ਲਤਾ ਮੰਗੇਸ਼ਕਰ ਦੀ ਬਰਸੀ ਮੌਕੇ ਸ਼ਰਧਾਂਜਲੀਆਂ

(ਸਮਾਜ ਵੀਕਲੀ)  ਮਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ 28 ਸਤੰਬਰ 1929 ਨੂੰ ਜਨਮ ਲੈਣ ਵਾਲੀ ਇੱਕ ਛੋਟੀ ਜਿਹੀ ਬੱਚੀ ( ਹੇਮਾ ) ਨੂੰ ਦੁਨੀਆਂ ਦਾ ਕੋਈ ਵੀ ਸ਼ਖਸ ਨਹੀਂ ਜਾਣਦਾ ਸੀ ਕਿ ਇਸ ਨੂੰ ਸੰਗੀਤ ਦੀ ਦੇਵੀ, ਸੁਰਾਂ ਦੀ ਮਲਿੱਕਾ ਅਤੇ ਭਾਰਤ ਦੀ ਕੋਇਲ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਦੀ ਆਵਾਜ਼ ਹੀ ਇਸ ਦੀ ਪਹਿਚਾਣ ਬਣੇਗੀ। ਦੁਨੀਆਂ ਇਸ ਨੂੰ ਲਤਾ ਮੰਗੇਸ਼ਕਰ ਦੇ ਨਾਮ ਨਾਲ ਜਾਣੇਗੀ।

ਲਤਾ ਦਾ ਜਨਮ ਸਭ ਤੋਂ ਵੱਡੀ ਧੀ ਦੇ ਰੂਪ ਵਿੱਚ ਪੰਡਿਤ ਦੀਨਾਨਾਥ ਮੰਗੇਸ਼ਕਰ ਦੇ ਮੱਧਵਰਗੀ ਪਰਿਵਾਰ ਵਿੱਚ ਇੱਕ ਗੋਮੰਤਕ ਮਰਾਠਾ ਸਮਾਜ ਵਿੱਚ ਹੋਇਆ ਸੀ। ਉਸਦੇ ਪਿਤਾ ਇੱਕ ਥੀਏਟਰ ਕਲਾਕਾਰ ਅਤੇ ਗਾਇਕ ਸਨ। ਜਿਸ ਕਰਕੇ ਉਸਦੇ ਪਰਿਵਾਰ ਵਿੱਚੋਂ, ਭਰਾ ਹਿਰਦੇਨਾਥ ਮੰਗੇਸ਼ਕਰ ਭੈਣਾਂ ਊਸ਼ਾ ਮੰਗੇਸ਼ਕਰ, ਮੀਨਾ ਮੰਗੇਸ਼ਕਰ ਅਤੇ ਆਸ਼ਾ ਭੌਂਸਲੇ ਨੇ ਆਪਣੀ ਰੋਜ਼ੀ-ਰੋਟੀ ਲਈ ਸੰਗੀਤ ਜਗਤ ਨੂੰ ਹੀ ਚੁਣਿਆ।

ਲਤਾ ਜੀ ਨੂੰ ਬਚਪਨ ਤੋਂ ਹੀ ਗਾਉਣ ਦਾ ਬਹੁਤ ਸ਼ੌਕ ਸੀ ਅਤੇ ਸੰਗੀਤ ਵਿੱਚ ਵੀ ਉਨ੍ਹਾਂ ਦੀ ਰੁਚੀ ਸ਼ੁਰੂ ਤੋਂ ਹੀ ਸੀ। ਅਪਣੀ ਮਿਹਨਤ ਅਤੇ ਪ੍ਰਮਾਤਮਾ ਵਲੋਂ ਦਿੱਤੀ ਆਵਾਜ਼ ਨਾਲ ਓਹਨਾਂ ਨੇ ਗਾਇਕੀ ਦਾ ਸਭ ਤੋਂ ਵੱਡਾ ਮੁਕਾਮ ਵੀ ਹਾਸਲ ਕੀਤਾ। 1947 ਤੋ ਲੈਕੇ 2021 ਤੱਕ ਕੋਈ ਵੀ ਐਸਾ ਸੰਗੀਤ ਨਿਰਦੇਸ਼ਕ ਨਹੀਂ ਹੋਣਾ ਜਿਸ ਨੇ ਆਪਣਾ ਗੀਤ ਲਤਾ ਜੀ ਕੋਲੋ ਨਾ ਗਵਾਇਆ ਹੋਵੇ।

ਜਿੰਨਾ ਵੱਡਾ ਕਲਾਕਾਰ, ਓਨਾ ਹੀ ਗੰਭੀਰਤਾ ਅਤੇ ਮਿਹਨਤ ਨਾਲ ਲਤਾ ਜੀ ਆਪਣੀ ਗਾਇਕੀ ਦਾ ਕੰਮ ਕਰਦੇ ਸਨ। ਉਹ ਕਈ ਵਾਰ ਗੀਤ ਦੀ ਰਿਹਰਸਲ ਕਰਦੇ ਸਨ। ਇੰਨਾ ਹੀ ਨਹੀਂ, ਉਹ ਗੀਤ ਰਿਕਾਰਡ ਕਰਨ ਤੋਂ ਪਹਿਲਾਂ ਹੀਰੋਇਨ ਦਾ ਨਾਮ ਵੀ ਜਾਣ ਲੈਂਦੇ ਸੀ ਤਾਂ ਜੋ ਉਹ ਉਸ ਸੁਰ ਵਿਚ ਗਾ ਸਕੇ ਜੋ ਪਰਦੇ ‘ਤੇ ਹੀਰੋਇਨ ਨਾਲ ਮੇਲ ਖਾਂਦਾ ਹੋਵੇ। ਓਹਨਾਂ ਦੇ ਗਾਉਣ ਦਾ ਲਿਹਾਜਾ ਇਹਨਾਂ ਕਾਬਿਲੇ ਤਾਰੀਫ਼ ਸੀ ਕਿ ਗੀਤ ਚਾਹੇ ਹਿੰਦੀ ਦਾ ਹੋਵੇ ਜਾਂ ਫੇਰ ਪੰਜਾਬੀ ਜੁਬਾਨ ਵਿਚ ਹੋਵੇ,ਉਹ ਗੀਤ ਨੂੰ ਕਿਤੇ ਵੀ ਰੁਕਣ ਜਾਂ ਖੜਨ ਨਹੀਂ ਦੇਂਦੇ ਸਨ ਅਤੇ ਸੁਣਨ ਵਾਲੇ ਨੂੰ ਲਗਦਾ ਸੀ ਕਿ ਸ਼ਾਇਦ ਲਤਾ ਜੀ ਦੀ ਇਹ ਭਾਸ਼ਾ ਓਹਨਾਂ ਦੀ ਹੀ ਮਾਂ ਬੋਲੀ ਹੈ।

ਲਤਾ ਜੀ ਨੇ ਤਕਰੀਬਨ 36 ਭਾਸ਼ਾਵਾਂ ਵਿਚ ਕੋਈ ਤੀਹ ਹਜ਼ਾਰ ਤੋਂ ਵੀ ਵਧ ਗੀਤ ਗਾਏ। ਮਧ ਪ੍ਰਦੇਸ਼ ਚ ਇੰਦੌਰ ਦੇ ਸਿੱਖ ਮੁਹੱਲੇ ਵਿੱਚ ਪੈਦਾ ਹੋਈ, ਲਤਾ ਮੰਗੇਸ਼ਕਰ ਹੀ ਇੱਕ ਅਜਿਹੀ ਸ਼ਖਸੀਅਤ ਸੀ, ਜਿਸ ਦੇ ਨਾਂ ‘ਤੇ ਮੱਧ ਪ੍ਰਦੇਸ਼ ਸਰਕਾਰ ਨੇ ਰਾਸ਼ਟਰੀ ਪੱਧਰ ‘ਤੇ ਪੁਰਸਕਾਰ ਦੇਣ ਦਾ ਐਲਾਨ ਕੀਤਾ ਸੀ। ਇੰਦੌਰ ‘ਚ ਲਤਾ ਜੀ ਦੇ ਆਉਣ ‘ਤੇ ਆਯੋਜਿਤ ਪ੍ਰੋਗਰਾਮ ‘ਚ ਸਮੇਂ ਦੇ ਮੌਜੂਦਾ ਮੁੱਖਮੰਤਰੀ ਅਰਜੁਨ ਸਿੰਘ ਨੇ ਉਨ੍ਹਾਂ ਦੀ ਮੌਜੂਦਗੀ ‘ਚ ਰਾਸ਼ਟਰੀ ਲਤਾ ਮੰਗੇਸ਼ਕਰ ਪੁਰਸਕਾਰ ਦਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਭੈਣ ਘਰ ਆਈ ਹੈ, ਉਨ੍ਹਾਂ ਦੇ ਸਨਮਾਨ ‘ਚ ਅਜਿਹਾ ਕਰਨਾ ਜ਼ਰੂਰੀ ਹੈ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇ। ਸੰਨ 1984 ਤੋਂ ਇਹ ਐਵਾਰਡ ਸੰਗੀਤ ਨਿਰਦੇਸ਼ਨ ਅਤੇ ਪਲੇਅਬੈਕ ਗਾਇਕੀ ਦੇ ਖੇਤਰ ਵਿੱਚ ਦਿੱਤਾ ਜਾ ਰਿਹਾ ਹੈ।

ਲਤਾ, ਇਕੱਲੀ ਹੀ ਇਕ ਐਸੀ ਗਾਇਕਾ ਸੀ ਜਿਨ੍ਹਾਂ ਨੂੰ ਤਿੰਨ ਪੀੜ੍ਹੀਆਂ ਤਕ ਗਾਉਣ ਦਾ ਮਾਣ ਵੀ ਹਾਸਲ ਹੈ। ਓਹਨਾਂ ਨੇ ਪੁਰਾਣੇ ਜ਼ਮਾਨੇ ਦੀ ਪ੍ਰਸਿੱਧ ਹੀਰੋਇਨ ਸ਼ੋਭਨਾ ਸਮਰਥ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਇਸ ਤੋਂ ਬਾਅਦ ਸ਼ੋਭਨਾ ਸਮਰਥ ਦੀਆਂ ਬੇਟੀਆਂ ਮਸ਼ਹੂਰ ਅਭਿਨੇਤਰੀਆਂ ਨੂਤਨ ਅਤੇ ਤਨੂਜਾ ਲਈ ਲਤਾ ਜੀ ਨੇ ਕਈ ਗੀਤ ਗਾਏ। ਫਿਰ ਉਸ ਤੋਂ ਬਾਅਦ ਲਤਾ ਜੀ ਨੇ ਤਨੂਜਾ ਦੀ ਬੇਟੀ ਅਤੇ ਨਵੀਂ ਪੀੜ੍ਹੀ ਦੀ ਅਦਾਕਾਰਾ ਕਾਜੋਲ ਲਈ ਵੀ ਕਈ ਗੀਤ ਗਾਏ।

ਚੀਨ ਯੁੱਧ ਤੋਂ ਬਾਅਦ, ਲਤਾ ਜੀ ਨੇ 27 ਜਨਵਰੀ 1963 ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ‘ਏ ਮੇਰੇ ਵਤਨ ਕੇ ਲੋਗੋਂ’ ਗੀਤ ਗਾਇਆ। ਉਸ ਸਮੇਂ  ਉੱਥੇ ਪੰਡਿਤ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਵੀ ਬੈਠੇ ਸਨ। ਇਹ ਗੀਤ 1962 ਦੀ ਭਾਰਤ-ਚੀਨ ਜੰਗ ਵਿੱਚ ਸ਼ਹੀਦ ਹੋਏ ਸੈਨਿਕਾਂ ਦੀ ਯਾਦ ਵਿੱਚ ਲਿਖਿਆ ਗਿਆ ਸੀ। ਲਤਾ ਜੀ ਨੇ ਲਾਈਵ ਪ੍ਰੋਗਰਾਮ ਤੋਂ ਪਹਿਲਾਂ ਸਿਰਫ ਇੱਕ ਵਾਰ ਰਿਹਰਸਲ ਕੀਤੀ ਸੀ। ਪ੍ਰੋਗਰਾਮ ਖਤਮ ਹੋਇਆ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੇ ਉਨ੍ਹਾਂ ਨਾਲ ਗੱਲ ਕਰਨ ਦੀ ਗੁਜਾਰਿਸ਼ ਕੀਤੀ। ਲਤਾ ਜੀ ਨੇ ਸੋਚਿਆ ਕਿ ਸ਼ਾਇਦ ਮੇਰੇ ਤੋ ਕੋਈ ਗਲਤੀ ਹੋ ਗਈ ਹੈ। ਪਰ ਜਦੋਂ ਲਤਾ ਜੀ ਪੰਡਿਤ ਜੀ ਕੌਲ ਗਏ ਤਾਂ ਪੰਡਿਤ ਜੀ ਦੀਆਂ ਅੱਖਾਂ ਵਿੱਚ ਹੰਝੂ ਸਨ। ਪੰਡਿਤ ਜੀ ਨੇ ਲਤਾ ਜੀ ਨੂੰ ਕਿਹਾ ਤੁਸੀਂ ਮੈਨੂੰ ਅੱਜ ਰੋਣ ਤੇ ਮਜਬੂਰ ਕਰ ਦਿੱਤਾ। ਓਹ ਗੀਤ ਅੱਜ ਵੀ ਓਹਨਾਂ ਹੀ ਮਸ਼ਹੂਰ ਹੈ ਜਿਹਨਾ 1963 ਵੇਲੇ ਸੀ।  ਅੱਜ ਵੀ ਉਹ ਗੀਤ ਹਰ ਬੰਦੇ ਦੀ ਜੁਬਾਨ ਤੇ ਹੈ ਅਤੇ ਨਾ ਹੀ ਉਸ ਗੀਤ ਤੋ ਬਿਨਾਂ ਦੇਸ਼ ਭਗਤੀ ਦਾ ਕੋਈ ਪ੍ਰੋਗਰਾਮ ਹੁੰਦਾ ਹੈ।

ਭਾਰਤ ਰਤਨ ਲਤਾ ਮੰਗੇਸ਼ਕਰ ਭਾਰਤ ਦੀ ਸਭ ਤੋਂ ਪ੍ਰਸਿੱਧ ਅਤੇ ਸਤਿਕਾਰਤ ਗਾਇਕਾ ਸਨ, ਜਿਹਨਾਂ ਦਾ ਕੋਈ ਅੱਠ ਦਹਾਕਿਆਂ ਦਾ ਕਾਰਜਕਾਲ ਸ਼ਾਨਦਾਰ ਅਤੇ ਅਦਭੁਤ ਪ੍ਰਾਪਤੀਆਂ ਨਾਲ ਭਰਪੂਰ ਰਿਹਾ। 1974 ਵਿੱਚ, ਦੁਨੀਆ ਵਿੱਚ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਵੀ ਗਿਨੀਜ਼ ਬੁੱਕ ਵਿੱਚ ਲਤਾ ਦੇ ਨਾਮ ਤੇ ਦਰਜ ਹੈ। ਟਾਈਮ ਮੈਗਜ਼ੀਨ ਨੇ ਉਸ ਨੂੰ ਭਾਰਤੀ ਪਲੇਬੈਕ ਗਾਇਕੀ ਦੀ ਸਭ ਤੋਂ ਵੱਡੀ ਸ਼ਾਨਦਾਰ ਮਹਾਰਾਣੀ ਵਜੋਂ ਸਵੀਕਾਰ ਕੀਤਾ ਹੈ। ਲਤਾ ਜੀ ਫਿਲਮ ਇੰਡਸਟਰੀ ਦੀ ਪਹਿਲੀ ਔਰਤ ਹੈ ਜਿਹਨਾਂ ਨੂੰ ਭਾਰਤ ਰਤਨ ਅਤੇ ਦਾਦਾ ਸਾਹਿਬ ਫਾਲਕੇ ਪੁਰਸਕਾਰ ਮਿਲਿਆ ਹੈ। ਸਾਲ 1974 ਵਿੱਚ, ਲਤਾ ਜੀ ਨੂੰ ਲੰਡਨ ਦੇ ਮਸ਼ਹੂਰ ਰਾਇਲ ਅਲਬਰਟ ਹਾਲ ਵਿੱਚ ਪਹਿਲੀ ਭਾਰਤੀ ਗਾਇਕਾ ਵਜੋਂ ਗਾਉਣ ਦਾ ਮੌਕਾ ਮਿਲਿਆ। ਓਹਨਾਂ ਦੀ ਆਵਾਜ਼ ਬਾਰੇ ਅਮਰੀਕੀ ਵਿਗਿਆਨੀਆਂ ਨੇ ਇਹ ਵੀ ਕਿਹਾ  ਸੀ ਕਿ ਅਜਿਹੀ ਸੁਰੀਲੀ ਆਵਾਜ਼ ਕਦੇ ਨਹੀਂ ਸੀ ਅਤੇ ਨਾ ਕਦੇ ਹੋਵੇਗੀ।

ਆਖਿਰ ਅੱਜ ਹੀ ਦੇ ਦਿਨ 6 ਫਰਵਰੀ 2022 ਐਤਵਾਰ ਸਵੇਰ ਦੇ ਸਮੇਂ ਸੁਰਾਂ ਦੀ ਸਲਤਨਤ ਹਮੇਸ਼ਾ ਲਈ ਅਲੋਪ ਹੋ ਗਈ, ਲਤਾ ਮੰਗੇਸ਼ਕਰ ਜੀ ਸ਼ਰੀਰਕ ਤੌਰ ਤੇ ਦੁਨੀਆਂ ਨੂੰ ਅਲਵਿਦਾ ਕਿਹ ਗਏ,ਅੱਜ ਭਾਵੇਂ ਉਹ ਸਾਡੇ ਵਿੱਚ ਮੌਜੂਦ ਨਹੀਂ ਹਨ ਪਰ ਓਹਨਾਂ ਵਲੋਂ ਗਾਏ ਗਏ ਗੀਤ ਹਮੇਸ਼ਾ ਲਈ ਅਮਰ ਹੋ ਗਏ। ਜਿਹਨਾ ਨੂੰ ਅਸੀ ਅੱਜ ਵੀ  ਸੁਣਦੇ ਹਾ ਅਤੇ ਸੁਣਦੇ ਰਹਾਗੇ।

ਲਤਾ ਮੰਗੇਸ਼ਕਰ ਜਿਹਨਾਂ ਦੀ ਆਵਾਜ਼ ਸੁਣ ਕੇ ਕਦੇ ਕਿਸੇ ਦੀਆਂ ਅੱਖਾਂ ਹੰਝੂਆਂ ਨਾਲ ਭਰ ਜਾਂਦੀਆ ਸਨ ਤੇ, ਕਦੇ ਸਰਹੱਦ ‘ਤੇ ਖੜ੍ਹੇ ਫ਼ੌਜੀਆਂ ਨੂੰ  ਓਹਨਾਂ ਦੇ ਗੀਤ ਸੁਣਕੇ ਹੌਸਲਾ ਮਿਲਦਾ ਸੀ। ਉਹ ਭਾਰਤ ਦੀ ਹੀ ਨਹੀਂ ਸਗੋਂ ਦੁਨੀਆ ਭਰ ਵਿਚ ਸੰਗੀਤ ਪ੍ਰੇਮੀਆਂ ਲਈ ਮਾਣ ਅਤੇ ਪਛਾਣ ਸੀ।

ਬਲਦੇਵ ਸਿੰਘ ਬੇਦੀ

ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਏਹੁ ਹਮਾਰਾ ਜੀਵਣਾ ਹੈ -504
Next articleਗਾਇਕ ਆਸ਼ੂ ਸਿੰਘ “ਸਰਬੱਤ ਦਾ ਭਲਾ” ਟਰੈਕ ਨਾਲ ਗੁਰਪੁਰਬ ਤੇ ਸੰਗਤ ਦੇ ਹੋਇਆ ਰੂਬਰੂ