ਨਾ ਤਾਂ ਪਹਿਲਾਂ ਵਾਂਗ ਪਿਆਰ ਵਾਲੀ ਤਾਂਘ ਸੀ,ਨਾ ਖਿੱਚ ਤੇ ਨਿੱਘ ਤੇ ਨਾ ਹੀ ਉਹ ਖੁਸ਼ੀ ਸੀ। ਸਿਮਰ ਉਹਨਾਂ ਦੇ ਘਰ ਸੋਫ਼ੇ ਤੇ ਬੈਠੀ ਆਪਣੇ ਆਪ ਨੂੰ ਓਪਰਾ ਜਿਹਾ ਮਹਿਸੂਸ ਕਰ ਰਹੀ ਸੀ। ਰਛਪਾਲ ਸਿਮਰ ਲਈ ਚਾਹ ਬਣਾਉਣ ਚਲੀ ਗਈ। ਉਸ ਦੀ ਮੰਮੀ ਵੀ ਉਸ ਨੂੰ ਕਹਿ ਰਹੀ ਸੀ,” ਰਛਪਾਲ….ਪੁੱਤ…. ਤੁਸੀਂ ਚਾਹ ਪੀ ਕੇ ਵਿਹਲੀਆਂ ਹੋ ਜਾਵੋ ਤਾਂ ਤਿਆਰ ਹੋ ਜਾਈਂ ਤੇ ਨਾਲ ਦੀ ਨਾਲ ਜਵਾਕਾਂ ਨੂੰ ਵੀ ਤਿਆਰ ਕਰ ਲੈ…..ਪ੍ਰਾਹੁਣਾ ਕਹਿੰਦਾ ਸੀ ਸਾਜਰੇ ਹੀ ਆ ਜਾਣਾ….!”
             ਜਦ ਰਛਪਾਲ ਚਾਹ ਲੈ ਕੇ ਆਈ ਤਾਂ ਸਿਮਰ ਨੇ ਰਛਪਾਲ ਨੂੰ ਛੇੜਦੇ ਹੋਏ ਆਖਿਆ ,”ਅੱਛਾ ! ਅੱਜ ਜੀਜਾ ਜੀ ਨੇ ਆਉਣਾ….. ਤਾਂ ਈ ਚੁੱਪ ਚੁੱਪ ਫਿਰਦੀ ਐਂ…… ਹੁਣ ਸਹੁਰੇ ਜਾਣ ਨੂੰ ਜੀਅ ਨੀ ਕਰਦਾ….!”
” ਸਿਮਰ….. ਤੈਨੂੰ ਕਿਵੇਂ ਦੱਸਾਂ…… ਮੇਰੇ ਤੇ ਕੀ ਬੀਤੀ ਏ…!” ਰਛਪਾਲ ਥੋੜ੍ਹੀ ਦੇਰ ਚੁੱਪ ਹੋ ਕੇ ਫਿਰ ਬੋਲੀ,”…….ਡੇਢ ਮਹੀਨੇ ਪਹਿਲਾਂ ਇਹ…… ਕਿਸੇ ਪਾਰਟੀ ਤੇ ਗਏ ਸੀ………,ਰਾਤ ਨੂੰ ਜਦ ਆਏ ਤਾਂ ਦਾਰੂ ਜ਼ਿਆਦਾ ਪੀਤੀ ਹੋਈ ਸੀ…… ਚੱਲ ਉਹ ਪੈ ਗਏ ਬੈਂਡ ਤੇ…… ਤੇ ਮੈਂ ਵੀ ਸੌਂ ਗਈ…….. ਸਵੇਰੇ ਮੈਂ ਉੱਠ ਕੇ ਜਦ ਚਾਹ ਬਣਾ ਕੇ ਲਿਆਈ……ਤੇ ਪੀਣ ਲਈ ਉਠਾਉਣ ਲੱਗੀ….. ਤਾਂ……..!”(ਰਛਪਾਲ ਦੀਆਂ ਅੱਖਾਂ ਵਿੱਚੋਂ ਜਿਵੇਂ ਅੱਥਰੂਆਂ ਦੇ ਦੋ ਦਰਿਆ ਵਹਿ ਤੁਰੇ) ਸਿਮਰ ਨੇ ਉਸ ਨੂੰ ਚੁੱਪ ਕਰਾਉਂਦੇ ਹੋਏ ਪੁੱਛਿਆ ,’ ਕੀ ਹੋਇਆ ਸੀ ਜੀਜਾ ਜੀ ਨੂੰ…?”
“ਉਹ ਨਹੀਂ ਰਹੇ ਸਨ….. ਉਹਨਾਂ ਦੇ ਭੋਗ ਤੇ ਮੈਨੂੰ ਛੋਟੇ ਦਿਓਰ ਤੇਜੀ ਦੇ ਸਿਰ ਧਰ ਦਿੱਤਾ…… ਉਸ ਤੋਂ ਬਾਅਦ ਮੈਂ ਪਹਿਲੀ ਵਾਰ ਇੱਥੇ ਰਹਿਣ ਆਈ ਸੀ….. ਹੁਣ ਤੇਜੀ  ਹੀ ਮੈਨੂੰ ਲੈਣ ਆ ਰਿਹਾ ਹੈ।” ਰਛਪਾਲ ਨੇ ਦੱਸਿਆ।
“…..ਤੇ ਫਿਰ ਤੇਜੀ ਨੂੰ ਤੁਹਾਡਾ ਰਿਸ਼ਤਾ ਮਨਜ਼ੂਰ ਸੀ….?” ਸਿਮਰ ਨੇ ਪੁੱਛਿਆ।
“….ਪੰਜ ਸਾਲ ਵਿੱਚ ਤੇਜੀ ਨੇ ਕਦੇ ਮੇਰੇ ਵੱਲ ਅੱਖ ਚੁੱਕ ਕੇ ਨੀ ਦੇਖਿਆ ਸੀ…..ਪਰ ਉਸ ਨੇ ਮੈਨੂੰ ਆਪਣੇ ਦਿਲ ਦੀ ਗੱਲ ਦੱਸੀ ਕਿ ਜਦੋਂ ਮੰਮੀ ਜੀ ਨੇ ਮੇਰਾ ਰਿਸ਼ਤਾ ਮੰਗਿਆ ਸੀ….ਉਸ ਵੇਲੇ ਉੱਥੇ ਵਿਆਹ ਤੇ ਬੈਠੇ ਨੇ ……ਇਸ ਨੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਮੈਂ ਤਾਂ ਇਸੇ ਕੁੜੀ ਨਾਲ਼ ਵਿਆਹ ਕਰਵਾਉਣਾ…..ਪਰ ਉਸ ਦੇ ਦੱਸਣ ਤੋਂ ਪਹਿਲਾਂ ਹੀ ਮੰਮੀ ਜੀ ਨੇ ਵੱਡੇ ਲਈ ਰਿਸ਼ਤਾ ਮੰਗ ਲਿਆ ਸੀ…. ਪਰ ਸਿਮਰ …..ਤੇਜੀ ਬਹੁਤ ਰੋ ਰਹੇ ਸੀ …… ਕਹਿ ਰਹੇ ਸਨ ਕਿ ਰੱਬਾ! ਮੈਂ ਤੈਨੂੰ ਮੇਰੇ ਦਿਲ ਦੀ ਗੱਲ ਪੂਰੀ ਕਰਨ ਲਈ ਕਦ ਕਿਹਾ ਸੀ ਕਿ ਉਸ ਦੇ ਬਦਲੇ ਮੇਰਾ ਭਰਾ ਖੋਹ ਲਵੇਂ ……!” ਰਛਪਾਲ ਫ਼ਿਰ ਆਪਣੇ ਪਤੀ ਨੂੰ ਯਾਦ ਕਰਕੇ ਫੁੱਟ ਫੁੱਟ ਕੇ ਰੋਣ ਲੱਗੀ।
ਸਿਮਰ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਹੌਸਲਾ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਹੀ ਤਾਂ ਜ਼ਿੰਦਗੀ ਦੇ ਰੰਗ ਹਨ ਜੋ ਉਸ ਪਰਮਾਤਮਾ ਦੇ ਹੱਥ ਵਿੱਚ ਹਨ ,ਕੀ ਪਤਾ ਕਦ ਉਹ ਕਿਸ ਮੋੜ ਤੇ ਕਿਸ ਤਰ੍ਹਾਂ ਲਿਆ ਕੇ ਖੜ੍ਹਾ ਦੇਵੇ ਕਿਉਂਕਿ ਇਹੀ ਉਤਰਾਅ ਚੜ੍ਹਾਅ ਹੀ ਮਨੁੱਖੀ ਜੀਵਨ ਦਾ ਹਿੱਸਾ ਹੁੰਦੇ ਹਨ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article   ‘ਜ਼ਾਤ ਨੂੰ ਖ਼ਤਮ ਕਰਨ ਲਈ’
Next articleਲਤਾ ਮੰਗੇਸ਼ਕਰ ਦੀ ਬਰਸੀ ਮੌਕੇ ਸ਼ਰਧਾਂਜਲੀਆਂ