ਏਹੁ ਹਮਾਰਾ ਜੀਵਣਾ ਹੈ -485

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)   ਅਰੋਗਤਾ ਮਨੁੱਖ ਦਾ ਸਭ ਤੋਂ ਅਨਮੋਲ ਸਰਮਾਇਆ ਹੈ। ਜਿਸ ਮਨੁੱਖ ਦਾ ਸਰੀਰ ਰੋਗ ਰਹਿਤ ਹੁੰਦਾ ਹੈ ਸਮਝੋ ਉਹ ਬਹੁਤ ਕਿਸਮਤ ਵਾਲ਼ਾ ਹੁੰਦਾ ਹੈ ਕਿਉਂਕਿ ਅਰੋਗਤਾ ਤੋਂ ਬਿਨਾਂ ਮਨੁੱਖ ਦਾ ਜੀਵਨ ਸੁਖਾਲਾ ਨਹੀਂ ਮੰਨਿਆ ਜਾ ਸਕਦਾ।ਜਿਹੜਾ ਮਨੁੱਖ ਰੋਗ ਗ੍ਰਸਤ ਹੁੰਦਾ ਹੈ ,ਉਹ ਮਨੁੱਖ ਸਰੀਰ ਦੇ ਨਾਲ ਨਾਲ ਮਾਨਸਿਕ ਤੌਰ ‘ਤੇ ਵੀ ਰੋਗੀ ਹੋ ਜਾਂਦਾ ਹੈ। ਇੱਕ ਰੋਗੀ ਵਿਅਕਤੀ ਆਪਣੀ ਨਿੱਜੀ ਦੇਖ਼ ਭਾਲ ਦੇ ਨਾਲ ਨਾਲ ਆਪਣੇ ਪਰਿਵਾਰਿਕ ਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਪੂਰੀ ਤਰ੍ਹਾਂ  ਨਿਭਾਉਣ ਦੇ ਯੋਗ ਨਹੀਂ ਹੋ ਸਕਦਾ। ਇਸ ਸਭ ਲਈ ਕਿਸੇ ਵੀ ਮਨੁੱਖ ਨੂੰ ਜੀਵਨ ਦੇ ਹਰ ਪੜਾਅ ਤੇ ਅਰੋਗ ਜੀਵਨ ਦੀ ਲੋੜ ਹੁੰਦੀ  ਹੈ। ਇਸ ਲਈ ਮਨੁੱਖ ਨੂੰ ਅਰੋਗ ਰਹਿਣ ਖਾਤਰ ਜਿੱਥੇ ਪੌਸ਼ਟਿਕ ਆਹਾਰ ਦੀ ਲੋੜ ਹੁੰਦੀ ਹੈ ,ਇਸ ਦੇ ਨਾਲ ਨਾਲ ਹੀ ਉਸ ਨੂੰ ਹਲਕੀ ਫੁਲਕੀ ਕਸਰਤ ਅਤੇ ਸੈਰ ਆਪਣੀ ਜ਼ਿੰਦਗੀ ਦੀ ਰੁਟੀਨ ਦਾ ਹਿੱਸਾ ਬਣਾਉਣੇ ਚਾਹੀਦੇ ਹਨ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਸੈਰ ਅਤੇ ਕਸਰਤ ਕਰਨ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਫ਼ੇਫ਼ੜਿਆਂ ਨੂੰ ਤਾਜ਼ੀ ਹਵਾ ਮਿਲਦੀ ਹੈ ਤੇ ਖ਼ੂਨ ਦਾ ਦੌਰਾ ਤੇਜ਼ ਹੁੰਦਾ ਹੈ ਅਤੇ ਹਰ ਮਨੁੱਖ ਨੂੰ ਅਰੋਗ ਰਹਿਣ ਲਈ ਜਿੱਥੇ ਆਪਣੇ ਸਰੀਰ, ਘਰ ਤੇ ਗੁਆਂਢ ਦੀ ਸਫ਼ਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਉੱਥੇ ਹੀ ਘਰ ਦੀਆਂ ਛੋਟੀਆਂ ਮੋਟੀਆਂ ਗਤੀਵਿਧੀਆਂ ਵਿੱਚ ਹਿੱਸਾ ਲੈ ਕੇ ਕੰਮ ਕਾਰ ਵਿੱਚ ਰੁੱਝੇ ਰਹਿਣਾ ਚਾਹੀਦਾ ਹੈ। ਹਰ ਵਿਅਕਤੀ ਨੂੰ ਮਾਨਸਿਕ ਤੌਰ ਤੇ ਅਰੋਗ ਰਹਿਣ ਲਈ ਅਤੇ ਸੋਚ ਨੂੰ ਤੰਦਰੁਸਤ ਰੱਖਣ ਵਾਸਤੇ ਸੋਚ ਦਾ ਪੱਧਰ ਉੱਚਾ ਰੱਖਣਾ ਚਾਹੀਦਾ ਹੈ। ਇਸ ਲਈ  ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਿਕਾਰਾਂ ਤੋਂ ਆਪਣੇ ਮਨ ਨੂੰ ਬਚਾਉਣਾ ਚਾਹੀਦਾ ਹੈ। ਅਸਲ ਵਿੱਚ ਇਹੀ ਵਿਕਾਰ ਮਨੁੱਖੀ ਸਰੀਰ ਵਿੱਚ ਕਈ ਤਰ੍ਹਾਂ ਦੇ ਰੋਗ ਪੈਦਾ ਕਰਦੇ ਹਨ। ਜੇ ਮਨੁੱਖ ਪ੍ਰਸੰਨ ਚਿੱਤ ਅਤੇ ਆਸ਼ਾਵਾਦੀ ਰਹਿੰਦਾ ਹੈ ਤਾਂ ਉਹ ਮਾਨਸਿਕ ਤੌਰ ਤੇ ਆਪਣੇ ਆਪ ਹੀ ਤੰਦਰੁਸਤ ਰਹਿਣ ਲੱਗਦਾ ਹੈ। ਮਨੁੱਖ ਨੂੰ ਬਹੁਤੀਆਂ ਬੀਮਾਰੀਆਂ ਤਾਂ ਕਮਜ਼ੋਰ ਮਾਨਸਿਕਤਾ ਕਾਰਨ ਹੀ ਲੱਗਦੀਆਂ ਹਨ। ਇਸ ਲਈ ਉਸ ਨੂੰ ਆਪਣੇ ਰੁਝੇਵਿਆਂ ਵਿੱਚੋਂ ਵਿਹਲ ਕੱਢ ਕੇ ਮਨ ਪ੍ਰਚਾਵਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਭੱਜ ਦੌੜ ਦੀ ਜ਼ਿੰਦਗੀ ਵਿੱਚ ਥੋੜ੍ਹਾ ਸਕੂਨ ਮਿਲ ਸਕੇ ।ਇਹ ਸਾਰੀਆਂ ਗੱਲਾਂ ਮਿਲ ਕੇ ਹੀ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਅਰੋਗ ਰੱਖ ਸਕਦੀਆਂ ਹਨ ਤੇ ਉਹ ਜ਼ਿੰਦਗੀ ਦਾ ਸਹੀ ਅਰਥਾਂ ਵਿੱਚ ਅਨੰਦ ਲੈ ਸਕਦਾ ਹੈ । ਜਿਵੇਂ ਹੀ ਮਨੁੱਖ ਸਰੀਰਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰਹਿਣ ਲੱਗਦਾ ਹੈ ਤਾਂ ਉਹ ਸਭ ਨੂੰ ਸੋਹਣਾ ਲੱਗਣ ਲੱਗਦਾ ਹੈ। ਜੇ ਸਹੀ ਅਰਥਾਂ ਵਿੱਚ ਦੇਖਿਆ ਜਾਵੇ ਤਾਂ ਸੋਹਣਾ ਉਹ ਨਹੀਂ ਹੁੰਦਾ ਜਿਸ ਦੀ ਸ਼ਕਲ ਸੋਹਣੀ ਹੋਵੇ, ਸਗੋਂ ਸੋਹਣਾ ਉਹ ਵਿਅਕਤੀ ਹੁੰਦਾ ਹੈ, ਜਿਹੜਾ ਆਤਮਿਕ ਤੇ ਮਾਨਸਿਕ ਤੌਰ ਤੇ ਸੋਹਣਾ ਹੋਵੇ। ਅਸਲ ਵਿੱਚ ਸੋਹਣਾ ਬਣਨ ਲਈ ਮਨੁੱਖ ਨੂੰ ਆਪਣੇ ਸਰੀਰ ਦੀ ਤੰਦਰੁਸਤੀ ਦੇ ਨਾਲ ਨਾਲ ਆਪਣੇ ਅੰਦਰ ਕੁੱਝ ਆਤਮਿਕ ਅਤੇ ਮਾਨਸਿਕ ਗੁਣ ਪੈਦਾ ਕਰਨੇ ਚਾਹੀਦੇ ਹਨ। ਕਿਉਂ ਕਿ ਸੁੰਦਰ ਆਤਮਾ ਅਤੇ ਸ਼ਕਤੀਸ਼ਾਲੀ ਮਨ ਵਿੱਚੋਂ ਉਪਜੇ ਵਿਚਾਰ ਦੂਜਿਆਂ ਉੱਤੇ ਸਹਿਜ ਸੁਭਾਅ ਹੀ ਪ੍ਰਭਾਵ ਛੱਡਦੇ ਹਨ। ਉੱਚ ਨੈਤਿਕ ਗੁਣਾਂ ਤੇ ਆਦਰਸ਼ਾਂ ਵਾਲਾ ਬੰਦਾ ਭਾਵੇਂ ਸ਼ਕਲੋਂ ਥੋੜ੍ਹਾ ਕੋਝਾ ਵੀ ਹੋਵੇ ਪਰ ਉਹ ਸਹੀ ਅਰਥਾਂ ਵਿਚ ਸੁੰਦਰ ਅਤੇ ਅਰੋਗ ਹੁੰਦਾ ਹੈ। ਇਹੋ ਜਿਹੇ ਮਨੁੱਖ ਦੇ ਹਰ ਕੰਮ ਵਿੱਚੋਂ ਸਕਾਰਾਤਮਕਤਾ ਦੀ ਮਹਿਕ ਖਿਲਰਦੀ ਹੈ। ਉਸ ਦੇ ਮੂੰਹੋਂ ਨਿਕਲਿਆ ਹਰ ਸ਼ਬਦ ਦੁਖੀ ਲੋਕਾਂ ਦੇ ਮਨ ਨੂੰ ਠੰਢ ਪਾਉਂਦਾ ਹੈ ਤੇ ਦੂਜਿਆਂ ਵਿੱਚ ਖੁਸ਼ੀ ਅਤੇ ਪ੍ਰੇਮ ਪਿਆਰ ਦਾ ਪਸਾਰ ਕਰਦੇ ਹਨ। ਸਾਕਾਰਾਤਮਕ ਸੋਚ ਦਾ ਬੀਜ ਅਰੋਗ ਸਰੀਰ ਅਤੇ ਤੰਦਰੁਸਤ ਮਨ ਅੰਦਰ ਪੈਦਾ ਹੁੰਦਾ ਹੈ।ਇਸ ਨੂੰ ਖੁਸ਼ੀ, ਪਿਆਰ , ਸੱਚ ਅਤੇ ਸਤਿਕਾਰ ਆਦਿ ਭਾਵਨਾਵਾਂ ਨਾਲ ਸਿੰਜਿਆ ਜਾਂਦਾ ਹੈ ਜੋ ਸਿਰਫ਼ ਉਸ ਮਨੁੱਖ ਅੰਦਰ ਹੀ ਖੁਸ਼ੀ ਪੈਦਾ ਨਹੀਂ ਕਰਦਾ ਸਗੋਂ ਉਸ ਦੇ ਆਲ਼ੇ ਦੁਆਲ਼ੇ ਦਾ ਵਾਤਾਵਰਨ ਵੀ ਖੁਸ਼ਹਾਲ ਸਿਰਜਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ – 483
Next articleਕਵਿਤਾ/ਪਰਦੇਸੀ ਪੁੱਤਰਾਂ ਦੇ ਨਾਂ