(ਸਮਾਜ ਵੀਕਲੀ)
ਪੰਜਾਬ ਦੇ ਲੋਕਾਂ ਦਾ ਜਨ ਜੀਵਨ ਵੀ ਰੱਬ ਆਸਰੇ ਚੱਲ ਰਿਹਾ ਹੈ। ਗੁਰੂ ਸਾਹਿਬਾਨਾਂ ਅਤੇ ਪੀਰਾਂ-ਫ਼ਕੀਰਾਂ ਦਰਵੇਸ਼ਾਂ ਦੀ ਇਸ ਧਰਤੀ ਦੇ ਸਧਾਰਨ ਲੋਕਾਂ ਦੇ ਜੀਵਨ ਦੀ ਰਾਖ਼ੀ ਤੋਂ ਸਮੇਂ ਦੀਆਂ ਸਰਕਾਰਾਂ ਪਾਸਾ ਵੱਟਦੀਆਂ ਆ ਰਹੀਆਂ ਹਨ। ਆਮ ਕਿਰਤੀ -ਕਿਸਾਨ ਛੋਟੇ ਦੁਕਾਨਦਾਰ ਦੀ ਕੋਈ ਫ਼ਰਿਆਦ ਨਹੀਂ ਸੁਣਦਾ। ਅਦਾਲਤਾਂ ਵਿੱਚ ਇਨਸਾਫ ਲਈ ਸਾਲਾਂ ਦੇ ਚੱਕਰ ਕੱਟਦਾ ਆਦਮੀ ਆਪਣੇ ਆਪ ਤੋਂ ਹੀ ਹਾਰ ਜਾਂਦਾ ਹੈ।ਪੰਜਾਬ ਦੀ ਨੌਜਵਾਨੀ ਦਾ ਆਪਣੀ ਜਨਮ ਭੂਮੀ ਤੋਂ ਬੇਰੁੱਖ਼ ਹੋਣ ਦਾ ਇਹ ਵੱਡਾ ਕਾਰਣ ਹੈ। ਬੇਰੁਜਗਾਰੀ ਹੱਦ ਬੰਨੇ ਤੋੜ ਚੁੱਕੀ ਹੈ। ਮਹਿੰਗੇ ਸਕੂਲਾਂ ਵਿੱਚ ਬੱਚੇ ਪੜੵ ਕੇ ਵੀ ਬੱਚੇ ਨਾਕਾਮਯਾਬੀ ਦਾ ਮੂੰਹ ਦੇਖ ਰਹੇ ਹਨ। ਸਰਕਾਰਾਂ ਵਲੋਂ ਸਰਕਾਰੀ ਨੋਕਰੀਆਂ ਦੇ ਲਾਰੇ ਹੀ ਮਿਲਦੇ ਹਨ। ਨੋਕਰੀਆਂ ਮੰਗਦਿਆਂ ਤੇ ਡਾਂਗਾ ਵਰਸਾਈਆਂ ਜਾਦੀਆਂ ਹਨ। ਛੋਟਾ ਕੰਮ ਅਤੇ ਘੱਟ ਕਮਾਈ ਵਾਲਾ ਕੰਮ ਕਰਨਾ ਵੀ ਪੰਜਾਬੀਆਂ ਦੀ ਫ਼ਿਤਰਤ ਨਹੀਂ। ਜਿਸ ਕਾਰਣ ਨੌਜਵਾਨੀ ਬੇ-ਮੁਹਾਰ ਭਟਕ ਰਹੀ ਹੈ। ਰਾਜ ਗੱਦੀਆਂ ਤੇ ਕਾਬਿਜ਼ ਲੋਕ ਜ਼ਮੀਨ ਨਾਲ਼ ਜੁੜਦੇ ਨਹੀਂ। ਜ਼ੁਮਲੇਬਾਜ਼ੀ, ਭੰਡਪੁਣਾ ਆਵਾਮ ਦਾ ਪੇਟ ਭਰ ਰਿਹਾ ਹੈ। ਨਿਕੰਮੇ ਅਤੇ ਅਨਪੜੵ ਅਨਾੜੀ ਸਿਆਸਤਦਾਨ ਅਫ਼ਸਰਸ਼ਾਹੀ ਦੇ ਅਧੀਨ ਹਨ। ਮਦਾਰੀ ਅਫ਼ਸਰਸ਼ਾਹੀ ਹੈ ਜਮੂਰੇ ਰਾਜ ਸੱਤਾ ਤੇ ਕਾਬਿਜ਼ ਸਿਆਸਤਦਾਨ ਹਨ। ਸਿਆਸਤਦਾਨ ਗੈਰਕਾਨੂੰਨੀ ਕੰਮ ਕਰਕੇ ਕਮਾਈ ਕਰ ਰਹੇ ਹਨ। ਅਫ਼ਸਰਸ਼ਾਹੀ ਉਹਨਾਂ ਦੀ ਇਸ ਲਾਲਸਾ ਦੀ ਨਬਜ਼ ਫੜ ਕੇ ਆਪਣੀਆਂ ਮੌਜਾਂ ਮਾਣ ਰਹੀ ਹੈ। ਦੋਵੇਂ ਹੀ ਆਪਣਾ ਕਰਮ, ਭਰਮ ਅਤੇ ਇਖ਼ਲਾਕੀ ਧਰਮ ਭੁੱਲ ਚੁੱਕੇ ਹਨ। ਵਿਉਪਾਰੀ ਵਰਗ ਜੋ ਲੋਕਾਂ ਨੂੰ ਪਰੋਸ ਰਿਹਾ ਹੈ, ਲੋਕ ਉਸ ਨੂੰ ਵਰਤ ਕੇ ਆਪਣੇ ਆਪ ਨੂੰ ,ਆਪਣੀਆਂ ਨਸਲਾਂ ਨੂੰ ਤਬਾਹ ਕਰ ਰਹੇ ਹਨ।
ਪੰਜਾਬ ਨਿਕੰਮੀਆਂ ਸਰਕਾਰਾਂ ਦੀ ਬਲੀ ਹਰ ਦਿਨ ਚੜੵਦਾ ਜਾਹ ਰਿਹਾ ਹੈ।ਨਿਕੰਮੇ ਅਤੇ ਘਟੀਆ ਕਿਰਦਾਰ ਵਾਲੇ ਸਿਆਸਤਦਾਨਾਂ ਦੀ ਬਲੀ ਚੜੵਦਾ ਰਿਹਾ ਹੈ। ਸਰਕਾਰਾਂ ਨੂੰ ਚਲਾਉਣ ਵਾਲੇ ਲੋਕਾਂ ਦੇ ਚੁਣੇ ਪ੍ਰਤੀਨਿਧ ਸਰਕਾਰੀ ਸਹੂਲਤਾਂ ਤੇ ਐਸ਼ਪ੍ਸਤੀ ਕਰਦੇ ਰਹੇ ਹਨ। ਲੋਕਾਂ ਦੀ ਛਿੱਲ ਉਧੇੜਨ ਲਈ ਨਿੱਤ ਨਵੇਂ ਟੈਕਸ ਲਾ ਕੇ ਸਰਕਾਰੀ ਖਜ਼ਾਨਿਆਂ ਦੀ ਬੋਘੀ ਭਰੀ ਜਾ ਰਹੀ ਹੈ। ਇਹਨਾਂ ਖਜ਼ਾਨਿਆਂ ਦੀ ਲੁੱਟ ਕਾਨੂੰਨ ਅਤੇ ਰਾਜ ਪ੍ਬੰਧ ਨੂੰ ਚਲਾਉਣ ਵਾਲੇ ਲੋਕ ਇਸ ਤਰ੍ਹਾਂ ਕਰਦੇ ਹਨ ਕਿ ” ਅੰਨਾ ਵੰਡੇ ਰਿਊੜੀਆਂ ਮੁੜ-ਮੁੜ ਆਪਣਿਆਂ ਨੂੰ ਦੇ “।
ਗਰੀਬ ਕਿਰਤੀ, ਮਜ਼ਦੂਰਾਂ -ਕਿਸਾਨਾਂ ਨੂੰ ਛੇ ਮਹੀਨਿਆਂ ਬਾਅਦ 15 ਕਿਲੋ ਫ਼ਰੀ ਕਣਕ ਦੇ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਇਹ ਤਿਲ ਭਰ ਦਿੱਤੀ ਜਾ ਰਹੀ ਸਹੂਲਤ ਨੂੰ ਵੀ ਰਾਹ ਵਿੱਚ ਬੈਠੇ ਵਿਚੋਲੇ ਹੀ ਛੱਕ-ਛਕਾ ਜਾਂਦੇ ਹਨ। ਗਰੀਬ ਲੋਕਾਂ ਨੂੰ ਦਬਕਾ ਮਾਰ ਕੇ ਚੁੱਪ ਕਰਾ ਦਿੱਤਾ ਜਾਂਦਾ ਹੈ। ਅਮੀਰ ਵਰਗ ਵੱਲੋਂ ਫਰੀ ਦੀ ਡਿਪੂ ਵਾਲੀ ਕਣਕ ਦਾ ਮਿਹਣਾ ਵੀ ਗਰੀਬਾਂ ਦੇ ਮੂੰਹ ਤੇ ਹੀ ਮਾਰ ਦਿੱਤਾ ਜਾਂਦਾ ਹੈ, ਪਰ ਜੋ ਟੈਕਸ ਚੋਰ ਵਿਉਪਾਰੀ ਵਰਗ ਖਜ਼ਾਨਿਆਂ ਨੂੰ ਪਾੜ ਲਾ ਲਾ ਖਾਹ ਰਿਹੈ, ਉਸ ਵਾਰੇ ਵਜ਼ਾਰਤਾਂ ਵੀ ਚੁੱਪ, ਲਾਲ ਫੀਤਾ ਸ਼ਾਹੀ ਵੀ ਚੁੱਪ। ਖ਼ਾਕੀ ਵਰਦੀ ਉਹਨਾਂ ਦੀ ਜੀਅ-ਹਜ਼ੂਰੀ ਵਿੱਚ ਲਾ ਰੱਖੀ ਹੈ। ਕੌਣ ਬੋਲੇ, ਕੌਣ ਨੱਥ ਪਾਵੇ ? ਦੇਸ਼ ਦਾ ਚੌਕੀਦਾਰ ਹੀ ਚੋਰ ਬਣ ਗਿਆ ਤਾਂ ਦੇਸ਼ ਬਚੇਗਾ ਕਿਵੇਂ ?
ਦੇਸ਼ ਦੇ ਖ਼ਜ਼ਾਨਿਆਂ ਨੂੰ ਲੁੱਟਣ ਵਾਲੇ ਮੋਟੀਆਂ ਤਨਖਾਹਾਂ ਲੈਣ ਵਾਲੇ , ਵੱਡੇ ਵੱਡੇ ਭੱਤਿਆਂ ਦੇ ਗੱਫ਼ੇ ਛੱਕਣ ਵਾਲੇ, ਸਰਕਾਰੀ ਰਿਹਾਇਸ਼ਾਂ ਦਾ ਅਨੰਦ ਮਾਨਣ ਵਾਲੇ ਆਪਣੇ ਕਰਤੱਵਾਂ ਤੋਂ ਬੇ-ਮੁੱਖ ਹੀ ਨਹੀਂ ਬਲਕਿ ਭਗੌੜੇ ਹਨ।ਸਬਰ ਸੰਤੋਖ ਗੁਆ ਚੁੱਕੇ ਹਨ। ਸਮੇਂ ਦੀ ਅਫ਼ਸਰਸ਼ਾਹੀ, ਸਮੇਂ ਦੀ ਵਜ਼ਾਰਤ ਦੇਸ਼ ਦੀ ਗਦਾਰ ਬਣ ਚੁੱਕੀ ਹੈ। ਯੂ ਪੀ ਏ ਵਰਗੇ ਕਾਨੂੰਨ ਹੱਕ ਮੰਗਣ ਵਾਲਿਆਂ ਤੇ ਨਹੀਂ ਸਗੋਂ ਇਹਨਾਂ ਬੇ-ਇਮਾਨਾਂ , ਨਮਕ ਹਰਾਮੀਆਂ ਤੇ ਲੱਗਣੇ ਚਾਹੀਂਦੇ ਹਨ। ਇਹਨਾਂ ਦੀਆਂ ਜਾਇਦਾਦਾਂ ਦੀਆਂ ਗਹਿਰਾਈ ਤੋਂ ਪੜਤਾਲਾਂ ਕਰ ਕੇ ਰਿਸਵਤਾਂ, ਮਹੀਨੇ ਲੈ ਲੈ ਬਣਾਈਆਂ ਨਜਾਇਜ਼ ਜਾਇਦਾਦਾਂ ਨੂੰ ਜਬਤ ਕਰ ਲੈਣਾ ਚਾਹੀਂਦਾ ਹੈ।
ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਹੀ ਲੈ ਲਵੋ, ਨਸ਼ਿਆਂ ਦੀ ਪੈਦਾਵਾਰ ਪੰਜਾਬ ਵਿੱਚ ਨਹੀਂ ਹੋ ਰਹੀ। ਹੱਦਾਂ-ਸਰਹੱਦਾਂ ਤੇ ਪੁਲਿਸ ਹੈ, ਸੀ ਆਰ ਪੀ ਐਫ ਹੈ, ਬਾਰਡਰ ਸਿਕੁਊਰਟੀ ਫੋਰਸ ਹੈ। ਕਿਥੋਂ ਆ ਰਹੀ ਹੈ ਨਸ਼ਿਆਂ ਦੀ ਖੇਪ ? ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕੇਦਾਰ ਕੌਣ ਹਨ ? ਠੇਕੇਦਾਰਾਂ ਨਾਲ਼ ਐਮ ਐਲ ਏ, ਸਿਆਸਤਦਾਨਾਂ ਦਾ ,ਪੁਲਿਸ ਮੁਲਾਜ਼ਮਾਂ ਦੀ ਅਫ਼ਸਰਸ਼ਾਹੀ ਦਾ ਕਿੰਨੇ ਪੈਸੇ ਹਿੱਸਾ-ਪੱਤੀ ਹੈ ? ਇਹ ਪੜਤਾਲਾਂ ਹੋਣਗੀਆਂ ਤਾਂ ਨਸ਼ਿਆਂ ਦੇ ਸੌਦਾਗਰਾਂ ਤੱਕ ਵੀ ਪਹੁੰਚ ਹੋ ਸਕਦੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਦਲਦਲ ਵਿੱਚ ਗਿਰਨੋ ਰੋਕਿਆ ਜਾ ਸਕਦਾ ਹੈ।ਲੋਕਾਂ ਨੂੰ ਵਧੀਆ ਮਿਆਰ ਦਾ ਖਾਣਾ-ਪੀਣਾ ਮਿਲ ਸਕਦਾ ਹੈ।
ਸੋਸ਼ਲ ਮੀਡੀਆ ਤੇ ਮਾਨਸਾ-ਬਠਿੰਡਾ ਸਮੇਤ ਮੈਡੀਕਲ ਸਟੋਰਾਂ ਕੈਮੀਕਲ ਨਸ਼ਿਆਂ ਦੀ ਸ਼ਰੇਆਮ ਗੈਰ-ਕਾਨੂੰਨੀ ਵਿਕਰੀ ਦਾ ਮੁੱਦਾ ਉੱਠਿਆ ਪਰ ਸਰਕਾਰੀ ਮਹਿਕਮੇ ਨਸ਼ਿਆਂ ਨੂੰ ਵੇਚਣ ਵਾਲਿਆਂ ਦੀ ਹੀ ਪਿੱਠ ਤੇ ਖੜੇ ਦਿਸੇ। ਜਿਸ ਨੌਜਵਾਨ ਵਰਗ ਨੇ ਆਵਾਜ਼ ਉਠਾਈ ਉਹਨਾਂ ਉਪਰ ਹੀ ਪਰਚੇ ਪਾ ਦਿੱਤੇ ਗਏ। ਡਰੱਗ ਇਨਸਪੈਕਟਰ ਕਿੱਥੇ ਹਨ ? ਉਹਨਾਂ ਦੀ ਪੁੱਛ ਪੜਤਾਲ ਕਰਨ ਲਈ ਲੋਕਾਂ ਦੇ ਚੁਣੀ ਸਰਕਾਰ ਕਿੱਥੇ ਸੌ ਰਹੀ ਹੈ ? ਕੋਈ ਜਵਾਬ ਨਹੀ। ਪਿਛਲੇ ਸਮੇਂ ਵਿੱਚ ਹੀ 29 ਮਾਰਚ 2019 ਨੂੰ ਡਰੱਗ ਇਨਸਪੈਕਟਰ ਨੇਹਾ ਸ਼ੋਰੀ ਦਾ ਉਸਦੇ ਹੀ ਦਫ਼ਤਰ ਖਰੜ ਵਿਖੇ ਡਿਊਟੀ ਦੌਰਾਨ ਗੋਲੀਆਂ ਮਾਰ ਕੇ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ, ਕਿਉਂਕਿ ਉਸ ਨੇ ਦਿੱਲੀ ਤੋਂ ਆ ਰਹੀਆਂ ਨਸ਼ਾ ਛਡਵਾਉਣ ਵਾਲੀਆਂ ਗੋਲੀਆਂ ਦੇ ਰਿਕਾਰਡ ਦੀ ਜਾਂਚ ਅਰੰਭੀ ਸੀ। ਜੀਭ ਥੱਲੇ ਰੱਖਣ ਵਾਲੀਆਂ 5 ਕਰੋੜ ਗੋਲੀਆਂ ਦੇ ਗਾਇਬ ਹੋਣ ਦਾ ਕਰੋੜਾਂ ਰੁਪਏ ਦਾ ਸਕੈਂਡਲ ਨੰਗਾ ਹੋਣ ਜਾ ਰਿਹਾ ਸੀ। ਕਤਲ ਤੋਂ ਬਾਅਦ ਸਰਕਾਰ ਨੇ ਵੀ ਉਸ ਸਕੈਂਡਲ ਦੀ ਫਾਇਲ ਉਪਰ ਮਿੱਟੀ ਪਾ ਦਿੱਤੀ। ਕੌਣ ਸਨ ਇਸ ਸਕੈਂਡਲ ਪਿੱਛੇ ? ਕੋਈ ਜਵਾਬ ਤਲਬੀ ਨਹੀਂ ਹੋਈ। ਸਿਰਫ਼ ਵਿਆਕਤੀਗਤ ਰੰਜਸ਼ ਅਤੇ ਬਦਲਾਖੋਰੀ ਦਾ ਕੇਸ ਦਰਸਾਇਆ ਗਿਆ। ਪੰਜ ਸੱਤ ਰੁਪਏ ਦੀ ਗੋਲੀ ਮਾਰਕੀਟ ਵਿੱਚ ਪੰਜਾਹ-ਪੰਜਾਹ ਰੁਪਏ ਨੂੰ ਵਿਕ ਦੀ ਰਹੀ, ਪਰ ਪੜਤਾਲ ਕਰਨ ਵਾਲੀ ਇਮਾਨਦਾਰ ਪੰਜਾਬ ਦੀ ਧੀ ਦੀ ਜਾਨ ਚਲੀ ਗਈ। ਇਹੋ ਜਿਹੇ ਜਾਂਬਾਜ਼ ਕਰਮਚਾਰੀਆਂ ਦੀ ਰਖ਼ਵਾਲੀ ਕਰਨੀ ਵੀ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ। ਸਾਹਿਬ ਨੂੰ ਕੌਣ ਕਹੇ, ਇਉਂ ਨਹੀਂ, ਇਉਂ ਕਰ !!
ਪੰਜਾਬ ਦੇ ਵਿੱਚ ਨਿੱਤ ਦਿਨ ਦੀ ਜ਼ਰੂਰਤ ਦੁੱਧ ਵਿੱਚ ਵੀ ਕੈਮੀਕਲ ਘੋਲ ਕੇ ਦੁੱਧ ਅਤੇ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦ ਬਨਾਵਟੀ ਤਿਆਰ ਕਰਕੇ ਵੇਚੇ ਜਾ ਰਹੇ ਹਨ। ਇਹੋ ਜਿਹੇ ਗੈਰ ਕਾਨੂੰਨੀ ਧੰਦੇ ਸਿਆਸਤਦਾਨਾਂ ਦੀ ਸਹਿ ਜਾਂ ਪੁਲਿਸ ਅਫ਼ਸਰਸ਼ਾਹੀ ਦੀ ਸਹਿ ਤੋਂ ਬਿਨਾਂ ਅਸੰਭਵ ਹਨ। ਮਿਠਿਆਈਆਂ ਵਿੱਚ ਕੈਮੀਕਲ ਰੰਗਾਂ ਦੀ ਵਰਤੋਂ ਕਰਕੇ ਲੋਕਾਂ ਨੂੰ ਜ਼ਹਿਰ ਖਵਾਈ ਜਾ ਰਹੀ ਹੈ। ਥਾਂ-ਥਾਂ ਤੇ ਪਰਵਾਸੀ ਰੇਹੜੀਆਂ ਤੇ ਲੋਕਾਂ ਨੂੰ ਕੀ ਕੀ ਖੁਆ-ਪਿਲਾ ਰਹੇ ਹਨ, ਕੋਈ ਪੁੱਛ ਪੜਤਾਲ ਨਹੀਂ, ਕੋਈ ਚੈਕਿੰਗ ਨਹੀਂ। ਵੇਚਣ ਵਾਲੇ ਨੂੰ ਕਿਸੇ ਮਹਿਕਮੇ , ਕਿਸੇ ਅਫ਼ਸਰਸ਼ਾਹੀ ਦਾ ਖੌਫ਼ ਨਹੀਂ। ਗੰਦੀਆਂ ਥਾਂਵਾਂ ਤੇ ਤਿਆਰ ਭੋਜਨ ਸਮੱਗਰੀ, ਮੱਖੀਆਂ-ਮੱਛਰ ਵਿੱਚ ਹੀ ਖੁਆਈ ਜਾ ਰਹੇ ਹਨ। ਨੰਗੇ ਸਿਰ , ਮੂੰਹ ਦੀ ਹਵਾੜ ਵਿੱਚ ਛੱਡ ਰਹੇ ਹਨ। ਆਵਾਜਾਈ ਸਾਧਨਾਂ ਦੀ ਧੂੜ ਮਿੱਟੀ ਉਪਰ ਗਿਰਦੀ ਹੈ ਪਰ ਬੇ-ਸਮਝੀ ਵਿੱਚ ਲੋਕ ਵੀ ਖਾਈ ਜਾ ਰਹੇ ਹਨ। ਕੌਣ ਵਾਰਿਸ ਹੈ ਪੰਜਾਬ ਦੇ ਆਮ ਲੋਕਾਂ ਦਾ ?
ਡਾ. ਲਖਵੀਰ ਸਿੰਘ ਦੀ ਚੈਕਿੰਗ ਅਤੇ ਸੋਸ਼ਲ ਮੀਡੀਆ ਤੇ ਪਾਈਆਂ ਜਾ ਰਹੀਆਂ ਚੈਕਿੰਗ ਦੌਰਾਨ ਪੋਸਟਾਂ ਨੇ ਪੰਜਾਬ ਦੇ ਆਮ ਲੋਕਾਂ ਨੂੰ ਥੋੜਾ ਸੁਚੇਤ ਕੀਤਾ ਹੈ। ਪੰਜਾਬ ਦੇ ਸਮਝਦਾਰ ਲੋਕਾਂ ਵਿੱਚ ਉਹਨਾਂ ਦੀ ਸਲਾਘਾ ਹੋ ਰਹੀ ਹੈ, ਸ਼ਾਬਾਸ਼ ਨਾਲ਼ ਪਿੱਠ ਥਾਪੜੀ ਜਾ ਰਹੀ ਹੈ। ਉਹ ਬਾਖੂਬ ਆਪਣੀ ਡਿਊਟੀ ਨਿਭਾ ਰਹੇ ਹਨ, ਪਰ ਪੰਜਾਬ ਦੇ ਲੋਕ ਸਵਾਲ ਕਰਦੇ ਹਨ ਕਿ ਬਾਕੀ ਦੇ ਅਫ਼ਸਰ ਸਾਹਿਬਾਨ ਕਿੱਥੇ ਸੌ ਰਹੇ ਹਨ ? ਉਹਨਾਂ ਦੇ ਕੰਮਾਂ, ਕੀਤੇ ਚਲਾਨਾਂ ਦੀ ਰਿਪੋਰਟ ਵੀ ਲੋਕਾਈ ਅੱਗੇ ਪੇਸ਼ ਹੋਣੀ ਚਾਹੀਂਦੀ ਹੈ। ਮਿਲਾਵਟਖੋਰਾਂ ਤੋਂ ਮਹੀਨੇ ਲੈ ਲੈ ਬਣਾਈਆਂ ਜਾਇਦਾਦਾਂ ਦੀ ਪੜਤਾਲ ਹੋਣੀ ਚਾਹੀਂਦੀ ਹੈ। ਸਰਕਾਰਾਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਜਾਗ਼ਣਾ ਚਾਹੀਂਦਾ ਹੈ। ਲੋਕ ਖਜ਼ਾਨਿਆਂ ਚੋਂ ਤਨਖਾਹਾਂ ਲੈਣ ਵਾਲੇ ਸਾਰੇ ਵਿਭਾਗ, ਅਫ਼ਸਰ ਆਪਣੀ ਡਿਊਟੀ ਸਿਰਫ਼ ਛੇ ਮਹੀਨੇ ਵੀ ਨਿਭਾ ਦੇਣ ਤਾਂ ਪੰਜਾਬ ਦੀ ਨੁਹਾਰ ਹੀ ਬਦਲ ਜਾਵੇਗੀ।
ਘਟੀਆ ਚੀਨੀ ਤੋਂ ਤਿਆਰ ਹੋ ਰਹੇ ਗੁੜ-ਸ਼ੱਕਰ ਲੋਕਾਂ ਵਿੱਚ ਚਰਚਾ ਤੇ ਹਨ। ਕੋਈ ਚੈਕਿੰਗ ਨਹੀਂ । ਪਸ਼ੂਆਂ ਦੀ ਖੁਰਾਕ ਫੀਡ ਵਿੱਚ ਯੂਰੀਆ ਮਿਲਾ ਕੇ ਵੇਚਿਆ ਜਾ ਰਿਹਾ ਹੈ। ਅਨਭੋਲ਼, ਬੇ-ਜੁਬਾਨ ਪਸ਼ੂ ਕੀ ਬੋਲਣ ? ਕਿੱਥੇ ਫ਼ਰਿਆਦ ਕਰਨ ? ਬੇ-ਹਿਸਾਬ ਧੋਖਾਧੜੀ ਹੈ, ਬੇ-ਹਿਸਾਬ ਗੁਨਾਹ ਹੋ ਰਹੇ ਹਨ। ਖਾਣ ਪੀਣ ਵਾਲੀਆਂ ਵਸਤਾਂ ਵਿੱਚ ਕੈਮੀਕਲ ਪਦਾਰਥਾਂ ਦੀ ਮਿਲਾਵਟ ਅਤੇ ਘਟੀਆ ਮਿਆਰ ਕਰਕੇ ਹੀ ਪੰਜਾਬ ਦੇ ਲੋਕ ਕੈਂਸਰ ਵਰਗੀਆ ਲਾ-ਇਲਾਜ ਬਿਮਾਰੀਆਂ ਦੀ ਲਪੇਟ ਵਿੱਚ ਹਨ।
ਐ ਪੰਜਾਬ ਦੇ ਅਫ਼ਸਰੋ ! ਜਾਗੋ , ਅਵੇਸਲਾਪਣ ਛੱਡੋ। ਆਕਾਲਪੁਰਖ ਨੇ ਤੁਹਾਨੂੰ ਸਰਕਾਰੀ ਰਾਜ ਦੇ ਅਹੁਦੇ ਬਖਸ਼ੇ ਹਨ। ਅਹੁਦਿਆ ਦੀ ਦੁਰ ਵਰਤੋਂ ਨਾ ਕਰੋ। ਆਪਣਾ ਕਰਮ ਕਰਕੇ ਆਪਣੇ ਫ਼ਰਜ ਨਿਭਾਓ। ਆਮ ਲੋਕਾਂ ਦੇ ਜੀਵਨ ਦੀ ਰੱਖਿਆ ਕਰਨੀ ਤੁਹਾਡੀ ਜਿੰਮੇਵਾਰੀ ਹੈ। ਗੁਨਾਹਗਾਰਾਂ ਨੂੰ ਨਕੇਲ਼ ਪਾਓ। ਆਪ ਗੁਨਾਹਗਾਰ ਨਾ ਬਣੋ। ਕੁਦਰਤ ਤੁਹਾਨੂੰ ਮੁਆਫ਼ ਨਹੀਂ ਕਰੇਗੀ, ਇਹ ਯਾਦ ਰੱਖਿਓ।
ਬਲਜਿੰਦਰ ਸਿੰਘ “ਬਾਲੀ ਰੇਤਗੜੵ “
9465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly